Sunday, December 19, 2010

ਬਿਲਕੁਲ ਲੋਹੜੀ ਵਰਗਾ ਲਗਦਾ ਸੀ ਕੈੰਪ ਫ਼ਾਇਰ ਦਾ ਆਯੋਜਨ

ਫੋਟੋ ਧੰਨਵਾਦ ਸਹਿਤ ;Troop Reunion
ਸ਼ਨੀਵਾਰ 18 ਦਸੰਬਰ ਦਾ ਦਿਨ ਸੀ. ਸੰਨ 2010 ਜਾ ਰਿਹਾ ਸੀ. ਹੋਰ ਕੁਝ ਦਿਨਾਂ ਤੱਕ ਨਵੇਂ ਸਾਲ ਨੇ ਦਸਤਕ ਦੇ ਦੇਣੀ ਸੀ.ਲੰਘ ਰਹੇ ਸਾਲ ਦੀਆਂ ਯਾਦਾਂ ਅਤੇ ਆਉਣ ਵਾਲੇ ਸਾਲ ਦੀਆਂ ਸਕੀਮਾਂ ਬਾਰੇ ਸੋਚਦਾ ਸੋਚਦਾ ਜਦੋਂ ਤੱਕ ਮੈਂ ਸੀ ਐਮ ਸੀ ਹਸਪਤਾਲ ਦੇ ਨੇੜੇ ਹੀ ਬਣੇ ਇੱਕ ਚਰਚ ਸਾਹਮਣੇ ਪਹੁੰਚਿਆ ਤਾਂ ਦੇਖਿਆ ਸੜਕਾਂ ਤੇ ਆਵਾਜਾਈ ਘਟਣੀ ਸ਼ੁਰੂ ਹੋ ਗਈ ਸੀ.  ਰਾਤ ਦਾ ਹਨੇਰਾ ਪੂਰੀ ਤਰਾਂ ਉਤਰ ਆਇਆ ਸੀ. ਸ਼ਾਮ ਨੂੰ ਪੌਣੇ ਕੁ ਸੱਤ ਵਜੇ ਹੀ ਲੱਗ ਰਿਹਾ ਸੀ ਜਿਵੇਂ ਰਾਤ ਬਹੁਤ ਹੋ ਗਈ ਹੋਵੇ. ਲਗਾਤਾਰ ਵਧ ਰਹੀ ਠੰਡ ਕਾਂਬਾ ਛੇੜ ਰਹੀ ਸੀ. ਦਿਲ ਕਰਦਾ ਸੀ ਨੇੜੇ ਤੇੜੇ ਕਿਸੇ ਥਾਂ ਅੱਗ ਬਲਦੀ ਨਜ਼ਰ ਆ ਜਾਵੇ ਤਾਂ  ਓਥੇ ਚੱਲਿਆ ਜਾਵੇ. ਦੂਰੋਂ ਕੁਝ ਰੋਸ਼ਨੀ ਨਜ਼ਰ ਆਈ ਤਾਂ ਥੋੜਾ ਅੱਗੇ ਜਾ ਕੇ ਦੇਖਿਆ. ਉਥੇ ਤਾਂ ਕਈ ਥਾਈਂ ਅੱਗ ਬਲ ਰਹੀ ਸੀ. ਬਿਲਕੁਲ ਉਵੇਂ ਹੀ ਜਿਵੇਂ ਲੋਹੜੀ ਮੌਕੇ ਬਲਦੀ ਹੈ. ਮੈਂ ਹੈਰਾਨ ਹੋ ਗਿਆ ਲੋਹੜੀ ਆਉਣ ਵਿੱਚ ਤਾਂ ਅਜੇ ਬੜੇ ਦਿਨ ਬਾਕੀ ਨੇ ਤੇ ਇਹ ਲੋਹੜੀ ਕਿਵੇਂ ਬਲ ਰਹੀ ਹੈ. 
ਫੋਟੋ ਧੰਨਵਾਦ ਸਹਿਤ :Thwink Org.
ਚਿਲਡਰਨ ਪਾਰਕ ਦੇ ਨਾਂਅ ਨਾਲ ਜਾਣਿਆ ਜਾਂਦਾ ਇਹ ਮੈਦਾਨ ਬੜਾ ਸਜਿਆ ਹੋਇਆ ਸੀ. ਸ਼ਾਇਦ ਮੈਂ ਉਸ ਉਤਸਵ ਨੂੰ ਕਿਸੇ ਦਾ ਨਿਜੀ ਪ੍ਰੋਗਰਾਮ ਸਮਝ ਕੇ ਆਪਣੇ ਰਾਹ ਪਿਆ ਹੁੰਦਾ ਪਰ ਏਨੇ ਨੂੰ ਹੀ ਮੈਂ ਦੇਖਿਆ ਕਿ ਅਮਰਜੀਤ ਕੌਰ ਵੀ ਆਪਣੇ ਭਰਾ ਨਾਲ ਉਸ ਤਰਫ਼ ਹੀ ਆ ਰਹੀ ਸੀ. ਅਮਰਜੀਤ ਸੀ ਐਮ ਸੀ ਹਸਪਤਾਲ ਦੀ ਪੀ ਆਰ ਓ ਹੈ ਅਤੇ ਮੀਡੀਆ ਨੂੰ ਅਕਸਰ ਉਸਤੋਂ ਹੀ ਪਤਾ ਲੱਗਦਾ ਹੈ ਕਿ ਉਥੇ ਕਿ ਕਿ ਹੋ ਰਿਹਾ ਹੈ. ਉਸਨੇ ਦਸਿਆ ਕਿ ਇਹ ਤਾਂ ਸਪੈਸ਼ਲ ਪ੍ਰੋਗਰਾਮ ਹੈ. ਉਸਦੇ ਦਸਣ ਤੇ ਮੈਂ ਆਪਣਾ ਫੋਨ ਚੈਕ ਕੀਤਾ ਤਾਂ ਦੇਖਿਆ ਸਚਮੁਚ ਮੈਨੂੰ ਵੀ ਐਸ ਐਮ ਐਸ ਪਹੁੰਚਿਆ ਹੋਇਆ ਸੀ. ਪਾਰਕ ਦੇ ਅੰਦਰ ਗਏ ਤਾਂ ਉਥੇ ਪੂਰਾ ਉਤਸਵ ਵਾਲਾ ਮਾਹੌਲ ਸੀ. ਕਈ ਥਾਵਾਂ ਤੇ ਲੋਹੜੀ ਦੇ ਤਿਓਹਾਰ ਵਰਗੀ ਅੱਗ ਬਲ ਰਹੀ ਸੀ. ਉਸਦੇ ਆਲੇ ਦੁਆਲੇ ਪੰਜ ਪੰਜ ਸੱਤ ਸੱਤ ਜਣੇ ਉਸਨੂੰ ਸੇਕ ਵੀ ਰਹੇ ਸਨ. 
ਫੋਟੋ ਧੰਨਵਾਦ ਸਹਿਤ:Metblogs.
ਉਹਨਾਂ ਵਿੱਚ ਬੱਚੇ ਵੀ ਸਨ ਅਤੇ ਬਜ਼ੁਰਗ ਵੀ. ਕੁਝ ਹੋਰ ਅੱਗੇ ਗਏ ਤਾਂ ਸਟੇ ਤੇ ਸ਼ਾਨਦਾਰ ਪੇਸ਼ਕਾਰੀ ਚੱਲ ਰਹੀ ਸੀ. ਕੁਰਸੀਆਂ ਤੇ ਬੈਠੇ ਲੋਕ ਬੜੇ ਹੀ ਅਨੁਸ਼ਾਸਨ ਨਾਲ ਉਸਨੂੰ ਸੁਣ ਰਹੇ ਸਨ. ਮੈਂ ਮਹਿਸੂਸ ਕੀਤਾ ਕਿ ਇਹ ਤਾਂ ਬਿਲਕੁਲ ਲੋਹੜੀ ਵਰਗਾ ਤਿਓਹਾਰ ਹੈ. ਪੁਛਣ ਤੇ ਪਤਾ ਲੱਗਿਆ ਕਿ ਇਸਨੂੰ ਕੈੰਪ ਫ਼ਾਇਰ ਕਿਹਾ ਜਾਂਦਾ ਹੈ. ਹਰ ਸਾਲ ਦਸੰਬਰ ਦੇ ਮਹੀਨੇ ਇਸ ਦਾ ਆਯੋਜਨ ਕ੍ਰਿਸਮਿਸ ਦੇ ਦਿਨਾਂ ਵਿੱਚ ਹੁੰਦਾ ਹੈ.ਇਸ ਮੌਕੇ ਤੇ ਕਈ ਗਰੁੱਪ ਸੋਂਗ ਪੇਸ਼ ਕੀਤੇ ਗਏ. ਨਸ਼ਿਆਂ ਦੇ ਖਿਲਾਫ਼ ਜ਼ੋਰਦਾਰ ਸੰਦੇਸ਼ ਦੇਂਦੀ ਇੱਕ ਝਲਕੀ ਵੀ ਪੇਸ਼ ਕੀਤੀ ਗਈ.ਗੋਪਾਲ ਮਸੀਹ ਦੀ ਟੀਮ ਨੇ ਵੀ ਸਪੈਸ਼ਲ ਪ੍ਰੋਗਰਾਮ ਪੇਸ਼ ਕੀਤਾ. ਸਿਸਟਰ ਪ੍ਰੋਮਿਲਾ ਡੈਨੀਅਲ ਦਾ ਅੰਦਾਜ਼ ਬਹੁਤ ਹੀ ਯਾਦਗਾਰੀ ਸੀ. ਸੀ ਐਮ ਸੀ ਹਸਪਤਾਲ ਦੇ ਡਾਇਰੈਕਟਰ ਡਾਕਟਰ ਅਬਰਾਹਿਮ ਥੋਮਸ ਨੇ ਕੈੰਪ ਫ਼ਾਇਰ ਦੇ ਆਯੋਜਨ ਦਾ ਮਕਸਦ ਵੀ ਮੀਡੀਆ ਨੂੰ ਦਸਿਆ  ਅਤੇ ਆਏ ਹੋਏ ਲੋਕਾਂ ਨੂੰ ਜੀ ਆਇਆਂ ਵੀ ਆਖਿਆ.  ਤਿੰਨ ਕੁ ਹਜ਼ਾਰ ਲੋਕਾਂ ਦੇ ਇੱਕਠ ਵਿੱਚ ਉਤਸਵ ਦਾ ਮਾਹੌਲ ਹੋਵੇ ਅਤੇ ਉਹ ਵੀ ਪੂਰੀ ਸ਼ਾਂਤੀ ਅਤੇ ਅਨੁਸ਼ਾਸਨ ਨਾਲ.ਬੜਾ ਅਚੰਭਾ ਜਿਹਾ ਲੱਗਿਆ. ਪ੍ਰਬੰਧਕਾਂ ਵੱਲੋਂ ਇੱਕ ਇੱਕ ਵਿਅਕਤੀ ਨੂੰ ਇੱਕ ਲਿਫ਼ਾਫ਼ਾ ਪਹੁੰਚਾਇਆ ਜਾ ਰਿਹਾ ਸੀ. ਉਸ ਲਿਫਾਫੇ ਵਿੱਚ ਮੂੰਗਫਲੀਆਂ ਵੀ ਸਨ ਅਤੇ ਖੰਡ ਵਾਲੀਆਂ ਰੇਬੜੀਆਂ ਵੀ. ਹਰ ਇੱਕ ਦੇ ਹੱਥ ਵਿੱਚ ਉਹ ਲਿਫ਼ਾਫ਼ਾ ਸੀ.ਬਚਿਆਂ ਨੂੰ ਵੀ ਉਹੀ ਮਿਲ ਰਿਹਾ ਸੀ ਤੇ ਵੱਡਿਆਂ ਨੂੰ ਵੀ ਉਹੀ. ਅਮੀਰ ਗਰੀਬ, ਵੱਡੇ ਅਫਸਰ ਅਤੇ ਛੋਟੇ ਮੁਲਾਜ਼ਮ ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀ.ਕਿਤੇ ਕੋਈ ਆਪਾਧਾਪੀ ਨਹੀਂ. ਕਿਸੇ ਨੇ ਆਪਣੇ ਆਪ ਕੋਈ ਲਿਫ਼ਾਫ਼ਾ ਨਹੀਂ ਚੁੱਕਿਆ. ਕਿਸੇ ਨੇ ਦੋ ਲਿਫਾਫੇ ਲੈਣ ਦੀ ਕੋਸ਼ਿਸ਼ ਨਹੀਂ ਕੀਤੀ. ਪਹਿਲਾ ਲਿਫ਼ਾਫ਼ਾ ਖਤਮ ਹੁੰਦਿਆਂ ਸਾਰ ਉਸ ਕੋਲ ਦੂਜਾ ਲਿਫ਼ਾਫ਼ਾ ਆਪਣੇ ਆਪ ਪਲੋ ਪਲੀ ਪਹੁੰਚਾ ਦਿੱਤਾ ਜਾਂਦਾ ਸੀ. ਬਾਅਦ ਵਿੱਚ ਲੰਗਰ ਦੌਰਾਨ ਵੀ ਸਭ ਸ਼ਾਂਤੀ ਅਤੇ ਬਰਾਬਰੀ ਨਾਲ ਹੋਇਆ. ਕਿਸੇ ਖਾਸ ਲਈ ਕੋਈ ਵੱਖਰਾ ਖਾਸ ਪ੍ਰਬੰਧ ਨਹੀਂ ਸੀ. ਮੈਂ ਇਹ ਸਭ ਕੁਝ ਪਹਿਲੀ ਵਾਰ ਦੇਖਿਆ ਇਸ ਲਈ ਪ੍ਰਭਾਵਿਤ ਵੀ ਹੋਇਆ. ਤੁਹਾਂਨੂੰ ਇਹ ਸਭ ਕਿਵੇਂ ਲੱਗਿਆ ਜ਼ਰੂਰ ਦੱਸਣਾ.--ਰੈਕਟਰ ਕਥੂਰੀਆ.   

1 comment:

Jatinder Lasara ( ਜਤਿੰਦਰ ਲਸਾੜਾ ) said...

ਕ੍ਰਿਸਮਸ ਦੀਆਂ ਪੂਰੇ ਵਿਸ਼ਵ ਨੂੰ ਵਧਾਈਆਂ !!!
H A P P Y ... N E W ... Y E A R as well.
- ਜਤਿੰਦਰ ਲਸਾੜਾ