Tuesday, June 25, 2013

ਮੰਡੀ ਮੁੱਲਾਂਪੁਰ 'ਚ ਵੀ ਲੱਗਿਆ ਲਖਦਾਤਾ ਪੀਰ ਦਾ ਮੇਲਾ

ਕਲਾਕਾਰਾਂ ਦੀਆਂ ਕਵਾਲੀਆਂ ਨੇ ਬੰਨਿਆ ਭਗਤੀ ਵਾਲਾ ਰੰਗ
ਪੰਜਾਂ ਦਰਿਆਵਾਂ ਦੀ ਇਸ ਧਰਤੀ ਪੰਜਾਬ ਤੇ ਕਈ ਵਾਰ ਵਿਦੇਸ਼ੀ ਧਾੜਵੀਆਂ ਦੇ ਹਮਲੇ ਹੋਏ, ਬੜੀ ਵਾਰ ਆਫਤਾਂ ਆਈਆਂ ਪਰ ਪੰਜਾਬ ਵਾਸੀ ਰੱਬ ਦਾ ਨਾਮ ਵੀ ਧਿਆਉਂਦੇ ਰਹੇ ਅਤੇ ਦਲੇਰੀ ਨਾਲ ਇਨਾਂ ਮੁਸੀਬਤਾਂ ਦਾ ਸਾਹਮਣਾ ਵੀ ਕਰਦੇ ਰਹੇ। ਲੋਕਾਂ ਦਾ ਕਹਿਣਾ ਹੈ ਕੀ ਇਹ ਦਲੇਰੀ, ਇਹ ਸ਼ਕਤੀ ਉਹਨਾਂ ਨੂੰ ਇਬਾਦਤ  ਤੋਂ ਮਿਲਦੀ ਸੀ। ਇਬਾਦਤ ਦੇ ਕਈ ਰੂਪ ਇਸ ਧਰਤੀ ਤੇ ਮੌਜੂਦ ਹਨ। ਪੂਜਾ ਪਾਠ ਦੀਆਂ ਇਹਨਾਂ ਥਾਵਾਂ ਚੋਂ ਹੀ ਇੱਕ ਥਾਂ ਹੈ ਜ਼ਿਲਾ ਲੁਧੀਆਂ 'ਚ ਪੈਂਦੀ ਮੰਡੀ ਮੁੱਲਾਂਪੁਰ।  ਲੁਧਿਆਣਾ ਦੀ ਮੰਡੀ ਮੁੱਲਾਂਪੁਰ ਦੇ ਇਸ ਖੁੱਲੇ ਡੁੱਲੇ ਇਲਾਕੇ 'ਚ ਲਖਦਾਤਾ ਪੀਰ ਦੀ ਦਰਗਾਹ ਵੀ ਬੜੀ ਮਸ਼ਹੂਰ ਹੈ। ਇਸ ਦਰਬਾਰ ਵਿਖੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੜਾ ਭਾਰੀ ਸਾਲਾਨਾ ਮੇਲਾ ਲੱਗਿਆ।  ਕੜਕਦੀ ਧੁੱਪ ਅਤੇ ਗਰਮੀ ਦੇ ਬਾਵਜੂਦ ਦਿਨ 20 ਜੂਨ ਵੀਰਵਾਰ ਨੂੰ ਲੱਗੇ ਇਸ ਭਾਰੀ ਮੇਲੇ ਦੌਰਾਨ ਸੰਗਤਾਂ ਹੁੰਮ ਹੁਮਾ ਕੇ ਦੂਰੋਂ ਦੂਰੋਂ ਪੁੱਜੀਆਂ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਮੰਡੀਆਣਾ, ਰਕਬਾ, ਤਲਵੰਡੀ, ਮੋਰਕਰੀਮਾਂ, ਸਵੱਦੀ, ਭੂੰਦੜੀ, ਹਸਨਪੁਰ ਸਮੇਤ ਨੇੜੇ ਤੇੜੇ ਦੇ ਕਈ ਪਿੰਡਾਂ ਦੀਆਂ ਸੰਗਤਾਂ ਨੇ ਦਰਬਾਰ 'ਚ ਪੁੱਜ ਕੇ ਲਖਦਾਤਾ ਪੀਰ  ਦੇ  ਦਰਬਾਰ ਵਿੱਚ  ਸੁੱਖਾਂ  ਸੁੱਖੀਆਂ, ਅਰਦਾਸਾਂ ਕੀਤੀਆਂ ਅਤੇ ਮੰਨਤਾਂ ਮੰਨੀਆਂ।  ਅਸ਼ੀਰਵਾਦਾਂ ਲੈਣ ਲਈ ਲੋਕ ਸਾਰਾ ਦਿਨ ਕੜਕਦੀ ਧੁੱਪ ਅਤੇ ਗਰਮੀ ਵਿਚ ਬੈਠੇ ਰਹੇ।  ਕਰੀਬ ਦੋ ਹਜ਼ਾਰ ਸ਼ਰਧਾਲੂਆਂ ਦੀ ਇਸ ਸੰਗਤ ਨੂੰ ਪੀਰ ਬਾਬਾ ਨਾਲ ਜੋੜਨ ਲਈ ਵੀਹ ਕੁ ਕਲਾਕਾਰ ਵੀ ਪੁੱਜੇ ਹੋਏ ਸਨ। ਇਸ ਦਰਗਾਹ ਨੂੰ ਚਲਾਉਣ ਵਾਲੀ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਸ ਮੌਕੇ ਤੇ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਵੀ ਲਾਇਆ ਗਿਆ ਜਿਸ ਵਿਚ੍ਚ  ਇਲਾਕੇ ਦੇ ਲੋਕਾਂ ਨੇ ਵਧ ਚੜ੍ਹ ਕੇ ਭਾਗ ਲਿਆ। ਇਸ ਮੌਕੇ  ਉਚੇਚੇ ਤੌਰ ਤੇ ਪੁੱਜੇ ਐਮ ਐਲ ਏ ਮਨਪ੍ਰੀਤ ਸਿੰਘ ਇਯਾਲੀ ਨੇ ਪ੍ਰਬੰਧਕ ਕਮੇਟੀ ਨੂੰ 5100 ਰੁਪੇ ਵੀ ਦਿੱਤੇ। ਸਾਰਾ ਦਿਨ ਲੰਗਰ ਵੀ ਅਤੁੱਟ ਵਰਤਿਆ ਅਤੇ ਪੀਰ ਬਾਬਾ ਦੇ ਗੁਣਗਾਨ ਵਿੱਚ ਕਵਾਲੀਆਂ ਦਾ ਗੀਤ ਸੰਗੀਤ ਵੀ ਹੋਇਆ। 

No comments: