ਸ਼੍ਰੋਮਣੀ ਕਮੇਟੀ ਵੱਲੋਂ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਸਮਾਗਮ
ਅੰਮ੍ਰਿਤਸਰ: 29 ਜੂਨ- (ਪੰਜਾਬ ਸਕਰੀਨ ਬਿਊਰੋ): ਸ਼ੇਰੇ-ਪੰਜਾਬ, ਧਰਮ ਨਿਰਪੱਖ ਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਈ ਗਈ। ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਅਰਦਾਸ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਸਾਬਕਾ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਕੀਤੀ ਗਈ। ਉਪਰੰਤ ਭਾਈ ਬਲਯੋਧ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਨੇ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਹੁਕਮਨਾਮਾ ਲਿਆ।
ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਸਾਬਕਾ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਮਹਾਰਾਜਾ ਰਣਜੀਤ ਸਿੰਘ ਦੇ ਸੁਨਹਿਰੀ ਇਤਿਹਾਸ ਤੇ ਚਾਨਣਾ ਪਾਉਦਿਆਂ ਕਿਹਾ ਕਿ ਉਹ ਇੱਕ ਧਰਮ ਨਿਰਪੱਖ ਤੇ ਇਨਸਾਫ ਪਸੰਦ ਮਹਾਰਾਜਾ ਸਨ। ਉਹਨਾਂ ਦੇ ਰਾਜ ਵਿੱਚ ਸਭ ਧਰਮਾਂ ਦੇ ਲੋਕਾਂ ਨੂੰ ਨਿਆਂ ਮਿਲਦਾ ਸੀ ਤੇ ਕਿਸੇ ਨਾਲ ਕੋਈ ਵਿਤਕਰਾ ਨਹੀ ਸੀ ਹੁੰਦਾ। ਸਟੇਜ ਦੀ ਸੇਵਾ ਭਾਈ ਸਰਵਨ ਸਿੰਘ ਪ੍ਰਚਾਰਕ ਧਰਮ ਪ੍ਰਚਾਰਕ ਕਮੇਟੀ ਨੇ ਬਾਖੂਬੀ ਨਿਭਾਈ ਅਤੇ ਵੱਖ-ਵੱਖ ਢਾਡੀ ਜਥਿਆਂ ਭਾਈ ਗੁਰਮੀਤ ਸਿੰਘ ਭੰਗੂ, ਭਾਈ ਅਮਰਜੀਤ ਸਿੰਘ ਗੁਰਦਾਸਪੁਰੀ, ਭਾਈ ਸਰਬਜੀਤ ਸਿੰਘ ਗੁਰੂ ਕੀ ਵਡਾਲੀ, ਭਾਈ ਪੂਰਨ ਸਿੰਘ ਅਰਸ਼ੀ, ਭਾਈ ਨਿਰਮਲ ਸਿੰਘ ਜੇਠੂਵਾਲ ਅਤੇ ਭਾਈ ਅਜੈਬ ਸਿੰਘ ਢਿਲੋਂ ਨੇ ਢਾਡੀ ਵਾਰਾਂ ਰਾਹੀਂ ਮਹਾਰਾਜ ਰਣਜੀਤ ਸਿੰਘ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ-ਸ.ਪ੍ਰਤਾਪ ਸਿੰਘ, ਐਡੀ:ਮੈਨੇਜਰ-ਸ.ਗੁਰਿੰਦਰ ਸਿੰਘ ਤੇ ਸ.ਸਤਨਾਮ ਸਿੰਘ ,ਪਬਲੀਸਿਟੀ ਸੁਪਰਵਾਈਜਰ ਸ.ਇੰਦਰ ਮੋਹਣ ਸਿੰਘ ਅਨਜਾਣ ਅਤੇ ਕਈ ਹੋਰ ਪਤਵੰਤੇ ਵਿਅਕਤੀਆਂ ਸਮੇਤ ਸਿੱਖ ਸੰਗਤਾਂ ਵੀ ਵਧ ਚੜ੍ਹ ਕੇ ਸ਼ਾਮਿਲ ਹੋਈਆਂ।
No comments:
Post a Comment