Wednesday, January 08, 2014

ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਕਦਾਚਿਤ ਬਰਦਾਸ਼ਤ ਨਹੀਂ

Wed, Jan 8, 2014 at 5:08 PM
ਹਿਸਟਰੀ ਆਫ ਦਾ ਸਿੱਖਸ ਪੁਸਤਕ ਦੇ ਲੇਖਕ 'ਤੇ ਪ੍ਰਕਾਸ਼ਕ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ-ਜਥੇ:ਅਵਤਾਰ ਸਿੰਘ
ਅੰਮ੍ਰਿਤਸਰ: 8 ਜਨਵਰੀ 2014: (ਕਿੰਗ//ਕੁਲਵਿੰਦਰ ਸਿੰਘ 'ਰਮਦਾਸ'//ਪੰਜਾਬ ਸਕਰੀਨ):
ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਾ ਸਿੱਖ ਇਤਿਹਾਸ ਵਿਲੱਖਣਤਾ ਅਤੇ ਕੁਰਬਾਨੀਆਂ ਭਰਿਆ ਹੈ। ਸਿੱਖ ਅੱਡਰੀ ਤੇ ਨਿਰਾਲੀ ਕੌਮ ਹੈ ਇਹ ਹਮੇਸ਼ਾਂ ਹੀ ਸਰਬੱਤ ਦੇ ਭਲੇ ਲਈ ਤਤਪਰ ਰਹਿੰਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਕ੍ਰਿਤ ਕਰਨ, ਨਾਮ ਜੱਪਣ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਹੈ। ਜ਼ਬਰ ਤੇ ਜ਼ੁਲਮ ਦਾ ਟਾਕਰਾ ਕਰਨ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਕਲਗੀਧਰ ਦਸਮੇਸ਼ ਪਿਤਾ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਉਰੂਪਾ ਪਬਲੀਕੇਸ਼ਨ ਅਨਸਾਰੀ ਰੋਡ ਦਰਿਆਗੰਜ, ਨਿਊ ਦਿੱਲੀ” ਨਾਮ ਦੀ ਨਿੱਜੀ ਕੰਪਨੀ ਵੱਲੋਂ ਇੱਕ ਅਖੌਤੀ ਅੰਗਰੇਜ ਲੇਖਕ ਮਿਸਟਰ ਉਡਬਲਯੂ.ਐਲ. ਮੈਗਰੇਗਰ” ਦੁਆਰਾ ਲਿਖਤ ਅੰਗਰੇਜੀ ਪੁੱਸਤਕ 'ਹਿਸਟਰੀ ਆਫ਼ ਦਾ ਸਿੱਖਸ' ਨੇ ਦੇਸ਼-ਵਿਦੇਸ਼ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। 
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਅਖੌਤੀ ਲੇਖਕ ਵੱਲੋਂ ਕੇਵਲ ਸਿੱਖ ਗੁਰੂ ਸਾਹਿਬਾਨ ਅਤੇ ਸਿੱਖਾਂ ਬਾਰੇ ਹੀ ਨਹੀਂ ਬਲਕਿ ਦੂਸਰੇ ਧਰਮਾਂ ਦੇ ਪੈਰੋਕਾਰਾਂ ਬਾਰੇ ਵੀ ਬਹੁਤ ਕੁਝ ਤੱਥਾਂ ਤੋਂ ਰਹਿਤ ਤੇ ਇਤਰਾਜ ਯੋਗ ਲਿਖਿਆ ਗਿਆ ਹੈ। ਲੇਖਕ ਵੱਲੋਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਲਿਖਦਿਆਂ ਕਿਹਾ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦਾ ਅਵਤਾਰ ਸਮਝਦੇ ਸਨ ਤੇ ਇਸਲਾਮ ਦੀ ਵਿਚਾਰਧਾਰਾ ਨੂੰ ਪ੍ਰਚਾਰਦੇ ਸਨ। ਉਸ ਨੇ ਇਹ ਵੀ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਕਿ ਗੁਰੂ ਨਾਨਕ ਦੇਵ ਜੀ ਆਪਣੇ ਪੈਰੋਕਾਰਾਂ ਨੂੰ ਅਕਸਰ ਕੁਰਾਨ ਪੜ੍ਹਨ ਲਈ ਕਿਹਾ ਕਰਦੇ ਸਨ। ਉਸ ਨੇ ਹੋਰ ਟਿੱਪਣੀ ਕਰਦਿਆਂ ਲਿਖਿਆ ਹੈ ਕਿ ਜ਼ਾਲਮ ਕੌਮਾਂ ਵਾਂਗ ਆਪਣੀਆਂ ਸ਼ੈਤਾਨੀ ਆਦਤਾਂ ਕਾਰਨ ਸਿੱਖ ਜ਼ੁਲਮ ਦੀਆਂ ਹੱਦਾਂ ਟੱਪ ਗਏ। ਇਸੇ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਰੇ ਲੇਖਕ ਕਹਿੰਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਕਸ਼ਮੀਰੀ ਪੰਡਤਾਂ ਖਾਤਰ ਕੁਰਬਾਨੀ ਨਹੀਂ ਦਿੱਤੀ ਬਲਕਿ ਰਾਮਰਾਏ ਦੀ ਦੁਸ਼ਮਣੀ ਕਾਰਨ ਸ਼ਹੀਦ ਹੋਏ। ਇਸ ਲੇਖਕ ਦੁਆਰਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਦਾ ਪੁਜਾਰੀ ਦੱਸਦੇ ਹੋਏ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੀ ਪੂਜਾ ਕਰਦੇ ਸਨ ਉਸੇ ਖਾਤਰ ਹੀ ਉਨ੍ਹਾਂ ਨੇ ਆਪਣੇ ਪੁੱਤਰਾਂ ਦੀ ਕੁਰਬਾਨੀ ਦਿੱਤੀ। ਲੇਖਕ ਨੇ ਖੰਡੇ ਬਾਟੇ ਦੀ ਪਾਹੁਲ ਅੰਮ੍ਰਿਤ ਨੂੰ ਆਪਣੀ ਪੁਸਤਕ ਵਿੱਚ ਸ਼ਰਬਤ ਸ਼ਬਦ ਵਰਤਿਆ ਹੈ। ਲੇਖਕ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਖੀਰਲੇ ਸਮੇਂ ਬਾਰੇ ਵੀ ਨਾ ਬਰਦਾਸ਼ਤ ਯੋਗ ਲਿਖਿਆ ਹੈ ਇਸ ਅਖੌਤੀ ਲੇਖਕ ਦੇ ਸਿੱਖ ਗੁਰੂ ਸਾਹਿਬਾਨ ਤੇ ਸਿੱਖਾਂ ਪ੍ਰਤੀ ਇਸ ਤਰ੍ਹਾਂ ਦੇ ਕੋਝੇ ਵਿਚਾਰ ਦੂਸਰੀਆਂ ਕੌਮਾਂ ਵਿੱਚ ਸਿੱਖਾਂ ਪ੍ਰਤੀ ਨਫਰਤ ਪੈਦਾ ਕਰਦੇ ਹਨ। ਇਹ ਇਕ ਸੋਚੀ ਸਮਝੀ ਸਾਜਿਸ ਤਹਿਤ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਪੁਸਤਕ ਉੱਪਰ ਤੁਰੰਤ ਪਾਬੰਧੀ ਲੱਗਣੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਉਹਿਸਟਰੀ ਆਫ ਦਾ ਸਿੱਖਸ” ਪੁੱਸਤਕ ਦੀ ਘੋਖ ਪੜਤਾਲ ਬਰੀਕੀ ਨਾਲ ਕੀਤੀ ਜਾ ਰਹੀ ਹੈ, ਮੁਕੰਮਲ ਪੜਤਾਲ ਤੋਂ ਬਾਅਦ ਪੁਸਤਕ ਦੇ ਅਖੌਤੀ ਲੇਖਕ ਅਤੇ ਪਬਲੀਸ਼ਰ ਜੋ ਬਰਾਬਰ ਦੇ ਜਿੰਮੇਵਾਰ ਹਨ ਵਿੱਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅੱਗੇ ਤੋਂ ਕੋਈ ਵੀ ਲੇਖਕ ਜਾਂ ਪਬਲੀਸ਼ਰ ਇਸ ਤਰ੍ਹਾਂ ਦੀ ਕੋਝੀ ਹਰਕਤ ਨਾ ਕਰੇ। ਉਨ੍ਹਾਂ ਕਿਹਾ ਕਿ ਇਸ ਪੁਸਤਕ ਦੀ ਜਾਂਚ ਪੜਤਾਲ ਵਾਸਤੇ ਪ੍ਰਸਿੱਧ ਵਿਦਵਾਨ ਡਾਕਟਰ ਪ੍ਰਿਥੀਪਾਲ ਸਿੰਘ ਕਪੂਰ ਪ੍ਰੋਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾਕਟਰ ਬਲਵੰਤ ਸਿੰਘ ਢਿੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ.ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਸ. ਮਹਿੰਦਰ ਸਿੰਘ ਗਿੱਲ ਐਡਵੋਕੇਟ ਅਤੇ ਸ.ਪ੍ਰੀਤਪਾਲ ਸਿੰਘ ਲੀਗਲ ਐਡਵਾਈਜ਼ਰ ਸ਼੍ਰੋਮਣੀ ਕਮੇਟੀ ਤੇ ਅਧਾਰਤ ਸਬ ਕਮੇਟੀ ਗਠਿਤ ਕੀਤੀ ਗਈ ਹੈ ਜਿਸ ਦੇ ਕੋ-ਆਰਡੀਨੇਟਰ ਸ.ਜਗਜੀਤ ਸਿੰਘ ਮੀਤ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਬ ਕਮੇਟੀ ਦੀ ਮੁਕੰਮਲ ਰੀਪੋਰਟ ਆਉਣ ਉਪਰੰਤ ਅਖੌਤੀ ਲੇਖਕ ਅਤੇ ਪਬਲੀਸ਼ਰ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

No comments: