Friday, July 16, 2010

ਗੱਲ ਕਵਿਤਾ ਦੀ...!


ਕਦੇ ਕਦੇ ਦਿਨ ਜਿੰਨਾ ਮਰਜ਼ੀ ਚੰਗਾ ਚੜ੍ਹਿਆ ਹੋਵੇ ਪਰ ਸ਼ਾਮ ਹੋਣ ਤੱਕ ਤਨ ਅਤੇ ਮਨ ਦੀ ਥਕਾਵਟ ਚੂਰ ਚੂਰ ਕਰ ਦੇਂਦੀ ਹੈ. ਨਾ ਨੀਂਦ ਆਉਂਦੀ ਹੈ ਨਾ ਜਾਗਿਆ ਜਾਂਦਾ ਹੈ. ਜਿਹੜੇ ਇਸ ਹਾਲਤ ਤੋਂ ਛੁਟਕਾਰਾ ਲੈਣ ਲਈ ਕੋਈ ਹੋਰ ਹੀਲਾ  ਵਸੀਲਾ ਵੀ ਨਹੀਂ ਕਰਦੇ ਉਹਨਾਂ ਲਈ ਇਹ ਮੁਸ਼ਕਿਲ ਹੋਰ ਵੀ ਗੰਭੀਰ ਹੋ ਜਾਂਦੀ ਹੈ. ਪਰ ਅੰਦਾਜ਼ਾ ਲਾਓ ਉਸ ਕ੍ਰਿਸ਼ਮੇ ਦਾ ਜੋ ਕਈ ਵਾਰ ਏਹੋ ਜਿਹੀ ਹਾਲਤ ਵਿੱਚ ਵੀ ਆਪਣੀ ਹੋਂਦ ਦਾ ਅਹਿਸਾਸ ਕਰਾਉਂਦਾ ਹੈ.ਉਸ ਦਿਨ ਜਦੋਂ ਸ਼ਾਮ ਨੂੰ ਘਰ ਪਰਤਿਆ ਤਾਂ ਥਕਾਵਟ ਅਤੇ ਬੁਖਾਰ ਕਾਰਣ ਮੇਰਾ ਬੁਰਾ ਹਾਲ ਸੀ. ਫਿਰ ਵੀ ਸੋਚਿਆ ਚਲੋ ਇੱਕ ਵਾਰ ਮੇਲ ਜ਼ਰੂਰ ਚੈਕ ਕਰ ਲਵਾਂ. ਪਾਣੀ ਦੇ ਗਿਲਾਸ ਨਾਲ ਦਵਾਈ ਲੈ ਕੇ ਕੰਪਿਊਟਰ ਆਨ ਕਰ ਲਿਆ. ਮੇਲ ਚੈਕ ਕਰਦਿਆਂ ਕਦੋਂ ਫੇਸਬੁਕ ਤੇ ਪਹੁੰਚਿਆ ਕੁਝ ਪਤਾ ਹੀ ਨਹੀਂ ਲੱਗਿਆ. ਸਾਹਮਣੇ ਦੇਖਿਆ ਇਕ ਨਜ਼ਮ ਸੀ. ਸ਼ੁਰੂ ਵੀ ਕੀਤੀ ਅਤੇ ਖਤਮ ਵੀ ਪਰ ਇਹ ਛੋਟੀ ਜਹੀ ਕਵਿਤਾ ਤਾਂ ਖਤਮ ਹੀ ਨਹੀਂ ਸੀ ਹੋ ਰਹੀ. ਬਾਰ ਬਾਰ ਕਈ ਵਾਰ ਪੜ੍ਹਿਆ. ਉਸ ਵਿੱਚ ਕੁਝ ਅਜਿਹਾ ਸੀ ਜੋ ਧਿਆਨ ਨੂੰ ਕਿਸੇ ਹੋਰ ਪਾਏ ਹਟਣ ਹੀ ਨਹੀਂ ਸੀ ਦੇ ਰਿਹਾ. ਕਿੰਨਾ ਚੰਗਾ ਹੋਵੇ ਜੇ ਉਸ ਕਵਿਤਾ ਬਾਰੇ ਮੇਰੇ ਕੋਲੋਂ ਕੁਝ ਸੁਨਣ ਦੀ ਬਜਾਏ ਤੁਸੀਂ ਖੁਦ ਹੀ ਉਸਨੂੰ ਪੜ੍ਹੋ ਕਿਓਂਕਿ ਫਿਲਮੀ ਗੀਤਾਂ ਵਿਚ ਅਦਬੀ ਰੰਗ ਭਰਨ ਵਾਲੇ ਜਨਾਬ ਸਾਹਿਰ ਲੁਧਿਆਣਵੀ ਹੁਰਾਂ ਦੀ ਇੱਕ ਗੱਲ ਮੈਨੂੰ ਕਦੇ ਨਹੀਂ ਭੁੱਲਦੀ: ਲੇ ਦੇ ਕੇ ਆਪਣੇ ਪਾਸ ਫ਼ਕ਼ਤ ਨਜ਼ਰ ਹੀ ਤੋ ਹੈ, ਕਿਊਂ ਦੇਖੇਂ ਜ਼ਿੰਦਗੀ ਕੋ ਕਿਸੀ ਕੀ ਨਜ਼ਰ ਸੇ ਹਮ....! ਸੋ  ਤੁਸੀਂ ਖੁਦ ਪੜ੍ਹੋ ਆਪਣੀ ਨਜ਼ਰ ਅਤੇ ਆਪਣੇ ਮਨ ਦੇ ਨਾਲ ਪਰ ਇਹ ਜ਼ਰੂਰ ਦਸਣਾ ਕਿ ਤੁਹਾਨੂੰ ਇਹ ਕਿਹੋ ਜਿਹੀ ਲੱਗੀ ? 
ਸਨਦ.....

ਇਨਾਂ ਰਾਤਾਂ ਦੀ ਕਾਲੀ
ਸਿਆਹੀ ਨੂੰ ਪੜ ਕੇ
ਬਾਰੀ 'ਚੋਂ ਰੁੱਖ ਦੀ
ਉੱਚਾਈ ਨੂੰ ਪੜ ਕੇ
'ਇੱਕਲ' ਦੀ ਲੰਬੀ
ਪਰਛਾਈ ਨੂੰ ਪੜ ਕੇ
ਯਾਰਾਂ ਦੀ ਡੂੰਘੀ
ਜੁਦਾਈ ਨੂੰ ਪੜ ਕੇ
ਹਾਸਿਲ ਜੋ ਹੋਣੀ ਏ
ਤੈਨੂੰ ਸਨਦ
ਹੋਣੇ ਨੇ ਲਿਖੇ
ਉਹਦੇ 'ਤੇ ਲਫਜ਼ :

"ਇਹ ਡਿਗਰੀ ਦਿਲਾਂ ਦੇ ਏ
ਹੰਭ ਜਾਣ ਦੀ |
ਅੱਖੀਆਂ 'ਚ ਪਾਣੀ ਦੇ
ਜੰਮ ਜਾਣ ਦੀ |
ਮਾਵਾਂ ਦੀ ਧੜਕਣ ਦੇ
ਥਮ ਜਾਣ ਦੀ |
ਰੋਟੀ ਲਈ ਉਮਰਾਂ ਦੇ
ਹੰਢ ਜਾਣ ਦੀ |

ਇਹ ਡਿਗਰੀ ਏ...."

ਮਹਿੰਦਰ ਰਿਸ਼ਮ
(01/08/2007)
ਏਸੇ ਤਰਾਂ ਇੱਕ ਹੋਰ ਕਵਿਤਾ ਸੀ ਮੁਖਵੀਰ ਸਿੰਘ ਦੀ. ਪੰਜਾਬੀ ਅਧਿਆਪਕ ਅਤੇ ਕਿਰਤੀ ਕਿਸਾਨ ਮੁਖਵੀਰ ਦੀ ਇੱਕ ਪੁਸਤਕ ਵੀ ਛਪ ਚੁੱਕੀ ਹੈ ਪਰ ਫਿਰ ਵੀ ਉਸਦੀ ਨਿਮਰਤਾ ਦੇਖੋ. ਉਸਦਾ ਕਹਿਣਾ ਹੈ ਕਿ ਮੈਂ ਅਜੇ ਸਾਹਿਤ ਸਿਰਜਣਾ ਸਿੱਖ ਰਿਹਾ ਹਾਂ. ਉਸਦੀ ਗੱਲ ਸਹੀ ਹੈ ਜਾਂ ਗਲਤ ਇਸ ਬਾਰੇ ਮੈਂ ਕੁਝ ਨਹੀਂ ਆਖਣਾ. ਤੁਸੀਂ ਇਸ ਕਵਿਤਾ ਨੂੰ ਵੀ ਆਪ ਪੜ੍ਹੋ ਅਤੇ ਫਿਰ ਦੇਖੋ ਕਿ ਉਹ ਸਿਖਾਂਦਰੂ ਹੈ ਜਾਂ ਫੇਰ  ਕੁਝ ਹੋਰ. ਤੁਹਾਨੂੰ ਜੋ ਵੀ ਗੱਲ ਸਹੀ ਲੱਗੇ ਉਸਨੂੰ ਕੁਝ ਸ਼ਬਦ ਦੇ ਕੇ ਜ਼ਰੂਰ ਭੇਜਣਾ. ਤੁਹਾਡੇ ਵਿਚਾਰਾਂ ਨਾਲ ਕੁਝ ਖੁਸ਼ੀ ਮਿਲੇਗੀ....ਤੇ ਲਓ ਜੀ ਹੁਣ ਪੜ੍ਹੋ ਇਹ ਕਵਿਤਾ....!




ਹੁਣ ਮੈਂ ਕਦੇ 


ਹੁਣ ਮੈਂ ਕਦੇ ਕੋਈ ਕੀੜੀ ਨਹੀਂ ਵੇਖੀ
ਜਦੋਂ ਬਹੁਤ ਛੋਟੇ ਸਾਂ
ਕਦੇ ਡਿੱਗ ਪੈਣਾ, ਰੋਣਾ
ਤਾਂ ਮਾਂ ਨੇ ਕਹਿਣਾ 'ਵੇਖ
ਕੀੜੀ ਦਾ ਆਟਾ ਡੁੱਲ ਗਿਆ ਹੈ'

ਆਪਣੀ ਸੱਟ,ਰੋਣਾ ਭੁੱਲ
ਕੀੜੀ ਵੱਲ ਤੱਕਣਾ

ਸੱਟਾਂ ਤਾਂ ਹੁਣ ਵੀ ਹੈ ਬਹੁਤ
ਪਰ ਸੱਟਾਂ ਭੁੱਲਣ ਲਈ
ਹੁਣ ਮੈਂ ਕਦੇ ਕੋਈ ਕੀੜੀ ਨਹੀਂ ਵੇਖੀ

ਕੀੜੀ ਨੇ ਸਿਖਾਇਆ ਸੀ
ਲਾਇਨ ਵਿਚ ਚਲਣਾ
ਕੀੜੀ ਨੇ ਸਿਖਾਇਆ ਸੀ
ਇਕ-ਦੂਜੇ ਖਿਆਲ ਕਿੰਝ ਰੱਖਣਾ
ਕੀੜੀ ਨੇ ਸਿਖਾਇਆਂ ਸੀ
ਇਕੱਠੇ ਰਹਿ ਦਸ ਗੁਣਾਂ ਭਾਰ ਕਿੰਝ ਚੱਕਣਾ

ਹੁਣ ਮੈਂ ਗਿਆ ਹਾਂ ਸਾਰਾ ਕੁਝ ਭੁੱਲ

ਕਿਉਂਕਿ
ਹੁਣ ਮੈਂ ਕਦੇ ਕੋਈ ਕੀੜੀ ਨਹੀਂ ਵੇਖੀ

ਦੁਨੀਆਂ ਦੀ ਭੀੜ ਵਿਚ
ਖੁਦ ਕੀੜੀ ਹੋਇਆ ਬੰਦਾ
ਕੀੜੀਆਂ ਨੂੰ ਕਿੰਝ ਯਾਦ ਰੱਖੇ
ਖੁਦ ਕੀੜੀ ਵਾਂਗ
ਪੈਰ੍ਹਾਂ ਥੱਲੇ ਆਇਆ ਬੰਦਾ

ਖੁਦ ਕੀੜੀ ਹੋਇਆ
ਕੀੜੀ ਬਾਰੇ ਸੋਚਾਂ ਮੈਂ

ਕੁਝ ਨਾ ਕਰ ਪਾਇਆ
ਕਿਉਂਕਿ
ਹੁਣ ਮੈਂ ਕਦੇ ਕੋਈ ਕੀੜੀ ਨਹੀਂ ਵੇਖੀ 
--ਮੁਖਵੀਰ


ਤੁਸੀਂ ਇਸ ਪੋਸਟ ਬਾਰੇ ਆਪਣੇ ਵਿਚਾਰ ਭੇਜਣੇ ਨਾ ਭੁੱਲਣਾ.-ਰੈਕਟਰ ਕਥੂਰੀਆ   

2 comments:

Anonymous said...

Aaaaah !!!

Tarlok Judge said...

Wah Mukhvir Ji- Jionde raho.