Monday, September 17, 2018

Dowry: ਪੁਲਿਸ ਕਮਿਸ਼ਨਰ ਵੱਲੋਂ SHO ਨੂੰ ਬਣਦੀ ਕਾਰਵਾਈ ਦੇ ਹੁਕਮ

Sep 17, 2018, 6:23 PM
ਦਾਜ ਦਹੇਜ ਕਰਕੇ ਕੁੜੀ ਨਾਲ ਉਸਦੇ ਸੁਹਰਿਆਂ ਨੇ ਕੀਤੀ ਕੁੱਟਮਾਰ
ਲੁਧਿਆਣਾ: 17 ਸਤੰਬਰ 2018: (ਪੰਜਾਬ ਸਕਰੀਨ ਬਿਊਰੋ)::
ਪੇਂਡੂ ਮਜਦੂਰ ਯੂਨੀਅਨ ਮਸ਼ਾਲ ਵੱਲੋਂ ਜਾਰੀ ਕੀਤੀ ਗਏ ਇੱਕ ਬਿਆਨ ਵਿੱਚ ਦਾਜ ਦਹੇਜ ਕਾਰਨ ਕੁੜੀ ਨੂੰ ਤੰਗ ਕਰਨ ਦਾ ਇੱਕ ਨਵਾਂ ਮਾਮਲਾ ਸਾਹਮਣੇ ਲਿਆਂਦਾ ਗਿਆ ਹੈ। ਇਸ ਬਿਆਨ ਮੁਤਾਬਿਕ ਲੁਧਿਆਣਾ ਦੇ ਹੈਬੋਵਾਲ ਕਲਾਂ ਦੀ ਰਹਿਣ ਵਾਲੀ ਕੁਲਦੀਪ ਕੌਰ ਪੁੱਤਰੀ ਸ਼੍ਰੀ ਮੇਜਰ ਸਿੰਘ ਨੂੰ ਉਸ ਦੇ ਸੁਹਰਾ, ਸੱਸ, ਜੇਠ ਤੇ ਜੇਠਾਨੀ ਵੱਲੋਂ 7 ਸਾਲਾਂ ਤੋਂ ਅਪਣੇ ਸੋਹਰੇ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਲਗਾਤਾਰ ਦਾਜ ਕਰਕੇ ਕਰਕੇ ਤੰਗ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ 3 ਵਾਰ ਪੈਸੇ ਦੇ ਕੇ ਸਮਝੌਤਾ ਵੀ ਕੀਤਾ ਜਾ ਚੁਕਿਆ ਹੈ ਪਰ ਬੀਤੀ 9 ਸਤੰਬਰ 2018 ਨੂੰ ਦਾਜ ਪਿੱਛੇ   ਬੁਰੀ ਤਰਾਂ ਨਾਲ਼ ਕੁੱਟ ਮਾਰ ਕੀਤੀ ਗਈ। ਜਿਸ ‘ਤੇ ਪੁਲਿਸ ਦਾ ਰਵਈਆ ਠੀਕ ਨਹੀਂ ਰਿਹਾ। ਪਰਿਵਾਰ ਨੂੰ ਦਹਿਸ਼ਤਜ਼ਦਾ ਦੇਖ ਕੇ ਲੋਕ ਜੱਥੇਬੰਦੀਆਂ ਇਸ ਪਰਿਵਾਰ ਦੀ ਸਹਾਇਤਾ ਲਈ ਨਿੱਤਰੀਆਂ। ਇਸ ਸਾਰੇ ਮਾਮਲੇ ਦੀ ਜਾਣਕਾਰੀ ਇਕੱਤਰ ਕਰਕੇ ਇਸ ਬਾਰੇ ਸੰਘਰਸ਼ ਵੀ ਸ਼ੁਰੂ ਕੀਤਾ ਗਿਆ। ਪਰ ਦਿੱਕਤ ਆ ਰਹੀ ਸੀ ਸਿਫਾਰਸ਼ਾਂ ਕਾਰਨ। ਇਸਦੇ ਬਾਵਜੂਦ ਇਹਨਾਂ ਜਨਤਕ ਜੱਥੇਬੰਦੀਆਂ ਨੇ ਆਪਣਾ ਸੰਘਰਸ਼ ਜਾਰੀ ਰੱਖਿਆ। 
ਉਸ ਦਾ ਸਹੁਰਾ ਪੁਲਿਸ ਮਹਿਕਮੇ ‘ਚੋਂ ਰਿਟਾਇਰ ਹੋਣ ਕਰਕੇ ਪੁਲਿਸ ਨੇ ਉਸ ਦੇ ਅਸਰ ‘ਚ ਆ ਕੇ ਸਿਰਫ 323,324,506 ਆਈ.ਪੀ.ਸੀ ਤਹਿਤ ਹੀ ਧਾਰਾ ਦਰਜ ਕੀਤੀ  ਜਦੋਂ ਕਿ ਕੁੜੀ ਦੇ ਬਿਆਨਾਂ ਮੁਤਾਬਕ ਪੁਲਿਸ ਨੇ 406, 498 ਏ, 354 ਆਈ.ਪੀ.ਸੀ ਦੀਆਂ ਧਾਰਾਵਾਂ ਦਰਜ ਨਹੀਂ ਕੀਤੀਆਂ। ਸਗੋਂ ਉਲਟਾ ਕੁੜੀ ਦੇ ਪਰਿਵਾਰ ‘ਤੇ ਹੀ ਝੂਠੀ ਦਰਖਾਸਤ ਦਾਖਲ ਕਰ ਦਿੱਤੀ।ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੋਂ ਕੋਈ ਉਮੀਦ ਨਾ ਰੱਖਦੇ ਹੋਏ ਜਥੇਬੰਦੀਆਂ ਦਾ ਵਫਦ (ਪੇਂਡੂ ਮਜਦੂਰ ਯੂਨੀਅਨ ਮਸ਼ਾਲ ਦੇ ਪਰਧਾਨ ਕਾਮਰੇਡ ਸੁਖਦੇਵ ਭੁੰਦੜੀ, ਸਕੱਤਰ ਛਿੰਦਰਪਾਲ ਸਿੰਘ, ਇਲਾਕਾ ਸਕੱਤਰ ਸੁਖਵਿੰਦਰ ਸਿੰਘ, ਪੰਚਾਇਤ ਮੈਂਬਰ ਕਾਮਰੇਡ ਬਹਾਦਰ, ਸਾਬਕਾ ਮੈਂਬਰ ਪਾਲ ਸਿੰਘ, ਨੌਜਵਾਨ ਭਾਰਤ ਸਭਾ, ਆਂਗਣਵਾੜੀ ਵਰਕਰ ਯੂਨੀਅਨ ਦੇ ਗੁਰਚਰਨ ਕੌਰ, ਲਾਇਬੇ੍ਰਰੀ ਕਮੇਟੀ ਸਾਧੂ ਸਿੰਘ, ਪਿਤਾ ਮੇਜਰ ਸਿੰਘ ਤੇ ਹੋਰ ਪਰਵਾਰਿਕ ਮੈਂਬਰਾਂ ਸਮੇਤ)  ਪੁਲਿਸ ਕਮਿਸ਼ਨਰ ਨੂੰ ਮਿਲਿਆ ਤੇ ਪੁਲਿਸ ਕਮਿਸ਼ਨਰ ਨੇ ਤਤਕਾਲ ਹੀ ਹੈਬੋਵਾਲ ਦੇ ਐਸ.ਐਚ.ਓ ਨੂੰ ਬਣਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਹਨਾਂ ਹੁਕਮਾਂ ਨੂੰ ਸੰਘਰਸ਼ ਕਮੇਟੀ ਦੀ ਮੁਢਲੀ ਜਿੱਤ ਮੰਨਦਿਆਂ ਅਗਲੇ ਸੰਘਰਸ਼ਾਂ ਦੀ ਤਿਆਰੀ ਕਰਨੀ ਪਵੇਗੀ ਕਿਓਂਕਿ ਮੌਜੂਦਾ ਸਿਸਟਮ ਵਿੱਚ ਨਿੱਤ ਦਿਹਾੜੀ ਅਜਿਹੇ ਕੇਸ ਵਾਪਰ ਰਹੇ ਹਨ। ਕੁੜੀਆਂ ਨੂੰ ਦਾਜ ਦਹੇਜ ਰਾਹੀਂ ਸਿਰਫ ਪੈਸੇ ਕਮਾਉਣ ਦਾ ਸਾਧਨ ਸਮਝ ਲਿਆ ਗਿਆ ਹੈ। ਅਜਿਹੀ ਸ਼ਰਮਨਾਕ ਸੋਚ ਦੇ ਖਿਲਾਫ ਕੁੜੀਆਂ ਨੂੰ ਖੁਦ ਵੀ ਅੱਗੇ ਆਉਣਾ ਚਾਹੀਦਾ ਹੈ। ਜਿਹੜਾ ਦਾਜ ਮੰਗੇ ਉਸ ਨਾਲ ਵਿਆਹ ਤੋਂ ਸਾਫ ਇਨਕਾਰ ਕਰ ਦੇਣਾ ਚਾਹੀਦਾ ਹੈ। ਇਥੋਂ ਤੱਕ ਕਿ ਲਾਵਾਂ ਫੇਰੇ ਵਾਲੇ ਮੰਡਪ ਚੋਂ ਵੀ ਬਾਹਰ ਆਉਂਦਿਆਂ ਮਿੰਟ ਨਹੀਂ ਲਾਉਣਾ ਚਾਹੀਦਾ।  ਸਮਾਜ ਨੂੰ ਬਦਲਣ ਲਈ ਸਾਨੂੰ ਸਭ ਤੋਂ ਪਹਿਲਾਂ ਖੁਦ ਬਦਲਣਾ ਚਾਹੀਦਾ ਹੈ। 
ਹੁਣ ਦੇਖਣਾ ਹੈ ਕਿ ਇਸ ਦਾਜ ਪੀੜਿਤ ਲੜਕੀ ਨੂੰ ਇਨਸਾਫ ਦੁਆਉਣ ਲਈ ਹੋਰ ਕਿੰਨੇ ਸੰਗਠਨ ਅਤੇ ਵਿਅਕਤੀ ਅੱਗੇ ਆਉਂਦੇ ਹਨ। ਜੇ ਤੁਸੀਂ ਅੱਜ ਇਸ ਲੜਕੀ ਲਈ ਨਾ ਬੋਲੇ ਤਾਂ ਕਲ ਨੂੰ ਇਹ ਕੁਝ ਤੁਹਾਡੇ ਨਾਲ ਵੀ ਹੋ ਸਕਦਾ ਹੈ। ਇਸ ਲਈ ਡਟ ਕੇ ਸਟੈਂਡ ਲਓ।  
                   

No comments: