Sunday, November 22, 2009

ਗ਼ਜ਼ਲ


ਨੈਣਾਂ  ਚੋੰ ਖੂਨ ਚੋਵੇ, ਦਿਲ ਜ਼ਾਰ ਜ਼ਾਰ ਰੋਵੇ,                                                  
ਪਲ  ਭਰ  ਲਈ ਤਾਂ ਕਿਧਰੇ ਉਸ ਦਾ ਦੀਦਾਰ ਹੋਵੇ !                              

ਜਾਂ ਏਸ ਪਾਰ ਹੋਵੇ, ਜਾਂ ਓਸ ਪਾਰ ਹੋਵੇ ;
ਦਿਲ ਆਖਦਾ ਏ ਬਸ ਹੁਣ ਗੱਲ ਆਰ ਪਾਰ ਹੋਵੇ !

ਜੋ ਜੁਰਮ ਨਹੀਂ ਕੀਤਾ; ਉਸ ਦੀ ਸਜ਼ਾ ਮਿਲੀ ਹੈ!
ਸਾਡੇ ਹੀ ਨਾਲ ਏਦਾਂ ਕਿਓਂ ਬਾਰ ਬਾਰ ਹੋਵੇ ?

ਕਦੇ ਸੂਲੀਆਂ ਤੇ ਚੜਦੈ, ਕਦੇ ਚਰਖੜੀ ਤੇ  ਚੜਦੈ ;
ਹਰ ਯੁਗ ਵਿਚ ਸਜ਼ਾ ਦਾ ਸਚ ਹੀ ਸ਼ਿਕਾਰ ਹੋਵੇ !

ਸਰਗਮ ਛਿੜੇਗੀ  ਉਸ ਦਿਨ ਸਾਹਾਂ ਦੀ  ਤਾਰ ਵਿਚੋਂ ,
ਜਦ ਸੂਲੀਆਂ ਦੇ ਮੋਢੇ ਤਨ ਦੀ ਸਿਤਾਰ ਹੋਵੇ!


ਦੁਨੀਆ ਦੀ ਭੀੜ ਦੇ ਵਿਚ  ਦਿਲ ਆਖਦਾ ਹੈ ਅਕਸਰ ;
ਕੋਈ ਤਾਂ ਮੀਤ ਹੋਵੇ ; ਕੋਈ ਤਾਂ ਯਾਰ ਹੋਵੇ !

ਲਗਦਾ ਹੈ ਮੇਰਾ ਸੁਪਨਾ ਉਸ ਦਿਨ ਸਾਕਾਰ ਹੋਣੈ ;
ਜਦ ਮੌਤ ਦਾ ਫ਼ਰਿਸ਼੍ਤਾ ਦਰ ਤੇ ਸਾਕਾਰ ਹੋਵੇ !
                                   
                                              --ਰੈਕਟਰ ਕਥੂਰੀਆ
                                  (29-11-1996)

No comments: