Monday, May 14, 2018

ਸ਼ਹੀਦ ਗੁਰਮੇਲ ਹੂੰਝਣ ਦੀ ਯਾਦ ਵਿੱਚ ਹੋਇਆ ਵੱਡਾ ਇਕੱਠ

ਸਿੱਖ ਗੁਰੂਆਂ ਦਾ ਅਕਸ ਵਿਗਾੜ ਰਹੇ ਹਨ ਆਰ ਐਸ ਐਸ ਵਾਲੇ-ਬੰਤ ਬਰਾੜ 
ਪੰਧੇਰ ਖੇੜੀ (ਲੁਧਿਆਣਾ): 14 ਮਈ 2018: (ਪੰਜਾਬ ਸਕਰੀਨ ਟੀਮ)::
29 ਸਾਲ ਪਹਿਲਾਂ ਜਿਹਨਾਂ ਲੋਕਾਂ ਨੇ ਹੱਥਾਂ 'ਚ ਫੜੇ ਹਥਿਆਰਾਂ ਦੇ ਸਿਰ 'ਤੇ ਇਹ ਭਰਮ ਪਾਲਿਆ ਸੀ ਕਿ ਬਸ ਸਾਡੀਆਂ ਗੋਲੀਆਂ ਨਾਲ ਗੁਰਮੇਲ ਮੁੱਕ ਗਿਆ। ਹੁਣ ਅਸੀਂ ਉਸ ਬੁਲੰਦ ਆਵਾਜ਼ ਨੂੰ ਖਾਮੋਸ਼ ਕਰ ਦਿੱਤਾ। ਭਰਮ ਦਾ ਸ਼ਿਕਾਰ ਹੋਏ ਉਹਨਾਂ ਵਿਚਾਰਿਆਂ ਨੂੰ ਅੱਜ ਫਿਰ ਪਤਾ ਲੱਗ ਗਿਆ ਹੋਣਾ ਹੈ ਕਿ ਲੋਕਾਂ ਨਾਲ ਜੁੜੇ ਕਾਮਰੇਡ ਸ਼ਹੀਦੀ ਤੋਂ ਬਾਅਦ ਅਮਰ ਹੋ ਜਾਂਦੇ ਹਨ।   
ਅੱਜ ਕਾਮਰੇਡ ਗੁਰਮੇਲ ਹੂੰਝਣ ਦੀ 29ਵੀਂ  ਬਰਸੀ ਸੀ। ਅੱਜ ਫੇਰ ਲੋਕਾਂ ਨੇ ਗੁਰਮੇਲ ਨੂੰ ਯਾਦ ਕੀਤਾ। ਗੁਰਮੇਲ ਦੀ ਯਾਦ ਦੀ ਯਾਦ ਵਿੱਚ ਜੁੜੇ ਇਕੱਠ ਨੇ ਅੱਜ ਫੇਰ ਫਾਸ਼ੀ ਤਾਕਤਾਂ ਵਿਰੁੱਧ ਸੰਗਰਾਮ ਦਾ ਸੰਕਲਪ ਦੁਹਰਾਇਆ। ਵੱਖਵਾਦੀ ਅੱਤਵਾਦ ਦੇ ਖਿਲਾਫ ਇੱਕਜੁੱਟ ਹੋਣ ਦਾ ਅਹਿਦ ਵੀ ਦੁਹਰਾਇਆ।
ਸਭ ਤੋਂ ਪਹਿਲਾਂ ਕਾਮਰੇਡ ਗੁਰਮੇਲ ਸਿੱਧੂ ਅਤੇ ਕਾਮਰੇਡ ਗੁਲਜ਼ਾਰ ਗੋਰੀਆ ਨੇ ਸਾਥੀ ਗੁਰਮੇਲ ਦੀ ਯਾਦਗਾਰ 'ਤੇ ਜਾ ਕੇ ਲਾਲ ਝੰਡਾ ਲਹਿਰਾਇਆ ਅਤੇ ਝੰਡੇ ਦੀ ਇਸ ਰਸਮ ਦੇ ਨਾਲ ਹੀ ਸ਼ਹੀਦਾਂ ਨੂੰ  ਸ਼ਰਧਾਂਜਲੀ ਦਿੱਤੀ। ਇਸ ਰਸਮ ਤੋਂ ਬਾਅਦ ਸਾਰੇ ਸਾਥੀ ਸਮਾਗਮ ਵਾਲੀ ਥਾਂ 'ਤੇ ਆਏ। ਇਸ ਦੇ ਨਾਲ ਹੀ ਪਿੰਡ ਵਿੱਚ ਇੱਕ ਮਾਰਚ ਵੀ ਕੀਤਾ ਗਿਆ। ਇਸ ਮਾਰਚ ਨਾਲ ਘਰਾਂ 'ਚ ਬੈਠੇ ਅਣਜਾਣ  ਲੋਕਾਂ ਦੇ ਦਿਲਾਂ ਵਿੱਚ ਵੀ ਕਾਮਰੇਡ ਗੁਰਮੇਲ ਦੀ ਵਿਚਾਰਧਾਰਾ ਅਤੇ ਸ਼ਹਾਦਤ ਵਾਲਾ ਸੁਨੇਹਾ ਪਹੁੰਚਾਇਆ। 
ਇਸ ਸਮਾਗਮ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਨਾਲ ਨਾਲ ਕਾਂਗਰਸ ਪਾਰਟੀ ਦੇ ਆਗੂ ਵੀ ਪੁੱਜੇ। ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਨੇ ਕਿਹਾ ਆਰ ਐਸ ਐਸ ਸਿੱਖ ਗੁਰੂਆਂ ਬਾਰੇ ਗੁਮਰਾਹ ਕੁੰਨ ਪ੍ਰਚਾਰ ਕਰਕੇ ਇੱਕ ਵਾਰ ਫੇਰ ਸਮਾਜ ਨੂੰ ਇੱਕ ਖਤਰਨਾਕ ਸਥਿਤੀ ਵੱਲ ਲਿਜਾ ਰਿਹਾ ਹੈ। ਸਿੱਖ ਗੁਰੂਆਂ ਨੂੰ ਗਊ ਭਗਤ ਆਖ ਕੇ ਸਿੱਖ ਗੁਰੂਆਂ ਦੇ ਅਕਸ ਨੂੰ ਵਿਗਾੜਣ ਦੀ ਖਤਰਨਾਕ ਸਾਜ਼ਿਸ਼ ਚੱਲ ਰਹੀ ਹੈ।
ਕਾਂਗਰਸ ਪਾਰਟੀ ਵੱਲੋਂ ਆਏ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਹੁਣ ਦੇ ਹਾਲਾਤ ਪਹਿਲਾਂ ਨਾਲੋਂ ਵੀ ਜ਼ਿਆਦਾ ਨਾਜ਼ੁਕ ਅਤੇ ਖਤਰਨਾਕ ਹਨ।
ਇਸ ਮੌਕੇ ਵੱਖ ਵੱਖ ਸਕੂਲਾਂ ਦੇ ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਨਕ਼ਲਾਬੀ ਸੁਰ ਵਾਲਾ ਗੀਤ ਸੰਗੀਤ ਵੀ ਹੋਇਆ। ਕਾਮਰੇਡ ਗੁਰਮੇਲ ਦੀ ਸ਼ਹਾਦਤ ਨੂੰ ਚੇਤੇ ਕਰਾਉਣ ਵਾਲਾ ਨਾਟਕ ਵੀ ਖੇਡਿਆ ਗਿਆ।
ਸਾਥੀ ਗੁਰਮੇਲ ਦੀ ਯਾਦ ਵਿੱਚ ਹੋਏ ਇਸ ਸਮਾਗਮ ਮੌਕੇ ਮੈਡੀਕਲ ਸਹਾਇਤਾ ਦਾ ਵੀ ਪੂਰਾ ਪ੍ਰਬੰਧ ਸੀ।  ਚਾਹ ਪਾਣੀ ਦੇ ਨਾਲ ਨਾਲ ਲੰਗਰ ਵੀ ਅਤੁੱਟ ਵਰਤਿਆ। ਸਮਾਗਮ ਵਿਚਕ ਪਹੁੰਚੇ ਸਾਰੇ ਸੀਨੀਅਰ ਲੀਡਰਾਂ ਨੇ ਬੜੇ ਹੀ ਅਦਬ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ।
ਇਸ ਮੌਕੇ ਇੱਕ ਮੇਲੇ ਵਰਗਾ ਮਾਹੌਲ ਨਜ਼ਰ ਆਉਂਦਾ ਹੈ। ਇਸ ਮੇਲੇ ਵਿੱਚ ਆਉਂਦੇ ਹਨ ਉਹ ਗਰੀਬ ਅਤੇ ਮੱਧ ਵਰਗੀ ਲੋਕ ਜਿਹਨਾਂ ਨੂੰ  ਇਸ ਮੇਲੇ ਤੋਂ ਚਾਰ ਪੈਸੇ ਵੱਟਣ ਦੀ ਉਮੀਦ ਹੁੰਦੀ ਹੈ। ਇਹਨਾਂ ਲੋਕਾਂ ਲਈ ਸਾਥੀ ਗੁਰਮੇਲ ਕੋਈ ਰੱਬ  ਦਾ ਰੂਪ ਸੀ ਜਿਸਨੇ ਜਿਊਂਦੇ ਜੀਅ ਵੀ ਲੋਕਾਂ ਦੀ ਸੇਵਾ ਕੀਤੀ ਅਤੇ ਸ਼ਹੀਦ ਹੋਣ ਤੋਂ ਬਾਅਦ ਵੀ ਉਸਦੀ ਯਾਦ ਵਿੱਚ ਜੁੜਦਾ ਮੇਲਾ ਬਹੁਤ ਸਾਰੇ ਲੋਕਾਂ ਨੂੰ ਦਾਲ ਰੋਟੀ ਜਿੰਨੀ ਕਮਾਈ ਦਾ ਮੌਕਾ ਦੇਂਦਾ ਹੈ। ਕੋਈ ਕੁਲਫੀਆਂ ਵੇਚਦਾ ਹੈ,  ਕੋਈ ਜਲੇਬੀਆਂ, ਕੋਈ ਕਰਿਆਨਾ ਅਤੇ ਕੋਈ ਕੁਝ ਹੋਰ। ਇਹ ਲੋਕ ਬੜੀ ਸ਼ਰਧਾ ਨਾਲ  ਇਸ ਦਿਨ ਦੀ ਉਡੀਕ ਕਰਦੇ ਹਨ। ਸਮਾਗਮ ਦੇਰ ਸ਼ਾਮ ਤੱਕ ਜਾਰੀ ਰਿਹਾ। 

No comments: