ਇੱਕ ਬੰਬ ਧਮਾਕਾ ਕੀਤਾ ਸੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਪਬਲਿਕ ਸੇਫਟੀ ਬਿਲ ਵਿਰੁਧ ਰੋਸ ਪ੍ਰਗਟ ਕਰਨ ਲਈ ਅਠ ਅਪ੍ਰੈਲ 1929 ਨੂੰ ਅਸੰਬਲੀ ਹਾਲ ਵਿੱਚ ਬੰਬ ਸੁੱਟ ਕੇ. ਹੁਣ ਇੱਕ ਵਾਰ ਫੇਰ ਉਸ ਬੰਬ ਧਮਾਕੇ ਦੀ ਯਾਦ ਤਾਜ਼ਾ ਕਰਾਈ ਹੈ ਚਾਰ ਅਪ੍ਰੈਲ ਨੂੰ ਲੁਧਿਆਣਾ ਵਿੱਚ ਇੱਕਠੇ ਹੋਏ ਲੋਕਾਂ ਨੇ ਆਪਣੇ ਰੋਹ ਦਾ ਪ੍ਰਗਟਾਵਾ ਕਰਕੇ.. ਪੰਜਾਬ ਭਰ ਚੋਂ ਆਏ ਇਹਨਾਂ ਲੋਕਾਂ ਵਿੱਚ ਬੱਚੇ ਵੀ ਸਨ, ਜੁਆਨ ਵੀ ਅਤੇ ਬਜੁਰਗ ਵੀ. ਔਰਤਾਂ ਵੀ ਸਨ ਅਤੇ ਮਰਦ ਵੀ, ਮੁਲਾਜਮਾਂ ਦੇ ਨਾਲ ਨਾਲ ਦਿਹਾੜੀਦਾਰ ਕਾਮੇ ਵੀ ਸਨ ਅਤੇ ਨਿਹੰਗ ਸਿੰਘ ਵੀ. ਪੰਜਾਬ ਦੀਆਂ ਤਿੰਨ ਦਰਜਨ ਤੋਂ ਵੀ ਵਧੇਰੇ ਜਥੇਬੰਦੀਆਂ ਨੇ ਲੁਧਿਆਣਾ ਦੀ ਨਵੀਂ ਦਾਣਾ ਮੰਡੀ ਵਿੱਚ ਪੂਰਨ ਸ਼ਾਂਤਮਈ ਰਹਿੰਦਿਆਂ ਜਿਸ ਰੋਹ ਦਾ ਪ੍ਰਗਟਾਵਾ ਕੀਤਾ ਉਹ ਇੱਕ ਗੰਭੀਰ ਚੇਤਾਵਨੀ ਹੈ ਲੋਕਾਂ ਵਿਰੁਧ ਬਣੇ ਕਾਲੇ ਕਾਨੂੰਨਾਂ ਦੇ ਖਿਲਾਫ਼. ਇਸ ਰੈਲੀ ਨੇ ਪੰਜਾਬ ਜਨਤਕ ਤੇ ਨਿਜੀ ਜਾਇਦਾਦ ਨੁਕਸਾਨ (ਰੋਕੂ) ਬਿਲ 2010 ਅਤੇ ਪੰਜਾਬ ਵਿਸ਼ੇਸ਼ ਸੁਰਖਿਆ ਗਰੁੱਪ ਬਿਲ 2010 ਨੂੰ ਕਾਲੇ ਕਾਨੂੰਨ ਦਸਦਿਆਂ ਇਹਨਾਂ ਦਾ ਤਿੱਖਾ ਵਿਰੋਧ ਕੀਤਾ. ਜਦੋਂ ਮੀਡਿਆ ਵਾਲਿਆਂ ਨੇ ਪ੍ਰਬੰਧਕਾਂ ਕੋਲੋਂ ਹੀ ਇਸ ਰੈਲੀ ਵਿੱਚ ਸ਼ਾਮਿਲ ਹੋਏ ਲੋਕਾਂ ਦੀ ਅੰਦਾਜ਼ਨ ਗਿਣਤੀ ਪੁਛੀ ਤਾਂ ਜੁਆਬ ਸੀ ਕਿ ਪ੍ਰਬੰਧ ਤਾਂ ਤੀਹ ਹਜ਼ਾਰ ਲੋਕਾਂ ਦੇ ਬੈਠਣ ਲਈ ਕੀਤਾ ਗਿਆ ਸੀ ਪਰ ਲੋਕ ਪਹੁੰਚ ਗਏ ਕਈ ਗੁਣਾ ਵਧ. ਜਿਸ ਵੇਲੇ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਉਸ ਵੇਲੇ ਪ੍ਰੋਗਰਾਮ ਖਤਮ ਹੋਣਾ ਸ਼ੁਰੂ ਹੋ ਚੁੱਕਿਆ ਸੀ. ਲੋਕਾਂ ਦਾ ਵੱਡਾ ਇੱਕਠ ਪੰਡਾਲ ਤੋਂ ਬਾਹਰ ਆਪੋ ਆਪਣੀਆਂ ਗੱਡੀਆਂ ਅਤੇ ਵਾਹਨਾਂ ਵੱਲ ਜਾ ਰਿਹਾ ਸੀ. ਪੰਜਾਬ ਸਰਕਾਰ ਵੱਲੋਂ ਬਣਾਏ ਗਏ ਇਹਨਾਂ ਕਾਨੂੰਨਾਂ ਨੂੰ ਪੂਰੀ ਤਰਾਂ ਕਾਲੇ ਕਾਨੂਨ ਦਸਦਿਆਂ ਬਾਰ ਬਾਰ ਇਹਨਾਂ ਦੀ ਨਿਖੇਧੀ ਕੀਤੀ ਜਾ ਰਹੀ ਸੀ. ਇਹਨਾਂ ਦੀ ਦੁਰ ਵਰਤੋਂ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ.
ਦੇਸ਼ ਵਿੱਚ ਵਾਪਰੇ ਵੱਖ ਘੋਟਾਲਿਆਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਜਾ ਰਿਹਾ ਸੀ ਅਤੇ ਇਹਨਾਂ ਘੋਟਾਲੇ ਬਾਜ਼ਾਂ ਦੇ ਖਿਲਾਫ਼ ਕਾਰਵਾਈ ਕਰਨ ਦੇ ਮਾਮਲੇ ਵਿੱਚ ਬੇਬਸ ਹੋਏ ਕਾਨੂੰਨਾਂ ਬਾਰੇ ਵੀ. ਲੋਕ ਰੋਹ ਵਿੱਚ ਸਨ ਪਰ ਪੂਰੀ ਤਰਾਂ ਅਨੁਸ਼ਾਸਨ ਵਿੱਚ ਵੀ ਸਨ.ਰੈਲੀ ਦੀ ਪ੍ਰਧਾਨਗੀ ਸਾਂਝੇ ਪ੍ਰਧਾਨਗੀ ਮੰਡਲ ਵੱਲੋਂ ਚਲਾਈ ਜਾ ਰਹੀ ਸੀ ਇਸ ਮਕਸਦ ਲਈ ਵਿਸ਼ੇਸ਼ ਤੌਰ ਤੇ ਬਣਾਈ ਗਈ 9 ਮੈਂਬਰੀ ਕਮੇਟੀ ਇਸਦੇ ਸੰਚਾਲਨ ਤੇ ਪੂਰੀ ਤਰਾਂ ਨਜਰ ਰੱਖ ਰਹੀ ਸੀ.ਅਸਲ ਵਿੱਚ ਚਾਰ ਅਪ੍ਰੈਲ ਦੀ ਇਸ ਸੰਗ੍ਰਾਮ ਰੈਲੀ ਰਾਹੀਂ ਲੋਕ ਰੋਹ ਨੇ ਇੱਕ ਚੇਤਾਵਨੀ ਵੀ ਦਿੱਤੀ ਹੈ ਅਤੇ ਸੁਨੇਹਾ ਵੀ ਕਿ ਜੇ ਅਜਿਹੇ ਕਾਨੂੰਨ ਆਉਣਗੇ ਤਾਂ ਭਗਤ ਸਿੰਘ ਦੀ ਆਵਾਜ਼ ਫਿਰ ਬੁਲੰਦ ਹੋਵੇਗੀ. ਇਸ ਰੈਲੀ ਵਿੱਚ ਬੁਲਾਰਿਆਂ ਨੇ ਵਿਸਥਾਰ ਨਾਲ ਦੱਸਿਆ ਕਿ ਜੇ ਇਹ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਕੋਈ ਵੀ ਜਨਤਕ ਸਰਗਰਮੀ ਮਨਜੂਰੀ ਤੋਂ ਬਿਨਾ ਨਹੀਂ ਹੋ ਸਕੇਗੀ. ਇਸ ਮੌਕੇ ਇਹ ਵੀ ਦਸਿਆ ਗਿਆ ਕਿ ਕੇਂਦਰ ਵੱਲੋਂ ਪਾਸ ਕੀਤਾ ਹਥਿਆਰਬੰਦ ਤਾਕਤਾਂ ਦਾ ਵਿਸ਼ੇਸ਼ ਅਧਿਕਾਰ ਐਕਟ (ਅਫ੍ਸ੍ਪਾ ਦੀ ਤਰਜ਼ ਉੱਪਰ ਹੀ ਪੰਜਾਬ ਸਰਕਾਰ ਨੇ ਵਿਸ਼ੇਸ਼ ਸੁਰੱਖਿਆ ਗਰੁੱਪ ਬਿਲ-2010 ਬਣਾਇਆ ਹੈ.ਕੇਂਦਰੀ ਕਾਨੂਨ ਤਾਂ ਜੰਮੂ ਕਸ਼ਮੀਰ ਵਿੱਚ ਵੀ ਲਾਗੂ ਹੈ ਜਿਸ ਨੂੰ ਲਾਗੂ ਕਰਨ ਦੀ ਮੰਗ ਲੋਕ ਕਰਦੇ ਆ ਰਹੇ ਹਨ.ਇਸ ਕਾਨੂੰਨ ਅਧੀਨ ਜੇ ਕਰ ਫੌਜੀ ਕਿਸੇ ਨੂੰ ਵੀ ਗੋਲੀ ਮਾਰ ਦੇਵੇ ਤਾਂ ਕੋਈ ਕਾਰਵਾਈ ਨਹੀਂ ਹੁੰਦੀ. ਇਸ ਸਾਰੀ ਸਥਿਤੀ ਦਾ ਹਵਾਲਾ ਦੇਂਦਿਆਂ ਰੈਲੀ ਵਿੱਚ ਨੁਕਤਾ ਉਠਾਇਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸੁਰਖਿਆ ਗਰੁੱਪ ਦੀ ਸਥਿਤੀ ਅਸਲ ਵਿੱਚ ਸੁਪਰ ਸਰਕਾਰ ਵਾਲੀ ਬਣ ਜਾਵੇਗੀ. ਇਸ ਸੰਗ੍ਰਾਮ ਰੈਲੀ ਵਿੱਚ ਡਾਕਟਰ ਬਿਨਾਇਕ ਸੈਨ ਨੂੰ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਰੱਦ ਕਰਨ ਦਾ ਵੀ ਮਤਾ ਪਾਸ ਕੀਤਾ ਗਿਆ. ਮਨੁੱਖੀ ਹੱਕਾਂ ਖਾਤਿਰ ਭੁਖ ਹੜਤਾਲਾਂ ਰੱਖ ਕੇ ਸੰਘਰਸ਼ ਕਰ ਰਹੀ ਮਣੀਪੁਰ ਦੀ ਦੀ ਬੇਬੀ ਆਇਰੋਮ ਸੁਰਮੀਲਾ ਦੇ ਹੱਕ ਵਿੱਚ ਵੀ ਆਵਾਜ਼ ਬੁਲੰਦ ਕੀਤੀ ਗਈ. ਮਹਿਲ ਕਲਾਂ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਧਨੇਰ ਨੂੰ ਦਿੱਤੀ ਗਈ ਉਮਰ ਕ਼ੈਦ ਦੀ ਸਜ਼ਾ ਰੱਦ ਕਰਨ ਦੀ ਵੀ ਮੰਗ ਕੀਤੀ ਗਈ.ਖੰਨਾ ਦਾ ਚਮਾਰਾ ਕਤਲ ਕਾਂਡ, ਸਾਧੂ ਸਿੰਘ ਤਖਤੂਪੁਰਾ ਕਤਲ ਕਾਂਡ ਅਤੇ ਪ੍ਰਿਥੀਪਾਲ ਸਿੰਘ ਕਤਲਕਾਂਡ ਦੇ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕਰਕੇ ਅਖ਼ਤ ਸਜ਼ਾਵਾਂ ਦੇਣ ਦੀ ਮੰਗ ਦਾ ਮਤਾ ਵੀ ਪਾਸ ਕੀਤਾ ਗਿਆ.


ਕਾਬਿਲ-ਏ-ਜ਼ਿਕਰ ਹੈ ਇਹਨਾਂ ਕਾਨੂੰਨਾਂ ਦਾ ਸਖ਼ਤ ਵਿਰੋਧ ਸ਼੍ਰੋਮਣੀ ਖਾਲਸਾ ਪੰਚਾਇਤ ਵਰਗੇ ਕਈ ਸਿੱਖ ਸੰਗਠਨ ਵੀ ਕਰ ਚੁੱਕੇ ਹਨ. ਇਸ ਜਥੇਬੰਦੀ ਦੇ ਸ਼ਹਿਰੀ ਕਨਵੀਨਰ ਭੁਪਿੰਦਰ ਸਿੰਘ ਨਿਮਾਣਾ ਨੇ ਤਾਂ ਇਹਨਾਂ ਕਾਨੂੰਨਾ ਦਾ ਵਿਰੋਧ ਕਰਦਿਆਂ ਏਥੋਂ ਤੱਕ ਵੀ ਕਿਹਾ ਕਿ ਇਸ ਮਾਮਲੇ ਵਿੱਚ ਅਕਾਲੀਆਂ ਅਤੇ ਕਾਂਗਰਸੀਆਂ ਦੀ ਕੋਈ ਆਪਸੀ ਸਹਿਮਤੀ ਵੀ ਲੱਗਦੀ ਹੈ.. --ਰਿਪੋਰਟ:ਰੈਕਟਰ ਕਥੂਰੀਆ ਫੋਟੋ: ਸੁਖਜੀਤ ਅਲਕੜਾ
No comments:
Post a Comment