Saturday, November 30, 2013

ਨਾਭਾ ਜੇਲ੍ਹ ਵਿਚਲੇ ਬੰਦੀ ਸਿੰਘਾਂ ਵੱਲੋਂ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਸ਼ਲਾਘਾ

ਭਾਈ ਖ਼ਾਲਸਾ ਨੂੰ ਪੰਥ  ਪੂਰਨ ਸਹਿਯੋਗ ਦੇਵੇ   Sat, Nov 30, 2013 at 8:39 AM
ਪੰਥਕ ਮੁੱਦਿਆਂ ਪ੍ਰਤੀ ਵਫਾਦਾਰੀ ਤੇ ਏਕਤਾ ਹੀ ਅਜੋਕੀ ਪੰਥਕ ਅਧੋਗਤੀ ਤੋਂ ਮੁਕਤੀ ਦਾ ਰਾਹ: ਭਾਈ ਬੜਾ ਪਿੰਡ
ਭਾਈ ਕੁਲਵੀਰ ਸਿੰਘ ਬੜਾਪਿੰਡ
ਲੁਧਿਆਣਾ, 29 ਨਵੰਬਰ, 2013 (*ਮੰਝਪੁਰ//ਪੰਜਾਬ ਸਕਰੀਨ): ਸ਼੍ਰੋਮਣੀ ਅਕਾਲੀ ਦਲ ਪੰਚ ਪਰਧਾਨੀ ਦੇ ਕੌਮੀ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਕੁਲਵੀਰ ਸਿੰਘ ਬੜਾਪਿੰਡ (ਨਜ਼ਰਬੰਦ, ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ) ਸਮੇਤ ਨਾਭਾ ਜੇਲ੍ਹ ਵਿਚ ਸਮੂਹ ਬੰਦੀ ਸਿੰਘਾਂ ਨੇ ਪ੍ਰੈਸ ਦੇ ਨਾਮ  ਜਾਰੀ ਬਿਆਨ ਵਿਚ ਪੰਥਕ ਸੋਚ ਰੱਖਣ ਵਾਲੇ ਪੰਥ ਦਰਦੀ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ (ਹਰਿਆਣਾ) ਵਲੋਂ ਹਿੰਦੁਸਤਸਾਨ ਦੀਆਂ ਜੇਲ੍ਹਾਂ ਵਿਚ ਕਾਨੂੰਨੀ ਤੌਰ 'ਤੇ ਸਜ਼ਾ ਪੂਰੀ ਕਰ ਚੁੱਕੇ ਪੰਜ ਸਿੰਘਾਂ ਭਾਈ ਲਾਲ ਸਿੰਘ ਅਕਾਲਗੜ (ਨਾਭਾ ਜੇਲ੍ਹ), ਭਾਈ ਸਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ (ਤਿੰਨੇ ਬੁੜੈਲ ਜੇਲ੍ਹ), ਭਾਈ ਗੁਰਦੀਪ ਸਿੰਘ ਖੈੜਾ (ਕਰਨਾਟਕਾ ਜੇਲ੍ਹ) ਦੀ ਬੇ-ਇੰਨਸਾਫੀ ਦੀ ਕੈਦ ਤੋਂ ਮੁਕਤ ਕਰਾਉਂਣ ਲਈ ਭੁੱਖ ਹੜਤਾਲ ਦੀ ਭਰਪੂਰ ਸ਼ਲਾਘਾ ਕਰਦਿਆਂ ਪੰਥ ਨੂੰ ਅਪੀਲ ਕੀਤੀ ਹੈ ਕਿ ਆਪੋ ਆਪਣੇ ਪੰਥਕ ਫਰਜ਼ ਨੂੰ ਪਛਾਣਦਿਆਂ ਭਾਈ ਖ਼ਾਲਸਾ ਨੂੰ ਪੂਰਨ ਸਹਿਯੋਗ ਦੇਣ। 
ਬੰਦੀ ਸਿੰਘਾਂ ਨੇ ਪੰਥ ਨੂੰ ਚੇਤਨ ਕਰਦਿਆਂ ਵਾਸਤਾ ਪਾਇਆ ਕਿ ਅੱਜ ਪੰਥ ਨੂੰ ਸਾਡੀ ਦਸ਼ਾ ਤੇ ਦਿਸ਼ਾ ਪ੍ਰਤੀ ਸੰਜੀਦਗੀ ਤੇ ਸੁਹਿਰਦਤਾ ਨਾਲ ਗੰਭੀਰ ਨਾਲ ਵਿਚਾਰ ਕਰਨੀ ਚਾਹੀਦੀ ਹੈ ਕਿਉਂਕਿ ਵਰਤਮਾਨ ਸਮੇਂ ਵਿਚ ਪੰਥ ਤੇ ਪੰਥਕ ਸੋਚ ਦੀਆਂ ਦੁਸ਼ਮਣ ਤਾਕਤਾਂ ਦਿਸਦੇ ਤੇ ਅਣਦਿਸਦੇ ਤਰੀਕਿਆਂ ਨਾਲ ਸਾਡੇ ਧਰਮ, ਸਿਧਾਂਤਾਂ, ਵਿਰਸੇ, ਨੌਜਵਾਨਾਂ ਤੇ ਆਰਥਿਕਤਾ ਨੂੰ ਅੰਦਰੋ-ਅੰਦਰੀ ਘੁਣ ਵਾਂਗ ਬਰਬਾਦ ਕਰ ਰਹੀਆਂ ਹਨ ਜਿਸ ਵਿਚ ਸਾਡੀ ਸੱਤਾ ਤੇ ਕਾਬਜ ਧਾਰਮਿਕ ਤੇ ਸਿਅਸੀ ਲੀਡਰਸ਼ਿਪ ਦਾ ਵੱਡਾ ਹਿੱਸਾ ਜਾਂ ਤਾਂ ਇਸ ਸਭ ਤੋਂ ਜਾਣ-ਬੁਝ ਕੇ ਅੱਖੋਂ ਪਰੋਖੇ ਕਰਦੇ ਹੋਏ ਘੇਸਲ ਵੱਟੀ ਬੈਠਾ ਹੈ ਜਾਂ ਇਸ ਸਭ ਦਾ ਦੁਸ਼ਮਣ ਤਾਕਤਾਂ ਦਾ ਵੀ ਸਾਥ ਦੇ ਰਿਹਾ ਹੈ ਅਤੇ ਇਸਦਾ ਨੁਕਸਾਨ ਪੰਥ ਨੂੰ ਉਠਾਉਂਣਾ ਪੈ ਰਿਹਾ ਹੈ ਅਤੇ ਅਜਿਹੀਆਂ ਪੰਥ ਭੇਖ ਵਿਚ ਬੈਠੀਆਂ ਧਿਰਾਂ ਜੋ ਪੰਥ ਨੂੰ ਗੁੰਮਰਾਹ ਅਤੇ ਪੰਥਕ ਮੁੱਦਿਆਂ ਨੂੰ ਨਜ਼ਰ-ਅੰਦਾਜ਼ ਕਰ ਰਹੇ ਹਨ ਉਹ ਪੰਥ ਤੇ ਇਤਿਹਾਸ ਵਿਚ ਕਦੇ ਬਖ਼ਸ਼ੇ ਨਹੀਂ ਜਾਣਗੇ।

ਭਾਈ ਬੜਾ ਪਿੰਡ ਨੇ ਕਿਹਾ ਕਿ ਪੰਥ ਨੂੰ ਅੱਜ ਜਿਹੜੀ ਜਿਹੜੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹੀਆਂ ਸਥਿਤੀਆਂ ਪੰਥਕ ਇਤਿਹਾਸ ਵਿਚ ਕਦੇ ਵੀ ਨਹੀਂ ਬਣੀਆਂ ਅਤੇ ਅਜਿਹੀਆਂ ਸਥਿਤੀਆਂ ਵਿਚ ਸਾਡੇ ਨਿਭਾਏ ਰੋਲ ਤੇ ਫਰਜ਼ ਨੇ ਹੀ ਸੁਨਹਿਰੇ ਪੰਥਕ ਭਵਿੱਖ ਦਾ ਕਾਰਨ ਬਣਨਾ ਹੈ। ਸੋ ਸਾਨੂੰ ਹਰ ਪੰਥ ਦਰਦੀ ਨੂੰ ਮਨੁੱਖਤਾ ਦੇ ਭਲੇ ਲਈ ਗੁਰੁ ਨਾਨਕ ਪਾਤਸ਼ਾਹ ਵਲੋਂ ਦਰਸਾਏ ਮਾਰਗ ਨੂੰ ਅਪਣਾਉਂਦੇ ਹੋਏ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋ ਕੇ ਚੱਲਣਾ ਚਾਹੀਦਾ ਹੈ ਅਤੇ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ "ਲਮਹੋਂ ਨੇ ਖ਼ਤਾ ਕੀ, ਸਦੀਓ ਨੇ ਸਜ਼ਾ ਪਾਈ"।
ਬੰਦੀ ਸਿੰਘਾਂ ਨੇ ਭਾਈ ਗੁਰਬਖ਼ਸ ਸਿੰਘ ਖ਼ਾਲਸਾ (ਹਰਿਆਣਾ) ਦੀ ਚੜ੍ਹਦੀ ਕਲਾ ਤੇ ਸਿਹਤਜਾਬੀ ਲਈ ਗੁਰੁ ਚਰਨਾਂ ਵਿਚ ਅਰਦਾਸ ਬੇਨਤੀ ਕਰਦਿਆਂ ਪੰਥ ਨੂੰ ਪੂਰਨ ਰੂਪ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਕਿ ਪੰਥਕ ਮੁੱਦਿਆਂ ਪ੍ਰਤੀ ਵਫਾਦਾਰੀ ਤੇ ਏਕਤਾ ਹੀ ਅਜਿਹੇ ਹਲਾਤਾਂ ਤੇ ਦੁਰਦਸ਼ਾ ਤੋਂ ਪੰਥ ਨੂੰ ਮੁਕਤ ਕਰਵਾ ਸਕਦੀ ਹੈ।

*ਜਸਪਾਲ ਸਿੰਘ ਮੰਝਪੁਰ ਉਘੇ ਕਾਨੂੰਨੀ ਮਾਹਰ ਅਤੇ ਅਕਾਲੀ ਦਲ ਪੰਚ ਪਰਧਾਨੀ ਦੇ ਪ੍ਰੈੱਸ ਸਕੱਤਰ ਹਨ 

No comments: