Friday, October 12, 2012

15 ਅਕਤੂਬਰ ਨੂੰ ਡੀ. ਸੀ. ਦਫਤਰ ਵਿਖੇ ਧਰਨੇ-ਮੁਜਾਹਰੇ

ਨਿਸ਼ਾਨਾ ਬੇਹਤਰ ਰਿਹਾਇਸ਼ੀ ਪ੍ਰਬੰਧਾਂ ਲਈ ਸੰਘਰਸ਼ ਦੀ ਸ਼ੁਰੂਆਤ 
ਪ੍ਰਸ਼ਾਸਨ ਦੀ ਬੇਰੁਖੀ ਤੋਂ ਤੰਗ ਆਏ ਲੋਕ ਤੁਰੇ ਸੰਘਰਸ਼ ਦੇ ਰਾਹ 
ਲੁਧਿਆਣਾ:12 ਅਕਤੂਬਰ, 2012:(ਵਿਮਲਾ ਸੱਕਰਵਾਲ*) ਲੁਧਿਆਣੇ ਦੇ ਫੋਕਲ ਪੁਆਂਇੰਟ ਫੇਸ ਚਾਰ ਵਿੱਚ ਸਥਿਤ ਮਜ਼ਦੂਰਾਂ ਦੀ ਬਸਤੀ ਰਾਜੀਵ ਗਾਂਧੀ ਕਲੋਨੀ ਦੇ ਲੋਕਾਂ ਨੇ ਬੁਰੀਆਂ ਰਿਹਾਇਸ਼ੀ ਹਾਲਤਾਂ ਪ੍ਰਤੀ ਪ੍ਰਸ਼ਾਸਨ ਦੀ ਬੇਰੁਖੀ ਤੋਂ ਤੰਗ ਆ ਕੇ ਸੰਘਰਸ਼ ਦਾ ਰਾਹ ਫੜਨ ਦਾ ਐਲਾਨ ਕਰ ਦਿੱਤਾ ਹੈ। ਰਾਜੀਵ ਗਾਂਧੀ ਕਲੋਨੀ ਦੇ ਲੋਕ ਗਲੀਆਂ ਪੱਕੀਆਂ ਕਰਾਉਣ, ਸੀਵਰੇਜ ਨਿਕਾਸੀ ਦੇ ਢੁਕਵੇਂ ਪ੍ਰਬੰਧ, ਸਾਫ਼-ਸਫਾਈ, ਸਾਫ਼ ਪਾਣੀ ਦੀ ਨਿਯਮਿਤ ਸਪਲਾਈ, ਬਿਜਲੀ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਦੇ ਢੁਕਵੇਂ ਪ੍ਰਬੰਧ ਸਮੇਤ ਅਨੇਕਾਂ ਹੋਰ ਮੰਗਾਂ ਲਈ 15 ਅਕਤੂਬਰ (ਸੋਮਵਾਰ) ਨੂੰ ਕਾਰਖਾਨਾ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਡੀ.ਸੀ. ਦਫਤਰ, ਲੁਧਿਆਣਾ ਵਿਖੇ ਸਵੇਰੇ 10 ਵਜੇ ਧਰਨਾ ਦੇ ਕੇ ਰੋਹ ਮੁਜਾਹਰਾ ਕਰਨਗੇ ਅਤੇ ਪੰਜ ਹਜਾਰ ਤੋਂ ਵੱਧ ਹਸਤਾਖਰਾਂ ਵਾਲ਼ਾ ਮੰਗ ਪੱਤਰ ਡੀ.ਸੀ. ਲੁਧਿਆਣਾ ਨੂੰ ਸੌਂਪਿਆ ਜਾਵੇਗਾ। ਧਰਨੇ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ਼ ਚੱਲ ਰਹੀਆਂ ਹਨ। ਇੱਕ ਪਰਚਾ ਪ੍ਰਕਾਸ਼ਤ ਕੀਤਾ ਗਿਆ ਹੈ ਜੋ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਕਾਰਕੁੰਨ ਬਸਤੀ 'ਚ ਮਜ਼ਦੂਰਾਂ ਦੇ ਕਮਰੇ ਕਮਰੇ ਜਾ ਕੇ ਵੰਡ ਰਹੇ ਹਨ, ਉਹਨਾਂ ਤੋਂ ਮੰਗ ਪੱਤਰ 'ਤੇ ਹਸਤਾਖਰ ਕਰਵਾ ਰਹੇ ਹਨ ਅਤੇ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕਰ ਰਹੇ ਹਨ। ਮੰਗ ਪੱਤਰ ਉੱਤੇ ਹੁਣ ਤੱਕ 4758 ਲੋਕਾਂ ਦੇ ਹਸਤਾਖਰ ਹੋ ਚੁੱਕੇ ਹਨ।
ਕਾਰਖਾਨਾ ਮਜ਼ਦੂਰ ਯੂਨੀਅਨ ਦੇ ਸੰਚਾਲਕ ਲਖਵਿੰਦਰ ਨੇ ਦੱਸਿਆ ਕਿ ਗੁਰਬਤ ਦੀ ਜਿੰਦਗੀ ਹੰਢਾਉਣ 'ਤੇ ਮਜ਼ਬੂਰ ਇਸ ਕਲੋਨੀ ਦੇ ਨਿਵਾਸੀਆਂ ਦੀਆਂ ਰਿਹਾਇਸ਼ੀ ਹਾਲਤਾਂ ਦੀ ਭਿਅੰਕਰਤਾ ਨੂੰ ਸਬਦਾਂ ਰਾਹੀਂ ਬਿਆਨ ਕਰ ਸਕਣਾ ਸੰਭਵ ਨਹੀਂ ਹੈ। ਇਸ ਕਲੋਨੀ ਦੇ ਸਾਰੇ ਨਿਵਾਸੀ ਗਰੀਬ ਮਜ਼ਦੂਰ ਹਨ। ਉੱਬੜ-ਖਾਬੜ ਕੱਚੀਆਂ ਗਲੀਆਂ, ਸੀਵਰੇਜ ਨਿਕਾਸੀ ਕੋਈ ਨਹੀਂ, ਗੰਦੇ ਪਖਾਨੇ, ਚਾਰੇ ਪਾਸੇ ਕੂੜੇ-ਗੰਦਗੀ-ਬਦਬੂ- ਮੱਛਰ-ਮੱਖੀਆਂ ਦਾ ਸਾਮਰਾਜ, ਪਾਣੀ ਦੀ ਬੇਹੱਦ ਘੱਟ ਸਪਲਾਈ, ਪੀਣ ਲਈ ਦੂਸ਼ਿਤ ਪਾਣੀ, -ਇਹ ਹਾਲਤ ਹੈ ਮਜ਼ਦੂਰਾਂ ਦੀ ਇਸ ਬਸਤੀ ਦੀ। ਅਜਿਹੀਆਂ ਹਾਲਤਾਂ ਵਿੱਚ ਲੋਕਾਂ ਦੀ ਸਿਹਤ ਕਿਸ ਤਰ•ਾਂ ਦੀ ਹੋਵੇਗੀ ਇਸਦਾ ਅੰਦਾਜਾ ਲਾਉਣਾ ਕੋਈ ਔਖਾ ਨਹੀਂ ਹੈ। ਇਸ ਤੋਂ ਇਲਾਵਾਂ ਬਿਜਲੀ ਮਹਿਕਮੇ ਤੋਂ ਲੋਕ ਵੱਖ ਤੋਂ ਦੁਖੀ ਹਨ। ਬਿਜਲੀ ਦੀ ਖਰਾਬੀ ਠੀਕ ਕਰਵਾਉਣੀ ਹੋਵੇ, ਬਿਲ ਜਿਆਦਾ ਆਉਣ ਦੀ ਸ਼ਿਕਾਇਤ ਹੱਲ ਕਰਾਉਣੀ ਹੋਵੇ, ਨਵਾਂ ਮੀਟਰ ਲਗਵਾਉਣਾ ਹੋਵੇ- ਬਿਜਲੀ ਮਹਿਕਮੇ ਦੇ ਅਧਿਕਾਰੀ ਮਜ਼ਦੂਰਾਂ ਨਾਲ਼ ਸਿੱਧੇ ਮੂੰਹ ਗੱਲ ਨਹੀਂ ਕਰਦੇ। ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਲੋਕਾਂ ਦੀਆਂ ਛੱਤਾਂ ਦੇ ਬਿਲਕੁਲ ਨਾਲ਼ ਤੋਂ ਗੁਜਰਦੀਆਂ ਹਨ ਜਿਸ ਵਜੋਂ ਹਾਦਸੇ ਹੁੰਦੇ ਰਹਿੰਦੇ ਹਨ। ਗਲੀਆਂ ਵਿੱਚ ਰਾਤ ਦੇ ਸਮੇਂ ਲਈ ਰੋਸ਼ਨੀ ਦਾ ਕੋਈ ਪ੍ਰਬੰਧ ਨਹੀਂ ਹੈ। ਰਾਜੀਵ ਗਾਂਧੀ ਕਲੋਨੀ ਦੇ ਆਸ ਪਾਸ ਜੀਵਨ ਨਗਰ, ਸ਼ੇਰਪੁਰ, ਗਿਆਸਪੁਰਾ ਆਦਿ ਵਿਸ਼ਾਲ ਗਰੀਬ ਅਬਾਦੀ ਵਾਲੇ ਇਲਾਕਿਆਂ ਲਈ ਨਜ਼ਦੀਕ ਵਿੱਚ ਕੋਈ ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀ ਨਹੀਂ ਹੈ। ਰਾਜੀਵ ਗਾਂਧੀ ਕਲੋਨੀ ਦੇ ਮਜ਼ਦੂਰਾਂ ਦੀ ਮੰਗ ਹੈ ਕਿ ਇਲਾਕੇ ਵਿੱਚ ਸਰਕਾਰੀ ਹਸਪਤਾਲ ਖੋਲਿ•ਆ ਜਾਵੇ। ਸਨਅਤੀ ਮਜ਼ਦੂਰਾਂ ਲਈ ਖੋਲੀ ਗਈ ਈ.ਐਸ.ਆਈ. ਡਿਸਪੈਂਸਰੀ ਦਾ ਵਿਸਥਾਰ ਕੀਤਾ ਜਾਵੇ। ਪਿਛਲੇ ਮਹੀਨੇ 30 ਸਤੰਬਰ ਨੂੰ ਕਲੋਨੀ ਨਿਵਾਸੀਆਂ ਦੀ ਹੋਈ ਲੋਕ ਪੰਚਾਇਤ ਵਿੱਚ ਪ੍ਰਸ਼ਾਸਨ ਖਿਲਾਫ਼ ਸੰਘਰਸ਼ ਛੇੜਨ ਦੇ ਐਲਾਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਸੀ ਕਿ 15 ਅਕਤੂਬਰ ਨੂੰ ਡੀ. ਸੀ. ਦਫਤਰ ਵਿਖੇ ਹਜਾਰਾਂ ਕਲੋਨੀ ਨਿਵਾਸੀਆਂ ਦੇ ਹਸਤਾਖਰ ਕਰਵਾ ਕੇ ਰੋਹ ਭਰਪੂਰ ਮਜਾਹਰਾ ਕਰਕੇ ਮੰਗ ਪੱਤਰ ਸੌਂਪਿਆ ਜਾਵੇ। ਉਹਨਾਂ ਕਿਹਾ ਵੈਸੇ ਤਾਂ ਪੰਜਾਬ ਸਰਕਾਰ ਨੇ ਲੁਧਿਆਣੇ ਸ਼ਹਿਰ ਦੇ ਵਿਕਾਸ ਲਈ 3561 ਰੁਪਏ ਦਾ ਪ੍ਰੋਜੈਕਟ ਐਲਾਨਿਆ ਹੈ ਪਰ ਰਾਜੀਵ ਗਾਂਧੀ ਕਲੋਨੀ ਸਮੇਤ ਲੁਧਿਆਣੇ ਦੇ ਵੱਖ ਵੱਖ ਗਰੀਬ ਇਲਾਕਿਆਂ ਦੇ ਵਿਕਾਸ ਲਈ ਸਰਕਾਰ ਕਦੋਂ ਕਦਮ ਚੁੱਕੇਗੀ? ਉਹਨਾਂ ਕਿਹਾ ਕਿ ਲੁਧਿਆਣੇ ਦੀ ਬਹੁਸੰਖਿਅਕ ਅਬਾਦੀ ਮਜ਼ਦੂਰ ਦੀ ਹੈ ਇਸ ਲਈ ਸਰਕਾਰ ਨੂੰ ਸਭ ਤੋਂ ਵੱਧ ਧਿਆਨ ਉਹਨਾਂ ਦੀਆਂ ਜੀਵਨ ਹਾਲਤਾਂ ਸੁਧਾਰਨ ਵੱਲ ਹੀ ਦੇਣਾ ਚਾਹੀਦਾ ਹੈ। ਰਾਜੀਵ ਗਾਂਧੀ ਕਲੋਨੀ ਬਾਰੇ ਉਹਨਾਂ ਕਿਹਾ ਕਿ ਜੇਕਰ ਸਰਕਾਰ 3561 ਕਰੋੜ ਰੁਪਏ ਦਾ ਕੁਝ ਹਿੱਸਾ ਵੀ ਇਸ ਕਲੋਨੀ ਦੇ ਵਿਕਾਸ 'ਤੇ ਲਾ ਦੇਵੇ ਤਾਂ ਕਲੋਨੀ ਦੀ ਕਾਇਆਪਲਟ ਹੋ ਸਕਦੀ ਹੈ। ਲਖਵਿੰਦਰ ਨੇ ਕਿਹਾ ਕਿ ਕਾਰਖਾਨਾ ਮਜ਼ਦੂਰ ਯੂਨੀਅਨ ਸ਼ਹਿਰ ਦੀਆਂ ਸਾਰੀਆਂ ਇਨਸਾਫ਼ ਪਸੰਦ ਜੱਥੇਬੰਦੀਆਂ, ਸਮਾਜਕ ਕਾਰਕੁੰਨਾਂ, ਪੱਤਰਕਾਰਾਂ ਸਮੇਤ ਸਭਨਾਂ ਇਨਸਾਫ਼ ਪਸੰਦ ਲੋਕਾਂ ਨੂੰ ਉਹਨਾਂ ਦੇ ਸਮਰਥਨ 'ਚ ਆਉਣ ਦੀ ਅਪੀਲ ਕਰਦੀ ਹੈ।

*ਵਿਮਲਾ ਸੱਕਰਵਾਲ ਕਾਰਖਾਨਾ ਮਜ਼ਦੂਰ ਯੂਨੀਅਨ ਸੰਚਾਲਨ ਕਮੇਟੀ ਦੀ ਮੈਂਬਰ ਹੈ  

No comments: