Sunday, August 22, 2010

ਪਾਕਿਸਤਾਨ ਤੋਂ ਦੀਪ ਸਈਦਾ ਵੀ ਚੰਡੀਗੜ੍ਹ ਆਏਗੀ ਅਮਨ ਦੇ ਮੇਲੇ ਤੇ

 ਤਾਰੀਖ ਹੁਣ ਪੱਕੀ ਤਰਾਂ ਯਾਦ ਨਹੀਂ ਪਰ ਉਹ ਐਤਵਾਰ ਦਾ ਦਿਨ ਸੀ ਜਦੋਂ ਇੱਕ ਦਿਨ ਦੇਰ ਸ਼ਾਮ ਨੂੰ ਦੀਪ ਸਈਦਾ  ਨਾਲ ਫੇਸਬੁਕ ਤੇ ਮੇਰੀ ਪਹਿਲੀ ਗੱਲਬਾਤ ਹੋਈ ਸੀ ਜੋ ਅਧੇ ਘੰਟੇ ਤੋਂ ਵੀ ਵਧ ਸਮੇਂ ਤੱਕ ਚੱਲੀ. ਉਹੀ ਦੀਪ ਸਈਦਾ ਜਿਸਦੇ ਮੁਜ਼ਾਹਰਿਆਂ ਦੀ ਗੂੰਜ ਅਕਸਰ ਪੂਰੀ ਦੁਨੀਆ ਵਿੱਚ ਪਹੁੰਚ ਜਾਂਦੀ ਹੈ. ਉਸਦੀ ਪ੍ਰੋਫਾਈਲ ਤਸਵੀਰ ਵੀ ਮੁਜ਼ਾਹਰੇ ਵਾਲੀ ਹੈ. ਉਸਨੇ ਦੱਸਿਆ ਕਿ ਪੂਰੇ ਦੇਸ਼ ਵਿੱਚ ਸਿਰਫ ਉਸਦਾ ਨਾਮ ਹੀ ਦੀਪ ਹੈ..   ਜੀ ਹਾਂ ਦੀਪ...ਜਿਸਨੂੰ ਹਿੰਦੀ ਵਾਲੇ ਦੀਪਕ, ਉਰਦੂ ਵਾਲੇ ਚਿਰਾਗ ਅਤੇ ਪੰਜਾਬੀ ਵਾਲੇ ਦੀਵਾ ਆਖਦੇ ਨੇ. ਇਸ ਨਾਮ ਦੀ ਵੀ ਇੱਕ ਦਿਲਚਸਪ ਕਹਾਣੀ ਹੈ. ਇਹ ਗੱਲ ਦੇਸ਼ ਦੀ ਵੰਡ ਤੋਂ ਪਹਿਲਾਂ ਦੀ ਹੈ. ਦੀਪ ਦੀ ਦਾਦੀ ਦੀ ਇੱਕ ਸਹੇਲੀ ਸੀ ਸਰਦਾਰਨੀ ਦੀਪ ਕੌਰ. ਦੋਹਾਂ ਵਿੱਚ ਪਿਆਰ ਵੀ ਏਨਾ ਕਿ ਹੁਣ ਵੀ ਉਸ ਪਿਆਰ ਦੀਆਂ ਗੱਲਾਂ ਹੁੰਦੀਆਂ ਹਨ. ਵਾਘੇ ਵਾਲੀ ਲਕੀਰ ਵੀ ਉਸਨੂੰ ਕੱਟ ਨਹੀਂ ਸਕੀ. ਇਹੋ ਜਿਹੀਆਂ ਲਕੀਰਾਂ ਵਾਹੁਣ ਵਾਲੀ 1947 ਦੀ ਵੰਡ ਵੀ ਉਸਨੂੰ ਤੋੜ ਨਹੀਂ ਸਕੀ. ਇਹ ਉਸ ਪਿਆਰ ਦੀ ਹੀ ਇੱਕ ਨਿਸ਼ਾਨੀ ਹੈ ਕਿ ਅੱਜ ਦੀਪ ਸਈਦਾ ਦਾ ਨਾਮ ਦੀਪ ਨਾਲ ਸ਼ੁਰੂ ਹੁੰਦਾ ਹੈ. ਨਫਰਤਾਂ ਦੀਆਂ ਹਨੇਰੀਆਂ ਅਤੇ ਅੰਨੀ ਦੁਸ਼ਮਣੀ ਦੇ ਤੁਫਾਨਾਂ ਖਿਲਾਫ਼ ਪ੍ਰੇਮ ਪਿਆਰ ਦੀ ਜੋਤ ਜਗਾ ਰਿਹਾ ਦੀਪ. ਇਹ ਕੁਝ ਉਸਦੇ ਨਾਮ ਵਿੱਚ ਹੀ ਨਹੀਂ ਉਸਦੀ ਸੋਚ ਵਿੱਚ ਵੀ ਹੈ, ਉਸਦੇ ਅਮਲ ਵਿੱਚ ਵੀ ਹੈ. ਏਸੇ ਸੋਚ ਅਤੇ ਏਸੇ ਅਮਲ ਕਾਰਣ ਹੀ ਇਸ ਵਾਰ ਉਹ ਉਹ ਚੰਡੀਗੜ੍ਹ ਆ ਰਹੀ ਹੈ ਸਤੰਬਰ ਦੇ ਅਖੀਰ ਵਿੱਚ; ਬਿਲਕੁਲ ਪਿਛਲੇ ਸਾਲ ਦੀ ਤਰਾਂ. ਪਿਛਲੀ ਵਾਰ ਉਸਦੇ ਨਾਲ 47 ਵਿਦਿਆਰਥੀਆਂ ਅਤੇ ਵਿਦਿਆਰਥਣਾਂ  ਦਾ ਟੋਲਾ ਸੀ ਤੇ ਇਸ ਵਾਰ ਇਹ ਗਿਣਤੀ 100  ਹੋਵੇਗੀ.  ਇਹ ਸਾਰਾ ਆਯੋਜਨ ਯੁਵਸੱਤਾ ਨਾਂਅ ਦੀ ਜੱਥੇਬੰਦੀ ਸ਼ਾਂਤੀ ਮੇਲੇ ਵਜੋਂ ਕਰ ਰਹੀ ਹੈ. ਯੁਵਸੱਤਾ ਦੇ ਪ੍ਰਬੰਧਕਾਂ ਚੋਂ ਇੱਕ ਪ੍ਰਮੋਦ ਸ਼ਰਮਾ ਇਸ ਵਾਰ ਵੀ ਪੂਰੇ ਉਤਸ਼ਾਹ ਵਿੱਚ ਹਨ. ਮਹਾਤਮਾ ਗਾਂਧੀ ਦੀ ਵਿਚਾਰਧਾਰਾ ਤੇ ਅਧਾਰਿਤ ਇਸ ਮਿਸ਼ਨ ਦਾ ਇਹ ਪ੍ਰੋਗਰਾਮ ਇਸ ਵਾਰ ਸਵਰਗਵਾਸੀ ਦੀਦੀ ਨਿਰਮਲਾ ਦੇਸ਼ਪਾਂਡੇ  ਨੂੰ ਸਮਰਪਿਤ ਹੋਏਗਾ. ਗੀਤ ਸੰਗੀਤ ਦੇ ਨਾਲ ਨਾਲ ਪੇਂਟਿੰਗ, ਫ਼ੋਟੋਗ੍ਰਾਫ਼ੀ, ਵਿਚਾਰ ਵਟਾਂਦਰੇ ਅਤੇ ਜਨ ਜਾਗਰਤੀ ਪ੍ਰੋਗਰਾਮਾਂ ਦਾ ਵੀ ਆਯੋਜਨ ਕੀਤਾ ਜਾਏਗਾ. ਸੰਸਾਰ ਅਮਨ ਦੀਆਂ ਸਬੀਲਾਂ ਵੀ ਸੋਚੀਆਂ ਜਾਣਗੀਆਂ. ਇੱਕ ਵਿਸ਼ਾਲ ਮਾਰਚ ਵੀ ਹੋਵੇਗਾ ਜਿਸ ਵਿੱਚ ਭਾਗ ਲੈਣ ਲਈ ਦੁਨੀਆ ਦੇ ਵੱਖ ਵੱਖ ਦੇਸ਼ਾਂ ਚੋਂ ਇੱਕ ਹਜ਼ਾਰ ਸਟੂਡੈਂਟ ਪੁੱਜਣਗੇ, ਵੀਹ ਹਜ਼ਾਰ ਵਾਲੰਟੀਅਰ ਵੀ ਮੌਜੂਦ ਰਹਿਣਗੇ ਅਤੇ ਚੰਡੀਗੜ੍ਹ ਦੇ ਸਕੂਲੀ ਬੱਚੇ ਵੀ ਵੱਡੀ ਗਿਣਤੀ 'ਚ ਸ਼ਾਮਿਲ ਹੋਣਗੇ. ਇੱਕ ਲੱਖ ਦਾ ਇਹ ਕਾਫ਼ਿਲਾ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੁਨੇਹਾ ਦੇਣ ਲਈ ਮਾਰਚ ਕਰੇਗਾ. ਪ੍ਰੋਗਰਾਮਾਂ ਦਾ ਇਹ ਸਿਲਸਿਲਾ 26 ਸਤੰਬਰ ਨੂੰ ਸ਼ੁਰੂ ਹੋ ਕੇ ਦੋ ਅਕਤੂਬਰ ਤੱਕ ਚੱਲੇਗਾ.  ਪ੍ਰੋਗਰਾਮ ਦਾ ਇਹ ਪੂਰਾ ਵੇਰਵਾ ਪੜ੍ਹਨ ਲਈ ਏਥੇ ਕਲਿੱਕ ਕਰੋ. ਜੇ ਤੁਸੀਂ ਵੀ ਇਸ ਮੌਕੇ ਤੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਬੇਝਿਜਕ ਹੋ ਕੇ ਲਿਖੋ.   --ਰੈਕਟਰ ਕਥੂਰੀਆ 

No comments: