ਪਤੰਗ ਦਾ ਇਤਿਹਾਸ ਕਾਫੀ ਪੁਰਾਣਾ ਹੈ. ਕਰੀਬ ਤਿੰਨ ਕੁ ਹਜ਼ਾਰ ਸਾਲ ਪਹਿਲਾਂ ਵੀ ਪਤੰਗਬਾਜ਼ੀ ਦਾ ਰਿਵਾਜ ਜ਼ੋਰਾਂ ਤੇ ਸੀ. ਪਤੰਗਾਂ ਦੇ ਮੁਕਾਬਲੇ ਅਤੇ ਪਤੰਗਬਾਜ਼ਾਂ ਦੇ ਮੇਲੇ ਇੱਕ ਵੱਖਰੀ ਦੁਨੀਆ ਦੇ ਨਜ਼ਾਰੇ ਦਿਖਾਉਂਦੇ ਹਨ. ਪਤੰਗ ਜਦੋਂ ਅਸਮਾਨ ਵਿੱਚ ਉੱਡਦੀ ਹੈ ਤਾਂ ਦਿਲ ਕਰਦਾ ਹੈ ਇਹ ਹੋਰ ਉੱਚੀ ਉੱਡੇ, ਹੋਰ ਉੱਚੀ ਉੱਡੇ...ਪਰ ਪਤੰਗ ਆਖਿਰ ਪਤੰਗ ਹੀ ਹੈ...ਥੋਹੜੀ ਦੇਰ ਅਸਮਾਨਾਂ ਦੀਆਂ ਉਡਾਰੀਆਂ ਲਾਉਂਦੀ ਹੈ ਅਤੇ ਫਿਰ ਕਦੋਂ ਬੋਕਾਟਾ ਹੋ ਜਾਂਦੀ ਹੈ ਕੁਝ ਪਤਾ ਹੀ ਨਹੀਂ ਲੱਗਦਾ. ਮੈਨੂੰ ਯਾਦ ਆ ਰਿਹਾ ਹੈ ਕਿ 1970 ਵਿੱਚ ਸ਼ਕਤੀ ਸਾਮੰਤ ਦੀ ਇੱਕ ਫਿਲਮ ਆਈ ਸੀ ਕਟੀ ਪਤੰਗ. ਉਸ ਵੇਲੇ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਆਸ਼ਾ ਪਾਰੇਖ ਦੀ ਹਿੱਟ ਜੋੜੀ ਵਾਲੀ ਇਸ ਸੁਪਰ ਹਿੱਟ ਫਿਲਮ ਦੇ ਉਂਝ ਤਾਂ ਸਾਰੇ ਗੀਤ ਹੀ ਬਹੁਤ ਹਰਮਨ ਪਿਆਰੇ ਹੋਏ ਸਨ ਪਰ ਇਸ ਦਾ ਇੱਕ ਗੀਤ ਬਹੁਤ ਹੀ ਹਿੱਟ ਹੋਇਆ ਸੀ...ਨਾ ਕੋਈ ਉਮੰਗ ਹੈ, ਨਾ ਕੋਈ ਤਰੰਗ ਹੈ ਕਿਆ...ਮੇਰੀ ਜ਼ਿੰਦਗੀ ਹੈ ਕਿਆ, ਇਕ ਕਟੀ ਪਤੰਗ ਹੈ...ਇਹ ਸਭ ਕੁਝ ਮੈਨੂੰ ਅੱਜ ਅਚਾਨਕ ਹੀ ਉਦੋਂ ਯਾਦ ਆਇਆ ਜਦੋਂ ਮੇਰੇ ਸਾਹਮਣੇ ਇੱਕ ਪਤੰਗ ਦੀ ਫੋਟੋ ਆਈ. ਫੋਟੋ ਅਫਗਾਨਿਸਤਾਨ ਦੀ ਹੈ ਜਿੱਥੇ ਇੱਕ ਇਲਾਕੇ ਵਿੱਚ ਅਫਗਾਨ ਨੈਸ਼ਨਲ ਆਰਮੀ ਦੇ ਜਵਾਨ ਇੱਕ ਪਿੰਡ ਦੇ ਵਸਨੀਕਾਂ ਨੂੰ ਪਤੰਗਾਂ ਵੰਡ ਰਹੇ ਹਨ. ਪਤੰਗਾਂ ਲੈ ਕੇ ਇਹ ਸਾਰੇ ਜਣੇ ਖੁਸ਼ੀ ਖੁਸ਼ੀ ਇਹਨਾਂ ਨੂੰ ਉਡਾਉਣਗੇ ਵੀ ਅਤੇ ਸ਼ਾਇਦ ਨਾਲ ਨਾਲ ਇਹੋ ਜਿਹਾ ਕੋਈ ਗੀਤ ਵੀ ਗਾਉਣਗੇ....ਚਲੀ ਚਲੀ ਰੇ ਪਤੰਗ ਮੇਰੀ ਚਲੀ ਰੇ....ਪਤੰਗਾਂ ਵਾਂਗ ਅਰਮਾਨਾਂ ਨੂੰ ਖਂਭ ਲਾਉਣ ਵਾਲੇ ਇਹਨਾਂ ਪਲਾਂ ਨੂੰ ਕੈਮਰੇ ਵਿੱਚ ਕੈਦ ਕੀਤਾ ਅਮਰੀਕੀ ਰਖਿਆ ਵਿਭਾਗ ਦੇ Spc. De'Yonte Mosley ਨੇ. ਅਮਰੀਕੀ ਫੌਜ ਦੀ ਇਹ ਤਸਵੀਰ ਤੁਹਾਨੂੰ ਕਿਹੋ ਜਿਹੀ ਲੱਗੀ...ਇਸ ਬਾਰੇ ਜ਼ਰੂਰ ਦਸਣਾ ਜੀ. --ਰੈਕਟਰ ਕਥੂਰੀਆ
No comments:
Post a Comment