Tuesday, March 30, 2010

ਛੇਵਾਂ ਸਦਮਾ


ਮੈਂ ਆਪਣਾ ਕਤਲਨਾਮਾ ਪੜ੍ਹ ਲਿਆ ਹੈ 
ਜ਼ਰਾ ਠਹਿਰੋ !
ਕੋਈ ਬਸਤੀ ‘ਚ ਤਾਂ ਬਾਕੀ ਨਹੀ ਬਚਿਆ
ਦਰਖਤਾਂ ਨੂੰ ਵਸੀਅਤ ਕਰ ਲਵਾਂ ਮੈਂ ।
"ਮਿਰੇ ਯਾਰੋ
ਮਿਰੇ ਪਿੱਛੋ
ਤੁਸੀ ਕਿਸ਼ਤੀ ਵੀ ਬਣਨਾ ਹੈ
ਤੁਸੀ ਚਰਖਾ ਵੀ ਬਣਨਾ ਹੈ
ਤੁਸੀ ਰੰਗੀਲ ਪੀੜਾ ਵੀ
ਤੇ ਪੰਘੂੜਾ ਵੀ ਬਣਨਾ ਹੈ
ਮਗਰ ਕੁਰਸੀ ਨਹੀ ਬਣਨਾ।

ਇਹ ਮਹਾਨ ਵਸੀਅਤਨਾਮਾ  ਕਰਨ ਵਾਲਾ ਮਹਾਨ ਸ਼ਾਇਰ ਡਾਕਟਰ ਜਗਤਾਰ ਹੁਣ ਸਾਡੇ ਵਿਚਕਾਰ ਨਹੀਂ ਰਿਹਾ. ਇਹ ਕਵਿਤਾ ਮੈਂ ਕਈ ਸਾਲ ਪਹਿਲਾਂ ਉਹਨਾਂ ਦੇ ਮੂੰਹੋਂ ਸੁਣੀ ਸੀ ਪੰਜਾਬੀ ਭਵਨ ਲੁਧਿਆਣਾ ਵਿੱਚ. ਉਦੋਂ ਪੰਜਾਬੀ ਭਵਨ ਦੀ ਸ੍ਟੇਜ ਦੂਜੇ ਪਾਸੇ ਹੋਇਆ ਕਰਦੀ ਸੀ ਜਿਧਰ ਅੱਜ ਕਲ ਕੁਰਸੀਆਂ ਲੱਗਿਆਂ ਹੋਈਆਂ ਹਨ. ਪ੍ਰੋਗ੍ਰਾਮ ਵਿੱਚ ਕੁਝ ਰਾਜਨੀਤਕ ਸ਼ਖਸੀਅਤਾਂ ਵੀ ਮੌਜੂਦ ਸਨ. ਪੰਜਾਬ ਦੇ ਹਾਲਾਤ ਵੀ ਉਦੋਂ ਚੰਗੇ ਨਹੀਂ ਸਨ. ਗੋਲੀਆਂ ਅਤੇ ਬੰਬ ਧਮਾਕਿਆਂ ਦਾ ਦੌਰ ਸੀ. ਹਲੂਣ ਕੇ ਰੱਖ ਦੇਣ ਵਾਲੀ ਇਸ ਕਵਿਤਾ ਦਾ ਅਗਲਾ ਬੰਦ ਪੜਦਿਆਂ ਡਾਕਟਰ ਜਗਤਾਰ ਨੇ ਕਿਹਾ :
"ਮਿਰੇ ਯਾਰੋ 
ਮਿਰੇ ਪਿੱਛੋ
ਤੁਸੀ ਹਰ ਹਾਲ
ਡਿਗਦੀ ਛੱਤ ਦੀ ਥੰਮ੍ਹੀ ਤਾਂ ਬਣਨਾ ਹੈ
ਕਿਸੇ ਮੁਹਤਾਜ ਦੀ ਲਾਠੀ ਵੀ ਬਣਨਾ ਹੈ
ਮਗਰ ਤਲਵਾਰ ਦਾ ਦਸਤਾ ਨਹੀਂ ਬਣਨਾ ।

ਆਪਣੇ ਨਿਵੇਕਲੇ ਅੰਦਾਜ਼ ਨਾਲ ਡਾਕਟਰ ਜਗਤਾਰ ਨੇ ਇਸ ਲੰਮੀ ਕਵਿਤਾ ਦਾ ਆਖਰੀ ਬੰਦ ਪੜਿਆ :

"ਮਿਰੇ ਯਾਰੋ
ਮਿਰੇ ਪਿੱਛੋ
ਜਦੋਂ ਇਹ ਜ਼ਰਦ ਮੌਸਮ ਖਤਮ ਹੋ ਜਾਵੇ
ਜਦੋਂ ਹਰ ਸ਼ਾਖ ਦਾ ਨੰਗੇਜ ਲੁਕ ਜਾਵੇ
ਜੋ ਹਿਜਰਤ ਕਰ ਗਏ ਨੇ
ਉਹ ਪਰਿੰਦੇ ਪਰਤ ਆਵਣ
ਤੁਸੀਂ ਇਕ ਜਸ਼ਨ ਕਰਨਾ
ਉਸ ਮਿੱਟੀ ਦਾ
ਜੋ ਪੀਲੇ ਮੌਸਮਾਂ ਵਿਚ ਕਤਲ ਹੋ ਕੇ ਵੀ
ਜੜ੍ਹਾਂ ਅੰਦਰ ਸਦਾ ਮਹਿਫੂਜ਼ ਰਹਿੰਦੀ ਹੈ
ਨਾ ਮਰਦੀ ਹੈ
ਨਾ ਮਿਟਦੀ ਹੈ
ਸਿਰਫ ਸ਼ਕਲਾਂ ਬਦਲਦੀ ਹੈ” 

ਕਵਿਤਾ ਸੁਣ ਕੇ ਹਾਲ ਵਿੱਚ ਮੌਜੂਦ ਓਹ ਲੋਕ ਵੀ ਦਾਦ ਦੇਣ ਲਈ ਮਜਬੂਰ ਨ੍ਜ਼ਰ ਆਏ ਜਿਹਨਾਂ ਵੱਲ ਇਹ ਕਵਿਤਾ ਸਿਧਾ ਇਸ਼ਾਰਾ ਕਰਦੀ ਸੀ. ਇਸ ਲੰਮੀ ਕਵਿਤਾ ਸਮੇਤ ਤੁਸੀਂ  ਡਾਕਟਰ ਜਗਤਾਰ ਦੀਆਂ ਕੁਝ ਹੋਰ ਕਵਿਤਾਵਾਂ ਪੜ੍ਹ ਸਕਦੇ ਹੋ ਇਥੇ ਕਲਿੱਕ ਕਰਕੇ. ਹਾਲਾਤ ਦੀਆਂ ਕਰੋਪੀਆਂ ਅਤੇ ਹੋਰ ਬਹੁਤ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਪੰਜਾਬੀ ਸਾਹਿਤ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਵਾਲੇ ਡਾਕਟਰ ਜਗਤਾਰ ਦਾ ਵਿਛੋੜਾ ਪੰਜਾਬੀ ਸਾਹਿਤ ਜਗਤ ਦੇ ਦਰਦ ਨੂੰ ਕਈ ਗੁਣਾ ਹੋਰ ਵਧਾ ਗਿਆ ਹੈ. ਮੈਨੂੰ ਇਹ ਦੁਖਦਾਈ ਖਬਰ ਸਭ ਤੋਂ ਪਹਿਲਾਂ ਮਿੱਤਰ ਤਰਲੋਕ ਜੱਜ ਕੋਲੋਂ ਪਤਾ ਲੱਗੀ. ਉਹਨਾਂ ਬੜੇ ਹੀ ਭਰੇ ਮਨ ਨਾਲ ਯਾਦ ਕਰਾਇਆ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਹੀ ਪੰਜਾਬੀ ਮਾਂ ਬੋਲੀ ਨੂੰ ਇਹ ਛੇਵਾਂ ਵੱਡਾ ਸਦਮਾ ਹੈ. ਪਹਿਲਾਂ ਇੰਦਰਜੀਤ ਹਸਨਪੁਰੀ, ਸੰਤੋਖ ਸਿੰਘ ਧੀਰ, ਡਾਕਟਰ ਟੀ ਆਰ ਵਿਨੋਦ, ਹਰਿੰਦਰ ਸਿੰਘ ਮਹਿਬੂਬ ਅਤੇ ਰਾਮ ਸਰੂਪ ਅਣਖੀ ਸਾਨੂੰ ਹਮੇਸ਼ਾਂ ਲਈ ਛੱਡ ਕੇ ਜਾ ਚੁੱਕੇ ਹਨ. ਦੁੱਖ ਦੀ ਇਸ ਘੜੀ ਵਿੱਚ ਜੇ ਅਸੀਂ ਬਾਕੀ ਬਚੇ ਹੋਏ ਅਦੀਬਾਂ ਨੂੰ ਸੰਭਾਲਾਂ ਲਈ ਕੁਝ ਕਰ ਸਕੀਏ ਤਾਂ ਡਾਕਟਰ ਜਗਤਾਰ ਨੂੰ ਦਿੱਤੀ ਜਾਣ ਵਾਲੀ ਸ਼ਰਧਾਂਜਲੀ ਸਾਰਥਕ ਹੋ ਸਕੇਗੀ.   --ਰੈਕਟਰ ਕਥੂਰੀਆ 
                                                                                        
ਨੋਟ: ਡਾਕਟਰ ਜਗਤਾਰ ਹੁਰਾਂ ਦੀ ਉੱਪਰ ਦਿੱਤੀ ਗਈ ਤਸਵੀਰ ਪ੍ਰੇਮ ਮਾਨ ਜੀ ਦੇ ਨਾਲ ਅਕਤੂਬਰ-2005 ਵਿੱਚ ਖਿੱਚੀ ਗਈ ਸੀ. ਉਹਨਾਂ ਦੇ ਨਾਲ ਕਈ ਹੋਰ ਸ਼ਖਸੀਅਤਾਂ ਦੀਆਂ ਤਸਵੀਰਾਂ ਅਤੇ ਹੋਰ ਸਮਗਰੀ ਦੇਖਣ ਲਈ ਇਥੇ ਕਲਿਕ ਕਰੋ ਜੀ ਤੇ ਜੀ ਡਾਕਟਰ ਜਗਤਾਰ ਹੁਰਾਂ ਦੀ ਹੀ ਦੂਜੀ ਤਸਵੀਰ ਖਿੱਚੀ ਹੋਈ ਹੈ ਪੰਜਾਬ ਵਿੱਚ ਇੰਟਰਨੈਟ ਪੱਤਰਕਾਰੀ ਦਾ ਮੁਢ ਬੰਨਣ ਵਾਲੇ ਜਨਮੇਜਾ ਜੋਹਲ ਹੁਰਾਂ ਦੀ ਜੋ ਕਿ ਉਹਨਾਂ ਨੇ 28 ਮਾਰਚ 2010  ਨੂੰ ਬਾਅਦ ਦੁਪਹਿਰ ਡੇੜ ਵਜੇ ਉਹਨਾਂ ਦੇ ਬੈੱਡਰੂਮ ਵਿੱਚ ਖਿੱਚੀ  ... 

1 comment:

raman bukaanwaliya said...

so sad jagtar ji nhi rahe...................