Saturday, May 05, 2018

ਜਰਈ ਸੰਕਟ ਦੇ ਹੱਲ ਲਈ ਜਨਤਕ ਟਾਕਰਾ ਜ਼ਰੂਰੀ: ਡਾ.ਪੀ.ਸਾਈਨਾਥ ਅਤੇ ਪ੍ਰੋ. ਸੁਖਪਾਲ

Sat, May 5, 2018 at 5:26 PM
ਦੇਸ਼ ਭਗਤ ਯਾਦਗਾਰ ਹਾਲ ’ਚ ਹੋਈ ਵਿਚਾਰ-ਚਰਚਾ
ਜਲੰਧਰ: 5 ਮਈ 2018: (ਪੰਜਾਬ ਸਕਰੀਨ ਬਿਊਰੋ)::
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਾਰਲ ਮਾਰਕਸ ਦੀ ਦੋ ਸੌ ਸਾਲਾ ਵਰ੍ਹੇ ਗੰਢ (5 ਮਈ 1818-2018) ਨੂੰ ਸਮਰਪਤ ਵਿਚਾਰ-ਚਰਚਾ ਨੂੰ ਪ੍ਰਮੁੱਖ ਤੌਰ ’ਤੇ ਮੁਲਕ ਦੇ ਮੰਨੇ-ਪ੍ਰਮੰਨੇ ਪੱਤਰਕਾਰ ਡਾ. ਪੀ.ਸਾਈਨਾਥ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰੋ. ਸੁਖਪਾਲ ਨੇ ‘ਜਰਈ ਸੰਕਟ ਅਤੇ ਇਸਦਾ ਸੰਭਾਵੀ ਹੱਲ’ ਵਿਸ਼ੇ ਉਪਰ ਬੋਲਦਿਆਂ ਕਰਜ਼ੇ, ਖੁਦਕੁਸ਼ੀਆਂ, ਖੇਤੀ ਦੀ ਤਬਾਹੀ, ਬੇਰੁਜ਼ਗਾਰੀ ਆਦਿ ਨੂੰ ਸਾਮਰਾਜੀ ਆਰਥਕ ਨੀਤੀਆਂ ਦੀ ਪੈਦਾਇਸ਼ ਦੱਸਦਿਆਂ ਖ਼ਬਰਦਾਰ ਕੀਤਾ ਕਿ ਖੁਦਕੁਸ਼ੀਆਂ ਦਾ ਮੁਲਕ ’ਚ ਹੜ੍ਹ ਆ ਜਾਏਗਾ, ਅਜਿਹੀ ਵਿਸਫੋਟਕ ਸਥਿਤੀ ਹੈ ਸਾਡੇ ਸਮਾਜ ਦੀ ਜੋ ਅਸੀਂ ਜ਼ਮੀਨੀ ਪੱਧਰ ’ਤੇ ਸਰਵੇਖਣ ਕਰਕੇ ਨੋਟ ਕੀਤੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਜੋਆਇੰਟ ਸਕੱਤਰ ਡਾ. ਪਰਮਿੰਦਰ, ਡਾ. ਪੀ. ਸਾਈਨਾਥ, ਡਾ. ਸੁਖਪਾਲ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਵਿਚਾਰ-ਚਰਚਾ ਸਮੇਂ ਮੰਚ ’ਤੇ ਸ਼ਸੋਭਤ ਸਨ। ਉਹਨਾਂ ਸਮੇਤ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਖਜ਼ਾਨਚੀ ਰਣਜੀਤ ਸਿੰਘ ਔਲਖ, ਹਰਵਿੰਦਰ ਭੰਡਾਲ, ਸੁਰਿੰਦਰ ਕੁਮਾਰੀ ਕੋਛੜ, ਹਰਬੀਰ ਕੌਰ ਬੰਨੋਆਣਾ, ਬਲਬੀਰ ਕੌਰ ਬੁੰਡਾਲਾ, ਜਗਰੂਪ ਨੇ ਪੀ. ਸਾਈਨਾਥ ਅਤੇ ਸੁਖਪਾਲ ਨੂੰ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਤ ਕੀਤਾ। ਡਾ. ਪਰਮਿੰਦਰ ਨੇ ਵਿਦਵਾਨਾਂ ਅਤੇ ਵਿਸ਼ੇ ਬਾਰੇ ਜਾਣ-ਪਹਿਚਾਣ ਕਰਾਈ।
ਡਾ. ਪੀ.ਸਾਈਨਾਥ ਨੇ ਵਿਚਾਰ-ਚਰਚਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਡੀਆਂ ਜਰਈ ਖੇਤਰ ਨਾਲ ਸਬੰਧਤ ਯੂਨੀਵਰਸਿਟੀਆਂ ਖੇਤੀ ਵਿਕਾਸ, ਜਾਂ ਕਿਸਾਨ ਹਿੱਤ ਲਈ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ਿਆਂ ’ਚ ਵਾਧੇ ਲਈ ਖੋਜ਼ ਕਰ ਰਹੇ ਹਨ।
ਪੀ. ਸਾਈਨਾਥ ਨੇ ਕਿਹਾ ਕਿ ਖੇਤੀ ਖੇਤਰ ’ਚ ਆ ਰਿਹਾ ਤਬਾਹੀ ਦਾ ਮੰਜ਼ਰ ਮਹਿਜ਼ ਜਰਈ ਸੰਕਟ ਹੀ ਨਹੀਂ ਸਗੋਂ ਸਮਾਜਕ, ਸਭਿਆਚਾਰਕ ਸੰਕਟ ਹੈ ਸਿਰਫ਼ ਖੁਦਕੁਸ਼ੀਆਂ ਨਾਲ ਕਿੰਨੇ ਕਿਸਾਨ ਮਜ਼ਦੂਰ ਮਰ ਗਏ। ਇਹੋ ਅੰਕੜੇ ਗਿਣਨ ਦਾ ਵੇਲਾ ਨਹੀਂ ਸਗੋਂ ਇਹ ਨਾਪਣ ਦਾ ਵੇਲਾ ਹੈ ਕਿ ਨਵੀਆਂ ਨੀਤੀਆਂ ਨੇ ਇਨਸਾਨੀਅਤ ਕਿੰਨੀ ਮਾਰ ਦਿੱਤੀ। ਉਹਨਾਂ ਕਿਹਾ ਕਿ ਹਰ 32 ਮਿੰਟ ਬਾਅਦ ਮੁਲਕ ’ਚ ਇੱਕ ਕਿਸਾਨ ਮਜ਼ਦੂਰ ਖੁਦਕੁਸ਼ੀ ਕਰ ਰਿਹਾ ਹੈ। ਅਸੀਂ ਬਹੁਤ ਵੱਡਾ ਹਿੱਸਾ ਖਾਮੋਸ਼ ਬੈਠੇ ਹਾਂ। ਇਹ ਚੁੱਪ ਜੇ ਨਾ ਤੋੜੀ ਤਾਂ ਪੂਰੇ ਮੁਲਕ ਅੰਦਰ ਧੀਆਂ ਦੀਆਂ ਡੋਲੀਆਂ ਅਤੇ ਬਾਬਲ ਦੀਆਂ ਅਰਥੀਆਂ ਸਾਥ ਸਾਥ ਹੀ ਉਠਣਗੀਆਂ। ਉਹਨਾਂ ਕਿਹਾ ਕਿ ਹਰ ਸਾਲ 30 ਲੱਖ ਲੋਕ ਗਰੀਬੀ ਰੇਖਾ ਤੋਂ ਹੇਠਾਂ ਗਿਰ ਰਹੇ ਹਨ। ਸਿੱਖਿਆ, ਸਿਹਤ, ਰੁਜ਼ਗਾਰ, ਕੁਦਰਤੀ ਸਰੋਤ ਸਭ ਕੁੱਝ ਮੁੱਠੀ ਭਰ ਉਹਨਾਂ ਲੋਕਾਂ ਕੋਲ ਹੈ ਜਿਹੜੇ ਆਰਥਕ, ਧਾਰਮਕ ਮੂਲਵਾਦੀ ਹਨ ਜੋ ਨੀਤੀਆਂ ਘੜਨ ’ਚ ਫੈਸਲਾਕੁੰਨ ਕੇਂਦਰਾਂ ਉਪਰ ਕਾਬਜ਼ ਹਨ। ਉਹਨਾਂ ਕਿਹਾ ਕਿ ਮਾਰਕਸ ਨੇ ਠੀਕ ਕਿਹਾ ਕਿ ਸਰਕਾਰ, ਪੂੰਜੀਪਤੀ ਜਗਤ ਦੀ ਕਾਰਜ ਕਰਨੀ ਹੁੰਦੀ ਹੈ। ਉਹਨਾਂ ਸੱਦਾ ਦਿੱਤਾ ਕਿ ਅਜਾਰੇਦਾਰੀ ਖਿਲਾਫ਼ ਜਨਤਕ ਪ੍ਰਤੀਰੋਧ ਲੋੜੀਂਦਾ ਹੈ।
ਡਾ. ਪੀ.ਸਾਈਨਾਥ ਨੇ ਸੱਦਾ ਦਿੱਤਾ ਕਿ ਜਰਈ ਖੇਤਰ ਦਾ ਸੰਕਟ ਹੰਢਾ ਰਹੇ ਲੋਕਾਂ ਨੂੰ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਹਕੀਕੀ ਤਸਵੀਰ ਰੱਖਣ ਦਾ ਮੌਕਾ ਮੰਗਣ ਅਤੇ ਲੱਖਾਂ ਲੋਕਾਂ ਨੂੰ ਉਠ ਖੜ੍ਹੇ ਹੋਣ ਦੀ ਲੋੜ ਹੈ। ਉਹ ਖੁਦ ਆਪਣੀ ਸਮੱਸਿਆ ਦੇ ਹੱਲ ਲਈ ਅੱਗੇ ਆਉਣ। ਉਹਨਾਂ ਕਿਹਾ ਕਿ ਜਰਈ ਸੰਕਟ, ਖੇਤੀ ਸੰਕਟ ਹੀ ਨਹੀਂ ਜੀਵਨ ਸੰਕਟ ਹੈ।
ਵਿਚਾਰ-ਚਰਚਾ ’ਚ ਦੂਜੇ ਬੁਲਾਰੇ ਡਾ. ਸੁਖਪਾਲ ਨੇ ਕਿਹਾ ਕਿ ਸਾਡੀ ਖੇਤੀ ਸਾਡੀਆਂ ਫਸਲਾਂ ਦੇ ਹਜ਼ਾਰਾਂ ਸਾਲ ਦਾ ਜੋ ਇਤਿਹਾਸ ਹੈ ਉਸਨੂੰ ਵਿਕਸਤ ਕਰਨ ਦੀ ਬਜਾਏ ਜੋ ਬਾਹਰੋਂ ਬੀਜ, ਦਵਾਈਆਂ, ਖਾਦਾਂ, ਨਸਲਾਂ ਲਿਆਕੇ ਸਾਡੀ ਮਿੱਟੀ ਨਾਲ ਜੁੜੇ ਵਰਤਾਰਿਆਂ ਦਾ ਗੱਲ ਘੁੱਟਿਆ ਗਿਆ। ਅਜੇਹੀਆਂ ਨਵੀਆਂ ਨੀਤੀਆਂ ਨੇ ਖੇਤੀ ਖੇਤਰ ਨੂੰ ਤਬਾਹੀ ਦੇ ਮੂੰਹ ਧੱਕ ਦਿੱਤਾ। ਨਤੀਜੇ ਵਜੋਂ ਕਰਜ਼ੇ ਅਤੇ ਖੁਦਕੁਸ਼ੀਆਂ ਦੀ ਕਾਲੀ ਰੁੱਤ ਨੇ ਸਾਡੇ ਚੌਗਿਰਦੇ ਨੂੰ ਘੇਰ ਲਿਆ।
ਡਾ. ਸੁਖਪਾਲ ਨੇ ਕਿਹਾ ਕਿ ਹਰੇਕ ਸਾਲ ਛੱੜਪੇ ਮਾਰ ਕੇ ਵਧਦਾ ਕਿਸਾਨੀ ਕਰਜ਼ਾ ਹੁਣ ਇੱਕ ਲੱਖ ਕਰੋੜ ਤੱਕ ਪਹੁੰਚ ਗਿਆ। ਉਹਨਾਂ ਕਿਹਾ ਕਿ ਵਿਆਹਾਂ ਆਦਿ ’ਤੇ ਫਜ਼ੂਲ ਖਰਚੀ ਨੂੰ ਹੀ ਕਰਜੇ ਦਾ ਇਕੋ ਇਕ ਕਾਰਨ ਦੱਸਣਾ, ਅਸਲ ਕਾਰਨ ਤੋਂ ਧਿਆਨ ਪਾਸੇ ਕਰਨਾ ਹੈ। ਉਹਨਾਂ ਤੱਥਾਂ ਸਹਿਤ ਦੱਸਿਆ ਕਿ ਜਿਹੜਾ ਸੂਬਿਆਂ ਵਿੱਚ ਲੋਕ ਬਹੁਤ ਸਾਦੇ ਵਿਆਹ ਕਰਦੇ ਹਨ, ਸ਼ਰਾਬ ਦੇ ਪਿਆਕੜ ਵੀ ਨਹੀਂ ਉਹਨਾਂ ਸੂਬਿਆਂ ਦੇ ਕਿਸਾਨਾਂ ਮਜ਼ਦੂਰਾਂ ਸਿਰ ਵੀ ਬੇਹਿਸਾਬ ਕਰਜ਼ਾ ਹੈ ਅਤੇ ਖੁਦਕੁਸ਼ੀਆਂ ਕਾਰਨ ਸਿਵਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਡਾ. ਸੁਖਪਾਲ ਨੇ ਕਿਹਾ ਕਿ ਮੈਂ ਹਜ਼ਾਰਾਂ ਘਰਾਂ ਤੱਕ ਜਾ ਕੇ ਕਰਜ਼ਾ ਅਤੇ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਸਰਵੇ ਕੀਤਾ। ਉਹਨਾਂ ਘਰਾਂ ’ਚ ਵਸਦੇ ਦਰਦਾਂ ਦੇ ਦਰਿਆ ਹਲੂਣ ਕੇ ਰੱਖ ਦਿੰਦੇ ਨੇ ਕਿ ਕਿਵੇਂ ਲੋਕ-ਵਿਰੋਧੀ ਪ੍ਰਬੰਧ ਨੇ ਘਰਾਂ ਨੂੰ ਸਿਵਿਆਂ ’ਚ ਬਦਲਕੇ ਰੱਖ ਦਿੱਤਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਜੋਕਾ ਪ੍ਰਬੰਧ ਬਦਲੇ ਬਿਨਾ ਜਰਈ ਸੰਕਟ ਦਾ ਬੁਨਿਆਦੀ ਹੱਲ ਸੰਭਵ ਨਹੀਂ। 
ਵਿਚਾਰ-ਚਰਚਾ ਦਾ ਆਗਾਜ਼ ਡਾ. ਨਵਸ਼ਰਨ ਨੇ ਕੀਤਾ। ਉਹਨਾਂ ਕਿਹਾ ਕਿ ਜਰਈ ਸੰਕਟ ’ਚ ਨਪੀੜੀ ਜਾ ਰਹੀ ਔਰਤ ਦੀ ਦਸ਼ਾ ਅਤੇ ਉਸਦੀ ਮੁਕਤੀ ਦੀ ਦਿਸ਼ਾ ਉਪਰ ਵੀ ਵਧੇਰੇ ਧਿਆਨ ਦੇਣ ਦੀ ਲੋੜ ਹੈ। ਸੁਆਲ ਕਰਨ ਵਾਲਿਆਂ ਵਿੱਚ ਸੁਰਿੰਦਰ ਕੁਮਾਰੀ ਕੋਛੜ, ਸੁਖਦਰਸ਼ਨ ਨੱਤ, ਪਵਨ ਟਿੱਬਾ, ਦਾਤਾਰ ਸਿੰਘ, ਸਤਨਾਮ ਸਿੰਘ ਅਜਨਾਲਾ, ਸੁਖਦੇਵ ਸਿੰਘ ਕੋਕਰੀ ਕਲਾਂ, ਹਰਮੇਸ਼ ਮਾਲੜੀ, ਰਜਿੰਦਰ ਸਿੰਘ ਮਝੈਲ, ਡਾ. ਕੁਲਦੀਪ ਸਿੰਘ, ਡਾ. ਮੋਹਨ ਸਿੰਘ, ਦੀਪ ਦਿਲਬਰ, ਕੇਸਰ, ਸੁਰਿੰਦਰ ਖੀਵਾ, ਡਾ. ਸੈਲੇਸ਼ ਅਤੇ ਸੁਮੀਤ ਸਿੰਘ ਆਦਿ ਸ਼ਾਮਲ ਸਨ।
ਸੁਆਲ-ਜੁਆਬ ਦੇ ਸੈਸ਼ਨ ’ਚ ਡਾ.ਪੀ.ਸਾਈਨਾਥ ਨੇ ਕਿਹਾ ਕਿ ਔਰਤ ਨੂੰ ਕਿਸਾਨ ਹੀ ਨਹੀਂ ਮੰਨਿਆ ਜਾ ਰਿਹਾ। ਜਦੋਂ ਕਿ ਔਰਤ ਦੇ ਸਿਰ ਚੌਤਰਫਾ ਸੰਕਟ ਅਤੇ ਤਣਾਅ ਵਧ ਰਿਹਾ ਹੈ। ਔਰਤ ਨੂੰ ਕਿਸਾਨ ਨਾ ਮੰਨਣ ਕਾਰਨ ਖੁਦਕੁਸ਼ੀਆਂ ਦੇ ਅੰਕੜੇ ’ਚ ਔਰਤ ਦਾ ਜ਼ਿਕਰ ਤੱਕ ਨਹੀਂ ਹੁੰਦਾ।
ਉਹਨਾਂ ਕਿਹਾ ਕਿ ਦੁਨੀਆਂ ਦਾ ਪੂੰਜੀਵਾਦੀ ਇੱਕ ਵੀ ਅਜੇਹਾ ਦੇਸ਼ ਨਹੀਂ ਜਿੱਥੇ ਖੇਤੀ ਬਿਨਾਂ ਸਬਸਿਡੀ ਦੇ ਚੱਲ ਰਹੀ ਹੋਵੇ। ਉਹਨਾਂ ਕਿਹਾ ਕਿ ਖੇਤੀ ਸੰਕਟ ਨੂੰ ਆਰਜੀ ਰਾਹਤ ਦੇਣ ਲਈ ਖੇਤੀ ਨੂੰ ਪਬਲਿਕ ਸੈਕਟਰ ਐਲਾਨ ਕੇ ਮਦਦ ਕਰਨ ਦੀ ਲੋੜ ਹੈ।
ਉਹਨਾਂ ਕਿਹਾ ਕਿ ਇਸ ਸਮੇਂ ਕੋਈ ਵੀ ਇਕੱਲਾ ਇਕਹਿਰਾ ਮਿਹਨਤਕਸ਼ ਵਰਗ ਜਦੋ ਜਹਿਦ ਨੂੰ ਜਿੱਤ ਤੱਕ ਨਹੀਂ ਲਿਜਾ ਸਕਦਾ ਇਸ ਲਈ ਸਾਂਝੇ ਉੱਦਮ ਦੀ ਲੋੜ ਹੈ।
ਡਾ. ਸੁਖਪਾਲ ਨੇ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਬਿਨਾ ਸ਼ੱਕ ਜ਼ਰਈ ਸਮੱਸਿਆ ਦਾ ਪੱਕਾ ਹੱਲ ਸਮਾਜਕ ਤਬਦੀਲੀ ਨਾਲ ਜੁੜਿਆ ਹੈ।
ਵਿਚਾਰ-ਚਰਚਾ ’ਚ ਮੰਚ ਸੰਚਾਲਨ ਦੀ ਭੂਮਿਕਾ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਨਿਭਾਈ।

No comments: