Friday, September 21, 2018

ਅਸੀਂ ਘਣਈਆ ਦੇ ਵੀ ਆਖਿਰ ਕੀ ਲੱਗਦੇ ਹਾਂ ? --ਕਾਰਤਿਕਾ ਸਿੰਘ

ਹਿਟਲਰ ਵਰਗਿਆਂ ਦੇ ਰਾਹਾਂ 'ਤੇ ਜੇ ਚੱਲਣਾ ਹੈ 
ਤਾਂ ਫਿਰ ਭਾਈ ਘਣਈਆ ਤੋਂ ਹੁਣ ਤੋੜੀਏ ਨਾਤਾ !
ਭਾਈ ਘਣਈਆ ਤਾਂ ਸਾਡਾ ਸਭ ਕੁਛ ਲੱਗਦਾ ਹੈ
ਪਰ
ਅਸੀਂ ਘਣਈਆ ਦੇ ਆਖਿਰ ਹੁਣ ਕੀ ਲੱਗਦੇ ਹਾਂ?
ਉਸਨੇ ਸਾਨੂੰ ਜਾਚ ਸਿਖਾਈ ਕੀ ਹੁੰਦਾ ਸਰਬੱਤ ਦਾ ਭਲਾ
ਉਸਨੇ ਸਾਨੂੰ ਦਸਿਆ ਕਿ ਕਿੰਝ ਦੁਸ਼ਮਣ ਵੀ ਇਨਸਾਨ ਹੈ ਦਿੱਸਦਾ!
ਉਸਨੇ ਸਾਡੇ ਦਿਲ ਵਿੱਚ ਪਿਆਰ ਦੀ ਜੋਤ ਜਗਾਈ!
ਦੁਸ਼ਮਣ ਵੀ ਇਨਸਾਨ ਹੈ ਹੁੰਦੈ!
ਉਸਨੇ ਗੁੱਝੀ ਗੱਲ ਸਮਝਾਈ।
ਦੁਸ਼ਮਣ ਨੂੰ ਵੀ ਮਰਹਮ ਲਗਾਉਣੀ ਉਸਨੇ ਦੱਸਿਆ!
ਦੁਸ਼ਮਣ ਦੇ ਮੂੰਹ ਪਾਣੀ ਪਾਉਣਾ ਉਸ ਨੇ ਦੱਸਿਆ!
ਉਸਨੇ ਸਾਨੂੰ ਦੱਸਿਆ ਕਿੰਝ ਸਭ ਦੇ ਵਿੱਚ ਰੱਬ ਦਿੱਸਦਾ ਹੈ !
ਕੀ ਹੁੰਦੀ ਸੰਸਾਰ ਏਕਤਾ ਉਸਨੇ ਦੱਸਿਆ!
'ਤੇ ਅਸੀਂ--
ਅਸੀਂ ਤਾਂ ਆਪਣਿਆਂ ਦਾ ਗਲਾ ਵੱਢ ਵੱਢ ਸੁੱਟਦੇ ਹਾਂ!
ਚਾਰ ਕੁ ਛਿੱਲੜਾਂ ਵਾਸਤੇ ਹਰ ਰਿਸ਼ਤਾ ਭੁੱਲਦੇ ਹਾਂ!
ਜੇ ਕੋਈ ਸਾਡਾ ਆਪਣਾ ਬੰਦਾ ਸੀਮਾ ਦੇ ਉਸ ਪਾਰ ਹੀ ਜਾਏ
ਸੀਮਾ ਲੰਘ ਕੇ ਗੁਰੂ ਘਰ ਦੀ ਕੋਈ ਬਾਤ ਚਲਾਏ!
ਗੱਲ ਨੂੰ ਸਫਲ ਬਣਾਉਣ ਲਈ ਗਲਵੱਕੜੀ ਪਾਏ
ਅਸੀਂ ਹਾਂ ਉਸਨੂੰ ਗਾਹਲਾਂ ਕੱਢਦੇ
ਕਹਿੰਦੇ ਹਾਂ ਗੱਦਾਰ ਹਾਂ ਸਾਡਾ!
ਰੈਡ ਕਰਾਸ ਦੀ ਜੁਗਤ ਸੀ ਸਾਨੂੰ ਜਿਸ ਸਮਝਾਈ
ਉਹ ਘਣਈਆ ਸਾਨੂੰ ਮੁੜ ਮੁੜ ਭੁੱਲਦਾ ਜਾਏ।
ਕਾਸ਼ ਘਣਈਆ ਫਿਰ ਆ ਜਾਏ!
ਸਾਨੂੰ ਆ ਕੇ ਫਿਰ ਸਮਝਾਏ!
ਸਾਰੇ ਇੱਕੋ ਰੱਬ ਦੇ ਬੰਦੇ
ਇਹਨਾਂ ਦੇ ਵਿੱਚ ਭੇਦ ਕਰੋ ਨਾ।
ਗੁਰੂ ਨੇ ਦਿੱਤੀ ਮਰਹਮ ਜਿਹੜੀ
ਉਸ ਮਰਹਮ ਵਿੱਚ ਜ਼ਹਿਰ ਭਰੋ ਨ!
ਜੇ ਉਹਨਾਂ ਕਦਮਾਂ 'ਤੇ ਆਪਾਂ ਚੱਲ ਨੀ ਸਕਦੇ
ਫਿਰ ਉਸਦਾ ਨਾਂਅ ਲੈਣਾ ਵੀ ਹੁਣ ਬੰਦ ਕਰ ਦੇਈਏ
ਹਿਟਲਰ ਵਰਗਿਆਂ ਦੇ ਰਾਹਾਂ 'ਤੇ ਜੇ ਚੱਲਣਾ ਹੈ
ਤਾਂ ਫਿਰ
ਭਾਈ ਘਣਈਆ ਤੋਂ ਹੁਣ ਤੋੜੀਏ ਨਾਤਾ!
ਜਾਂ ਆਓ ਉਸ ਵਰਗੇ ਬਣੀਏ
ਉਸ ਵਰਗੀ ਇੱਕ ਜੋਤ ਜਗਾਈਏ
ਹਰ ਇਕ ਜ਼ਖਮ ਤੇ ਮਰਹਮ ਲਾਈਏ
ਹਰ ਜ਼ਖਮੀ ਨੂੰ ਪਾਣੀ ਦੇ ਦੋ ਘੁੱਟ ਪਿਲਾਈਏ
                         ---ਕਾਰਤਿਕਾ ਸਿੰਘ



No comments: