Sunday, April 28, 2013

ਭੁੱਲਰ ਕੇਸ ਬਨਾਮ ਲੜਾਈ ਦੀ ਧਾਰ

ਕਮਿਊਨਿਸਟ ਧਿਰਾਂ ਖਾਮੋਸ਼ ਹਨ
ਭੁੱਲਰ ਦਾ ਕੇਸ ਕਿਸੇ ਡੋਲੇ ਹੋਏ ਬੰਦੇ ਦੀ ਕਹਾਣੀ ਨਹੀਂ, ਸਗੋਂ ਲਗਾਤਾਰ ਤਸ਼ੱਦਦ ਸਹਿ ਰਹੇ ਕਿਸੇ ਜਿਉੜੇ ਦੀ ਦਰਦ ਕਥਾ
ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਅੱਜ ਜਿਸ ਮੁਕਾਮ ‘ਤੇ ਪੁੱਜ ਗਿਆ ਹੈ, ਉਸ ਨੇ ਪੰਜਾਬ ਦੇ ਸੰਕਟ ਵਾਲੇ ਦਿਨਾਂ ਦੇ ਉਹ ਵਰਕੇ ਖੋਲ੍ਹ ਅਤੇ ਫਰੋਲ ਦਿੱਤੇ ਹਨ ਜਿਨ੍ਹਾਂ ਨੇ ਪੰਜਾਬੀ ਬੰਦੇ ਦਾ ਜਿਸਮ ਅਤੇ ਰੂਹ ਪੱਛ ਕੇ ਰੱਖ ਦਿੱਤੀ ਸੀ। ਜਿਨ੍ਹਾਂ ਨੇ ਉਹ ਦੌਰ ਦੇਖਿਆ ਹੈ, ਉਨ੍ਹਾਂ ਨੂੰ ਉਹ ਦੌਰ ਕੱਲ੍ਹ ਦੀ ਕਿਸੇ ਘਟਨਾ ਵਾਂਗ ਯਾਦ ਰਹਿੰਦਾ ਹੈ।ਜਿਨ੍ਹਾਂ ਉਤੇ ਉਸ ਦੌਰ ਦੀ ਮਾਰ ਪਈ ਹੈ, ਉਨ੍ਹਾਂ ਦੇ ਦਰਦ ਦੀਆਂ ਕਹਾਣੀਆਂ ਤਾਂ ਅੱਜ ਤੱਕ ਵੀ ਮੁੱਕਣ ਵਿਚ ਨਹੀਂ ਆ ਰਹੀਆਂ। ਉਦੋਂ ਗੱਲ ਤਾਂ ਨਿਰੀ ਸੂਬੇ ਦੀ ਸਿਆਸਤ ਅਤੇ ਸਿਆਸਤ ਵਿਚ ਆਪੋ-ਆਪਣੀ ਪੈਂਠ ਬਣਾਉਣ ਜਾਂ ਬਰਕਰਾਰ ਰੱਖਣ ਦੀ ਸੀ, ਪਰ ਉਸ ਤੱਤੜੇ ਸਮੇਂ ਦੌਰਾਨ ਲੋਕਾਂ, ਖਾਸ ਕਰ ਕੇ ਨੌਜਵਾਨ ਵਰਗ ਨਾਲ ਜੋ ਹੋਈ-ਬੀਤੀ, ਉਸ ਨੂੰ ਛੇਤੀ ਕੀਤੇ ਭੁਲਾਉਣਾ ਆਪਣੇ-ਆਪ ਨੂੰ ਧੋਖਾ ਦੇਣ ਦੇ ਬਰਾਬਰ ਹੀ ਹੈ। ਉਸ ਅਣਮਨੁੱਖੀ ਵਰਤਾਰੇ ਨੇ ਮਨੁੱਖ ਦੇ ਮਨੁੱਖ ਹੋਣ ਉਤੇ ਹੀ ਸਵਾਲ ਖੜ੍ਹਾ ਕਰ ਦਿੱਤਾ ਸੀ। ਭੁੱਲਰ ਦਾ ਕੇਸ ਅੱਜ ਉਸੇ ਅਣਮਨੁੱਖੀ ਵਰਤਾਰੇ ਦੀ ਹੀ ਇਕ ਨੁਮਾਇੰਦਾ ਮਿਸਾਲ ਬਣ ਕੇ ਸਾਹਮਣੇ ਆਇਆ ਹੈ। ਭੁੱਲਰ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹੋਈ ਇਕ ਹਿੰਸਕ ਵਾਰਦਾਤ ਦੇ ਸਿਲਸਿਲੇ ਵਿਚ ਪਿਛਲੇ 18 ਸਾਲ ਤੋਂ ਜੇਲ੍ਹ ਅੰਦਰ ਬੰਦ ਹੈ। ਫਾਂਸੀ ਦੀ ਸਜ਼ਾ ਉਸ ਨੂੰ ਦਿੱਤੀ ਹੋਈ ਹੈ। ਉਸ ਦੀ ਜ਼ਿੰਦਗੀ ਬਚਾਉਣ ਦੇ ਰਾਸਤੇ ਇਕ ਇਕ ਕਰ ਕੇ ਬੰਦ ਹੋ ਰਹੇ ਹਨ। ਹਥਿਆਰਾਂ ਅਤੇ ਹਿੰਸਾ ਦੀ ਥਾਂ ਜ਼ਿੰਦਗੀ ਨੂੰ ਸਲਾਮ ਆਖਣ ਵਾਲੇ ਸਿਰੜੀ ਲੋਕ, ਅੱਜ ਵੀ ਭਾਵੇਂ ਇਸ ਜਿੰਦੜੀ ਨੂੰ ਬਚਾਉਣ ਦਾ ਹੀਲਾ-ਵਸੀਲਾ ਕਰ ਰਹੇ ਹਨ, ਪਰ ਅਜੇ ਕਿਸੇ ਦੀ ਕੋਈ ਵਾਹ-ਪੇਸ਼ ਨਹੀਂ ਜਾ ਰਹੀ। ਇਨ੍ਹਾਂ ਦਾ ਸਾਹਮਣਾ ਉਸ ਸਟੇਟ ਨਾਲ ਹੋ ਰਿਹਾ ਹੈ ਜਿਹੜੀ ਕਾਗਜ਼ਾਂ ਵਿਚ ਅਤੇ ਗੱਲੀਂ-ਬਾਤੀਂ ਤਾਂ ਜਮਹੂਰੀਅਤ ਦਾ ਝੰਡਾ-ਬਰਦਾਰ ਹੈ, ਪਰ ਅਸਲ ਵਿਚ ਇਸ ਦਾ ਖਾਸਾ ਆਵਾਮ ਦੇ ਵਿਰੁਧ ਭੁਗਤਦਾ ਹੈ। ਸਟੇਟ ਦਾ ਇਹ ਵਰਤਾਰਾ ਇੰਨਾ ਗੁੰਝਲਦਾਰ ਅਤੇ ਸੂਖਮ ਤੰਦਾਂ ਨਾਲ ਗੁੰਦਿਆ ਹੋਇਆ ਹੈ ਕਿ ਬਹੁਤ ਵਾਰ ਇਸ ਦੀ ਚਾਲ-ਢਾਲ ਦਾ ਪਤਾ ਤੱਕ ਨਹੀਂ ਲਗਦਾ। ਇਸੇ ਚਾਲ-ਢਾਲ ਵਿਚੋਂ ਹੀ ਅਗਾਂਹ ਸਿਆਸਤ ਦੀਆਂ ਲੜੀਆਂ ਤੁਰਦੀਆਂ ਹਨ। ਇਹ ਸਿਆਸਤ ਕਦੀ ਹਥਿਆਰਾਂ ਤੇ ਹਿੰਸਾ ਦੇ ਦਾਅ ਵਰਤਦੀ ਹੈ ਅਤੇ ਕਦੀ ਕੋਈ ਹੋਰ ਹਥਿਆਰ ਚਲਾਉਂਦੀ ਹੈ। ਹੁਣ ਵੀ ਜਿਹੜੀ ਸਿਆਸਤ ਹੋ ਰਹੀ ਹੈ, ਉਹ ਭਾਵੇਂ ਹਥਿਆਰਾਂ ਅਤੇ ਹਿੰਸਾ ਤੋਂ ਬਗੈਰ ਹੋ ਰਹੀ ਹੈ; ਪਰ ਰਤਾ ਕੁ ਕੁਰੇਦ ਕੇ ਦੇਖਣ ‘ਤੇ ਹਕੀਕਤ ਦਾ ਪਤਾ ਲੱਗ ਜਾਂਦਾ ਹੈ। ਇਹ ਉਹੀ ਸਿਆਸਤ ਹੈ ਜਿਸ ਨੇ ਹਰ ਦੌਰ ਵਿਚ ਨੌਜਵਾਨਾਂ ਦੇ ਹੱਥਾਂ ਵਿਚੋਂ ਰਿਜ਼ਕ ਹੀ ਨਹੀਂ, ਸਗੋਂ ਉਨ੍ਹਾਂ ਦੀ ਜ਼ਿੰਦਗੀ ਵੀ ਖੋਹ ਲਈ ਅਤੇ ਫਿਰ ਲਹੂ ਦਾ ਖੱਪਰ ਪੀ ਕੇ ਉਸੇ ਚਾਲੇ ਚੱਲਦੀ ਰਹੀ ਹੈ।
ਜਿਸ ਤਰ੍ਹਾਂ ਉਸ ਦੌਰ ਬਾਰੇ ਸਾਰੀਆਂ ਧਿਰਾਂ ਦੀ ਵੱਖ-ਵੱਖ ਪਹੁੰਚ ਸੀ, ਭੁੱਲਰ ਦੇ ਕੇਸ ਬਾਰੇ ਹੁਣ ਵੀ ਉਸੇ ਤਰ੍ਹਾਂ ਦੀ ਪਹੁੰਚ ਸਾਹਮਣੇ ਆ ਰਹੀ ਹੈ। ਮਨੁੱਖੀ ਹੱਕਾਂ ਲਈ ਜੂਝ ਰਹੇ ਕਾਰਕੁਨ ਸਮੁੱਚੇ ਰੂਪ ਵਿਚ ਫਾਂਸੀ ਨੂੰ ਸਰਕਾਰੀ ਜਾਂ ਅਦਾਲਤੀ ਕਤਲ ਕਰਾਰ ਦੇ ਕੇ ਇਸ ਖਿਲਾਫ ਮੁਹਿੰਮ ਚਲਾ ਰਹੇ ਹਨ। ਸੱਤਾਧਾਰੀ ਅਕਾਲੀ ਦਲ ਦਾ ਤਰਕ ਨਿਰਾ-ਪੁਰਾ ਸੱਤਾ ਨਾਲ ਹੀ ਜੁੜਿਆ ਹੋਇਆ ਹੈ। ਅਖੇ, ਜੇ ਫਾਂਸੀ ਦਿੱਤੀ ਤਾਂ ਪੰਜਾਬ ਦਾ ਮਾਹੌਲ ਫਿਰ ਖਰਾਬ ਹੋ ਸਕਦਾ ਹੈ। ਇਸ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਪਹਿਲਾਂ ਵਾਂਗ ਹੀ ਆਪਣੇ ਪਿਛਾਖੜੀ ਪੈਂਤੜੇ ਉਤੇ ਕਾਇਮ ਹੈ। ਕਮਿਊਨਿਸਟ ਧਿਰਾਂ ਖਾਮੋਸ਼ ਹਨ। ਹਾਂ, ਇਸ ਵਿਚਾਰਧਾਰਾ ਨਾਲ ਜੁੜੇ ਸੰਜੀਦਾ ਲੋਕ ਪੂਰਾ ਪਿੜ ਮੱਲ ਕੇ ਫਾਂਸੀ ਦਾ ਵਿਰੋਧ ਕਰ ਰਹੇ ਹਨ। ਬਚਦੀਆਂ ਖਾੜਕੂ ਸਫਾਂ ਤੇਲ ਦੀ ਧਾਰ ਦੇਖ ਰਹੀਆਂ ਹਨ। ਇਹ ਸਫਾਂ ਢਿੱਡੋਂ ਭੁੱਲਰ ਲਈ ਕੀਤੀਆਂ ਰਹਿਮ ਦੀਆਂ ਅਪੀਲਾਂ ਦੇ ਹੱਕ ਵਿਚ ਨਹੀਂ, ਪਰ ਸਮਝਣ ਵਾਲਾ ਤੱਥ ਇਹ ਹੈ ਕਿ ਭੁੱਲਰ ਦਾ ਕੇਸ ਕਿਸੇ ਡੋਲੇ ਹੋਏ ਬੰਦੇ ਦੀ ਕਹਾਣੀ ਨਹੀਂ, ਸਗੋਂ ਲਗਾਤਾਰ ਤਸ਼ੱਦਦ ਸਹਿ ਰਹੇ ਕਿਸੇ ਜਿਉੜੇ ਦੀ ਦਰਦ ਕਥਾ ਹੈ। ਇਸ ਸਬੰਧ ਵਿਚ ਸਭ ਤੋਂ ਸੁੱਚਾ ਸੱਚ ਭੁੱਲਰ ਦੀ ਪਤਨੀ ਨਵਨੀਤ ਕੌਰ ਭੁੱਲਰ ਦਾ ਹੈ। ਭੁੱਲਰ ਦੀ ਜਾਨ ਬਚਾਉਣ ਲਈ ਹੇਠਲੀ ਉਤੇ ਕਰ ਰਹੀ ਨਵਨੀਤ ਨੇ ਇਹ ਦਰਦ ਸਾਂਝਾ ਕੀਤਾ ਹੈ ਕਿ ਉਹ ਅਤੇ ਉਸ ਦਾ ਪਰਿਵਾਰ ਹੇਠਲੀ ਅਦਾਲਤ ਵਿਚ ਭੁੱਲਰ ਦਾ ਕੇਸ ਸਹੀ ਢੰਗ ਨਾਲ ਲੜ ਨਹੀਂ ਸਕੇ, ਕਿਉਂਕਿ ਉਸ ਵੇਲੇ ਦਹਿਸ਼ਤ ਇੰਨੀ ਜ਼ਿਆਦਾ ਸੀ ਕਿ ਪਰਿਵਾਰ ਦਾ ਕੋਈ ਜੀਅ ਭਾਰਤ ਪੁੱਜ ਕੇ ਕੇਸ ਦੀ ਸਹੀ ਢੰਗ ਨਾਲ ਪੈਰਵੀ ਨਾ ਕਰ ਸਕਿਆ। ਪਰਿਵਾਰ ਦੇ ਦੋ ਜੀਅ ਪੁਲਿਸ ਨੇ ਪਹਿਲਾਂ ਹੀ ਖਪਾ ਦਿੱਤੇ ਸਨ ਜਿਨ੍ਹਾਂ ਬਾਰੇ ਅੱਜ ਤੱਕ ਕੋਈ ਸੂਹ ਨਹੀਂ ਮਿਲੀ ਹੈ। ਉਦੋਂ ਜਿਨ੍ਹਾਂ ਸਫਾਂ ਨੇ ਭੁੱਲਰ ਦੀ ਖਾਤਰ ਪਰਿਵਾਰ ਦੀ ਥਾਂ ਲੈਣੀ ਸੀ, ਉਨ੍ਹਾਂ ਲਈ ਸ਼ਾਇਦ ਹੋਰ ਏਜੰਡੇ ਵੱਧ ਅਹਿਮ ਸਨ। ਨਵਨੀਤ ਦਾ ਇਹੀ ਸੱਚ ਅਸਲ ਵਿਚ ਭੁੱਲਰ ਕੇਸ ਦੀ ਅਗਲੀ ਕੜੀ ਬਣਦਾ ਹੈ ਅਤੇ ਇਹ ਸੱਚ ਭੁੱਲਰ ਕੇਸ ਦੀ ਤਹਿ ਤੇ ਵਰਤਾਰੇ ਦੀਆਂ ਜੜ੍ਹਾਂ ਫਰੋਲਣ ਦਾ ਜ਼ਰੀਆ ਬਣ ਸਕਦਾ ਹੈ। ਅਸਲ ਵਿਚ ਇਹੀ ਇਕ ਸੱਚ ਹੈ ਜਿਹੜਾ ਕਿਸੇ ਵੀ ਲੜਾਈ ਦੀ ਧਾਰ ਬੰਨ੍ਹਣ ਵਿਚ ਸਹਾਈ ਹੁੰਦਾ ਹੈ। ਜੇ ਲੜਾਈ ਚੱਲ ਰਹੀ ਹੈ ਤਾਂ ਇਸ ਦੀ ਧਾਰ ਦਾ ਪਾਸਾਰ ਹਰ ਪਾਸੇ ਫੈਲਣਾ ਚਾਹੀਦਾ ਹੈ। ਜੇ ਅਜਿਹਾ ਨਹੀਂ ਤਾਂ ਲੜਾਈ ਦਾ ਸੱਚ ਫਿੱਕਾ ਪੈਣ ਲੱਗਦਾ ਹੈ। ਨਵਨੀਤ ਤੜਫ ਕੇ ਆਖਦੀ ਹੈ ਕਿ ਹੁਣ ਤਾਂ ਉਸ ਦਾ ਸਰਕਾਰ ਉਤੇ ਕੋਈ ਯਕੀਨ ਨਹੀਂ ਹੈ। ਨਵਨੀਤ ਦੀ ਇਹ ਤੜਫਾਹਟ ਇਸ ਫਿਕਰ ਵਿਚੋਂ ਨਿਕਲਦੀ ਹੈ ਕਿ ਬਿਮਾਰ ਹੋਣ ਦੇ ਬਾਵਜੂਦ ਸਰਕਾਰ ਕਿਸੇ ਦਿਨ ਭੁੱਲਰ ਨੂੰ ਚੁੱਪ-ਚੁਪੀਤੇ ਫਾਂਸੀ ਲਾ ਦੇਵੇਗੀ। ਇਹ ਫਿਕਰ, ਸੱਚ ਦੇ ਬਹੁਤ ਨੇੜੇ ਹੈ ਜਿਸ ਦਾ ਜ਼ਿਕਰ ਉਪਰ ਕੀਤਾ ਜਾ ਚੁੱਕਾ ਹੈ। ਇਸ ਫਿਕਰ ਲਈ ਅੱਜ ਜਿੰਨਾ ਫਿਕਰ ਕੀਤਾ ਜਾ ਸਕੇ, ਉਨਾ ਹੀ ਘੱਟ ਹੈ; ਕਿਉਂਕਿ ਮਸਲਾ ਉਸ ਡਾਢੇ ਦੌਰ ਵਿਚੋਂ ਬਚ ਗਈ ਜ਼ਿੰਦੜੀ ਨੂੰ ਬਚਾਉਣ ਦਾ ਹੈ।   (ਪੰਜਾਬ ਟਾਈਮਜ਼)

No comments: