Tuesday, February 01, 2011

ਕਸੂਰ ਕਿਸਦਾ ?

ਵਿਗਿਆਨ ਨੇ ਬੜਾ ਕੁਝ ਇਜਾਦ ਕਰ ਦਿੱਤਾ ਹੈ. ਕਿਸੇ ਵੇਲੇ ਜੋ ਕੁਝ ਪਰੀਆਂ ਦੀਆਂ ਕਹਾਣੀਆਂ ਵਿਚਲੇ ਚਮਤਕਾਰ ਲੱਗਦੇ ਸਨ ਉਹ ਸਭ ਕੁਝ ਹੁਣ ਆਮ ਹੋ ਗਿਆ ਹੈ. ਟੈਲੀਵੀਜ਼ਨ ਤੋਂ ਤੁਸੀਂ ਘਰ ਬੈਠੇ ਦੂਰ ਦਰਾਜ ਦੀ ਦੁਨੀਆ ਵਿੱਚ ਵਾਪਰ ਰਹੀਆਂ ਘਟਨਾਵਾਂ ਨਾਲੋ ਨਾਲ ਦੇਖ ਸਕਦੇ ਹੋ. ਪਹਿਲਾਂ ਘਰ ਜਾਂ ਦਫਤਰ ਵਿੱਚ ਲੱਗੇ ਲੈਂਡਲਾਈਨ ਫੋਨ ਨਾਲ ਹੀ ਦੂਰ ਬੈਠੇ ਮਿਤਰਾਂ ਅਤੇ ਰਿਸ਼ਤੇਦਾਰਾਂ ਨਾਲ ਗੱਲਾਂ ਹੁੰਦੀਆਂ ਸਨ ਹੁਣ ਤੁਸੀਂ ਉਹਨਾਂ ਦੀ ਸ਼ਕਲ ਦੇਖ ਵੀ ਸਕਦੇ ਹੋ ਅਤੇ ਦਿਖਾ ਵੀ ਸਕਦੇ ਹੋ. ਇਹ ਜਾਦੂਈ ਦੁਨੀਆ ਹੁਣ ਇੱਕ ਮੁੱਠੀ ਵਿੱਚ ਸਮਾ ਗਈ ਹੈ. ਕੋਈ ਵੀ ਚੰਗਾ ਜਿਹਾ ਮੋਬਾਇਲ ਫੋਨ ਤੁਹਾਨੂੰ ਬਹੁਤ ਸਾਰੀਆਂ ਸਹੂਲਤਾਂ ਦੇਂਦਾ ਹੈ. 
ਹੁਣ ਬੱਚੇ ਹੋਣ ਜਾਂ ਜਵਾਨ, ਔਰਤਾਂ ਹੋਣ ਜਾਂ ਬਜੁਰਗ.....ਮੋਬਾਈਲ ਫੋਨ ਨਾਲ ਓਹ ਦੂਰ ਹੋ ਕੇ ਵੀ ਨੇੜੇ ਨੇੜੇ ਜਾਪਦੇ ਹਨ. ਬਸ ਇੱਕ ਕਾਲ ਕਰੋ ਅਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਜਿਸ ਨੂੰ ਉਡੀਕ ਰਹੇ ਹੋ ਉਹ ਕਿਸੇ ਜਾਮ ਵਿੱਚ ਫਸਿਆ ਹੈ ਜਾਂ ਕੋਈ ਹੋਰ ਗੱਲ.  ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਹਨ. ਜਿਸ ਦਾ ਫਾਇਦਾ ਹੁੰਦਾ ਹੋਵੇ ਉਸਦਾ ਕੋਈ ਨਾ ਕੋਈ ਨੁਕਸਾਨ ਵੀ ਹੁੰਦਾ ਹੈ. ਤਜਰਬੇ ਨਾਲ ਬੰਦਾ ਨੁਕਸਾਨ ਤੋਂ ਬਚਿਆ ਰਹਿੰਦਾ ਹੈ ਅਤੇ ਫਾਇਦਿਆਂ ਨੂੰ ਵਧਾ ਲੈਂਦਾ ਹੈ. ਪਰ ਬਰੇਲੀ ਡੇਟ ਲਾਈਨ ਨਾਲ ਨਜ਼ਰ ਆਈ ਖਬਰ ਕੁਝ ਹੋਰ ਹੀ ਆਖ ਰਹੀ ਹੈ.ਖਬਰ ਏਜੰਸੀ ਭਾਸ਼ਾ ਵੱਲੋਂ 31 ਜਨਵਰੀ ਨੂੰ ਜਾਰੀ ਕੀਤੇ ਗਈ ਇਸ ਖਬਰ ਮੁਤਾਬਿਕ  ਆਪਣੇ ਆਪ ਨੂੰ ਕਥਿਤ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਜਦੀਦ) ਕਹਾਉਣ ਵਾਲੇ ਇਕ ਨਵੇਂ ਸਥਾਨਕ ਸੰਗਠਨ ਨੇ ਮੋਬਾਈਲ ਫੋਨ ਦੀ ਵਰਤੋਂ ਨੂੰ ਨੌਜਵਾਨਾਂ ਦਰਮਿਆਨ ਵਧਦੀ ਬੇਹਯਾਈ ਦਾ ਸਬੱਬ ਕਰਾਰ ਦਿੱਤਾ ਹੈ. ਇਸ  ਸੰਗਠਨ ਨੇ ਮੁਸਲਿਮ ਮਾਪਿਆਂ ਨੂੰ ਕਿਹਾ ਹੈ ਕਿ ਓਹ ਆਪਣੀਆਂ ਬੇਟੀਆਂ ਨੂੰ ਇਸ ‘ਬੁਰਾਈ’ ਤੋਂ ਦੂਰ ਰੱਖਣ. ਖਬਰ ਮੁਤਾਬਿਕ ਇਸ ਸੰਗਠਨ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਦੌਰਾਨ ਪਾਸ ਕੀਤੇ  ਗਏ ਮਤੇ ਵਿਚ ਕਿਹਾ ਗਿਆ ਹੈ ਕਿ ਮੋਬਾਈਲ ਫੋਨ ਦੀ ਵਰਤੋਂ ਨਾਲ ਨੌਜਵਾਨਾਂ ਅਤੇ ਖਾਸ ਕਰ ਕੇ ਕੁੜੀਆਂ ਵਿਚ ਖੁਲ੍ਹਾਪਨ ਤੇ ਬੇਹਯਾਈ ਵਧ ਰਹੀ ਹੈ. ਮਤੇ ਵਿੱਚ ਕਿਹਾ ਗਿਆ ਹੈ ਕਿ ਮਾਤਾ-ਪਿਤਾ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀਆਂ ਬੇਟੀਆਂ ਨੂੰ ਇਸ ਬੁਰਾਈ ਤੋਂ ਦੂਰ ਰੱਖਣ. ਸੰਗਠਨ ਨੇ ਕਿਹਾ ਹੈ ਕਿ ਮਾਪੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਮੁਸਲਿਮ ਕੁੜੀਆਂ ਮੋਬਾਈਲ ਫੋਨ ਦੀ ਬੇਲੋੜੀ ਵਰਤੋਂ ਨਾ ਕਰਨ। ਇਸਦੇ ਨਾਲ ਹੀ ਕੁੜੀਆਂ ਦੀ ਸਿੱਖਿਆ ‘ਤੇ ਵੀ ਜ਼ੋਰ ਦਿਤਾ ਗਿਆ ਹੈ. ਹੁਣ ਇਸ ਮਤੇ ਦੀ ਸਲਾਹ ਜਾਂ ਹੁਕਮ ਦਾ ਕਿ ਅਸਰ ਹੁੰਦਾ ਹੈ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਪਰ ਮੁਸਲਿਮ ਜਗਤ ਨਾਲ ਸਬੰਧਿਤ ਇੱਕ ਹੋਰ ਖਬਰ ਵੀ ਚਰਚਾ ਵਿੱਚ ਹੈ. ਤੰਗ ਕੱਪੜੇ ਅਕਸਰ ਹੀ ਵਿਵਾਦਾਂ ਵਿੱਚ ਰਹੇ ਹਨ. ਕਈ ਵਾਰ ਤਾਂ ਇਸ ਕਿਸਮ ਦੇ ਕੱਪੜੇ ਏਨੇ ਤੰਗ ਅਤੇ ਭੜਕੀਲੇ ਹੁੰਦੇ ਹਨ ਕਿ ਤਨ ਨੂੰ ਕੱਜਣ ਨਾਲੋਂ ਦਿਖਾਉਣ ਦਾ ਕੰਮ ਜ਼ਿਆਦਾ ਕਰਦੇ ਹਨ.
ਹੁਣ ਇਸ ਬਾਰੇ ਇੱਕ ਵਾਰ ਫਿਰ ਟਕਰਾਅ ਹੁੰਦਾ ਪ੍ਰਤੀਤ ਹੋ ਰਿਹਾ ਹੈ. ਲੰਮੇ ਅਰਸੇ ਤੋਂ ਚੱਲ ਰਹੇ ਟੀ. ਵੀ. ਸ਼ੋਅ ‘ਬਿਗ ਬੌਸ’ ਰਾਹੀਂ ਚਰਚਾ ਵਿਚ ਆਈ ਪਾਕਿਸਤਾਨੀ ਅਭਿਨੇਤਰੀ ਵੀਨਾ ਮਲਿਕ ਨੇ ਆਪਣੀ ਭੜਕੀਲੀ ਡਰੈੱਸ ਦੀ ਆਲੋਚਨਾ ਕਰਨ ਵਾਲੇ ਮੌਲਾਨਿਆਂ ‘ਤੇ ਵਰ੍ਹਦਿਆਂ ਉਨ੍ਹਾਂ ਨੂੰ ਲੰਬੇ ਹੱਥੀਂ ਲਿਆ ਹੈ. ਕਾਬਿਲੇ ਜ਼ਿਕਰ ਹੈ ਕਿ ਪਾਕਿਸਤਾਨੀ ਕ੍ਰਿਕਟ ਖਿਡਾਰੀ ਮੁਹੰਮਦ ਆਸਿਫ਼ ਦੀ ਸਾਬਕਾ ਪ੍ਰੇਮਿਕਾ ਅਤੇ ਮੈਚ ਫਿਕਸੇਸ਼ਨ ਦੇ ਮਾਮਲੇ 'ਚ ਵੀ ਸੁਰਖੀਆਂ ਵਿੱਚ ਛਾਈ ਰਹਿਣ ਵਾਲੀ ਇਸ ਪਾਕਿਸਤਾਨੀ ਅਭਿਨੇਤਰੀ ਦਾ ਵਿਵਾਦਾਂ ਨਾਲ ਰਿਸ਼ਤਾ ਬੜਾ ਪੁਰਾਣਾ ਹੈ. 
ਉਸਨੇ ਪਾਕਿਸਤਾਨੀ ਟੀਵੀ ਚੈਨਲਾਂ ਵਿੱਚ ਸੋਨੀਆ ਗਾਂਧੀਰਾਣੀ ਮੁਖਰਜੀ ਅਤੇ ਸ਼ਿਲਪਾ ਸ਼ੈਟੀ ਦੀ ਮਮਿਕਰੀ ਵੀ ਕੀਤੀ. ਉਸਦਾ ਜਨਮ 26 ਫਰਵਰੀ 1978  ਨੂੰ ਲਾਹੌਰ ਵਿੱਚ ਇੱਕ ਫੌਜੀ ਅਧਿਕਾਰੀ ਦੇ ਘਰ ਹੋਇਆ. ਉਹ ਉਰਦੂ, ਪਸ਼ਤੋ ਅਤੇ ਪੰਜਾਬੀ ਭਾਸ਼ਾ ਦੀਆਂ 16 ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ.ਇਹਨਾਂ ਫਿਲਮਾਂ ਵਿੱਚ ਇਕ਼ਬਾਲ ਸਿੰਘ ਢਿੱਲੋਂ ਦੀ ਪੰਜਾਬੀ ਫਿਲਮ ਪਿੰਡ ਦੀ ਕੁੜੀ ਵੀ ਸ਼ਾਮਿਲ ਹੈ ਜੋ ਕਿ ਸੰਨ 2002 ਵਿੱਚ ਆਈ ਸੀ ਪਰ ਚੱਲ ਨਹੀਂ ਸਕੀ.ਘਰ ਦਿਆਂ ਨੇ ਉਸਦਾ ਨਾਮ ਜ਼ਾਹਿਦਾ ਰੱਖਿਆ ਸੀ ਪਰ ਉਸਦਾ ਨਿਸ਼ਾਨਾ ਤਾਂ ਭਾਰਤ ਵਿੱਚ ਆ ਕੇ ਸਫਲ ਹੋਣਾ ਸੀ ਸੋ ਉਸਨੇ ਹਿੰਦੂ ਦਿੱਖ ਦਿਖਾਉਣ ਲਈ ਆਪਣਾ ਨਾਮ ਵੀਨਾ ਰੱਖ ਲਿਆ. ਉਸਨੇ ਪਾਕਿਸਤਾਨੀ ਚੈਨਲਾਂ ਵਿੱਚ ਵੀ ਕਈ ਵਾਰ ਪਾਰਦਰਸ਼ੀ ਸਾੜੀ ਪਾ ਕੇ ਡਾਂਸ ਆਈਟਮਾਂ ਕੀਤੀਆਂ ਪਰ ਉਦੋਂ ਕਦੇ ਰੌਲਾ ਨਹੀਂ ਪਿਆ. ਮੈਚ ਫਿਕਸੇਸ਼ਨ ਦਾ ਭੇਦ ਖੋਹਲਦਿਆਂ ਹੀ ਉਸਦੀਆਂ ਕਈ ਗੱਲਾਂ ਬੜੀ ਵੱਡੀ ਬੁਰਾਈ ਬਣਾ ਕੇ ਵਿਵਾਦਾਂ ਵਿੱਚ ਆਈਆਂ. 
ਉਸਦਾ ਅੰਦਾਜ਼ ਦੇਖ ਕੇ ਕਈ ਕਈ ਵਾਰ ਤਾਂ ਇਹ ਫੈਸਲਾ ਕਰਨਾ ਵੀ ਔਖਾ ਹੋ ਜਾਂਦਾ ਹੈ ਕਿ ਨੰਬਰ ਵਨ ਕੌਣ ਹੈ....ਰਾਖੀ ਸਾਵੰਤ ਜਾਂ ਫਿਰ ਵੀਨਾ ਮਲਿਕ ? ਪਰ ਇੱਕ ਗੱਲ ਮੰਨਣੀ ਪਵੇਗੀ ਕਿ ਵੀਨਾ ਮਲਿਕ ਜਿਸ ਗੱਲ ਤੇ ਸਟੈਂਡ ਲੈ ਲੈਂਦੀ ਹੈ ਉਸਤੇ ਪੂਰੀ ਤਰਾਂ ਡਟ ਜਾਂਦੀ ਹੈ. ਮੌਲਵੀਆਂ ਨਾਲ ਉਹ ਕਈ ਵਾਰ ਆਹਮੋ ਸਾਹਮਣੇ ਹੋ ਚੁੱਕੀ ਹੈ. ਹੁਣ ਉਸਨੇ ਕਿਹਾ ਹੈ ਕਿ ਜੇ ਕੋਈ ਔਰਤ ਬੁਰਕਾ ਪਹਿਣ ਕੇ ਚੰਗਾ ਮਹਿਸੂਸ ਕਰਦੀ ਹੈ. ਇਸ ਪਾਕਿਸਤਾਨੀ ਅਭਿਨੇਤਰੀ ਨੇ ਕਿਹਾ ਹੈ ਕਿ ਜੇ ਕੋਈ ਔਰਤ ਬੁਰਕਾ ਪਹਿਨ ਕੇ ਚੰਗਾ ਮਹਿਸੂਸ ਕਰਦੀ ਹੈ ਤਾਂ ਉਸ ਨੂੰ ਬੁਰਕਾ ਹੀ ਪਹਿਨਣਾ ਚਾਹੀਦਾ ਹੈ. 
ਇਸੇ ਤਰ੍ਹਾਂ ਜੇ ਕੋਈ ਮੁਸਲਿਮ ਔਰਤ ਜੀਨਜ਼ ਪਹਿਨਦੀ ਹੈ ਤਾਂ ਉਸ ਨੂੰ ਜੀਨਜ਼ ਹੀ ਪਹਿਨਣੀ ਚਾਹੀਦੀ ਹੈ.ਇਹ ਤੁਹਾਡੀ ਆਪਣੀ ਪਸੰਦ ਹੈ. ਪਸੰਦ ਅਤੇ ਆਜ਼ਾਦੀ ਦੀ ਇਹ ਦਲੀਲ ਬੜੀ ਚੰਗੀ ਵੀ ਲਗਦੀ ਹੈ ਅਤੇ ਸਹੀ ਵੀ ਪਰ ਕੀ ਕਰੀਏ ਇਹ ਨਿਜੀ ਪਹਿਰਾਵਾ ਪਾ ਕੇ ਅਸੀਂ ਜਿਸ ਸਮਾਜ ਵਿੱਚ ਵਿਚਰਦੇ ਹਾਂ ਉਸ ਵਿੱਚ ਕਈ ਤਰਾਂ ਦੀਆਂ ਨਿਜੀ ਪਸੰਦ ਵਾਲੀਆਂ ਸੋਚਾਂ ਹੋਰ ਵੀ ਹਨ. ਜੇ ਕੋਈ ਅਜਿਹੀ ਪੋਸ਼ਾਕ ਨੂੰ  ਦੇਖ ਕੇ ਮਚਲ ਜਾਵੇ ਤਾਂ ਫਿਰ ਕਸੂਰ ਉਸਦਾ ਸਮਝਿਆ ਜਾਵੇ ਜਾਂ ਭੜਕੀਲੀ ਡ੍ਰੈਸ ਦਾ ? ਤੁਸੀਂ ਇਸ ਬਾਰੇ ਕੀ ਸੋਚਦੇ ਹੋ ਜ਼ਰੂਰ ਦੱਸਣਾ, ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ.--ਰੈਕਟਰ ਕਥੂਰੀਆ 

1 comment:

Unknown said...

ਜੇ ਕੋਈ ਅਜਿਹੀ ਪੋਸ਼ਾਕ ਨੂੰ ਦੇਖ ਕੇ ਮਚਲ ਜਾਵੇ ਤਾਂ ਫਿਰ ਕਸੂਰ ਉਸਦਾ ਸਮਝਿਆ ਜਾਵੇ ਜਾਂ ਭੜਕੀਲੀ ਡ੍ਰੈਸ ਦਾ ?

bahut vaddi discussion da visha hai eh. bahut vaddi discussion.

es cheez naal socio-culture kafi vaddi padhar te affect ho reha hai. kise ik dhir ja insaan di tipni naal natije te nahi pujjeya ja sakda kyo k eh gal samaj naal bahut doonghi judi hoi hai.

har shakhs da pakh is gal vich zaroori hai ik usaru natije layi ...

hun gal ubhar k aithe eh aundi hai k es vishe nu lokan vich usaru roop vich kive le k jaya jave kyo k samaaj vich yakdam bhadak uthan vale shakhs bahut han ate eh visha sanjam naal hal karn vala visha hai.