Monday, September 10, 2012

ਪੁਲੀਸ ਹੁਣ ਆਮ ਕੰਮਾਂ ਲਈ ਸਰਕਾਰੀ ਫੀਸ ਵਸੂਲੇਗੀ

ਸਹੂਲਤਾਂ ਦੇ ਇਵਜ਼ ਵਜੋਂ ਸੁਵਿਧਾ ਫੀਸ 
* ਪਾਸਪੋਰਟ ਪਡ਼ਤਾਲ 100 ਰੁਪਏ
* ਹਥਿਆਰ ਲਾਇਸੈਂਸ ਪਡ਼ਤਾਲ 100 ਤੋਂ 200 ਰੁਪਏ
* ਸਪੀਕਰ ਦੀ ਮਨਜ਼ੂਰੀ 100 ਰੁਪਏ
* ਮੇਲਾ ਮਨਜ਼ੂਰੀ 500 ਰੁਪਏ
* ਨੌਕਰ ਬਾਰੇ ਪਡ਼ਤਾਲ 50 ਰੁਪਏ

ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗਡ਼੍ਹ, 9 ਸਤੰਬਰ
ਹੁਣ ਪੰਜਾਬ ਪੁਲੀਸ ਆਮ ਲੋਕਾਂ ਦੇ ਕੰਮਾਂ-ਕਾਰਾਂ ਲਈ ਸਰਕਾਰੀ ਫੀਸ ਵੀ ਵਸੂਲੇਗੀ। ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿਚ ਬਣਾਏ ਜਾ ਰਹੇ 469 ਕਮਿਊਨਿਟੀ ਪੁਲੀਸਿੰਗ ਸੁਵਿਧਾ ਸੈਂਟਰਾਂ (ਸੀ.ਪੀ.ਐਸ.ਸੀਜ਼.) ਵਿਚ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਇਵਜ਼ ਵਜੋਂ ਸੁਵਿਧਾ ਫੀਸ (ਫੈਸਲੀਟੇਸ਼ਨ ਚਾਰਜਿਜ਼) ਲਈ ਜਾਵੇਗੀ।
ਪੰਜਾਬ ਸਰਕਾਰ ਵਲੋਂ ਗਵਰਨੈਂਸ ਰਿਫਾਰਮਜ਼ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ‘ਕਮਿਸ਼ਨਰੇਟ’ ਪੱਧਰ ਉਪਰ 114 ਕਮਿਊਨਿਟੀ ਪੁਲਸਿੰਗ ਸੁਵਿਧਾ ਸੈਂਟਰ (ਸੀ.ਪੀ.ਐਸ.ਸੀਜ਼) ਅਤੇ ਜ਼ਿਲ੍ਹਾ ਪੱਧਰ ‘ਤੇ 88 ਸੀ.ਪੀ.ਐਸ.ਸੀਜ਼ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਇਲਾਵਾ ਥਾਣਾ ਪੱਧਰ ‘ਤੇ 267 ਪੁਲੀਸ ਸਟੇਸ਼ਨ ਆਊਟਰੀਚ (ਪੀ.ਐਸ.ਓ.ਸੀਜ਼.) ਵੀ ਸਥਾਪਿਤ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵਲੋਂ ਇਨ੍ਹਾਂ ਸੈਂਟਰਾਂ ਉਪਰ ਜਨਤਾ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਇਵਜ਼ ਵਜੋਂ ਸੁਵਿਧਾ ਫੀਸ ਵਸੂਲਣ ਦੀ ਤਜਵੀਜ਼ ਬਣਾਈ ਹੈ। ਇਨ੍ਹਾਂ ਸੈਂਟਰਾਂ ਤੋਂ ਵਸੂਲੇ ਜਾਣ ਵਾਲੇ ਚਾਰਜਿਜ਼ ਰਾਹੀਂ ਹੋਣ ਵਾਲੀ ਆਮਦਨ ਨੂੰ ਇਨ੍ਹਾਂ ਸੈਂਟਰਾਂ ਦੇ ਰੈਕਰਿੰਗ ਖਰਚੇ ਵਜੋਂ ਵਰਤਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਪੰਜਾਬ ਦੇ ਗ੍ਰਹਿ ਮੰਤਰਾਲੇ ਅਤੇ ਨਿਆਂ ਵਿਭਾਗ ਵੱਲੋਂ ਇਨ੍ਹਾਂ ਸੈਂਟਰਾਂ ਰਾਹੀਂ ਜਨਤਾ ਵੱਲੋਂ ਕਰਵਾਏ ਜਾਣ ਵਾਲੇ ਕੰਮਾਂ ਲਈ ਨਿਰਧਾਰਤ ਕੀਤੀ ਸੁਵਿਧਾ ਫੀਸ ਦੀ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ। ਪੁਲੀਸ ਕਮਿਸ਼ਨਰੇਟਸ ਪੱਧਰ ਉਤੇ ਬਣਾਏ ਜਾ ਰਹੇ 114 ਸੈਂਟਰਾਂ ਵਿਚ ਪਾਸਪੋਰਟ ਸੇਵਾਵਾਂ ਲਈ 100 ਰੁਪਏ ਤੋਂ ਲੈ ਕੇ 500 ਰੁਪਏ ਤੱਕ ਫੀਸ ਨਿਰਧਾਰਤ ਕੀਤੀ ਗਈ ਹੈ। ਪਾਸਪੋਰਟ ਵੈਰੀਫਿਕੇਸ਼ਨ, ਵਿਦੇਸ਼ੀਆਂ ਦੇ ਰਾਜ ਵਿਚ ਆਉਣ ਤੇ ਜਾਣ ਵੇਲੇ ਰਜਿਸਟ੍ਰੇਸ਼ਨ ਕਰਨ ਅਤੇ ਇਸ ਨਾਲ ਸਬੰਧਿਤ ਹੋਰ ਸੇਵਾਵਾਂ ਲਈ 100-100 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ। ਇਸੇ ਤਰ੍ਹਾਂ ਵਿਦੇਸ਼ ਵਿਚ ਪਾਸਪੋਰਟ ਗੁੰਮ ਹੋਣ ਦੀ ਪਡ਼ਤਾਲੀਆ ਰਿਪੋਰਟ ਮੁਹੱਈਆ ਕਰਨ ਅਤੇ ਵਿਦੇਸ਼ੀਆਂ ਨੂੰ ਰੈਜੀਡੈਂਟ ਪਰਮਿਟ ਆਦਿ ਦੇਣ ਦੀ ਪ੍ਰਕਿਰਿਆ ਵਾਸਤੇ 500-500 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ। ਹਥਿਆਰਾਂ ਦੇ ਲਾਇਸੈਂਸ ਦੀ ਵੈਰੀਫਿਕੇਸ਼ਨ ਲਈ 100 ਤੋਂ ਲੈ ਕੇ 200 ਰੁਪਏ ਤੱਕ ਫੀਸ ਨਿਰਧਾਰਤ ਕੀਤੀ ਗਈ ਹੈ ਜਿਸ ਤਹਿਤ ਆਰਮਜ਼ ਲਾਇਸੈਂਸ ਵਿਚ ਨਵੇਂ ਹਥਿਆਰ ਦੀ ਐਂਟਰੀ ਕਰਨ, ਵੇਚਣ ਆਦਿ  ਦੇ ਇਤਰਾਜ਼ ਨਹੀਂ ਸਰਟੀਫਿਕੇਟ (ਐਨ.ਓ.ਸੀ.) ਦੇਣ ਲਈ 100 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ ਜਦਕਿ ਨਵਾਂ ਆਰਮਜ਼ ਲਾਇਸੈਂਸ ਬਣਾਉਣ ਤੇ ਨਵਿਆਉਣ ਦੀ ਵੈਰੀਫਿਕੇਸ਼ਨ ਕਰਨ ਦੀ 200 ਰੁਪਏ ਫੀਸ ਨਿਰਧਾਰਤ ਕੀਤੀ ਹੈ। ਵਾਹਨ ਵੇਚਣ ਤੇ ਖਰੀਦਣ ਵੇਲੇ ਐਨ.ਓ.ਸੀ. ਹਾਸਲ ਕਰਨ ਅਤੇ ਸਪੀਕਰ ਲਾਉਣ ਦੀ ਮਨਜ਼ੂਰੀ ਲੈਣ ਲਈ 100-100 ਰੁਪਏ ਫੀਸ ਰੱਖੀ ਗਈ ਹੈ।
ਇਸ ਤੋਂ ਇਲਾਵਾ ਮੇਲਾ ਤੇ ਪ੍ਰਦਰਸ਼ਨੀ ਲਾਉਣ ਦੀ ਮਨਜ਼ੂਰੀ ਲੈਣ ਅਤੇ ਪੈਟਰੋਲ ਪੰਪ, ਮੈਰਿਜ ਪੈਲਿਸ, ਹੋਟਲ, ਸਿਨੇਮਾ, ਆਰਮਜ਼ ਡੀਲਰ, ਸਿਨੇਮਾ ਵੀਡੀਓ ਪਾਰਲਰ ਆਦਿ ਲਈ ਐਨ.ਓ.ਸੀ. ਲੈਣ ਵਾਸਤੇ 500-500 ਰੁਪਏ ਫੀਸ ਰੱਖੀ ਗਈ ਹੈ। ਪੁਲੀਸ ਕਲੀਅਰੈਂਸ ਸਰਟੀਫਿਕੇਟ ਤਹਿਤ ਸਰਵਿਸ ਵੈਰੀਫਿਕੇਸ਼ਨ, ਕਰੈਕਟਰ ਵੈਰੀਫਿਕੇਸ਼ਨ ਅਤੇ ਕਿਰਾਏਦਾਰ ਤੇ ਨੌਕਰ ਦੀ ਵੈਰੀਫਿਕੇਸ਼ਨ ਕਰਵਾਉਣ ਲਈ ਵੀ 50 ਰੁਪਏ ਅਦਾ ਕਰਨੇ ਪੈਣਗੇ। ਇਸੇ ਤਰ੍ਹਾਂ 24 ਪੁਲੀਸ ਜ਼ਿਲਿ੍ਹਆਂ ਦੇ ਪੱਧਰ ‘ਤੇ 88 ਸੀ.ਪੀ.ਐਸ.ਸੀਜ਼. ਅਤੇ ਥਾਣਾ ਪੱਧਰ ਉਪਰ ਸਥਾਪਿਤ ਕੀਤੇ ਜਾ ਰਹੇ 267 ਪੀ.ਐਸ.ਓ.ਸੀਜ਼. ਉਪਰ ਵੀ ਅਜਿਹੀਆਂ ਸਾਰੀਆਂ ਸੇਵਾਵਾਂ ਲਈ ਕਮਿਸ਼ਨਰੇਟਸ ਪੱਧਰ ‘ਤੇ ਸਥਾਪਿਤ ਸੈਂਟਰਾਂ ਵਾਲੀਆਂ ਫੀਸਾਂ ਹੀ ਵਸੂਲੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਦਫਤਰਾਂ/ਸੁਵਿਧਾ ਸੈਂਟਰਾਂ ਵਲੋਂ ਵਸੂਲੇ ਜਾਣ ਵਾਲੇ ਚਾਰਜਿਜ਼ ਬਾਅਦ ਵਿਚ ਸਬੰਧਿਤ ਪੁਲੀਸ ਸਟੇਸ਼ਨਾਂ ਦੇ ਆਊਟਰੀਚ ਸੈਂਟਰਾਂ ਵਿਚ ਟਰਾਂਸਫਰ ਕੀਤੇ ਜਾਣਗੇ। ਇਨ੍ਹਾਂ ਚਾਰਜਿਜ਼ ਵਿਚ ਸਬ-ਟੈਕਸ ਵੀ ਸ਼ਾਮਲ ਹੈ ਜਿਸ ਨੂੰ ਕੁਲੈਕਟਿੰਗ ਏਜੰਸੀ ਵੱਲੋਂ ਜਮ੍ਹਾਂ ਕਰਵਾਇਆ ਜਾਵੇਗਾ। (ਪੰਜਾਬੀ ਟ੍ਰਿਬਿਊਨ ਚੋਂ  ਧੰਨਵਾਦ ਸਹਿਤ

No comments: