Sunday, December 12, 2010

ਏਨਾ ਵੱਡਾ ਜੁਗਾੜ....!

ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ ਤੋਂ ਪਰਤ ਕੇ ਰੈਕਟਰ ਕਥੂਰੀਆ :
ਬਹੁਤ ਹੀ ਕਠਿਨ ਤਪਸਿਆ ਪੂਰੀ ਹੋ ਚੁੱਕੀ ਹੈ. ਸਾਰੀ ਸਾਧਨਾ  ਪੂਰੀ ਹੋ ਚੁੱਕੀ ਹੈ. ਬਸ ਹੁਣ ਇਸਦਾ ਫਲ ਮਿਲਣ ਦਾ ਵੇਲਾ ਨੇੜੇ ਆ ਰਿਹਾ ਹੈ. ਇਸ ਹਕੀਕਤ ਨੂੰ ਦੇਖਣ ਲਈ ਪੰਜਾਬ ਦੇ ਮੀਡੀਆ ਦਾ ਬਹੁਤ ਵੱਡਾ ਹਿੱਸਾ ਕੋਨੇ ਕੋਨੇ ਤੋਂ ਬਠਿੰਡੇ ਪੁੱਜਿਆ ਹੋਇਆ ਸੀ. ਬਠਿੰਡਾ 'ਚ ਤਿਆਰੀਆਂ ਦਾ ਸਿਲਸਿਲਾ ਤਕਰੀਬਨ ਤਕਰੀਬਨ ਮੁਕੰਮਲ ਕਰ ਚੁਕੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ  31 ਮਾਰਚ 2011 ਤੱਕ ਆਪਣਾ ਕੰਮ ਸ਼ੁਰੂ ਕਰ ਦੇਵੇਗੀ. ਇਸ ਦੀ ਸ਼ੁਰੂਆਤ ਪਿਛੇ ਕਈ ਔਕੜਾਂ ਲੁਕੀਆਂ ਹੋਈਆਂ ਹਨ. ਇਸਦੀ ਦਰਦ ਕਹਾਣੀ ਕਾਫੀ ਲੰਮੀ ਹੈ. ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਨੇ ਇਸਦੀ ਪ੍ਰਵਾਨਗੀ ਉਦੋਂ ਲਈ ਸੀ ਜਦੋਂ ਕੇਂਦਰ ਵਿੱਚ ਅੱਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਹਕੂਮਤ ਸੀ. ਉਹਨਾਂ ਬੜੇ ਹੀ ਦੁਖੀ ਮਨ ਨਾਲ ਕਿਹਾ ਕਿ ਜਦੋਂ ਸਰਕਾਰ ਬਦਲ ਗਈ ਤਾਂ ਕਾਂਗਰਸ ਸਰਕਾਰ ਨੇ ਇਸ ਪ੍ਰੋਜੈਕਟ ਲਈ ਇੱਕ ਇੱਟ ਤੱਕ ਨਹੀਂ ਲੱਗਣ ਦਿੱਤੀ ਇੱਕ ਇੱਟ ਤੱਕ ਵੀ. ਜ਼ਿਕਰ ਯੋਗ ਹੈ ਕਿ ਪੰਜਾਬ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਹੈ. ਇਸਦੀ ਜਾਣਕਾਰੀ ਦੇਂਦਿਆਂ ਮਿਤੇਸ਼ ਕਟੋਚ ਨੇ ਦਸਿਆ ਇਸਤੋਂ ਪਹਿਲਾਂ ਕਰੀਬ ਕਰੀਬ ਹਰ ਸੂਬੇ ਵਿੱਚ ਇਸ ਤਰਾਂ ਦੀ ਰਿਫਾਇਨਰੀ ਲੱਗ ਚੁੱਕੀ ਹੈ.  ਮਿਤੇਸ਼ ਕਟੋਚ ਸਾਡਾ ਗਾਈਡ ਸੀ ਅਤੇ ਸਾਰੇ ਪਲਾਂਟਾਂ ਦਾ ਦੌਰਾ ਕਰਵਾ ਰਹੀ ਉਸ ਵਿਸ਼ੇਸ਼ ਮੀਡੀਆ ਬਸ ਵਿੱਚ ਸਾਡੇ ਨਾਲ ਹੀ ਚਲਦਿਆਂ ਸਾਨੂੰ ਇਸ ਰਿਫਾਇਨਰੀ ਦੇ ਅੰਦਰ ਲੱਗੇ ਪਲਾਂਟਾਂ ਬਾਰੇ ਬੜੇ ਹੀ ਵਿਸਥਾਰ ਨਾਲ ਜਾਣਕਾਰੀ ਦੇ ਰਿਹਾ ਸੀ. ਅਠ ਸਾਲ ਤੋਂ ਵੀ ਜਿਆਦਾ ਸਮੇਂ ਤੱਕ ਰਿਲਾਇੰਸ ਨਾਲ ਕੰਮ ਕਰ ਚੁੱਕਿਆ ਇਹ ਨੌਜਵਾਨ ਅੱਜਕੱਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ ਵਿੱਚ ਹੈ. ਉਸਨੇ ਟ੍ਰੇਨਿੰਗ ਦੇ ਮਕਸਦ ਨਾਲ ਚੜ੍ਹਦੀ ਉਮਰ ਦੇ ਦੋ ਹੋਰ ਨੌਜਵਾਨਾਂ ਨੂੰ ਵੀ ਸਹਾਇਕ ਵੱਜੋਂ ਨਾਲ ਰਖਿਆ ਹੋਇਆ ਸੀ ਪਰ ਉਹ ਦੋਵੇਂ ਕੁਝ ਸਿੱਖਦੇ ਮਹਿਸੂਸ ਨਹੀਂ ਸਨ ਹੋ ਰਹੇ. ਮਿਤੇਸ਼ ਦਾ ਅੰਦਾਜ਼ ਅਤੇ ਆਤਮ ਵਿਸ਼ਵਾਸ ਕਮਾਲ ਦਾ ਸੀ. 
ਏਸੇ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟੇਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਤੇ ਆਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਕਿਹਾ ਹੈ ਪੰਜਾਬ ਸਰਕਾਰ ਨੂੰ ਕਿਸੇ ਵੀ ਸਨਅਤੀ ਘਰਾਣੇ ਨਾਲ ਸੌਦੇਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ. ਉਹਨਾਂ ਕਿਹਾ ਕਿ ਪੰਜਾਬ ਦੇ ਹਿਤਾਂ ਨਾਲ ਖਿਲਵਾੜ ਸਹਿਣ ਨਹੀਂ ਕੀਤਾ ਜਾਏਗਾ. ਜਦੋਂ ਬਠਿੰਡਾ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਕਾਸ ਦੇ ਖੇਤਰ ਵਿੱਚ ਕੀਤੇ ਗਏ ਇਸ ਨਵੇਂ ਸਮਝੌਤੇ ਦੇ ਦਸਖਤਾਂ  ਵਾਲੀਆਂ ਫਾਈਲਾਂ ਦਾ ਵਟਾਂਦਰਾ ਕਰ ਰਹੇ ਸਨ ਅਤੇ ਦਸ ਰਹੇ ਸਨ ਕਿ ਮੈਂ ਮੀਡੀਆ ਨੂੰ ਵਿਕਾਸ ਦਾ ਇਹ ਸਚ ਆਪਣੀਂ ਅੱਖੀਂ ਦੇਖਣ ਲਈ ਬੁਲਾਇਆ ਹੈ ਉਦੋਂ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਆਪਣੇ ਪ੍ਰੈਸ ਬਿਆਨ ਰਾਹੀਂ ਇਹ ਆਖ ਰਹੇ ਸਨ ਕਿ ਸੂਬਾ ਸਰਕਾਰ ਉਦ੍ਯੋਗਪਤੀ ਲਕਸ਼ਮੀ ਨਿਵਾਸ ਮਿੱਤਲ ਦੀ ਮੰਗ ਅੱਗੇ ਗੋਡੇ ਟੇਕ ਰਹੀ ਹੈ ਅਤੇ ਉਸ ਘਰਾਣੇ ਨੂੰ ਵਿਸ਼ੇਸ਼ ਛੋਟਾਂ ਦੇ ਕੇ ਪੰਜਾਬ ਦੇ ਹਿੱਤਾਂ ਨੂੰ ਦਾਅ ਤੇ ਲਗਾ ਰਹੀ ਹੈ.  ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਨੂੰ ਅੰਗ੍ਰੇਜ਼ੀ ਮੀਡੀਆ ਨੇ ਵੀ ਥਾਂ ਦਿੱਤੀ ਹੈ ਅਤੇ ਪੰਜਾਬੀ ਮੀਡੀਆ ਨੇ ਵੀਏਥੇ ਪੰਜਾਬ ਸਰਕਾਰ ਅਤੇ ਮਿੱਤਲ ਦੇ ਇਸ ਦਾਅਵੇ ਦਾ ਜ਼ਿਕਰ ਵੀ ਜ਼ਰੂਰੀ ਹੈ ਕਿ ਹੁਣ ਤੱਕ ਇਸ ਪ੍ਰੋਜੈਕਟ 'ਤੇ  13 ਹਜ਼ਾਰ 700 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਦੱਸਿਆ ਇਹ ਵੀ ਗਿਆ ਹੈ ਕਿ  ਕਿ ਰਿਫਾਈਨਰੀ ਦਾ 92 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ।  
  ਹਾਲਾਂਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੰਚ ਤੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਵੇਲੇ 32 ਹਜ਼ਾਰ ਲੋਕ ਇਸ ਪ੍ਰੋਜੈਕਟਰ ਕੰਮ ਕਰ ਰਹੇ ਹਨ ਪੰਜਾਬ ਨਾਲ ਹੁੰਦੇ ਆਏ ਮਤਰੇਏ  ਸਲੂਕ ਕਾਰਣ ਹੁਣ ਪੰਜਾਬ ਦੇ ਲੋਕਾਂ ਨੂੰ ਹਰ ਮਿਠੀ ਗੱਲ ਵਿੱਚ  ਛੁਰੀ ਨਜ਼ਰ ਆਉਂਦੀ ਹੈ. ਇਸ ਬਾਰੇ ਬਾਰੇ ਅਜੇ ਵੀ ਸ਼ਕ ਹੈ ਕਿ  ਰੋਜ਼ਗਾਰ ਪੱਖੋਂ ਇਸਦਾ ਫਾਇਦਾ ਕਿਸ ਨੂੰ ਹੋਣਾ ਹੈ. ਇਸ ਸ਼ੰਕਾ ਬਾਰੇ ਗੱਲ ਕਰਦਿਆਂ ਪੰਜਾਬ ਦੇ ਲੋਕਾਂ ਬਾਰੇ, ਪੰਜਾਬ ਦੇ ਹਿੱਤਾਂ ਬਾਰੇ ਲੰਮੇ ਸਮੇਂ ਤੋਂ ਲਿਖ ਰਹੇ ਪੱਤਰਕਾਰ  ਚਰਨਜੀਤ ਭੁੱਲਰ ਨੇ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਲਿਖਿਆ ਕਿ  ਆਪਣਿਆਂ ਲਈ ਬੇਗ਼ਾਨੀ ਅਤੇ ਬੇਗ਼ਾਨਿਆਂ ਲਈ ਆਪਣੀ ਹੋ ਗਈ ਰਿਫ਼ਾਈਨਰੀ


ਬਠਿੰਡਾ ਰਿਫਾਈਨਰੀ ਵਿੱਚ ਤਾਇਨਾਤ ਪਰਵਾਸੀ ਮਜ਼ਦੂਰ

 ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਰੁਜ਼ਗਾਰ ਮਿਲਣ ਦੇ ਆਸਾਰ ਘੱਟ ਹਨ. ਪੰਜਾਬੀ ਟ੍ਰਿਬਿਊਨ ਦੇ 12 ਦਸੰਬਰ 2010 ਵਾਲੇ ਅੰਕ ਵਿੱਚ  ਬਠਿੰਡਾ ਡੇਟ ਲਾਈਨ  ਨਾਲ ਛਪੀ ਇਸ ਰਿਪੋਰਟ ਵਿੱਚ ਉਹਨਾਂ ਕਿਹਾ ,"  ਬਠਿੰਡਾ ਰਿਫਾਈਨਰੀ ‘ਚ ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਬਾਰੇ ਅਜੇ ਕੋਈ ਆਸ ਨਜ਼ਰ ਨਹੀਂ ਆ ਰਹੀ ਕਿਉਂਕਿ ਰਿਫਾਈਨਰੀ ‘ਚ ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਈ ਪਹਿਲ ਨਹੀਂ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਐਚ.ਪੀ.ਸੀ.ਐਲ.-ਮਿੱਤਲ ਐਨਰਜੀ ਲਿਮਟਡ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਰਿਫਾਈਨਰੀ ਵਿੱਚ ਨੌਕਰੀ ਦੇਣ ਸਬੰਧੀ ਕੋਈ ਗੱਲ ਸਾਂਝੀ ਨਹੀਂ ਕੀਤੀ ਗਈ ਹੈ। ਜਦੋਂ ਰਿਫਾਈਨਰੀ ਚੱਲੇਗੀ ਤਾਂ ਰਿਫਾਈਨਰੀ ਅੰਦਰ ਕਰੀਬ 900 ਤਕਨੀਕੀ ਲੋਕਾਂ ਨੂੰ ਰੁਜ਼ਗਾਰ ਮਿਲਣਾ ਹੈ। ਰੁਜ਼ਗਾਰ ਵਿਭਾਗ ਪੰਜਾਬ ਵੱਲੋਂ ਕਾਫੀ ਸਮਾਂ ਪਹਿਲਾਂ ਇਸ ਦਾ ਸਰਵੇ ਕੀਤਾ ਗਿਆ ਸੀ ਜਿਸ ‘ਚ ਰਿਫਾਈਨਰੀ ਅੰਦਰ ਨੌਕਰੀਆਂ ਦੀ ਗਿਣਤੀ 1000 ਤੋਂ ਘੱਟ ਦੱਸੀ ਗਈ ਸੀ। ਰਿਫਾਈਨਰੀ ਦੀ ਸਾਰੀ ਤਕਨੀਕ  ਕੌਮਾਂਤਰੀ ਪੱਧਰ ਦੀ ਹੈ ਜਿਸ ਲਈ ਅਤਿ ਆਧੁਨਿਕ ਤਕਨੀਕੀ ਜਾਣਕਾਰੀ ਵਾਲੇ ਨੌਜਵਾਨਾਂ ਦੀ ਲੋੜ ਪੈਣੀ ਹੈ। ਰਿਫਾਈਨਰੀ ਦੇ ਮੁੱਖ ਕਾਰਜਕਾਰੀ ਅਫਸਰ ਪ੍ਰਭ ਦਾਸ ਨੇ ਦੱਸਿਆ ਕਿ ਡੈਨਮਾਰਕ, ਫਰਾਂਸ ਅਤੇ ਜਰਮਨ ਦੀ ਅਤਿ ਆਧੁਨਿਕ ਤਕਨੀਕ ਨਾਲ ਰਿਫਾਈਨਰੀ ਬਣ ਰਹੀ ਹੈ। ਸੂਤਰ ਆਖਦੇ ਹਨ ਕਿ ਪੰਜਾਬੀ ਕਾਮਿਆਂ ਨੂੰ ਰਿਫਾਈਨਰੀ ਚੱਲਣ ਮਗਰੋਂ ਥੋੜ੍ਹਾ-ਬਹੁਤਾ ਕੰਮ ਮਿਲ ਸਕਦਾ ਹੈ।


ਜਾਣਕਾਰੀ ਅਨੁਸਾਰ ਬਠਿੰਡਾ ਰਿਫਾਈਨਰੀ ਅੰਦਰ ਇਸ ਵੇਲੇ 48 ਕੰਪਨੀਆਂ ਵੱਲੋਂ ਉਸਾਰੀ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਕੰਮ ‘ਤੇ ਕਰੀਬ 25 ਹਜ਼ਾਰ ਮਜ਼ਦੂਰ ਤਾਇਨਾਤ ਹਨ। ਪੰਜਾਬੀ ਲੇਬਰ ਕੇਵਲ 20 ਫੀਸਦੀ ਹੀ ਹੈ। ਜੋ ਤਕਨੀਕੀ ਮਜ਼ਦੂਰ ਹਨ, ਉਹ ਯੂ.ਪੀ. ਅਤੇ ਬਿਹਾਰ ‘ਚੋਂ ਆਏ ਹੋਏ ਹਨ। ਪੰਜਾਬੀ ਲੋਕ ਕੇਵਲ ‘ਰੀਗਰ’ ਦੇ ਕੰਮ ‘ਤੇ ਹਨ ਜੋ ਕਰੇਨ ਰਾਹੀਂ ਧਰਤੀ ਤੋਂ ਮਾਲ ਉਠਾ ਕੇ ਉਪਰ ਰੱਖਣ ਦਾ ਕੰਮ ਕਰਦੇ ਹਨ। ਮਾਹਿਰਾਂ ਨੇ ਅੱਜ ਦੱਸਿਆ ਕਿ ਰਿਫਾਈਨਰੀ ਦੀ ਉਸਾਰੀ ‘ਚ ਹਜ਼ਾਰਾਂ ਤਕਨੀਕੀ ਲੋਕ ਜਿਵੇਂ ਫਿਟਰ, ਫੈਬਰੀਕੇਟਰ, ਵੈਲਡਰ, ਗੈਸ ਕਟਰ, ਗਰੈਂਡਰ, ਹੈਲਪਰ ਅਤੇ ਸੁਪਰਵਾਈਜ਼ਰ ਆਦਿ ਉਤਰ ਪ੍ਰਦੇਸ਼ ਅਤੇ ਬਿਹਾਰ ਦੇ ਹਨ। ਚਾਰ üਫੇਰੇ ਪਰਵਾਸੀ ਮਜ਼ਦੂਰਾਂ ਨੂੰ ਹੀ ਕੰਮ ਮਿਲਿਆ ਹੋਇਆ ਹੈ। ਸੂਤਰ ਆਖਦੇ ਹਨ ਕਿ ਜੋ ਸਹਾਇਕ ਕਾਰੋਬਾਰ ਰਿਫਾਈਨਰੀ ਲੱਗਣ ਮਗਰੋਂ ਸ਼ੁਰੂ ਹੋਣੇ ਹਨ, ਉਨ੍ਹਾਂ ‘ਚ ਪੰਜਾਬੀ ਲੋਕਾਂ ਨੂੰ ਲੇਬਰ ਦਾ ਕੰਮ ਮਿਲ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਇਸ ਪ੍ਰਾਜੈਕਟ ਅੰਦਰ ਪੰਜਾਬੀ ਲੋਕਾਂ ਨੂੰ ਵੱਡੇ ਪੱਧਰ ‘ਤੇ ਰੁਜ਼ਗਾਰ ਮਿਲਣ ਦੀ ਗੱਲ ਆਖੀ ਜਾ ਰਹੀ ਹੈ ਜਦੋਂ ਕਿ ਸਚਾਈ ਕੁਝ ਹੋਰ ਹੈ। ਪੰਜਾਬ ‘ਚ ਲੱਖਾਂ ਨੌਜਵਾਨ ਰੁਜ਼ਗਾਰ ਵਿਹੂਣੇ ਘੁੰਮ ਰਹੇ ਹਨ ਜੋ ਰਿਫਾਈਨਰੀ ‘ਚੋਂ ਰੁਜ਼ਗਾਰ ਮਿਲਣ ਦੀ ਆਸ ਲਾਈ ਬੈਠੇ ਹਨ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਰਿਫਾਈਨਰੀ ਪ੍ਰਬੰਧਕਾਂ ਨਾਲ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਮਾਮਲੇ ‘ਤੇ ਕੋਈ ਗੱਲ ਨਹੀਂ ਹੋਈ ਹੈ ਪਰ ਉਸਾਰੀ ਦੇ ਕੰਮ ਵਿੱਚ ਪੰਜਾਬ ਦੇ ਲੋਕਾਂ ਨੂੰ ਵੱਡੀ ਪੱਧਰ ‘ਤੇ ਰੁਜ਼ਗਾਰ ਮਿਲਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਪ੍ਰਾਈਵੇਟ ਕੰਪਨੀਆਂ ਕੋਲ ਹਜ਼ਾਰਾਂ ਦੀ ਗਿਣਤੀ ‘ਚ ਪੰਜਾਬ ਦੇ ਲੋਕ ਕੰਮ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਰਿਫਾਈਨਰੀ ਚੱਲਣ ਮਗਰੋਂ ਜੋ ਤਕਨੀਕੀ ਲੋਕਾਂ ਦੀ ਜ਼ਰੂਰਤ ਪੈਣੀ ਹੈ, ਉਸ ਬਾਰੇ ਰਿਫਾਈਨਰੀ ਪ੍ਰਬੰਧਕਾਂ ਨੇ ਦੇਖਣਾ ਹੈ ਕਿ ਉਨ੍ਹਾਂ ਨੂੰ ਕਿੱਥੋਂ ਇਹ ਤਕਨੀਕੀ ਸਰੋਤ ਮਿਲਦੇ ਹਨ। ਅੱਜ ਪ੍ਰਬੰਧਕਾਂ ਨੇ ਵੀ ਨਾਮ ਗੁਪਤ ਰੱਖਦਿਆ ਦੱਸਿਆ ਕਿ ਰਿਫਾਈਨਰੀ ਅੰਦਰ ਮਾਹਿਰ ਵਿਅਕਤੀਆਂ ਦੀ ਲੋੜ ਹੈ ਜੋ ਪੰਜਾਬ ਵਿੱਚ ਮੌਜੂਦ ਨਹੀਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਰਿਫਾਈਨਰੀ ਚੱਲਣ ਮਗਰੋਂ ‘ਹਾਊਸਕੀਪਿੰਗ’ ਦਾ ਕੰਮ ਸਥਾਨਕ ਲੋਕ ਕਰ ਸਕਦੇ ਹਨ। ਹੋਰ ਕਿਧਰੇ ਕੋਈ ਆਸ ਨਹੀਂ ਹੈ। ਬਠਿੰਡਾ ਰਿਫਾਈਨਰੀ ਵੱਲੋਂ ਪਿੰਡ ਫੁੱਲੋਖਾਰੀ ‘ਚ ਸਕਿੱਲਜ਼ ਟਰੇਨਿੰਗ ਸੈਂਟਰ ਵੀ ਖੋਲਿ੍ਹਆ ਹੋਇਆ ਹੈ ਜਿਸ ‘ਚ ਦੋ ਵਰਿ੍ਹਆਂ ‘ਚ 900 ਨੌਜਵਾਨਾਂ ਨੂੰ ਟਰੇਨਿੰਗ ਦਿੱਤੀ ਜਾ üੱਕੀ ਹੈ। ਇਸ ਸੈਂਟਰ ਵਿੱਚ ਪੰਜ ਜਮਾਤਾਂ ਕੋਲ 665 ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ। ਇਨ੍ਹਾਂ ਨੌਜਵਾਨਾਂ ਨੂੰ ਰਿਫਾਈਨਰੀ ਦੀ ਉਸਾਰੀ ‘ਚ ਕੰਮ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਪਿੰਡ ਫੁੱਲੋਖਾਰੀ ਦੇ ਸਾਬਕਾ ਸਰਪੰਚ ਤਾਰਾ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਏ ਕਿ ਰਿਫਾਈਨਰੀ ‘ਚ ਪੰਜਾਬੀ ਲੋਕਾਂ ਨੂੰ ਰੁਜ਼ਗਾਰ ਮਿਲੇ। ਉਨ੍ਹਾਂ ਆਖਿਆ ਕਿ ਰਿਫਾਈਨਰੀ ਅੰਦਰ ਹੁਣ ਵੀ ਪਰਵਾਸੀ ਮਜ਼ਦੂਰਾਂ ਦਾ ਹੀ ਬੋਲਬਾਲਾ ਹੈ।

ਚੋਣਾਂ ਤੋਂ ਪਹਿਲਾਂ ਰਿਫਾਈਨਰੀ ਚੱਲਣ ਦੀ ਸੰਭਾਵਨਾ ਨਹੀਂ

ਬਠਿੰਡਾ ਦਾ ਤੇਲ ਸੋਧਕ ਕਾਰਖਾਨਾ ਅਗਾਮੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਚੱਲਣ ਮੁਸ਼ਕਲ ਹੈ। ਰਿਫਾਈਨਰੀ ਵਿੱਚ ਕੰਮ ਦੀ ਪ੍ਰਗਤੀ ਵੇਖ ਕੇ ਵੀ ਅਜਿਹਾ ਜਾਪਦਾ ਹੈ ਕਿ ਚੋਣਾਂ ਤੋਂ ਪਹਿਲਾਂ ਇਹ ਪ੍ਰਾਜੈਕਟ ਪੂਰਾ ਹੋਣਾ ਮੁਸ਼ਕਲ ਹੈ। ਉਂਜ ਅਗਲੇ ਵਰ੍ਹੇ ਦੇ ਅੱਧ ਤੱਕ 30 ਤੋਂ 40 ਫੀਸਦੀ ਰਿਫਾਈਨਰੀ ਚਾਲੂ ਹੋ ਜਾਵੇਗੀ। ਮਾਹਿਰਾਂ ਨੇ ਦੱਸਿਆ ਕਿ ਮੁਕੰਮਲ ਰੂਪ ਵਿੱਚ ਰਿਫਾਈਨਰੀ ਸਾਲ 2012 ਵਿੱਚ ਹੀ ਚੱਲ ਸਕੇਗੀ ਕਿਉਂਕਿ ਰਿਫਾਈਨਰੀ ਦੇ ਅੰਦਰ ਮੁੱਖ ਯੂਨਿਟਾਂ ਦੀ ਉਸਾਰੀ ਦਾ ਕੰਮ ਧੀਮੀ ਗਤੀ ਨਾਲ ਚੱਲ ਰਿਹਾ ਹੈ। ਰਿਫਾਈਨਰੀ ਦੇ ਮੁੱਖ ਕਾਰਜਕਾਰੀ ਅਫਸਰ ਪ੍ਰਭ ਦਾਸ ਨੇ ਖੁਦ ਸਟੇਜ ਤੋਂ ਆਖਿਆ ਕਿ ਰਿਫਾਈਨਰੀ ਦਾ ਮਕੈਨੀਕਲ ਕੰਮ ਸਾਲ 2011 ਦੇ ਅੱਧ ਤੱਕ ਮੁਕੰਮਲ ਹੋਵੇਗਾ ਅਤੇ ਇਸ ਮਗਰੋਂ ਛੇ ਮਹੀਨੇ ਕਮਿਸ਼ਨਿੰਗ ਲਈ ਲੱਗਣਗੇ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਰਿਫਾਈਨਰੀ ਸਾਲ 2011 ‘ਚ ਹਰ ਹੀਲੇ ਚੱਲ ਪਏਗੀ।ਇਸ ਰਿਪੋਰਟ ਨੂੰ ਤੁਸੀਂ ਏਥੇ ਕਲਿੱਕ ਕਰਕੇ ਵੀ ਪੜ੍ਹ ਸਕਦੇ ਹੋ.
ਹੁਣ 1996 ਏਕੜ ਦੇ ਇਸ ਲੰਮੇ ਚੌੜੇ ਰਕਬੇ ਵਿੱਚ ਦਿਓ ਕੱਦ  ਮਸ਼ੀਨਾਂ ਵਾਲੇ ਕਈ ਪਲਾਂਟ ਲੱਗੇ ਹੋਏ ਹਨ. ਇਹਨਾਂ ਚੋਂ ਕਈ ਮਸ਼ੀਨਾਂ ਅਤੇ ਕਈ ਥੰਮ ਏਨੇ ਉੱਚੇ ਹਨ ਕਿ ਇਹਨਾਂ ਨੂੰ ਦੇਖਣ ਲਈ ਸਿਰ ਉੱਪਰ ਚੁੱਕ ਕੇ ਦੇਖਣਾ ਪੈਂਦਾ ਹੈ. ਹਾਲਾਂਕਿ ਅਸੀਂ ਬਸ ਵਿੱਚ ਸਨ ਪਰ ਫਿਰ ਵੀ ਇਸਦਾ ਚੱਕਰ ਲਗਾਉਂਦਿਆਂ ਸਾਡੀ ਬਸ ਹੋ ਗਈ ਸੀ.  ਇਸ ਸਾਰੀ ਉਸਾਰੀ ਬਾਰੇ ਜਿਥੇ ਕੰਪਨੀ ਦੇ ਸੀ ਈ ਓ ਪ੍ਰਭ ਦਾਸ ਨੇ ਸਾਰਿਆਂ ਨੂੰ ਪੂਰੇ ਵਿਸਥਾਰ ਨਾਲ ਦਸਿਆ ਕਿ ਜਦੋਂ 2007 ਵਿੱਚ ਅਸੀਂ ਏਥੇ  ਆਏ ਸਨ ਤਾਂ ਇਸ ਥਾਂ ਤੇ ਖਾਲੀ ਮੈਦਾਨ ਸੀ. 
ਇਸ ਪ੍ਰਾਪਤੀ ਦੀ ਚਰਚਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵੀ ਕੀਤੀ. ਉਹਨਾਂ ਬੜੀ ਹੀ ਠੇਠ ਪੰਜਾਬੀ ਵਿੱਚ ਆਖਿਆ "ਆਪਾ ਘਰ ਪਾਉਣਾ ਹੋਵੇ ਤਾਂ ਤਿੰਨ ਸਾਲ ਲੱਗ ਜਾਂਦੇ ਨੇ’ ਪਰ ਆਹ ਦੇਖੋ ਇਹਨਾਂ ਨੇ ਤਿੰਨਾਂ ਸਾਲਾਂ  ’ਚ ਹੀ ਕਿੰਨਾ  ਵੱਡਾ ਜੁਗਾੜ ਖੜ੍ਹਾ ਕਰ ਦਿੱਤਾ ਹੈ।" ਇਸ ਮੌਕੇ ਤੇ ਕੈਬਿਨਟ ਮੰਤਰੀ ਹੀਰਾ ਸਿੰਘ ਗਾਬੜੀਆ, ਸੁੱਚਾ ਸਿੰਘ ਲੰਗਾਹ, ਡਾ. ਉਪਿੰਦਰਜੀਤ ਕੌਰ, ਮਨੋਰੰਜਨ ਕਾਲੀਆ, ਗੁਲਜਾਰ ਸਿੰਘ ਰਣੀਕੇ, ਪਰਮਿੰਦਰ ਸਿੰਘ ਢਂਡਸਾ, ਅਜੀਤ ਸਿੰਘ ਕੋਹਾੜ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ, ਬੀਬੀ ਜਗੀਰ ਕੌਰ, ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਵੀ ਹਾਜ਼ਰ ਸਨ। ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ ਵੀ ਇਸ ਮੌਕੇ ਤੇ ਬਹੁਤ ਹੀ ਖੁਸ਼ ਸਨ. ਮਨੋਰੰਜਨ ਕਾਲੀਆ ਹੁਰਾਂ ਦੇ ਚੇਹਰੇ ਤੇ ਵੀ ਚਮਕ ਸੀ ਪਰ ਬਠਿੰਡਾ  ਹਲਕੇ ਦੀ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਗੈਰਹਾਜ਼ਰ ਸਨ.
ਮੀਡੀਆ ਨੇ ਇਸਨੂੰ ਚੋਣ ਮੁਹਿੰਮ ਦੀ ਸ਼ੁਰੂਆਤ ਵੀ ਦੱਸਿਆ ਹੈ. ਹੋ ਸਕਦਾ ਹੈ ਮੀਡੀਆ  ਦੀ ਗੱਲ ਸਹੀ ਹੋਵੇ. ਜੇ ਇਹ ਮੁਹਿੰਮ ਵਿਕਾਸ ਨੂੰ ਸਾਹਮਣੇ ਰੱਖ ਕੇ ਚਲਾਈ ਵੀ ਜਾਂਦੀ ਹੈ ਤਾਂ ਇਸ ਵਿੱਚ ਹਰਜ ਵਾਲੀ ਕੋਈ ਗੱਲ ਨਹੀਂ. ਪਾਰਲਮਾਨੀ ਸਿਸਟਮ ਵਿੱਚ ਇਲੈਕਸ਼ਨ ਦੀ ਜੰਗ ਲੜੇ ਬਿਨਾ ਗੁਜ਼ਾਰਾ ਵੀ ਨਹੀਂ. ਚੰਗੀ ਗੱਲ ਇਹ ਹੈ ਕਿ ਇਸ ਵਿਕਾਸ ਨੂੰ ਮੀਡੀਆ ਸਾਹਮਣੇ ਲਿਆਉਣ ਲਈ ਬਹੁਤ ਵੱਡੇ ਪੈਮਾਨੇ ਤੇ ਇੱਕ ਸਫਲ ਕੋਸ਼ਿਸ਼ ਹੋਈ ਹੈ.ਇਹ ਇੱਕਠ ਇੱਕ ਮੇਲੇ ਵਾਂਗ ਸੀ ਜਿਸ ਵਿੱਚ ਮੰਤਰੀ ਵੀ ਸਨ, ਵਿਧਾਇਕ ਵੀ, ਕੁਝ ਕੁ ਐਮ ਪੀ ਵੀ, ਦੂਰੋਂ ਦੂਰੋਂ ਆਏ ਪੱਤਰਕਾਰ ਅਤੇ ਕੁਝ ਸੰਪਾਦਕ ਵੀ. ਕਈ ਪੱਤਰਕਾਰਾਂ ਨੂੰ ਤਾਂ ਚਿਰਾਂ ਮਗਰੋਂ ਇੱਕ  ਦੂਜੇ ਨਾਲ ਮਿਲਣ ਦਾ ਮੌਕਾ ਮਿਲਿਆ. ਇਸ ਵਿਸ਼ਾਲ ਸਮਾਗਮ ਦੇ ਆਯੋਜਨ ਵਿੱਚ ਕੁਝ ਕਮੀਆਂ ਦਾ  ਰਹਿ ਜਾਣਾ ਵੀ ਸੁਭਾਵਿਕ ਸੀ. ਜਦੋਂ  ਉਪ ਮੁੱਖ ਮੰਤਰੀ ਸੁਖਬੀਰ ਬਾਦਲ ਆਪਣਾ ਭਾਸ਼ਨ ਦੇ ਰਹੇ ਸਨ ਤਾਂ ਅਚਾਨਕ ਹੀ ਸਟੇਜ ਦੇ ਇੱਕ ਪਾਸੇ ਬਣੀ ਪੰਡਾਲ ਦੀ ਆਰਜ਼ੀ ਦੀਵਾਰ ਡਿੱਗ ਪਈ. ਜਦੋਂ ਲੰਚ ਚੱਲ ਰਿਹਾ ਸੀ ਤਾਂ ਪਾਇਲ ਇਲਾਕੇ ਦੇ ਇੱਕ ਪੱਤਰਕਾਰ ਨੇ ਮਹਿਸੂਸ ਕੀਤਾ ਕਿ ਆਈਸ ਕਰੀਮ ਦਾ ਸਵਾਦ ਕੌੜਾ ਹੈ. ਜਦੋਂ ਆਈਸ ਕਰੀਮ ਵਾਲੇ ਉਸ  ਡੱਬੇ ਦਾ ਬੈਚ ਨੰਬਰ ਦੇਖਿਆ ਗਿਆ ਤਾਂ ਪਤਾ ਲੱਗਿਆ ਕਿ ਜਿਸ ਤਾਰੀਖ ਤੱਕ ਉਹ ਖਾਣ ਯੋਗ ਸੀ ਉਸਤੋਂ ਤਿੰਨ ਮਹੀਨੇ ਉੱਪਰ ਲੰਘ ਚੁੱਕੇ ਸਨ. ਮਾਰਚ 2010 'ਚ ਬਣੀ ਆਈਸ ਕਰੀਮ ਹੁਣ ਦਸੰਬਰ 'ਚ ਵਰਤਾਈ ਜਾ ਰਹੀ ਸੀ ਉਹ ਵੀ ਏਨੇ ਵੱਡੇ ਫੰਕਸ਼ਨ  ਵਿੱਚ ਜਿਸ ਥਾਂ ਕਿੰਨੇ ਹੀ ਵੀ ਵੀ ਆਈ ਪੀਜ ਮੌਜੂਦ ਸਨ. ਸ਼ਾਮ ਨੂੰ ਇਹ ਮੀਡੀਆ ਮੇਲਾ ਖਤਮ ਹੋ ਗਿਆ ਪਰ ਲੁਧਿਆਣਾ ਤੱਕ ਵਾਪਿਸ ਆਉਂਦਿਆਂ ਆਉਂਦਿਆਂ ਰਾਤ ਪੈ ਗਈ.ਏਨਾ ਵੱਡਾ ਜੁਗਾੜ...!....ਸਚੀਂ ਇਹ ਸਮਾਗਮ ਬਹੁਤ ਵੱਡਾ ਜੁਗਾੜ ਸੀ.....!!!

3 comments:

Anonymous said...

ਮੈਂ ਇਥੇ ਇੱਕ ਗਲ ਕਹਿਣੀ ਚਾਹਾਂਗਾ ਕਿ ਜਿੱਦਾਂ Rector ji ne ਆਪਣੇ ਇਸ ਬ੍ਲਾਗ ਵਿਚ ਲਿਖਿਆ ਹੈ ਕਿ ਰਿਫਾਇਨਰੀ ਸ਼ੁਰੂ ਹੋਣ ਤੋਂ ਬਾਅਦ ਪੰਜਾਬੀ ਦੇ ਪੱਲੇ ਬਹੁਤ ਹੀ ਘੱਟ ਕੰਮ ਆਵੇਗਾ ਤੇ ਇਹ ਰਿਫਾਇਨਰੀ ਚੋਣਾਂ ਤੋਂ ਪਹਿਲਾਂ ਨਹੀ ਚੱਲ ਸਕਦੀ |

ਮੇਰਾ ਕਟਾਹਾਂ ਇਹ ਹੈ ਕਿ ਭਵਿਖ ਨੂੰ ਚੋਣਾਂ ਵਿਚ ਜੇ ਕੀਤੇ ਅਕਾਲੀ ਸਰਕਾਰ ਹਾਰ ਜਾਂਦੀ ਹੈ ਤੇ ਰਿਫਾਇਨਰੀ ਵਿਚ ਪੰਜਾਬੀਆਂ ਨੂੰ ਕੰਮ ਨਹੀ ਮਿਲਦਾ ਤਾਂ ਇਹ ਗਲ ਮੇਰੀ ਯਾਦ ਰਖਣਾ ਕਿ ਓਦੋਂ ਫਿਰ ਇਹ ਅਕਾਲੀ ਸਰਕਾਰ ਹੀ ਰੌਲਾ ਪਾਏਗੀ ਕਿ ਕਾਂਗਰਸ ਨੇ ਪੰਜਾਬ ਅਤੇ ਪੰਜਾਬੀਆਂ ਨਾਲ ਫਿਰ ਧੱਕਾ ਕੀਤਾ ਜਦੋਂ ਕਿ ਇਹਨਾਂ ਅਕਾਲੀਆਂ ਨੂੰ ਏਸ ਬਾਰੇ ਸਾਰਾ ਪਤਾ ਹੈ ਕਿ ਰਿਫਾਇਨਰੀ ਵਿਚ ਪੰਜਾਬੀਆਂ ਨੂੰ ਕੰਮ ਘੱਟ ਮਿਲਣਾ ਹੈ | ਤੇ ਜੇ ਅਕਾਲੀ ਜਿੱਤ ਜਾਂਦੇ ਹਨ ਤਾ ਫਿਰ ਸ਼ਾਇਦ ਬਾਦਲ ਸਰਕਾਰ ਪੰਜਾਬੀਆਂ ਨੂੰ ਕੰਮ ਦਿਵਾਉਣ ਦਾ ਕੋਈ ਨਾ ਕੋਈ ਹਿਲਾ ਵਸੀਲਾ ਕਰੇਗੀ |

ਮੈਂ ਇਥੇ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਨਾ ਤਾਂ ਮੈਂ ਅਕਾਲੀਆਂ ਦਾ ਪਖ ਲੈ ਰਿਹਾ ਹਾਂ ਤੇ ਨਾ ਹੀ ਕਾਂਗਰਸੀਆਂ ਦਾ | ਮੈਂ ਤਾ ਸਿਰਫ ਇਹ ਦੱਸਣਾ ਚਾਹੁੰਦਾ ਹਨ ਕਿ ਕਿੱਦਾਂ ਲੋਕ-ਮਨਾਂ ਨਾਲ ਚਾਲਾਂ ਖੇਡੇ ਰਾਜਨੀਤੀ ਦੇ ਪੈਂਤੜੇ ਕੱਸੇ ਜਾਂਦੇ ਨੇ |

Rector Kathuria said...

Shashi Samundra wrote on Facebook :ਪੰਜਾਬੀ ਕਾਮਿਆਂ ਨੂੰ ਰਿਫਾਈਨਰੀ ਚੱਲਣ ਮਗਰੋਂ ਸ਼ਾ-ਇ -ਦ ਥੋੜਾ ਬਹੁਤ ਕੰਮ ਮਿਲ ਸਕਦਾ ਹੈ ...
" ਪੰਜਾਬੀ ਮਜਦੂਰ "
" ਪਰਵਾਸੀ ਮਜਦੂਰ " ਤੋਬਾ ! ਤੋਬਾ ! ਇਹਦਾ ਮਤਲਬ : ਪੰਜਾਬ ਤੋਂ ਬਾਹਰ ਕੰਮ ਕਰਦੇ ਸਭ ਪੰਜਾਬੀ " ਪਰਵਾਸੀ " ਹੋਏ ? ਰੱਬ ਖੈਰ ਕਰੇ ! ਅਜਿਹੇ ਜ਼ਹਿਰੀਲੇ ਸ਼ਬਦ ਕਿਸ ਹਦ ਤੱਕ ਜ਼ਹਿਰ ਫੈਲਾਉਂਦੇ ਹਨ...ਸੋਚ ਫਿਕਰ ਹੁੰਦੈ |

Anonymous said...

wah shashi ji wah !!!!!

salaaam hai ....

This is the equilibration, jisnu asi hale takk nahi samajh sake ja fir samajh k v akhan meeti baithe han.