ਆਨ ਅਪਨੀ ਜਿਸਨੇ ਰਖ ਲੀ ਔਰ ਸਰ ਜਾਨੇ ਦੀਆ.....!
ਪੰਜਾਬ ਅਤੇ ਪੰਜਾਬੀ ਦੇ ਪ੍ਰਸਿਧ ਸ਼ਾਇਰ ਸੁਰਜੀਤ ਪਾਤਰ ਨੇ ਕਿਸੇ ਵੇਲੇ ਇੱਕ ਤੌਖਲਾ ਜਿਹਾ ਪ੍ਰਗਟ ਕੀਤਾ ਸੀ....ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ.... ਅਸਲ ਵਿੱਚ ਇਹ ਹੈ ਵੀ ਹਕੀਕਤ. ਬਹੁਤ ਸਾਰੇ ਕਹਿੰਦੇ ਕਹਾਉਂਦੇ ਵਿਅਕਤੀ ਨਤੀਜਿਆਂ ਦੀ ਗੱਲ ਸੋਚ ਕੇ ਬੋਲਣ ਤੋਂ ਟਾਲਾ ਵੱਟ ਜਾਂਦੇ ਹਨ. ਜਿਸ ਨੂੰ ਹਨੇਰਾ ਸਮਝਦੇ ਹਨ ਉਸ ਨੂੰ ਸੂਰਜ ਆਖ ਦੇਂਦੇ ਹਨ. ਉਹਨਾਂ ਦੇ ਮਨ ਵਿੱਚ...ਅੰਤਰ ਆਤਮਾ ਵਿੱਚ ਕੁਝ ਹੋਰ ਹੁੰਦਾ ਹੈ...ਦਿਲ-ਦਿਮਾਗ ਵਿੱਚ ਕੁਝ ਹੋਰ ਹੁੰਦਾ ਹੈ...ਜ਼ੁਬਾਨ ਤੇ ਕੁਝ ਹੋਰ ਹੁੰਦਾ ਹੈ ਅਤੇ ਉਹਨਾਂ ਦੇ ਐਕਸ਼ਨ ਤੋਂ...ਉਹਨਾਂ ਦੇ ਅਮਲਾਂ ਤੋਂ....ਉਹਨਾਂ ਦੀ ਜੀਵਨ ਜਾਚ ਤੋਂ ਕੁਝ ਹੋਰ ਹੀ ਬਿਆਨ ਹੋਇਆ ਕਰਦਾ ਹੈ. ਅਜਿਹੇ ਵਿਅਕਤੀ ਦੇਸ਼ ਅਤੇ ਕੌਮ ਦਾ ਕੁਝ ਸਵਾਰਣ ਦੀ ਬਜਾਏ ਖੁਦ ਆਪਣਾ ਅਤੇ ਆਪਣੇ ਪਰਿਵਾਰ ਦਾ ਵੀ ਬੁਰਾ ਹਾਲ ਕਰ ਦੇਂਦੇ ਹਨ. ਅਸਲ ਵਿੱਚ ਦੁਖੀ ਕੌਮਾਂ ਅਤੇ ਸਮਾਜਾਂ ਦੇ ਦੁੱਖਾਂ ਵਿੱਚ ਜਿੰਨਾ ਵਾਧਾ ਸਮੇਂ ਤੇ ਸਚ ਬੋਲਣ ਦੀ ਬਜਾਏ ਚੁੱਪ ਰਹਿਣ ਵਾਲਿਆਂ ਨੇ ਕੀਤਾ ਹੈ ਓਨਾ ਵਾਧਾ ਤਾਂ ਅਤਿਆਚਾਰ ਕਰਨ ਵਾਲਿਆਂ ਨੇ ਵੀ ਨਹੀਂ ਕੀਤਾ ਹੁੰਦਾ. ਵੈਸੇ ਇਹ ਗੱਲ ਵੀ ਸਹੀ ਹੈ ਕਿ ਧਾਰਾ ਦੇ ਖਿਲਾਫ਼ ਤੈਰਨਾ ਆਸਾਨ ਨਹੀਂ ਹੁੰਦਾ. ਕਤੀਲ ਸ਼ਿਫਾਈ ਸਾਹਿਬ ਨੇ ਆਖਿਆ ਸੀ.....ਮੈਨੇ ਆਵਾਜ਼ ਉਠਾਈ ਥੀ ਰਿਵਾਜੋਂ ਕੇ ਖਿਲਾਫ਼,
ਬਰਛੀਆਂ ਲੇਕਰ ਘਰੋਂ ਸੇ ਨਿਕਲ ਆਏ ਕੁਛ ਲੋਗ...
ਸਚ ਬੋਲਣ ਦਾ ਨਤੀਜਾ ਆਮ ਤੌਰ ਤੇ ਗੋਲੀ ਜਾਂ ਸੂਲੀ ਹੀ ਨਿਕਲਿਆ ਹੈ.
ਮਨਪ੍ਰੀਤ ਸਿੰਘ ਬਾਦਲ ਨੂੰ ਵੀ ਵਿੱਤ ਮੰਤਰੀ ਵਜੋਂ ਬਰਖਾਸਤ ਕਰ ਦਿੱਤਾ ਗਿਆ ਹੈ. ਆਮ ਲੋਕ, ਮੀਡੀਆ ਅਤੇ ਸਿਆਸੀ ਲੋਕ ਇਸ ਬਾਰੇ ਕੀ ਸੋਚ ਰਹੇ ਹਨ ਇਸ ਦੀ ਸੰਖੇਪ ਚਰਚਾ ਤੋਂ ਪਹਿਲਾਂ ਕੁਝ ਅਖਬਾਰੀ ਖਬਰਾਂ ਦਾ ਜ਼ਿਕਰ ਵੀ ਜ਼ਰੂਰੀ ਹੈ. ਮਨਪ੍ਰੀਤ ਸਿੰਘ ਬਾਦਲ ਨੂੰ ਮੰਤਰੀ ਵਜੋਂ ਹਟਾਏ ਜਾਣ ਦੇ ਮਾਮਲੇ ਤੇ ਮੀਡੀਆ ਵਿੱਚ ਇਹ ਰਿਪੋਰਟ ਵੀ ਆਈ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਪੈਰੀਂ ਆਪ ਕੁਲਹਾੜੀ ਮਾਰੀ. ਦਲੀਲ ਇਹ ਦਿੱਤੀ ਗਈ ਹੈ ਕਿ ਜੇ ਉਹ ਆਪਣੀ ਤੈਅ ਸ਼ੁਦਾ ਪ੍ਰੈਸ ਕਾਨਫਰੰਸ ਨਾ ਕਰਦੇ ਤਾਂ ਉਹਨਾਂ ਦੀ ਬਰਖਾਸਤਗੀ ਦਾ ਫੈਸਲਾ 20 ਅਕਤੂਬਰ ਤੱਕ ਜ਼ਰੂਰ ਟਲ ਜਾਣਾ ਸੀ. ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਾਰ ਬਾਰ ਕੀਤੀਆਂ ਗਈਆਂ ਅਪੀਲਾਂ ਨੂੰ ਠੁਕਰਾ ਕੇ ਉਹਨਾਂ ਨੇ ਖੁੱਲੇਆਮ ਪਾਰਟੀ ਨਾਲ ਟਕਰਾਓ ਦਾ ਰਸਤਾ ਅਪਣਾਇਆ. ਪਰ ਅਸਲ ਵਿੱਚ ਇਹ ਸਭ ਕੁਝ ਰਾਤੋ ਰਾਤ ਨਹੀਂ ਵਾਪਰਿਆ. ਉਹਨਾਂ ਦਸਿਆ ਕਿ ਲਗਾਤਾਰ ਤਿੰਨ ਸਾਲਾਂ ਤੋਂ ਉਹਨਾਂ ਦੇ ਫੋਨ ਟੇਪ ਹੋ ਰਹੇ ਸਨ. ਸੀ ਆਈ ਡੀ ਵੱਲੋਂ ਉਹਨਾਂ ਦੇ ਘਰ ਦੁਆਲੇ ਲਗਾਤਾਰ ਨਿਗਰਾਨੀ ਰੱਖੀ ਜਾਂਦੀ ਸੀ.ਉਹਨਾਂ ਦੀ ਹਰ ਸਰਗਰਮੀ ਤੇ ਨਜ਼ਰ ਰੱਖੀ ਜਾਂਦੀ ਸੀ.
ਮਨਾਂ ਦੀ ਖਟਾਸ ਅਤੇ ਵਿਚਾਰਾਂ ਦੇ ਵਖਰੇਵੇਂ ਕਾਫੀ ਸਮੇਂ ਤੋ ਜਾਰੀ ਸਨ. ਇਸਨੂੰ ਇੱਕ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ ਇਹ ਸਭ ਕੁਝ ਫਿਰ ਵੀ ਠੀਕ ਠਾਕ ਚੱਲ ਰਿਹਾ ਸੀ. ਬਿਲਕੁਲ ਉੱਸੇ ਤਰਾਂ ਦਾ ਠੀਕ ਠਾਕ ਜਿਵੇਂ ਕਲੀ ਜਾਂ ਰੰਗ ਰੋਗਨ ਦੀਆਂ ਮੋਟੀਆਂ ਪਰਤਾਂ ਨਾਲ ਤਰੇੜਾਂ ਵਾਲੀ ਖੋਖਲੀ ਕੰਧ ਵੀ ਠੀਕ ਠਾਕ ਹੀ ਜਾਪਦੀ ਹੈ. ਹੁਣ ਜਦੋਂ ਕਿ ਇਹ ਦੋਸਤੀ, ਇਹ ਨਾਤਾ. ਤੜੱਕ ਦੇਣੀ ਟੁੱਟ ਹੀ ਗਿਆ ਹੈ ਤਾਂ ਖੁਦ ਮਨਪ੍ਰੀਤ ਬਾਦਲ ਨੇ ਮੀਡੀਆ ਦੇ ਸਾਹਮਣੇ ਵੀ ਇਹ ਗੱਲ ਕਬੂਲ ਕਰ ਲਈ ਹੈ ਕਿ ਲਗਾਤਾਰ ਨਿਰਾਸ਼ਾ ਦੇ ਬਾਵਜੂਦ ਉਹਨਾਂ ਨੂੰ ਆਸ ਦੀ ਕੋਈ ਪਤਲੀ ਜਿਹੀ ਕਿਰਨ ਨਜ਼ਰ ਆਉਂਦੀ ਸੀ. ਉਹਨਾਂ ਨੂੰ ਲੱਗਦਾ ਸੀ ਕਿ ਅੱਜ ਨਹੀਂ ਤਾਂ ਕੱਲ ਸਭ ਕੁਝ ਠੀਕ ਹੋ ਹੀ ਜਾਵੇਗਾ. ਸ਼ਾਇਦ ਕੋਈ ਬਾਰੀਕ ਜਿਹਾ ਧਾਗਾ ਇਹਨਾਂ ਸੰਬੰਧਾਂ ਨੂੰ ਬੰਨੀ ਖਲੋਤਾ ਸੀ. ਇਹ ਧਾਗਾ ਢਾਈ ਅੱਖਰਾਂ ਵਾਲੇ ਪ੍ਰੇਮ ਦਾ ਹੁੰਦਾ ਤਾਂ ਸ਼ਾਇਦ ਅਜੇ ਵੀ ਨਿਭੀ ਜਾਂਦਾ ਪਰ ਇਹ ਸ਼ਾਇਦ ਸਮਾਜ ਵਾਲਾ ਧਾਗਾ ਸੀ ਜੋ ਅਖੀਰ ਟੁੱਟ ਹੀ ਗਿਆ. ਉਹ ਸਮਾਜ ਜਿਸ ਦੀ ਹਰ ਗੱਲ ਵਿੱਚ ਰਾਜਨੀਤੀ ਹੁੰਦੀ ਹੈ.
ਇਸ ਸਾਰੇ ਘਟਨਾਕ੍ਰਮ ਵਿੱਚ ਦਿਲਚਸਪ ਗੱਲ ਇਹ ਵੀ ਹੈ ਕਿ ਇਹ ਸਭ ਕੁਝ ਉਦੋਂ ਹੋਇਆ ਜਦੋਂ ਪੰਜਾਬ ਦਾ ਕਰਜਾ ਮਾਫ਼ ਕਰਨ ਵਾਲੀ ਚਿੱਠੀ ਵੀ ਮਨਪ੍ਰੀਤ ਬਾਦਲ ਨੂੰ ਮਿਲ ਗਈ ਸੀ. ਜ਼ਿਕਰਯੋਗ ਹੈ ਕਿ ਇਸ ਚਿੱਠੀ ਦੇ ਮਿਲਣ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਪੇਸ਼ਕਸ਼ ਤੇ ਸੱਕ ਵਾਲਿਆਂ ਸੁਰਾਂ ਵੀ ਉਠ ਰਹੀਆਂ ਸਨ. ਇਹ ਕਿਹਾ ਜਾ ਰਿਹਾ ਸੀ ਕਿ ਜਦੋਂ ਕੇਂਦਰ ਲਿਖਤੀ ਤੌਰ ਤੇ ਕੁਝ ਕਹੇਗਾ ਤਾਂ ਇਸ ਬਾਰੇ ਜ਼ਰੂਰ ਵਿਚਾਰ ਕੀਤਾ ਜਾਏਗਾ. ਇਸ ਲਈ ਇਸ ਬਾਰੇ ਜ਼ਰੂਰੀ ਦਸਤਾਵੇਜ਼ਾਂ ਨੂੰ ਹਾਸਲ ਕਰਨ ਲਈ ਮਨਪ੍ਰੀਤ ਬਾਦਲ ਨੇ ਕਾਫੀ ਭੱਜ ਦੌੜ ਵੀ ਕੀਤੀ ਜੋ ਕਿ ਵਿਅਰਥ ਸਾਬਿਤ ਹੋਈ. ਬੁਧਵਾਰ 13 ਅਕਤੂਬਰ ਨੂੰ ਹੋਈ ਇਸ ਪ੍ਰੈਸ ਕਾਨਫਰੰਸ ਵਿੱਚ ਉਹ ਖਾਸ ਚਿੱਠੀ ਰਲੀਜ਼ ਨਾ ਹੋਣ ਕਾਰਣ ਇਹ ਮਸਲਾ ਮੀਡੀਆ ਵਿੱਚ ਵੀ ਉਠਿਆ.
ਮੀਡੀਆ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਦੀ ਟਿੱਪਣੀ ਵੀ ਕਾਫੀ ਉਭਰ ਕੇ ਸਾਹਮਣੇ ਆਈ ਅਤੇ ਕਈ ਹੋਰ ਗੱਲਾਂ ਵੀ ਪਰ ਫੇਸਬੁਕ ਅਤੇ ਇੰਟਰਨੈਟ ਮੀਡੀਆ ਦੇ ਹੋਰ ਖੇਤਰਾਂ ਵਿੱਚ ਜੋ ਕੁਝ ਲਿਖਿਆ ਗਿਆ ਹੈ ਉਸਨੇ ਕਾਫੀ ਕੁਝ ਕਿਹਾ ਹੈ ਜਿਸਨੂੰ ਬੜੇ ਹੀ ਧਿਆਨ ਨਾਲ ਸੁਣੇ ਅਤੇ ਸਮਝੇ ਜਾਣ ਦੀ ਲੋੜ ਹੈ. ਉਸ ਵਿਚੋਂ ਜੋ ਆਵਾਜ਼ਾਂ ਆ ਰਹੀਆਂ ਹਨ ਉਸਦਾ ਇੱਕ ਮਤਲਬ ਇਹ ਵੀ ਨਿਕਲਦਾ ਹੈ....:
ਟੂਟੇ ਭੀ ਜੋ ਤਾਰਾ ਤੋ ਜ਼ਮੀਂ ਪਰ ਨਹੀਂ ਗਿਰਤਾ,
ਗਿਰਤੇ ਹੈਂ ਸਮੰਦਰ ਮੇਂ ਬੜੇ ਸ਼ੋਂਕ ਸੇ ਕਈ ਦਰਿਆ,
ਲੇਕਿਨ ਕਿਸੀ ਦਰਿਆ ਮੇਂ ਸਮੰਦਰ ਨਹੀਂ ਗਿਰਤਾ...!
ਇਸ ਬਾਰੇ ਤੁਸੀਂ ਵੀ ਆਪਣੇ ਵਿਚਾਰ ਭੇਜ ਸਕਦੇ ਹੋ. ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ. ਇਸ ਮਕਸਦ ਲਈ ਮੇਲ ਆਈ ਡੀ ਹੈ. :rectorkathuria@oneindia.in : --ਰੈਕਟਰ ਕਥੂਰੀਆ
No comments:
Post a Comment