Monday, April 07, 2014

ਛੇਵੇਂ ਦਿਨ ਨਾਮਜ਼ਦਗੀਆਂ ਭਰਨ ਦਾ ਕੰਮ ਰਿਹਾ ਚਰਮ ਸੀਮਾ 'ਤੇ

*ਇਯਾਲੀ, ਬਿੱਟੂ, ਬੈਂਸ, ਫੂਲਕਾ ਅਤੇ ਬੇਦੀ ਨੇ ਕਾਗਜ਼ ਭਰੇ
*ਹੁਣ ਤੱਕ 12 ਉਮੀਦਵਾਰਾਂ ਤੇ 5 ਕਵਰਿੰਗ ਉਮੀਦਵਾਰਾਂ ਨੇ ਕਾਗਜ਼ ਭਰੇ

ਲੁਧਿਆਣਾ, 7 ਅਪ੍ਰੈਲ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਮਿੰਨੀ ਸਕੱਤਰੇਤ ਦੇ ਨਾਮ ਨਾਲ ਜਾਣੇ ਜਾਂਦੇ ਨਵੀਂ ਕਚਹਿਰੀ ਕੰਪਲੈਕਸ ਵਿੱਚ ਅੱਜ ਦੇਸੀ ਦਫਤਰ ਦੇ ਸਾਹਮਣੇ ਵਾਲੇ ਖੁੱਲ੍ਹੇ ਡੁੱਲ੍ਹੇ ਵੇਹੜੇ ਵਿੱਚ ਇੱਕ ਮੇਲਾ ਜਿਹਾ ਲੱਗਿਆ ਹੋਇਆ ਸੀ। ਇਹ ਮੇਲਾ ਚੋਣਾਂ ਵਿੱਚ ਹੋਣ ਵਾਲੇ ਉਮੀਦਵਾਰਾਂ ਦੇ ਸਮਰਥਕਾਂ ਦਾ ਸੀ। ਕਾਗਜ਼ ਭਰਨ ਲਈ ਕੇਵਲ ਪੰਜ ਵਿਅਕਤੀ ਵੀ ਕਾਫੀ ਹੁੰਦੇ ਹਨ ਪਰ ਭੀੜ੍ਹ ਹਜ਼ਾਰਾਂ ਦੀ ਸੀ। ਕਿਸੇ ਨੇ ਦਸ ਹਜ਼ਾਰ ਸਮਰਥਕ ਲਿਆਉਣ ਦਾ  ਹੋਇਆ ਸੀ ਤੇ ਕਿਸੇ ਨੇ ਵੀਹ ਹਜ਼ਾਰ। ਚੋਣ ਨਤੀਜਿਆਂ ਤੋਂ ਪਹਿਲਾਂ ਹੀ ਸ਼ਕਤੀ ਪ੍ਰਦਰਸ਼ਨ ਦੇ ਇਸ ਅੰਦਾਜ਼ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹੋਏ ਸਨ। ਸ਼ਾਇਦ ਹੀ ਕੋਈ ਕੋਨਾ ਹੋਵੇ ਜਿੱਥੇ ਸੁਰੱਖਿਆ ਲਈ ਹਥਿਆਰਬੰਦ ਜਵਾਨ ਨਹੀਂ ਸਨ ਖੜ੍ਹੇ।
5 ਅਪ੍ਰੈਲ 2014 ਨੂੰ ਸ਼ਹਿਰ ਦੇ ਵੱਖ ਹਿੱਸਿਆਂ ਵਿੱਚੋਂ ਗੁਜ਼ਰਿਆ ਸੁਰੱਖਿਆ ਦਸਤਿਆਂ ਦਾ ਫਲੈਗ ਮਾਰਚ 
ਲੋਕ ਸਭਾ ਹਲਕਾ ਲੁਧਿਆਣਾ-7 ਲਈ ਮਿਤੀ 30 ਅਪ੍ਰੈੱਲ 2014 ਨੂੰ ਹੋਣ ਵਾਲੀ ਚੋਣ ਲਈ ਨਾਮਜ਼ਦਗੀਆਂ ਭਰਨ ਦਾ ਕੰਮ ਚਰਮ ਸੀਮਾ 'ਤੇ ਪਹੁੰਚ ਗਿਆ ਹੈ। ਨਾਮਜ਼ਦਗੀਆਂ ਸ਼ੁਰੂ ਹੋਣ ਦੇ ਛੇਵੇਂ ਦਿਨ ਅੱਜ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ  ਦੇ ਸ੍ਰ. ਮਨਪ੍ਰੀਤ ਸਿੰਘ ਇਯਾਲੀ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਸ੍ਰ. ਰਵਨੀਤ ਸਿੰਘ ਬਿੱਟੂ, ਆਮ ਆਦਮੀ ਪਾਰਟੀ ਵੱਲੋਂ ਸ੍ਰ. ਐੱਚ. ਐੱਸ. ਫੂਲਕਾ, ਆਜ਼ਾਦ ਉਮੀਦਵਾਰ ਨਵਪ੍ਰੀਤ ਸਿੰਘ ਬੇਦੀ ਅਤੇ ਸ੍ਰ. ਸਿਮਰਜੀਤ ਸਿੰਘ  ਬੈਂਸ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ। ਜਦਕਿ ਇਨ੍ਹਾਂ ਉਮੀਦਵਾਰਾਂ ਦੇ ਕਵਰਿੰਗ ਉਮੀਦਵਾਰਾਂ ਵੱਲੋਂ ਵੀ ਪਰਚੇ ਭਰੇ ਗਏ। ਲੋਕ ਸਭਾ ਹਲਕਾ ਲੁਧਿਆਣਾ-7 ਲਈ ਹੁਣ ਤੱਕ 12 ਉਮੀਦਵਾਰਾਂ ਨੇ ਅਤੇ 5 ਕਵਰਿੰਗ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰ ਦਿੱਤੇ ਹਨ।
ਏਅਰ ਕੰਡੀਸ਼ੰਡ ਕਾਰਾਂ ਵਾਲਿਆਂ ਨੂੰ ਸਾਈਕਲ ਤੇ ਚੁਣੌਤੀ ਦੇਂਦਿਆਂ ਆਪ ਉਮੀਦਵਾਰ-ਫੂਲਕਾ 
ਇਸ ਸੰਬੰਧੀ ਫਾਰਮ ਨੰਬਰ-3ਏ (ਨਾਮਜ਼ਦਗੀਆਂ ਸੰਬੰਧੀ ਹੁਣ ਤੱਕ ਦੀ ਜਾਣਕਾਰੀ) ਜਾਰੀ ਕਰਦਿਆਂ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਕਿਹਾ ਕਿ ਅੱਜ ਸ੍ਰ. ਸਿਮਰਜੀਤ ਸਿੰਘ ਬੈਂਸ ਵੱਲੋਂ ਆਜ਼ਾਦ ਉਮੀਦਵਾਰ ਵਜੋਂ, ਜਦਕਿ ਸ੍ਰ. ਬਲਵਿੰਦਰ ਸਿੰਘ ਬੈਂਸ ਵੱਲੋਂ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਗਏ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸ੍ਰ. ਮਨਪ੍ਰੀਤ ਸਿੰਘ ਇਯਾਲੀ ਵੱਲੋਂ ਅਤੇ ਸ੍ਰ. ਹਰਬੀਰ ਸਿੰਘ ਇਯਾਲੀ ਵੱਲੋਂ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਗਏ। ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਾਗਜ਼ ਦਾਖ਼ਲ ਕੀਤੇ ਗਏ, ਜਦਕਿ ਸ੍ਰ. ਗੁਰਕੀਰਤ ਸਿੰਘ ਨੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਭਰੀ। ਆਮ ਆਦਮੀ ਪਾਰਟੀ ਵੱਲੋਂ ਸ੍ਰ. ਹਰਵਿੰਦਰ ਸਿੰਘ ਫੂਲਕਾ ਨੇ ਨਾਮਜ਼ਦਗੀ ਪੱਤਰ ਭਰੇ। ਇਸ ਤੋਂ ਇਲਾਵਾ ਨਵਪ੍ਰੀਤ ਸਿੰਘ ਬੇਦੀ ਨੇ ਆਜ਼ਾਦ ਉਮੀਦਵਾਰ ਵਜੋਂ ਪਰਚਾ ਦਾਖ਼ਲ ਕੀਤਾ। ਬੀਤੇ ਦਿਨੀਂ ਬਹੁਜਨ ਸਮਾਜ ਪਾਰਟੀ ਵੱਲੋਂ ਪਰਚਾ ਭਰਨ ਵਾਲੇ ਸ੍ਰ. ਨਵਜੋਤ ਸਿੰਘ ਜਰਗ ਨੇ ਅੱਜ ਆਪਣਾ ਇੱਕ ਹੋਰ ਵਾਧੂ ਨਾਮਜ਼ਦਗੀ ਪਰਚਾ ਭਰਿਆ। 
ਸ੍ਰੀ ਅਗਰਵਾਲ ਨੇ ਕਿਹਾ ਕਿ ਕੋਈ ਵੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਜ਼ਿਲੇ ਦੇ ਰਿਟਰਨਿੰਗ ਅਫ਼ਸਰ (ਡਿਪਟੀ ਕਮਿਸ਼ਨਰ, ਲੁਧਿਆਣਾ) ਜਾਂ ਸਹਾਇਕ ਰਿਟਰਨਿੰਗ ਅਫ਼ਸਰ (ਵਧੀਕ ਕਮਿਸ਼ਨਰ-1, ਨਗਰ ਨਿਗਮ, ਲੁਧਿਆਣਾ) ਨੂੰ ਆਪ ਜਾਂ ਉਸਦੇ ਕਿਸੇ ਤਜਵੀਜ਼ਕਾਰ ਵੱਲੋਂ ਦਫ਼ਤਰ ਡਿਪਟੀ ਕਮਿਸ਼ਨਰ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਮਿੰਨੀ ਸਕੱਤਰੇਤ, ਲੁਧਿਆਣਾ) ਵਿਖੇ ਕਿਸੇ ਵੀ ਕੰਮ ਵਾਲੇ ਦਿਨ (ਸਰਕਾਰੀ ਛੁੱਟੀ ਤੋਂ ਬਿਨਾ) ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 3 ਵਜੇ ਦੇ ਦਰਮਿਆਨ ਮਿਤੀ 9 ਅਪ੍ਰੈੱਲ, 2014 ਤੱਕ ਦਾਖ਼ਲ ਕਰਵਾਏ ਜਾ ਸਕਦੇ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮਿਤੀ 10 ਅਪ੍ਰੈੱਲ, 2014 ਨੂੰ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿਖੇ ਕੀਤੀ ਜਾਵੇਗੀ। ਚੋਣ ਉਮੀਦਵਾਰੀ ਵਾਪਸ ਲੈਣ ਦੀ ਸੂਚਨਾ ਮਿਤੀ 12 ਅਪ੍ਰੈੱਲ ਨੂੰ ਬਾਅਦ ਦੁਪਹਿਰ 3 ਵਜੇ ਪਹਿਲਾਂ ਉਮੀਦਵਾਰ ਦੁਆਰਾ ਜਾਂ ਉਸਦੇ ਕਿਸੇ ਤਜਵੀਜ਼ਕਾਰ ਜਾਂ ਉਸਦੇ ਚੋਣ ਏਜੰਟ ਦੁਆਰਾ ਜਿਸਨੂੰ ਉਮੀਦਵਾਰ ਨੇ ਅਧਿਕਾਰਤ ਕੀਤਾ ਹੋਵੇ, ਵੱਲੋਂ ਉਪਰੋਕਤ ਅਧਿਕਾਰੀਆਂ ਨੂੰ ਦਿੱਤੀ ਜਾ ਸਕੇਗੀ। ਜ਼ਿਲੇ ਵਿੱਚ ਵੋਟਾਂ 30 ਅਪ੍ਰੈੱਲ, 2014 ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪਾਈਆਂ ਜਾਣਗੀਆਂ।

No comments: