
ਉਹਨਾਂ ਨਾਲ ਅੱਜ ਮੁਲਕਾਤ ਵੀ ਇੱਕ ਐਸੇ ਜਗ੍ਹਾ ਹੋ ਰਹੀ ਸੀ ਜਿਸ ਨੂੰ ਮੈਂ ਕਦੇ ਪਸੰਦ ਨਹੀ ਸੀ ਕੀਤਾ.ਜਿਥੇ ਅਕਸਰ ਹੀ ਕਾਲਜ਼ ਤੇ ਮੁੰਡੇ ਕੁੜੀਆਂ ਦੀ ਭੀੜ ਜੁੜੀ ਹੁੰਦੀ ਸੀ.ਇਹ ਅੰਮ੍ਰਿਤਸਰ ਰੋਡ 'ਤੇ ਸਥਿਤ ਸਰਬ ਮਲਟੀਕੰਪਲੈਕਸ ਸੀ ਪਰ ਅੱਜ ਕੁਦਰਤੀ ਉਥੇ ਕੋਈ ਭੀੜ ਨਹੀ ਸੀ ਅਤੇ ਕਿਣ ਮਿਣ ਬਾਰਸ਼ ਹੋ ਰਹੀ ਸੀ,ਬਾਹਰਲੇ ਗੇਟ ਤੋ ਚਲਦੇ ਕੰਪਲੈਕਸ ਦੇ ਅੰਦਰਲੇ ਗੇਟ ਤੱਕ ਜਾਂਦੇ ਰਸਮੀ ਗੱਲਬਾਤ ਹੀ ਚਲਦੀ ਰਹੀ.ਫਿਰ ਅੰਦਰ ਕੋਫ਼ੀ ਸ਼ੋਪ ਵਿਚ ਬੈਠ ਕੇ ਸਾਹਿਤ ਬਾਰੇ ਚਰਚਾ ਸ਼ੁਰੂ ਹੋ ਗਈ.ਉਹਨਾਂ ਦੇ ਬੋਲਣ ਦਾ ਅੰਦਾਜ਼ ਪ੍ਰਭਾਵਸ਼ਾਲੀ ਤਰੀਕਾ ਅਤੇ ਲਿਆਕਤ ਨੇ ਜਿਵੇ ਮੈਨੂੰ ਕੀਲ ਹੀ ਲਿਆ ਸੀ.ਫੱਕਰ ਸੁਭਾਅ ਉਹਨਾਂ ਦੀ ਬੋਲੀ ਅਤੇ ਲਹਿਜੇ ਵਿਚ ਉਂਝ ਹੀ ਰਚਿਆ ਹੋਇਆ ਸੀ ਜਿਵੇ ਉਹਨਾ ਦੇ ਬਜੁਰਗਾਂ ਦੇ ਅੰਦਰ ਸੀ,ਸ਼ਾਇਦ ਇਹ ਗੁਣ ਹੋਣਾ ਉਹਨਾਂ ਵਿਚ ਸੁਭਾਵਿਕ ਹੀ ਸੀ ਜੋ ਵਿਰਾਸਤ ਵਿਚ ਮਿਲਿਆ ਸੀ.
ਗੱਲ ਉਸ ਸੰਘਰਸ਼ ਤੋ ਤੁਰੀ ਜਿਹਨਾ ਵਿਚ ਲੰਘ ਉਹ ਇਸ ਮੁਕਾਮ ਤੱਕ ਆਏ ਸਨ,ਆਪਣੀ ਫੀਸ ਲਈ ਲਾਲਾ ਦੌਲਤ ਰਾਮ ਵੱਲੋ ਦਿੱਤੇ ਪੰਦਰਾਂ ਰੁਪਏ ਦਾ ਕਰਜ਼ ਉਹ ਅਜੇ ਤੱਕ ਖੁਦ ਉਪਰ ਮਹਿਸੂਸ ਕਰਦੇ ਸਨ,ਜੋ ਲਾਲਾ ਦੌਲਤ ਰਾਮ ਨੇ ਕਲਾਸ ਦੀ ਫੀਸ ਲਈ ਉੱਦੋ ਦਿੱਤੇ ਸਨ ਜਦੋ ਉਹਨਾਂ ਨੂੰ ਇਸ ਦੀ ਸਖ਼ਤ ਜ਼ਰੂਰਤ ਸੀ.ਕਿਉ ਕਿ ਫੱਕਰ ਸੁਭਾਅ ਕਾਰਣ ਬਾਪੂ ਜੀ ਨੇ ਜਿਹਨੇ ਵੀ ਰੁਮਾਲ ਵਿਚ ਬੰਨ ਕੇ ਜੇਬ ਵਿਚ ਪਾਏ ਹੋਏ ਸਨ ਸਭ ਉਸ ਨੂੰ ਦੇ ਦਿੱਤੇ ਸਨ ਪਰ ਅਜੇ ਵੀ ਪੰਦਰਾਂ ਰੁਪਏ ਜੀਵਨ ਦੇ ਉਸ ਮੁਕਾਮ ਜਿਸ ਨੂੰ ਉਹਨਾਂ ਨੇ ਹਾਸਲ ਕਰਨਾ ਸੀ ਦੇ ਰਾਸਤੇ ਵਿਚ ਮੁਸੀਬਤ ਬਣ ਖੜੇ ਸਨ.ਉਹ ਹੁਣ ਵੀ ਕਹਿ ਰਹੇ ਸਨ ਕਿ ਉਹ ਪੰਦਰਾਂ ਰੁਪਏ ਅੱਜ ਵੀ ਉਹਨਾਂ ਲਈ ਹਰ ਦੌਲਤ ਤੋ ਕੀਮਤੀ ਸਨ,ਜਿਹਨਾਂ ਨੇ ਮੈਨੂੰ ਅਜੇ ਇਥੇ ਤੱਕ ਪੁੰਹਚਾਇਆ ਸੀ.ਉਹ ਬੜੇ ਭਾਵੁਕ ਹੋ ਕੇ ਕਹਿ ਰਹੇ ਸਨ ਕਿ ਉਹ ਚਾਹੇ ਹਰ ਇੱਕ ਲਈ ਤਾਂ ਦੌਲਤ ਰਾਮ ਨਹੀ ਬਣ ਸਕਦੇ,ਪਰ ਫਿਰ ਵੀ ਉਨ੍ਹਾਂ ਨੇ ਵਿਦੇਸ਼ਾਂ ਵਿਚ ਗਏ ਕਈਆਂ ਨੌਜਵਾਨਾ ਦੀ ਜਿੰਦਗੀ ਦੇ ਇਸ ਕਰੜੇ ਸੰਘਰਸ਼ ਵਿਚ ਰਹਨੁਮਾਈ ਕੀਤੀ ਹੈ.ਪੰਜਾਬ ਤੋ ਕੈਨਡਾ ਜਾ ਕੇ ਉਨ੍ਹਾਂ ਨੇ ਵਿਸ਼ਵ ਵਿਖਆਤ ਵਾਟਰਲੂ ਯੂਨੀਵਰਸਟੀ ਵਿਚ ਪੋਸਟ ਗ੍ਰਜੂਏਟ ਲੇਵਲ ਦਾ ਕੋਰਸ ਪਾਸ ਕੀਤਾ,ਵਿਦੇਸ਼ਾਂ ਵਿਚ ਰਹਿ ਕੇ ਸਖ਼ਤ ਮਿਹਨਤ ਕਰ ਉਨ੍ਹਾਂ ਨੇ ਖੁਦ ਨੂੰ ਉਥੇ ਸਥਾਪਤ ਕੀਤਾ.ਇੱਕ ਸੰਘਰਸ਼ ਵਿਚੋ ਲੰਘ ਉਹਨਾਂ ਨੇ ਜਿੰਦਗੀ ਅਤੇ ਸਾਹਿਤ ਪ੍ਰਤੀ ਜੋ ਇਮਾਨਦਾਰੀ ਤੇ ਲਗਨ ਨਾਲ ਕਾਰਜ਼ ਕੀਤੇ ਉਨ੍ਹਾਂ ਨੇ ਇਸ ਕਰਮਯੋਗੀ ਨੂੰ ਸਾਹਿਤਕਾਰੀ ਵਿਚ ਇੱਕ ਸਨਮਾਨਯੋਗ ਸਥਾਨ ਦਵਾ ਦਿੱਤਾ.ਗੱਲਾਂ ਤਾਂ ਅਜੇ ਹੋਰ ਵੀ ਬਹੁਤ ਸਨ ਪਰ ਕੋਫ਼ੀ ਦੇ ਕੱਪ ਖਾਲੀ ਹੋ ਚੁੱਕੇ ਸਨ.ਉਹ ਵੀ ਹੁਣ ਜਾਣਾ ਚਾਹੁਦੇ ਸਨ ਕਿਉ ਕਿ ਉਨ੍ਹਾਂ ਨੇ ਪੰਜ ਵਜੇ ਅੰਮ੍ਰਿਤਸਰ ਪੁੰਹਚਣਾ ਸੀ ਅਤੇ ਸੱਤ ਵਜੇ ਉਨ੍ਹਾਂ ਦੀ ਕੈਨਡਾ ਲਈ ਫ਼ਲਾਇਟ ਸੀ.ਹੁਣ ਚਾਰ ਵੱਜ ਚੁੱਕੇ ਸਨ,ਦਿਲ ਤਾਂ ਉਨ੍ਹਾਂ ਨਾਲ ਕੁਝ ਪਲ ਹੋਰ ਬਿਤਾਉਣ ਦਾ ਸੀ ਪਰ ਹੁਣ ਉਹਨਾਂ ਨੂੰ ਹੋਰ ਰੋਕਣਾ ਵੀ ਠੀਕ ਨਹੀ ਸੀ.ਕੰਪਲੈਕਸ ਤੋ ਬਾਹਰ ਆ ਤੁਰਨ ਲੱਗੇ ਉਨ੍ਹਾਂ ਮੇਰਾ ਹਥ ਘੁਟਦੇ ਕਿਹਾ ਚੰਗਾ ਬਈ ਹੁਣ ਅਗਲੀ ਵਾਰ ਤੇਰੇ ਕੋਲ ਜ਼ਰੂਰ ਪੂਰਾ ਦਿਨ ਰੁਕਾਂਗੇ.ਮੈਂ ਸੋਚ ਰਿਹਾ ਸੀ ਕਿ ਸ਼ਾਇਦ ਇਹੀ ਨੇਕ ਸੀਰਤ ਫੱਕਰ ਸੁਭਾਅ ਸੀ ਜਿਸ ਨੇ ਜਿੰਦਗੀ ਦੇ ਹਰ ਸੰਘਰਸ਼ ਵਿਚ ਉਹਨਾਂ ਦੀ ਸ਼ਖਸ਼ੀਅਤ ਨੂੰ ਹੋਰ ਨਿਖਾਰ ਦਿੱਤਾ ਸੀ.ਅਤੇ ਇਹ ਸਥਾਨ ਜੋ ਮੈਨੂੰ ਪਹਿਲਾ ਕਦੇ ਵੀ ਚੰਗਾ ਨਹੀ ਸੀ ਲੱਗਿਆ ਅੱਜ ਇਸ ਯਾਦਗਾਰ ਮੁਲਾਕਾਤ ਨੇ ਇਸ ਨੂੰ ਮੇਰੇ ਲਈ ਬਹੁਤ ਖਾਸ ਬਣਾ ਦਿੱਤਾ ਸੀ.
![]() |
ਇੰਦਰਜੀਤ ਕਾਲਾਸੰਘਿਆਂ |
ਦਫਤਰ ਤੋ ਘਰ ਆਇਆ ਹੀ ਸੀ ਕਿ ਫਿਰ ਫੋਨ ਤੇ ਘੰਟੀ ਵੱਜੀ,ਸਕ੍ਰੀਨ ਤੇ ਉਹੀ ਨਾਮ ਫਿਰ ਆ ਰਿਹਾ ਸੀ ਇਕਬਾਲ ਰਾਮੂਵਾਲੀਆਂ ਕਾਲਿੰਗ,ਮੈਂ ਜਲਦੀ ਜਲਦੀ ਫੋਨ ਪਿਕ ਕੀਤਾ,ਉਹਨਾਂ ਨੇ ਇਹ ਦੱਸਣ ਲਈ ਫੋਨ ਕੀਤਾ ਸੀ ਕਿ ਮਿਲ ਕੇ ਬਹੁਤ ਵੀ ਵਧੀਆ ਲੱਗਾ ਅਤੇ ਵਾਦਾ ਕੀਤਾ ਕਿ ਜਦ ਹੁਣ ਉਹ ਨੰਵਬਰ ਵਿਚ ਆਉਣਗੇ ਤਾਂ ਮੇਰੇ ਕੋਲ ਜ਼ਰੂਰ ਇੱਕ ਦੋ ਦਿਨ ਰੁਕਣਗੇ. ਚੰਗਾ ਫਿਰ ਹੁਣ ਫੋਨ ਤੇ ਰਾਬਤਾਂ ਕਾਇਮ ਰੱਖਾਗੇ. ਜਦ ਉਹ ਕਰਮਯੋਗੀ ਆਪਣੀ ਮਾਤ ਭੂਮੀ ਤੋ ਆਪਣੀ ਕਰਮ ਭੂਮੀ ਵੱਲ ਸਫ਼ਰ ਕਰ ਰਿਹਾ ਸੀ.ਮੈਂ ਮਹਿਸੂਸ ਕੀਤਾ ਕਿ ਵਾਕਿਆ ਹੀ ਇਸ ਕਰਮਯੋਗੀ ਦੇ ਅੰਦਰ ਮੁੱਹਬਤ,ਅਪਨੱਤ,ਲਿਆਕਤ ਅਤੇ ਸਨੇਹੇ ਦੀ ਇੱਕ ਸਾਰੰਗੀ ਕੂਕਦੀ ਹੈ
ਇੰਦਰਜੀਤ ਨਾਲ ਮੋਬਾਇਲ ਸੰਪਰਕ ਲਈ ਨੰਬਰ:: 98156-39091
No comments:
Post a Comment