Saturday, November 06, 2010

ਖੱਬੇ ਪੱਖੀ ਧਿਰਾਂ ਅਤੇ ਸਿੱਖ ਪੰਥ ਦੇ ਸਮਰਥਕਾ ਨੂੰ ਇੱਕ ਬਾਦਲੀਲ ਅਪੀਲ

ਖੱਬੇ ਪੱਖੀ ਧਿਰਾਂ ਅਤੇ ਸਿੱਖ ਪੰਥ ਦੇ ਸਮਰਥਕਾਂ ਦਰਮਿਆਨ ਸ਼ੁਰੂ ਹੋਈ ਨਵੀਂ ਬਹਿਸ ਦਾ ਜ਼ਿਕਰ ਪੰਜਾਬ ਸਕਰੀਨ ਦੀ ਕਿਸੇ ਪਿਛਲੀ ਪੋਸਟ ਵਿੱਚ ਕੀਤਾ ਗਿਆ ਸੀ. ਇਸ ਬਾਰੇ ਕਈ ਕਿੰਤੂ ਪਰੰਤੂ ਵੀ ਪ੍ਰਾਪਤ ਹੋਏ ਹਾਂ. ਮਿੱਤਰ ਇਕ਼ਬਾਲ ਗਿੱਲ ਹੁਰਾਂ ਨੇ ਇਸ ਨੂੰ ਵਿਚਾਰਧਾਰਕ ਜੰਗ ਕਹਿਣ ਤੇ ਸੁਆਲੀਆ ਨਿਸ਼ਾਨ ਲਗਾਇਆ ਹੈ. ਉਹਨਾਂ ਨੇ ਆਪਣੀ ਗੱਲ ਨੂੰ ਸਪਸ਼ਟ ਕਰਦਿਆਂ ਆਖਿਆ ਹੈ "ਤੁਸੀਂ ਜੰਗ ਦੀ ਗੱਲ ਕਿਸ ਆਧਾਰ ਤੇ ਕਰ ਰਹੇ ਹੋ....., ਕੀ ਤੁਹਾਨੂੰ ਲਗਦਾ ਹੈ ਕਿ ਦੋਵੇਂ ਪਾਸੇ ਵਿਚਾਰ ਕਰਨ ਦੀ ਸਮਝ ਹੈ ? ਹਾਂ ਜੇਕਰ ਧਮਕੀਆਂ, ਗਾਲਾਂ ਦੇਣਾ ਵੀ ਵਿਚਾਰਕ ਜੰਗ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਤੁਸੀਂ ਬਿਲਕੁਲ ਸਹੀ ਹੋ |"
ਏਸੇ ਤਰਾਂ ਮਿੱਤਰ ਤਰਲੋਕ ਜੱਜ ਹੁਰਾਂ ਨੇ ਕਿਹਾ ਹੈ ਕਿ ਬੇਹਤਰ ਹੈ ਕਿ ਇਹ ਚਰਚਾ ਜਿਥੇ ਪਈ ਸੀ ਪਈ ਰਹਿਣ ਦੇਂਦੇ. ਪੰਜਾਬ ਸਕਰੀਨ ਜਿਹੇ ਵੱਡੇ ਪ੍ਲੇਟ ਫਾਰਮ ਤੇ ਆ ਕੇ ਏਸ ਨੂੰ ਨਜਾਇਜ਼ ਹਵਾ ਮਿਲੇਗੀ. ਏ ਤਰਾਂ ਇੱਕ ਹੋਰ ਸਰਗਰਮ ਵੀਰ ਚਰਨਜੀਤ ਸਿੰਘ ਤੇਜਾ ਹੁਰਾਂ ਨੇ ਕਿਹਾ ਹੈ ਕਿ ਇਹ  ਜੰਗ ਨਹੀਂ ਭਾਜੀ ਮੋਹਰਾਂ ਲਾਈਆਂ ਜਾ ਰਹੀਆਂ ਨੇ .....ਦੂਜੇ ਦੇ ਮੱਥੇ ਤੇ ਫਾਸ਼ੀਵਾਦ ਦੀ ਤੇ ਆਪਣੁ ਮੱਥੇ ਤੇ ਮਨੁਖਤਾ ਦੇ ਹਾਮੀ ਹੋਣ ਦੀ  ਉਹਨਾਂ ਇੱਕ ਵੱਖਰੇ ਕੁਮੈਂਟ ਵਿੱਚ ਇਹ ਵੀ ਕਿਹਾ ਕਿ  ਇਹ ਪੋਸਟ ਦਾ ਸਿਰਲੇਖ ਕੁਝ ਗਲਤ ਲੱਗ ਰਿਹਾ ਹੈ ਇਵੇਂ ਹੋਣਾਂ ਚਾਹੀਦਾ ਸੀ : ਸਿੱਖ ਗੁਰੂਆਂ ਦੇ ਵਿਰੋਧੀਆਂ ਅਤੇ ਸਿੱਖ ਪੰਥ ਦੇ ਸਮਰਥਕਾਂ 'ਚ ਕਪੱਤ ਫਿਰ ਤੇਜ਼. ਸੁਰਿੰਦਰ ਟਾਂਡਾ ਨੇ ਲਿਖਿਆ ਕਿ ਕੁਝ ਲੋਕਾਂ ਨੇ ਆਪਣੀ ਮਾਨਸਿਕਤਾ ਇਹ ਬਣਾ ਲਈ ਹੈ ਕਿ ਸਾਰੇ ਉਸ ਵਰਗੇ ਹੀ ਹੋ ਜਾਣ ਜਿਸ  ਕਰਕੇ ਓਹ ਦੂਜਿਆਂ 'ਚ ਨੁਕਸ ਕਢ ਕੇ ਆਪਣੇ ਆਪ  ਨੂੰ ਸਹੀ ਤੇ ਸਚਾ ਹੋਣ ਦਾ ਦਾਅਵਾ ਕਰਦਾ ਹੈ.....ਅਖੀਰ ਵਿੱਚ ਕੁਦਰਤ ਦੇ ਖਿਲਾਫ਼ ਨਾ ਜਾਣ ਅਤੇ ਰੂਹਾਂ ਨੂੰ ਖੁਸ਼ਕ ਨਾ ਹੋਣ ਦੇਣ ਦੀ ਅਪੀਲ ਵੀ ਹੈ......ਇਹਨਾਂ ਸਾਰੀਆਂ ਟਿਪਣੀਆਂ ਵਿੱਚ ਇੱਕ ਟਿੱਪਣੀ ਜਸਵਿੰਦਰ ਸਿੰਘ ਹੁਰਾਂ ਦੀ ਵੀ ਹੈ ਜਿਸ ਵਿੱਚ ਉਹਨਾਂ ਨੇ ਖੱਬੇ ਪੱਖੀ ਧਿਰਾਂ ਅਤੇ ਸਿੱਖ ਪੰਥ ਦੇ ਸਮਰਥਕਾ ਨੂੰ ਇੱਕ ਬਾਦਲੀਲ ਅਪੀਲ ਕੀਤੀ ਹੈ. ਲੱਭੋ ਕੋਈ ਸਾਂਝਾ ਰਾਹ ਦੇ ਸਿਰਲੇਖ ਹੇਠ ਪ੍ਰਾਪਤ ਇਸ ਟਿੱਪਣੀ ਨੂੰ ਏਥੇ ਉਵੇਂ ਹੀ ਦਿੱਤਾ ਜਾ ਰਿਹਾ ਹੈ.....ਰੈਕਟਰ ਕਥੂਰੀਆ 
ਜਸਵਿੰਦਰ ਸਿੰਘ
ਮੈਂ ਅਕਸਰ ਧਰਮ ਅਤੇ ਖੱਬੀ ਧਿਰ ਦੇ ਸਮਰੱਥਕਾਂ ਦੀ ਬਹਿਸ ਪੜ੍ਹਦਾ ਰਹਿੰਦਾ ਹਾਂ ਜਿੱਥੋਂ ਤੱਕ ਧਰਮ ਅਤੇ ਖੱਬੀ ਧਿਰ ਦੀ ਸਿਧਾਂਤਕ ਬਹਿਸ ਦਾ ਮਸਲਾ ਹੈ ਉੱਥੇ ਬਹੁਤ ਸਾਰੇ ਸੱਜਣ ਅਜਿਹੇ ਹਨ ਜਿੰਨ੍ਹਾ ਨੇ ਨਾ ਤਾਂ ਧਰਮ ਤੱਤ ਨੂੰ ਡੂੰਘਾਈ ਨਾਲ਼ ਵੇਖਿਆ ਹੈ ਨਾ ਹੀ ਖੱਬੇ ਪੱਖ ਦੀ ਸਿਧਾਂਤਕ ਸਚਾਈ ਨੂੰ.  ਆਮ ਪਾਠਕ ਜੋ ਦੋਹਾ ਸੋਚਾਂ ਨੂੰ ਅੰਧ ਵਿਸ਼ਵਾਸ਼ ਦੀ ਐਨਕ ਲਾ ਕੇ ਦੇਖਦੇ ਹਨ ਉਹ ਟਿੱਪਣੀਆਂ ਲਿਖਣ ਲਈ ਧਰਮ ਅਤੇ ਖੱਬੇ ਪੱਖ ਦੀ ਉੱਪਰਲੀ ਤਹਿ ਤੇ ਖੜ ਕੇ ਆਪਣੇ ਮਨ ਦਾ ਉਬਾਲ਼ ਕੱਢ ਜਾਂਦੇ ਹਨ । ਧਰਮ ਕੀ ਹੈ , ਖੱਬੀ ਸੋਚ ਕੀ ਹੈ ਇਸ ਨਾਲ਼ ਉਹਨਾ ਦਾ ਕੋਈ ਵਾਹ ਵਾਸਤਾ ਨਹੀਂ ਹੁੰਦਾ । ਭਿੰਡਰਾਂ ਵਾਲਾ , ਇੰਦਰਾ , ਹਿੰਦੂ , ਸਿੱਖ ਸ਼ਬਦ ਵਰਤ ਕੇ ਸੱਜੀ , ਖੱਬੀ ਸੋਚ ਦੀ ਜਗ੍ਹਾ ‘ਟੇਢੀ ਸੋਚ’ ਦੀ ਵਰਤੋਂ ਕਰ ਕੇ ਸਮਾਜ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਇਸ ਵਿੱਚ ਵੀ ਕਈ ਉਹ ਲੋਕ ਸ਼ਾਮਲ ਹੁੰਦੇ ਨੇ ਜਿੰਨ੍ਹਾਂ ਦਾ ਮਕਸਦ ਹੁੰਦਾ ਹੈ ....ਅੱਗ ਲਾਈ ਤੇ ਡੱਬੂ ਕੰਧ ਤੇ.......
ਧਰਮ ਨੂੰ ਬੇਸ਼ਰਮ ਲੋਕਾਂ ਨੇ ਬਿਜਨਿਸ ਬਣਾ ਲਿਆ ਹੈ ਤੇ ਖੱਬੇ ਪੱਖੀ ਸੋਚ ਨੂੰ ਬੇਸ਼ਰਮ ਲੀਡਰਾਂ ਨੇ ਕੁਰਸੀ ਤੱਕ ਪਹੁੰਚਣ ਦਾ. ਆਪਣੇ ਨਿੱਜੀ ਲਾਭਾਂ ਲਈ ਗਲਤ ਲੋਕ ਦੋਹਾਂ ਸੋਚਾ ਦਾ ਫਾਇਦਾ ਉਠਾ ਰਹੇ ਹਨ । ਦੋਨੋ ਇੱਕ ਦੂਜੇ ਨੂੰ ਠਿੱਬੀ ਲਾ ਕੇ ਅੱਗੇ ਲੰਘਣ ਦੀ ਕੋਸ਼ਿਸ਼ ਵਿੱਚ ਹਨ ਪਰ ਆਮ ਆਦਮੀ ਅਗਲੇ ਡੰਗ ਦੀ ਰੋਟੀ ਦੇ ਫਿਕਰ ਵਿੱਚ ਕਿਤੇ ਏਧਰ ਕਿਤੇ ਓਧਰ ਭਟਕਦਾ ਫੈਸਲਾ ਨਹੀਂ ਕਰ ਸਕਦਾ ਕਿ ਕਿਹੜੀ ਸੋਚ ਠੀਕ ਹੈ ਅਤੇ ਕਿਹੜੀ ਗਲਤ । ਕਥਿਤ ਧਾਰਮਿਕ ਲੀਡਰਾਂ , ਲਾਈ ਲੱਗ ਜੱਥੇਦਾਰਾਂ ਆਮ ਆਦਮੀ ਉੱਤੇ ਪਾਬੰਦੀਆਂ ਲਾ ਕੇ ਉਸ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ ਤੇ ਜੇ ਕੋਈ ਭਲਾ ਲੋਕ ਲੋਕਾਂ ਨੂੰ ਇਸ ਗੰਦ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦਾ ਫੜਿਆ ਜਾਵੇ ਰਾਤੋ ਰਾਤ ਪੰਥ ਵਿੱਚੋਂ ਬਾਹਰ । ਰੱਜਿਆ ਨੂੰ ਰਜਾਈ ਜਾਣ ਤੇ ਭੁਖਿਆ ਕੋਲੋਂ ਜਬਰਦਸਤੀ ਉਗਰਾਹੀਆਂ ਕਰ ਕਰ ਕੇ ਗੁੰਬਦਾਂ ਉੱਤੇ ਸੋਨਾ ਚਾੜਣ ਤੱਕ ਇਹਨਾ ਦਾ ਧਾਰਮਿਕ ਸਫਰ ਹੈ । ਖੱਬੇ ਪੱਖ ਤੋਂ ਦੇਖਿਆਂ ਸੁਰਜੀਤ ਗਾਮੀ ਵਰਗੇ ਸਮਾਜ ਸੇਵਕ ਦਾ ਹਾਲ ਸਾਹਮਣੇ ਆ ਜਾਂਦਾ ਹੈ ਜਿਸ ਨੂੰ ਆਖਰੀ ਸਮੇ ਇਹ ਫਿਕਰ ਸੀ ਕਿ ਉਸਦੀ ਮੌਤ ਤੋਂ ਬਾਅਦ ਉਸ ਦੇ ਬੱਚਿਆਂ ਨੂੰ ਦੋ ਡੰਗ ਦੀ ਰੋਟੀ ਵੀ ਮਿਲੇਗੀ ਕਿ ਨਹੀਂ । ਕੀ ਹੈ ਉਹਨਾਂ ਲੋਕਾ ਦਾ ਕਿਰਦਾਰ ਜੋ ਧਰਮ ਅਤੇ ਖੱਬੇ ਪੱਖ ਦਾ ਚੋਲਾ ਪਾ ਕੇ ਸਿਰਫ ਨਾਮ ਕਮਾਉਣ ਤੱਕ ਸੀਮਤ ਨੇ ? ਗੁਰਬਾਣੀ ਦਾ ਅਸਲ ਰੱਬ ਕੀ ਹੈ ਖੋਜੋ ! ਗੁਰੂ ਨਾਨਕ ਜੀ ਕਹਿ ਗਏ ਉਸ ਦਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਉਹ ਕਿਸੇ ਖਾਸ ਥਾਂ ਤੇ ਨਹੀਂ , ਉਹ ਕਿਸੇ ਦੇ ਪਿਉ ਦਾ ਮੁੱਲ ਨਹੀਂ ਖਰੀਦਿਆ ਜੇ ਕਿਸੇ ਨੁੰ ਤੁਸੀ ਰੱਬ ਮੰਨਣਾ ਹੈ ਤਾਂ ਇਹ ਸਾਰੀ ਲੋਕਾਈ ਤੁਸੀ ਦੇਖਦੇ ਹੋ ਇਹ ਹੀ ਰੱਬ ਹੈ , ਕਰੋ ਕਿਰਤ ਤੇ ਖਾਉ ਵੰਡ ਕੇ ਇਹ ਹੀ ਧਰਮ ਹੈ ।
ਆਖਰ ਵਿੱਚ ਬੇਨਤੀ ਹੈ ਕਿ ਇੱਕ ਦੂਜੇ ਦੀਆਂ ਊਣਤਾਈਆਂ ਦੇਖਣ ਦੀ ਥਾਂ ਆਪੋ ਆਪਣੀ ਪੀੜ੍ਹੀ ਥੱਲੇ ਸੋਟੀ ਫੇਰੋ. ਮਿਲ ਕੇ ਦੋਹਾਂ ਸੋਚਾ ਵਿੱਚੋਂ ਕੋਈ ਸਾਂਝੀ ਅਤੇ ਉਸਾਰੂ ਸੋਚ ਪੈਦਾ ਕਰੋ ਫਿਰ ਪਾਸ਼ ਵਰਗੇ ਲੋਕਾਂ ਉੱਤੇ ਗੋਲੀ ਚਲਾਉਣ ਵਾਲੇ ਹੱਥ ਸੌ ਵਾਰ ਸੋਚਣਗੇ ਤੇ ਸਭੇ ਸਾਂਝੀਵਾਲ ਸਦਾਇਨਿ ਦੀ ਅਗੰਮੀ ਸੋਚ ਦੇ ਕੇਂਦਰ ਤੇ ਕੋਈ ਜਾਲਮ ਕਾਬਜ ਨਹੀਂ ਹੋਵੇਗਾ ਉਸ ਥਾਂ ਉਤੇ ਬੇਦੋਸ਼ਿਆਂ ਨੂੰ ਮਾਰਨ ਲਈ ਟੈਂਕ ਭੇਜਣ ਵਾਲਾ ਹਜਾਰ ਵਾਰ ਸੋਚੇਗਾ । ਜਿੰਨਾ ਚਿਰ ਇਹ ਨਹੀਂ ਹੁੰਦਾ ਆਮ ਲੋਕ ਧਰਮ ਅਤੇ ਖੱਬੀ ਸੋਚ ਦੇ ਪੁੜਾਂ ਵਿਚਕਾਰ ਕਣਕ ਵਾਂਗ ਪਿਸਦੇ ਰਹਿਣਗੇ ਤੇ ਨੇਤਾ ਲੋਕਾਂ ਲਈ ਹਮੇਸ਼ਾਂ ਸੱਜਰੀ ਰੋਟੀ ਤਿਆਰ ਹੁੰਦੀ ਰਹੇਗੀ.  --ਜਸਵਿੰਦਰ ਸਿੰਘ

No comments: