Thursday, June 16, 2011

ਸਵਾਮੀ ਨਿਗਮਾਨੰਦ ਨੂੰ ਜ਼ਹਿਰ ਦਾ ਟੀਕਾ ਇੱਕ ਨਰਸ ਨੇ ਲਾਇਆ ?

ਹੁਣ ਇਸਨੂੰ ਭਾਵੇਂ ਮਨੋ ਬਲ ਕਹੋ, ਭਾਵੇਂ ਆਤਮਿਕ ਬਲ ਤੇ ਭਾਵੇਂ ਨੈਤਿਕ ਬਲ ਕੀ ਜਿਸ ਨਿਗਮਾ ਨੰਦ  ਨੂੰ ਗੁਮਨਾਮ ਮੌਤ ਦੇਣ ਦੀ ਸਾਜਿਸ਼ ਨੂੰ ਸਫਲਤਾ ਨਾਲ ਸਿਰੇ ਵੀ ਚਾੜ੍ਹ ਲਿਆ ਗਿਆ ਸੀ ਉਸ ਸਵਾਮੀ ਦੀ ਮੌਤ ਨੇ ਸਭ ਨੂੰ ਝੰਜੋੜ ਦਿੱਤਾ ਹੈ. ਮਾਮਲਾ ਲਗਾਤਾਰ ਗਰਮਾ ਰਿਹਾ ਹੈ. ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਵੀ ਬਹੁਤ ਹੀ ਡੂੰਘੇ ਸਦਮੇ ਵਿੱਚ ਵੀ ਹਨ ਅਤੇ ਗੁੱਸੇ ਵਿੱਚ ਵੀ..ਮੈਂ ਬਹੁਤ ਪਹਿਲਾਂ ਕਿਤੇ ਇੱਕ ਸ਼ਿਅਰ ਪੜ੍ਹਿਆ ਸੀ.....ਅਫਸੋਸ ਸ਼ਾਇਰ ਦਾ ਨਾਮ ਭੁੱਲ ਰਿਹਾ ਹੈ....ਪਰ ਓਹ ਸਤਰਾਂ ਯਾਦ ਹਨ...

ਵੋ ਤੇਗ ਮਿਲ ਗਈ ਜਿਸ ਸੇ ਹੁਆ ਥਾ ਕਤਲ ਮਿਰਾ, 
ਖੁਦਾਇਆ ਖੈਰ ਹੋ ਕਾਤਿਲ ਕੇ ਮੇਰੇ, 
ਸੁਨਾ ਯੇ ਹੈ ਕਿ ਖੰਜਰ ਬੋਲਤਾ ਹੈ.. .! 
ਹਰਿਦਵਾਰ ਤੋਂ ਜਾਰੀ ਇੱਕ ਖਬਰ ਮੁਤਾਬਿਕ ਮਾਤਰ ਸਦਨ ਨਾਲ ਜੁਡ਼ੇ ਸਵਾਮੀ ਕੌਸ਼ਲੇਂਦਰ ਨੇ ਵੀ ਬੜੇ ਹੀ ਸਾਫ਼ ਸ਼ਬਦਾਂ ਵਿੱਚ ਦੋਸ਼ ਲਾਇਆ ਹੈ ਕਿ ਗੰਗਾ ਦੀ ਰਾਖੀ ਅਤੇ ਕੁੰਭ ਖੇਤਰ ਨੂੰ ਗੈਰ-ਕਾਨੂੰਨੀ ਖਨਨ ਦੀ ਮੰਗ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਸਵਾਮੀ ਨਿਗਮਾ ਨੰਦ ਦੀ ਜ਼ਹਿਰ ਦੇ ਕੇ ਹੱਤਿਆ ਕੀਤੀ ਗਈ ਹੈ. ਸਵਾਮੀ ਨਿਗਮਾ ਨੰਦ ਦੀ ਭੇਦ ਭਰੀ ਮੌਤ ਬਾਰੇ  ਬੁਧਵਾਰ ਨੂੰ  ਹਰਿਦਵਾਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲਾ ਹਸਪਤਾਲ ਵਿਚ ਭਰਤੀ ਸਵਾਮੀ ਨਿਗਮਾਨੰਦ ਨੂੰ 30 ਅਪ੍ਰੈਲ ਵਾਲੇ ਦਿਨ ਇਕ ਨਰਸ ਨੇ ਟੀਕਾ ਲਾਇਆ ਸੀ ਜੋ ਜ਼ਹਿਰ ਦਾ ਸੀ.ਸਵਾਮੀ ਕੌਸ਼ਲੇਂਦਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਇਸ ਸੰਬੰਧੀ ਹਸਪਤਾਲ ਦੇ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਿਤ ਵੀ ਕੀਤਾ ਪਰ ਇਸਦੇ ਬਾਵਜੂਦ ਉਹਨਾਂ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ. ਟੀਕਾ ਲਾਉਣ ਤੋਂ ਬਾਅਦ ਸਵਾਮੀ ਨਿਗਮਾਨੰਦ  ਦੀ ਸਿਹਤ ਖਰਾਬ ਹੋਣ ਲੱਗ ਪਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਪਿੱਛੋਂ ਉਸ ਨਰਸ ਨੂੰ ਦੁਬਾਰਾ ਹਸਪਤਾਲ ਵਿਚ ਨਹੀਂ ਦੇਖਿਆ ਗਿਆ. ਸਵਾਮੀ ਨਿਗਮਾਨੰਦ ਦੇ ਗੁਰੂ ਸਵਾਮੀ ਸ਼ਿਵਾਨੰਦ ਨੇ ਦੱਸਿਆ ਕਿ ਜ਼ਿਲਾ ਹਸਪਤਾਲ ਵਿਚ ਸਿਹਤ ਖਰਾਬ ਹੋਣ ਪਿੱਛੋਂ ਸਵਾਮੀ ਜੀ ਨੂੰ ਦੇਹਰਾਦੂਨ ਦੇ ਹਸਪਤਾਲ ਲਿਜਾਇਆ ਗਿਆ. ਇਸ ਦੌਰਾਨ ਸਵਾਮੀ ਨਿਗਮਾ ਨੰਦ ਦੇ ਮੂੰਹ ਵਿਚੋਂ ਲਗਾਤਾਰ ਝੱਗ ਨਿਕਲ ਰਹੀ ਸੀ ਜਿਸ ਤੋਂ ਲੱਗਦਾ ਹੈ ਕਿ ਉਨ੍ਹਾਂ ਨੂੰ ਜ਼ਹਿਰ ਦਿੱਤੀ ਗਈ ਸੀ. ਸਵਾਮੀ ਨਿਗਮਾਨੰਦ ਦੇ ਖੂਨ ਦੇ ਨਮੂਨਿਆਂ ਵਿਚੋਂ ਵੀ ‘ਆਰਗਨੋ ਫਾਸਫੇਟ’ (ਜ਼ਹਿਰ) ਦੇ ਅੰਸ਼ ਮਿਲੇ ਹਨ. ਸਵਾਮੀ ਸ਼ਿਵਾਨੰਦ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਤੇ ਪ੍ਰਸ਼ਾਸਨ ਦੀ ਖਨਨ ਮਾਫੀਆ ਨਾਲ ਗੰਢ-ਸੰਢ ਹੈ ਜਿਸ ਕਾਰਨ ਗੈਰ-ਕਾਨੂੰਨੀ ਖਨਨ ‘ਤੇ ਹੁਣ ਤਕ ਰੋਕ ਨਹੀਂ ਲੱਗ ਸਕੀ. ਓਧਰ ਉਤਰਾਖੰਡ ਸਰਕਾਰ ਨੇ ਮਾਮਲੇ ਦੀ ਸੀ. ਬੀ. ਆਈ. ਜਾਂਚ ਦੇ ਹੁਕਮ ਦੇ ਦਿੱਤੇ ਹਨ. ਜੇ ਇਹ ਸਭ ਕੁਝ ਸਚ ਹੈ ਤਾਂ ਫਿਰ ਇਹ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਕਿ ਕਿਸੇ ਆਮ ਬੰਦੇ ਨਾਲ ਏਹੋ ਜਿਹੇ ਹਸਪਤਾਲਾਂ ਦੇ  ਏਹੋ ਜਿਹੇ ਸਟਾਫ਼ ਅਤੇ ਨਰਸਾਂ ਵੱਲੋ ਕਿ ਕੁਝ ਕੀਤਾ ਜਾਂਦਾ ਹੋਵੇਗਾ. ਇਸਦਾ ਅਰਥ ਇਹੀ ਹੋਵੇਗਾ ਕਿ ਜੇ ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਹੈ ਤਾਂ ਬਸ ਉਸਦੇ ਹਸਪਤਾਲ ਵਿੱਚ ਦਾਖਿਲ ਹੋਣ ਦੀ ਉਡੀਕ ਕਰੋ ਜਾਂ ਫੇਰ ਕੋਈ ਅਜਿਹਾ ਮੇਲ ਮੌਕਾ ਬਣਾਓ . ਉਸਨੂੰ ਲਾਸ਼ ਵਿੱਚ ਬਦਲਣ ਦਾ ਕੰਮ ਇਹਨਾਂ ਹਸਪਤਾਲਾਂ ਵਿੱਚ ਹੀ ਹੋ ਜਾਇਆ ਕਰੇਗਾ ਤੇ ਕਿਸੇ ਨੂੰ ਇਸਦੀ ਭਿਣਕ ਤੱਕ ਵੀ ਨਹੀਂ ਲੱਗੇਗੀ. ਆਸ ਕਰਨੀ ਚਾਹੀਦੀ ਹੈ ਸਵਾਮੀ ਨਿਗਮਾਨੰਦ ਦੇ ਕੁਰਬਾਨੀ ਇਹਨਾਂ ਅਣਮਨੁੱਖੀ ਵਰਤਾਰਿਆਂ ਨੂੰ ਬੇਨਕਾਬ ਕਰੇਗੀ.  --ਰੈਕਟਰ  ਕਥੂਰੀਆ

No comments: