Friday, July 16, 2010

ਸਾਂਝੀ ਕਮਾਨ ਨਾਲ ਲਾਲ ਖੌਫ਼ ਨੂੰ ਟੱਕਰ ਅਤੇ ਹੋਰ ਮਾਮਲੇ......!

ਪ੍ਰਧਾਨ ਮੰਤਰੀ ਨਾਲ ਨਕਸਲ ਪ੍ਰਭਾਵਿਤ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਇੱਕ ਖਾਸ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਹੈ ਕਿ ਚਾਰ ਰਾਜਾਂ ਵਿੱਚ ਏਕੀਕ੍ਰਿਤ ਕਮਾਨ ਸਥਾਪਿਤ ਕੀਤੀ ਜਾਏਗੀ. ਇਸ ਕਮਾਨ ਨੂੰ ਵਧ ਤੋਂ ਵਧ ਸ਼ਕਤੀਸ਼ਾਲੀ ਕਰਨ ਲਈ ਕਈ ਅਹਿਮ ਐਲਾਨ ਕੀਤੇ ਗਏ ਹਨ. ਇਹਨਾਂ ਐਲਾਨਾਂ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਰਾਜਾਂ ਵਿੱਚ 400 ਨਵੇਂ ਥਾਣੇ ਵੀ ਬਣਾਏ ਜਾਣਗੇ ਅਤੇ ਇਹਨਾਂ ਥਾਣਿਆਂ ਨੂੰ ਚਲਾਉਣ ਜਾਂ ਇਹਨਾਂ ਦੇ ਆਧੁਨਿਕੀਕਰਣ ਲਈ ਦੋ ਸਾਲਾਂ ਤੱਕ ਦੋ ਦੋ ਕਰੋੜ ਰੁਪਏ ਵੀ ਦਿੱਤੇ ਜਾਣਗੇ. ਕਾਬਿਲੇ ਜ਼ਿਕਰ ਹੈ ਕਿ ਇਸ ਮੀਟਿੰਗ ਵਿੱਚ ਸੱਤ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਿਲ ਹੋਏ ਸਨ ਪਰ ਇਹਨਾਂ ਵਿਚੋਂ ਸਿਰਫ ਚਾਰ ਰਾਜਾਂ ਦੇ ਮੁੱਖ ਮੰਤਰੀ ਹੀ ਇਸ ਏਕੀਕ੍ਰਿਤ ਕਮਾਨ ਲਈ ਸਹਿਮਤ ਹੋਏ. ਨਕਸਲ ਪ੍ਰਭਾਵਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਕਿਹਾ ਗਿਆ ਹੈ ਕਿ ਓਹ ਆਪੋ ਆਪਣੇ ਰਾਜਾਂ ਵਿੱਚ ਪੁਲਿਸ ਫੋਰਸ ਦੀਆਂ ਖਾਲੀ ਪਈਆਂ 97 ਹਜ਼ਾਰ ਆਸਾਮੀਆਂ ਨੂੰ ਇਸ ਸਾਲ ਦੇ ਅੰਤ ਤੱਕ ਪੂਰਿਆਂ ਕਰਨ. ਇਸਦੇ ਨਾਲ ਹੀ 1600 ਐਸ ਪੀ ਓ ਵੀ ਭਰਤੀ ਕਰਨ ਲਈ ਕਿਹਾ ਗਿਆ ਹੈ. ਲਾਲ ਖੌਫ਼ ਨੂੰ ਸਾਂਝੀ ਕਮਾਨ ਰਾਹੀਂ ਟੱਕਰ ਦੇਣ ਵਾਲੀ ਇਸ ਖਬਰ ਨੂੰ  ਅਖਬਾਰਾਂ ਨੇ ਬਹੁਤ ਹੀ ਮਹਤਵਪੂਰਣ ਥਾਂ ਦੇ ਕੇ ਪ੍ਰਕਾਸ਼ਿਤ ਕੀਤਾ ਹੈ. 

ਏਸੇ ਦੌਰਾਨ 26 ਸਾਲਾਂ ਦੇ ਲੰਮੇ ਅਰਸੇ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇੱਕ ਮਹਤਵਪੂਰਣ ਫੈਸਲਾ ਲੈਂਦਿਆਂ ਨਵੰਬਰ-84 ਦੀਆਂ ਘਟਨਾਵਾਂ ਨੂੰ ਸਿਖਾਂ ਦੀ ਨਸਲਕੁਸ਼ੀ ਕਰਾਰ ਦਿੱਤਾ ਹੈ. ਜ਼ਿਕਰਯੋਗ ਹੈ ਕਿ ਇਹਨਾਂ ਘਟਨਾਵਾਂ ਨੂੰ ਦੰਗੇ ਵਰਗੇ ਸ਼ਬਦਾਂ ਨਾਲ ਸੰਬੋਧਨ ਕੀਤੇ ਜਾਣ ਤੇ ਅਕਸਰ ਹੀ ਵਿਰੋਧ ਦਰਜ ਕਰਵਾਇਆ ਜਾਂਦਾ ਰਿਹਾ ਹੈ. ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਹੈ ਕਿ 18  ਸੂਬਿਆਂ ਦੇ 110 ਸਹਿਰਾਂ  ਵਿੱਚ ਸਿੱਖਾਂ ਦਾ ਕਤਲੇ-ਆਮ ਬੜੀ ਹੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ.  ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਮੌਕੇ ਤੇ ਕਈ ਹੋਰ ਮੁੱਦੇ  ਵੀ ਚੁੱਕੇ ਹਨ. ਛੱਬੀਆਂ ਸਾਲਾਂ ਦੇ ਲੰਮੇ ਵਕਫੇ ਮਗਰੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਐਨ ਨੇੜੇ ਜਿਹੇ ਚੁੱਕੇ ਗਏ ਇਸ ਫੈਸਲੇ ਦੇ ਕਾਰਣ ਅਤੇ ਅਸਰ ਭਾਵੇਂ ਕੁਝ ਵੀ ਹੋਣ ਪਰ ਆਮ ਸਿਖ ਸੰਗਤਾਂ ਦੇ ਹਿਰਦਿਆਂ ਨੂੰ ਇਸ ਖਬਰ ਨਾਲ ਕਾਫੀ ਤੱਸਲੀ ਜਿਹੀ ਮਿਲੇਗੀ. 
ਆਖਿਰ ਗਾਂਧੀਵਾਦੀ ਹਿਮਾਂਸ਼ੂ ਕੁਮਾਰ ਦੇ ਖਿਲਾਫ਼ ਵੀ ਕੇਸ ਦਰਜ ਕਰ ਲਿਆ ਗਿਆ. ਜਿਥੇ ਰੋਜ਼ਾਨਾ ਨਵਾਂ ਜ਼ਮਾਨਾ ਨੇ ਇਸ ਖਬਰ ਨੂੰ ਆਪਣੀ ਬੋਟਮ ਸਟੋਰੀ ਬਣਾਇਆ ਓਥੇ ਰੋਜ਼ਾਨਾ ਪੰਜਾਬੀ ਟ੍ਰਿਬਿਊਨ ਨੇ ਵੀ ਇਸ ਖਬਰ ਨੂੰ ਅਹਿਮ ਥਾਂ ਦਿੱਤੀ. ਜ਼ਿਕਰ ਯੋਗ ਹੈ ਕਿ ਗਾਂਧੀਵਾਦੀ ਹਿਮਾਂਸ਼ੂ ਕੁਮਾਰ ਆਪਣੇ ਐਲਾਨੇ ਹੋਏ ਪ੍ਰੋਗਰਾਮ ਮੁਤਾਬਿਕ ਗਿੱਦੜਬਾਹਾ ਪੁੱਜੇ ਤਾਂ ਅਚਾਨਕ ਹੀ ਓਥੇ ਚੱਲ ਰਹੇ ਇੱਕ ਪ੍ਰੋਗਰਾਮ ਵਿੱਚ ਇੱਕ ਵੀਡੀਓ ਕੈਮਰਾਮੈਨ ਨੇ ਇਸ ਦੀ ਕਵਰੇਜ ਦੇ ਨਾਂਅ  ਓਥੇ ਮੌਜੂਦ ਇੱਕ ਇੱਕ ਬੰਦੇ ਦੇ ਚੇਹਰੇ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਨਾ ਸ਼ੁਰੂ ਕਰ ਦਿੱਤਾ. ਪੁਛਣ ਤੇ ਉਸਨੇ ਆਪਣੇ ਆਪ ਨੂੰ ਕਿਸੇ ਟੀਵੀ ਚੈਨਲ ਦਾ ਕੈਮਰਾਮੈਨ ਦੱਸਿਆ. ਪਰ ਨਾਂ ਤਾਂ ਓਹ ਆਪਣਾ ਸ਼ਨਾਖਤੀ ਕਾਰਡ ਹੀ ਦਿਖਾ ਸਕਿਆ ਅਤੇ ਨਾ ਹੀ ਟੀ ਵੀ ਚੈਨਲ ਦੇ ਕਿਸੇ ਅਧਿਕਾਰੀ ਨਾਲ ਗੱਲ ਕਰਵਾ ਸਕਿਆ. 
ਪ੍ਰਬੰਧਕਾਂ ਨੇ ਉਸ ਨੂੰ ਸ੍ਟੇਜ ਤੇ ਲੈ ਆਂਦਾ ਅਤੇ ਸਪੀਕਰ ਰਾਹੀਂ ਸਾਰਾ ਮਾਜਰਾ ਲੋਕਾਂ ਨੂੰ  ਦਸਿਆ.  ਅਖਬਾਰੀ ਰਿਪੋਰਟ ਮੁਤਾਬਿਕ ਅਸਲ ਵਿੱਚ ਉਹ ਮੀਡਿਆ ਦੇ ਪਰਦੇ ਹੇਠ ਖੁਫਿਆ ਏਜੰਸੀਆਂ ਲਈ ਹੀ ਸਾਰੀ ਵੀਡੀਓਗ੍ਰਾਫੀ ਕਰ ਰਿਹਾ ਸੀ. ਇਸਦੇ ਬਾਵਜੂਦ ਸ਼ਾਮ ਤੱਕ ਉਸਦਾ ਕੈਮਰਾ ਉਸ ਨੂੰ ਮੋੜ ਦਿੱਤਾ ਗਿਆ ਪਰ ਪੁਲਿਸ ਨੇ ਹਿਮਾਂਸ਼ੂ ਕੁਮਾਰ ਅਤੇ ਹੋਰਨਾਂ ਵਿਰੁਧ ਕੇਸ ਦਰਜ ਕਰ ਲਿਆ ਗਿਆ. ਜੇ ਤੁਹਾਡੇ ਕੋਲ ਵੀ ਕੋਈ ਖਾਸ ਖਬਰ ਹੋਵੇ ਤਾਂ ਜ਼ਰੂਰ ਭੇਜਣਾ ਇਥੇ ਸ਼ਿਅਰ ਕਰਨ ਲਈ.--ਰੈਕਟਰ ਕਥੂਰੀਆ 

1 comment:

Anonymous said...

Centre eh kyo nahi samjhadi k sharirak taur te ta kise nu chup karaya ja sakda hai par mansik taur te nahin .....

Lod hai soch badlan di na k kuchlan di ....
Oh v ta sade apne hi ne ...
J koi bacha apne ghar vich bagawat kar denda hai ta ghar de us nu maran nu ta nahin bhaj painde ..
sago koi na koi hila-vasila kar k us nu samjha hi lainde ne ...

HAn, ik gal zaroor k es naksal ladai vich kujh shraarti ansaar aa k jud gaye ne jo asal soch nu khora la rahe ne aate asal soch da aks kharaab ho reha hai ...

Lod hai ohna sharaarti ansaran te nakel kassan di, hakk lai ladan valeya vaste nahin ....

Thnx fr readin :)