Monday, December 06, 2010

ਚਰਚਾ ਲਾਰੰਸ ਦਾ ਬੁੱਤ ਤੋੜਨ ਵਾਲਿਆਂ ਦੀ

ਜਦੋਂ ਵੀ ਕਿਤੇ ਕੋਈ ਅੰਦੋਲਨ ਹੁੰਦਾ ਹੈ ਤਾਂ ਉਸ ਨਾਲ ਜੁੜੇ ਬਹੁਤ ਸਾਰੇ ਲੋਕ ਆਪੋ ਆਪਣੀ ਸਮਰਥਾ ਮੁਤਾਬਿਕ ਉਸ ਵਿੱਚ ਹਿੱਸਾ ਪਾਉਂਦੇ ਹਨ. ਇਹਨਾਂ ਲੋਕਾਂ ਵਿੱਚੋਂ ਕਈ ਤਾਂ ਆਪਣੀ ਜਾਨ ਤੱਕ ਵਾਰ ਜਾਂਦੇ ਹਨ, ਕਈ ਜੇਲ੍ਹਾਂ ਵਿੱਚ ਹੀ ਸਾਰੀ ਉਮਰ ਲੰਘਾ ਦੇਂਦੇ ਹਨ ਅਤੇ ਕਈ ਆਪਣੀਆਂ ਜ਼ਮੀਨਾਂ ਤੇ ਜਾਇਦਾਦਾਂ ਕੁਰਕ ਕਰਵਾ ਕੇ ਵੀ ਕਦੇ ਮੱਥੇ ਵੱਟ ਨਹੀਂ ਪਾਉਂਦੇ. ਪਰ ਜਦੋਂ ਇਹਨਾਂ ਅੰਦੋਲਨਾਂ ਦਾ ਇਤਿਹਾਸ ਲਿਖਿਆ ਜਾਂਦਾ ਹੈ ਤਾਂ ਅਕਸਰ ਹੀ ਚੀਚੀ ਨਾਲ ਲਹੂ ਲਗਾ ਕੇ ਸ਼ਹੀਦ ਬਣਨ ਵਾਲੇ ਲੋਕ ਤਾਂ ਅੱਗੇ ਆ ਜਾਂਦੇ ਹਨ ਅਤੇ ਅਸਲੀ ਘੁਲਾਟੀਏ ਗੁਮਨਾਮੀ ਦੇ ਹਨੇਰਿਆਂ ਵਿੱਚ ਗੁਆਚ ਜਾਂਦੇ ਹਨ. ਅਜਿਹੇ ਇਤਿਹਾਸ ਦੀ ਰਚਨਾ ਕਈ ਵਾਰ ਜਾਣੇ ਵਿੱਚ ਹੁੰਦੀ ਹੈ ਅਤੇ ਕਈ ਵਾਰ ਅਨਜਾਣੇ ਵਿੱਚ. ਇਸ ਤਰਾਂ ਕਈ ਦਹਾਕੇ ਲੰਘ ਜਾਂਦੇ ਹਨ. ਲੋਕ ਉਹਨਾਂ ਦਾ ਨਾਮ ਵੀ ਭੁੱਲ ਭਲਾ ਜਾਂਦੇ ਹਨ. ਫਿਰ ਕਦੇ ਕਿਸੇ ਖਾਸ ਵਿਅਕਤੀ ਦੇ ਅੰਦਰ ਕੋਈ ਭਾਵਨਾ ਪੈਦਾ ਹੁੰਦੀ ਹੈ ਅਤੇ ਉਹ ਤੁਰ ਪੈਂਦਾ ਹੈ ਉਹਨਾਂ ਗੁਮਨਾਮ ਸ਼ਖਸੀਅਤਾਂ ਦਾ ਅਤਾ ਪਤਾ ਲਭਣ. ਏਸੇ ਤਰਾਂ ਦੀ ਕੋਸ਼ਿਸ਼ ਕੀਤੀ ਹੈ ਫੇਸਬੁੱਕ ਤੇ ਅਕਸਰ ਹੀ ਕੋਈ ਨਵੀਂ ਤੋਂ ਨਵੀਂ ਗੱਲ ਚੁੱਕਣ ਵਾਲੇ ਨੌਜਵਾਨ ਸ਼ਾਇਰ ਇੰਦਰਜੀਤ ਨੇ. ਕਿੱਤੇ ਪੱਖੋਂ ਜਲੰਧਰ ਸ਼ਹਿਰ ਨਾਲ ਜੁੜੇ ਹੋਏ ਇੰਦਰਜੀਤ ਦੀ ਰਿਹਾਇਸ਼ ਪਿੰਡ ਕਾਲਾਸੰਘਿਆ ਵਿੱਚ ਹੈ. ਜਿਸ ਖੋਜ ਪੂਰਨ  ਲਿਖਤ ਦੀ ਗੱਲ ਏਥੇ ਕੀਤੀ ਜਾ ਰਹੀ ਹੈ ਉਹ ਖੋਜ ਆਜ਼ਾਦੀ ਸੰਗਰਾਮ ਦੇ ਉਹਨਾਂ ਘੁਲਾਟੀਆਂ ਨਾਲ ਸਬੰਧਤ ਹੈ ਜਿਹੜੇ ਹੁਣ ਵੀ ਗੁਮਨਾਮ ਹਨ. ਇਸ ਲਿਖਤ ਵਿੱਚ ਉਹਨਾਂ ਲੋਕਾਂ ਦੀ ਸੰਖੇਪ ਜਿਹੀ ਚਰਚਾ ਹੈ ਜਿਹਨਾਂ ਨੇ ਉਸ ਵੇਲੇ ਲਾਹੌਰ ਦੇ ਗਵਰਨਰ ਲਾਰੰਸ ਦਾ ਬੁੱਤ ਤੋੜਿਆ ਸੀ. ਇਹ ਕਾਰਵਾਈ ਗੁਲਾਮੀ ਦੇ ਪ੍ਰਤੀਕ ਨੂੰ ਤੋੜਣ ਅਤੇ ਲੋਕਾਂ ਦੇ ਮਨਾਂ ਵਿੱਚੋਂ ਅੰਗ੍ਰੇਜ਼ ਹਕੂਮਤ ਦੇ ਦਹਿਲ ਨੂੰ ਖਤਮ ਕਰਨ ਦੇ ਮਕ਼ਸਦ ਨਾਲ ਕੀਤੀ ਗਈ ਸੀ. ਇਸਨੂੰ ਪਹਿਲਾਂ ਅਲਖ ਰਸਾਲੇ ਵਿੱਚ ਛਾਪਿਆ ਜਾ ਚੁੱਕਿਆ ਹੈ. ਇਸ ਲਿਖਤ ਦੀ ਚਰਚਾ ਏਥੇ ਕਰਨ ਦਾ ਮਕਸਦ ਹੈ ਕਿ ਕਾਸ਼ ਇੰਦਰਜੀਤ ਦੀ ਇਹ ਹਿੰਮਤ ਨੌਜਵਾਨ ਵਰਗ ਲਈ ਪ੍ਰੇਰਨਾ ਬਣ ਸਕੇ ਅਤੇ ਇਹ ਨੌਜਵਾਨ ਆਪੋ ਆਪਣੇ ਇਲਾਕਿਆਂ ਵਿੱਚ ਖੋਜ ਕਰਕੇ ਗੁਮਨਾਮ ਸੰਗਰਾਮੀਆਂ ਦਾ ਪਤਾ ਲਗਾ ਸਕਣ. ਉਹਨਾਂ ਦੀ ਇਹ ਕੋਸ਼ਿਸ਼ ਜਿੱਥੇ ਇਤਿਹਾਸ ਨੂੰ ਹੋਰ ਅਮੀਰ ਕਰੇਗੀ ਉਥੇ ਅੱਜ ਦੀ ਪੀੜ੍ਹੀ ਲਈ ਪ੍ਰੇਰਨਾ ਦਾ ਸੋਮਾ ਵੀ ਬਣੇਗੀ. ਜੇ ਤਸਵੀਰ ਵਿਚਲੀ ਸਮਗਰੀ ਪੜ੍ਹਨ ਵਿੱਚ ਕੋਈ ਦਿੱਕਤ ਆਉਂਦੀ ਹੋਵੇ ਤਾਂ ਇਸ ਤਸਵੀਰ ਤੇ ਕਲਿੱਕ ਕਰਕੇ ਇਸਨੂੰ ਵੱਡਿਆਂ ਵੀ ਕੀਤਾ ਜਾ ਸਕਦਾ ਹੈ. ਤੁਹਾਨੂੰ ਇਹ ਲਿਖਤ ਕਿਹੋ ਜਿਹੀ ਲੱਗੀ....ਜ਼ਰੂਰ ਦੱਸਣਾ.--ਰੈਕਟਰ ਕਥੂਰੀਆ 

1 comment:

Rector Kathuria said...

Iqbal Gill wrote on Facebook...: ਬਹੁਤ ਸੋਹਨਾ ਲੇਖ ਹੈ | ਅਗਰ ਅੱਜ ਨੌਜਵਾਨ ਨਸ਼ਿਆਂ ਦੇ ਰਾਹ ਪਏ ਹਨ ਉਸ ਪਿਛੇ ਜੋ ਕਾਰਨ ਛੁਪੇ ਹਨ ਉਹਨਾਂ ਦੀ ਖੋਜ ਕਰਨ ਦੀ ਵੀ ਜਰੂਰਤ ਹੈ ਮੈਂ ਆਸ ਕਰਦਾ ਹਾਂ ਕੀ ਇੰਦਰਜੀਤ ਵੀਰ ਜੀ ਆਪਣੀ ਦਮਦਾਰ ਕਲਮ ਨਾਲ ਇਸ ਵਿਸ਼ੇ ਤੇ ਵੀ ਜਰੂਰ ਲਿਖਣਗੇ |