Wednesday, March 28, 2018

"ਕੋਬਰਾ ਪੋਸਟ" ਨੇ ਲਿਆਂਦਾ "ਵਿਕਾਊ ਮੀਡੀਆ" ਨੂੰ ਲੋਕਾਂ ਦੇ ਕਟਹਿਰੇ ਵਿੱਚ

'ਆਪਰੇਸ਼ਨ 136' ਦੀ ਰਿਪੋਰਟ ਦੇ ਪਹਿਲੇ ਭਾਗ ਵਿੱਚ ਹੀ ਸਨਸਨੀਖੇਜ਼ ਖੁਲਾਸੇ 
ਨਵੀਂ ਦਿੱਲੀ:: 27 ਮਾਰਚ 2018: (ਪੰਜਾਬ ਸਕਰੀਨ ਮੀਡੀਆ ਡੈਸਕ):: 
ਚੌਥਾ ਥੰਮ ਅਰਥਾਤ ਮੀਡੀਆ ਆਪਣੀਆਂ ਜ਼ਿੰਮੇਵਾਰੀਆਂ ਅਤੇ ਚੁਣੌਤੀਆਂ ਭੁੱਲ ਕੇ ਹੁਣ ਤੀਜਾ ਜਾਂ ਪੰਜਵਾਂ ਟਾਇਰ ਬਣ ਚੁੱਕਿਆ ਹੈ। ਸਟਿੱਪਨੀ ਵਾਲਾ ਉਹ ਟਾਇਰ ਜਿਹੜਾ ਲੋੜ ਪੈਣ ਤੇ ਵਰਤਿਆ ਜਾ ਸਕਦਾ ਹੈ ਕਿਸੇ ਵੀ ਥਾਂ ਕਿਸੇ ਵੀ ਵੇਲੇ। ਖੋਜੀ ਪੱਤਰਕਾਰੀ ਨੂੰ ਇਕ ਅਹਿਮ ਅਤੇ ਇਤਿਹਾਸਿਕ ਮੋੜ ਦੇਣ ਵਾਲੇ ਵੈਬ ਪੱਤਰਕਾਰੀ ਦੇ ਰੁਝਾਣ ਨੂੰ ਤੇਜ਼ ਕਰਨ ਵਾਲੇ "ਕੋਬਰਾ ਪੋਸਟ" ਦੀ ਨਵੀਂ ਰਿਪੋਸਟ ਦੇ ਪਹਿਲੇ ਭਾਗ ਤੋਂ ਘਟੋਘੱਟ ਇਹੀ ਮਹਿਸੂਸ ਹੁੰਦਾ ਹੈ ਕਿ ਮੀਡੀਆ ਦਾ ਇੱਕ ਵੱਡਾ ਹਿੱਸਾ ਵਿਕਾਊ ਹੈ। ਹਾਲਾਂਕਿ ਪੇਡ ਖਬਰਾਂ ਦਾ ਰੁਝਾਣ ਕੋਈ ਨਵਾਂ ਨਹੀਂ ਰਿਹਾ ਪਰ ਫਿਰ ਵੀ ਚੌਥੇ ਥੰਮ ਤੋਂ ਲੋਕਾਂ ਦੀਆਂ ਆਸਾਂ ਉਮੀਦਾਂ ਖਤਮ ਨਹੀਂ ਸਨ ਹੋਈਆਂ। ਇਸ ਨਵੀਂ ਰਿਪੋਰਟ ਨੇ ਵਿਕਾਊ ਅਤੇ ਅਸਲੀ ਮੀਡੀਆ ਦਰਮਿਆਨ ਖਿੱਚੀ ਲਕੀਰ ਨੂੰ ਗੂਹੜਾ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਆਪਣੀ ਖੋਜੀ ਪੱਤਰਕਾਰੀ ਲਈ ਵੱਡੀ ਪਹਿਚਾਣ ਬਣਾਉਣ ਵਾਲੇ "ਕੋਬਰਾ ਪੋਸਟ" ਵੱਲੋਂ ਹਾਲ ਹੀ ਵਿੱਚ ਕੀਤੇ ਗਏ ਖੁਲਾਸੇ ਨੇ ਮੀਡੀਆ ਜਗਤ ਨੂੰ ਬੇਨਕਾਬ ਕਰਕੇ ਇੱਕ ਅਹਿਮ ਖੁਲਾਸਾ ਕੀਤਾ ਹੈ।  ਕੋਬਰਾ ਪੋਸਟ ਨੇ 'ਆਪਰੇਸ਼ਨ 136' ਦੇ ਨਾਂਅ ਤਹਿਤ ਕੀਤੇ ਗਏ ਸਟਿੰਗ ਅਪਰੇਸ਼ਨ ਨਾਲ ਮੀਡੀਆ ਦੀ ਦੁਨੀਆ ਦਾ ਪਰਦਾ ਫਾਸ਼ ਕੀਤਾ ਹੈ। ਕਿਹਾ ਜਾਂਦਾ ਹੈ ਕਿ ਪੈਸਿਆਂ ਲਈ ਮੀਡੀਆ ਆਪਣੀ ਆਵਾਜ਼ ਅਤੇ ਕਲਮ ਨਾਲ ਸੌਦਾ ਕਰਕੇ ਪੱਤਰਕਾਰਤਾ ਦੀ ਨਿਰਪੱਖਤਾ ਨਾਲ ਸਮਝੌਤਾ ਕਰ ਲੈਂਦਾ ਹੈ। ਗੋਦੀ ਮੀਡੀਆ (ਪੀਲੀ ਪੱਤਰਕਾਰੀ) ਦੇ ਇਸ ਦੌਰ ਵਿੱਚ ਕੋਬਰਾ ਪੋਸਟ ਨੇ 'ਗੋਦੀ ਮੀਡੀਆ' ਸ਼ਬਦ ਨੂੰ ਸਾਰਥਕ ਸਿੱਧ ਕਰ ਦਿੱਤਾ ਹੈ। ਖੁਫ਼ੀਆ ਕੈਮਰਿਆਂ ਦੀ ਸਹਾਇਤਾ ਨਾਲ ਕੀਤੇ ਗਏ 'ਅਪਰੇਸ਼ਨ 136' ਵਿੱਚ ਦੇਸ਼ ਦੇ ਕਈ ਵੱਡੇ ਮੀਡੀਆ ਅਦਾਰੇ ਸੱਤਾਧਾਰੀ ਧਿਰ ਲਈ ਚੋਣ ਮਾਹੌਲ ਬਣਾਉਣ ਲਈ ਰਾਜ਼ੀ ਹੁੰਦੇ ਨਜ਼ਰ ਆਏ। ਮੀਡੀਆ ਵਿੱਚ ਜਿਹੜੀਆਂ ਖਬਰਾਂ ਜਿਸ ਅੰਦਾਜ਼ ਨਾਲ ਆ ਰਹੀਆਂ ਹਨ ਉਹਨਾਂ ਦੇਖ ਕੇ ਲੱਗਦਾ ਹੈ ਕਿ ਇਹ ਰਿਪੋਰਟ ਸੱਚ ਅੱਖ ਰਹੀ ਹੈ। 
ਏਸੇ ਦੌਰਾਨ ਵਿਰੋਧੀ ਧਿਰ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵਿਰੁੱਧ ਪਰਚਾਰ ਕਰਕੇ ਉਹਨਾਂ ਦੇ ਚਰਿੱਤਰ ਉੱਤੇ ਚਿੱਕੜ ਸੁੱਟਣ ਦਾ ਸਿਲਸਿਲਾ ਤੇਜ਼ ਕੇਤਾ ਗਿਆ ਹੈ। ਉਹਨਾਂ ਵਿਰੁੱਧ ਝੂਠੀਆਂ ਅਫ਼ਵਾਹਾਂ ਫੈਲਾ ਕੇ ਉਹਨਾਂ ਦੀ ਦਿੱਖ ਨੂੰ ਖ਼ਰਾਬ ਕਰਨ ਅਤੇ ਸੱਤਾਧਾਰੀ ਧਿਰ ਦੇ ਹੱਕ ਵਿੱਚ ਮਾਹੌਲ ਬਣਾਉਣ ਦੀ ਸੌਦੇਬਾਜ਼ੀ ਕਰਨ ਦਾ ਵੀ ਅਹਿਮ ਖੁਲਾਸਾ ਹੋਇਆ ਹੈ। ਇੱਥੋਂ ਤੱਕ ਕਿ ਸੱਤਾਧਾਰੀ ਪਾਰਟੀ ਲਈ ਇਹਨਾਂ ਲੋਕਾਂ ਨੇ ਪੱਤਰਕਾਰਤਾ ਦੇ ਵੱਕਾਰ ਨੂੰ ਦਾਅ 'ਤੇ ਲਾਉਂਦਿਆਂ ਨਾਗਰਿਕ ਆਜ਼ਾਦੀ ਅਤੇ ਅਧਿਕਾਰਾਂ ਦੀ ਲੜਾਈ ਲੜਨ ਵਾਲਿਆਂ ਵਿਰੁੱਧ ਖ਼ਬਰਾਂ ਬਣਾਉਣ ਵਿੱਚ ਵੀ ਆਪਣੀ ਸਹਿਮਤੀ ਪਰਗਟ ਕੀਤੀ। ਹਾਲਤ ਏਨੀ ਨਿੱਘਰ ਗਈ ਕਿ ਇਹ ਮੀਡੀਆ ਅਦਾਰੇ ਦੇਸ਼ ਭਰ ਵਿੱਚ ਅੰਦੋਲਨ ਕਰਨ ਵਾਲੇ ਕਿਸਾਨਾਂ ਨੂੰ ਮਾਓਵਾਦੀਆਂ ਵੱਲੋਂ ਉਕਸਾਏ ਹੋਏ ਦੱਸ ਕੇ ਸਰਕਾਰ ਦੀਆਂ ਨੀਤੀਆਂ ਦਾ ਗੁਣਗਾਨ ਕਰਨ ਲਈ ਵੀ ਸਹਿਮਤ ਹੋ ਗਏ। ਇੱਥੋਂ ਤੱਕ ਕਿ ਇਹਨਾਂ ਨੇ ਨਿਆਂ ਪਾਲਿਕਾ ਦੇ ਫੈਸਲਿਆਂ 'ਤੇ ਸੁਆਲੀਆ ਚਿੰਨ ਲਾ ਕੇ ਲੋਕਾਂ ਸਾਹਮਣੇ ਪੇਸ਼ ਕਰਨ 'ਚ ਵੀ ਕੋਈ ਗੁਰੇਜ਼ ਨਹੀਂ ਕੀਤਾ। ਇਸ ਜਾਂਚ ਤੋਂ ਇਹ ਗੱਲ ਸਾਹਮਣੇ ਆਏ ਹੈ ਕਿ ਕਿਸ ਤਰਾਂ ਭਾਰਤੀ ਮੀਡੀਆ ਆਪਣੀ ਜ਼ਿੰਮੇਵਾਰੀ ਤੋਂ ਮੁੱਖ ਮੋੜਦਿਆਂ ਪਰੈਸ ਦੀ ਆਜ਼ਾਦੀ ਦੀ ਗਲਤ ਵਰਤੋਂ ਕਰ ਰਿਹਾ ਹੈ। 
'ਕੋਬਰਾ ਪੋਸਟ' ਲਈ ਇਹ ਪੂਰੀ ਤਹਿਕੀਕਾਤ ਪੱਤਰਕਾਰ ਪੁਸ਼ਪ ਸ਼ਰਮਾ ਨੇ ਸ਼ਰੀਮਦ ਭਗਵਤ ਗੀਤਾ ਪਰਚਾਰ ਕਮੇਟੀ ਉਜੈਨ ਦਾ ਪਰਚਾਰਕ ਬਣ ਕੇ ਅਤੇ ਖੁਦ ਨੂੰ ਅਚਾਰੀਆ ਛਤਰਪਾਲ ਅਟੱਲ ਦੱਸ ਕੇ ਕੀਤੀ। ਇਸ ਸਟਿੰਗ ਆਪਰੇਸ਼ਨ ਦੌਰਾਨ ਉਸ ਨੇ ਦੇਸ਼ ਦੇ ਤਿੰਨ ਦਰਜਨ ਵੱਡੇ ਮੀਡੀਆ ਅਦਾਰਿਆਂ ਦੇ ਮਾਲਕਾਂ ਅਤੇ ਜ਼ਿੰਮੇਵਾਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਇਸ ਮੁਲਾਕਾਤ ਦੌਰਾਨ ਉਹਨਾਂ ਚੋਣ ਮੁਹਿੰਮ ਚਲਾਉਣ ਲਈ 6 ਤੋਂ 50 ਕਰੋੜ ਤੱਕ ਦਾ ਆਪਣਾ ਬਜਟ ਦੱਸਿਆ। 
'ਕੋਬਰਾ ਪੋਸਟ' ਨੇ 'ਅਪਰੇਸ਼ਨ 136' ਦਾ ਅਜੇ ਪਹਿਲਾ ਹਿੱਸਾ ਜਾਰੀ ਕੀਤਾ ਹੈ, ਜਿਸ ਵਿੱਚ ਕੁੱਲ 16 ਮੀਡੀਆ ਅਦਾਰਿਆਂ ਦੇ ਨਾਂਅ ਸਾਹਮਣੇ ਆਏ ਹਨ। ਜਿਸ ਏਜੰਡੇ ਨੂੰ ਲੈ ਕੇ ਕੋਬਰਾ ਪੋਸਟ ਨੇ ਮੀਡੀਆ ਅਦਾਰਿਆਂ ਨਾਲ ਸੰਪਰਕ ਸਾਧਿਆ, ਉਸ 'ਚ ਚਾਰ ਪਰਮੁੱਖ ਬਿੰਦੂ ਸ਼ਾਮਲ ਸਨ-ਪਹਿਲਾ ਮੀਡੀਆ ਮੁਹਿੰਮ ਦੀ ਸ਼ੁਰੂਆਤ ਦੇ ਪਹਿਲੇ ਗੇੜ ਵਿੱਚ ਹਿੰਦੂਤਵ ਦਾ ਪਰਚਾਰ  ਕਰੇਗਾ, ਜਿਸ ਤਹਿਤ ਧਾਰਮਿਕ ਪ੍ਰੋਗਰਾਮਾਂ ਰਾਹੀਂ ਹਿੰਦੂਤਵ ਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ, ਦੂਜਾ ਇਸ ਤੋਂ ਬਾਅਦ ਵਿਨੈ ਕਟਿਆਰ, ਉਮਾ ਭਾਰਤੀ, ਮੋਹਨ ਭਾਗਵਤ ਅਤੇ ਹੋਰ ਹਿੰਦੂਵਾਦੀ ਆਗੂਆਂ ਦੇ ਭਾਸ਼ਣ ਨੂੰ ਵਧਾ-ਚੜਾ ਕੇ ਪੇਸ਼ ਕਰਕੇ ਫਿਰਕੂ ਦੌਰ ਦੇ ਵੋਟਰਾਂ ਨੂੰ ਜਿਤਾਉਣ ਲਈ ਮੁਹਿੰਮ ਖੜੀ ਕੀਤੀ ਜਾਵੇਗੀ, ਤੀਜਾ ਜਿਵੇਂ ਹੀ ਚੋਣਾਂ ਨੇੜੇ ਆਉਣਗੀਆਂ, ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਸ ਤੋਂ ਅੱਗੇ ਰਾਹੁਲ ਗਾਂਧੀ, ਮਾਇਆਵਤੀ ਅਤੇ ਅਖਿਲੇਸ਼ ਯਾਦਵ ਵਰਗੇ ਵਿਰੋਧੀ ਧਿਰ ਦੇ ਵੱਡੇ ਆਗੂਆਂ ਨੂੰ ਪੱਪੂ, ਭੂਆ ਅਤੇ ਭਤੀਜਾ ਕਹਿ ਕੇ ਜਨਤਾ ਸਾਹਮਣੇ ਪੇਸ਼ ਕੀਤਾ ਜਾਵੇਗਾ ਤਾਂ ਕਿ ਚੋਣਾਂ ਦੌਰਾਨ ਲੋਕ ਉਹਨਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਵੋਟਰਾਂ ਨੂੰ ਆਪਣੇ ਪੱਖ ਵਿੱਚ ਖੜਾ ਕੀਤਾ ਜਾ ਸਕੇ। 
ਚੌਥਾ ਇਹ ਕਿ ਮੀਡੀਆ ਸੰਸਥਾ ਨੇ ਇਹ ਮੁਹਿੰਮ ਉਹਨਾਂ ਕੋਲ ਮਜ਼ਬੂਤ ਸਾਰੇ ਪਲੇਟਫਾਰਮਾਂ ਜਿਵੇਂ ਕਿ ਪਰਿੰਟ, ਇਲੈਕਟਰਾਨਿਕ, ਰੇਡੀਓ, ਡਿਜੀਟਲ, ਈ ਨਿਊਜ਼ ਪੋਰਟਲ, ਵੈੱਬਸਾਈਟ ਦੇ ਨਾਲ-ਨਾਲ ਸੋਸ਼ਲ ਮੀਡੀਆ ਵਰਗੇ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਚਲਾਉਣਾ ਹੋਵੇਗਾ। 'ਕੋਬਰਾ ਪੋਸਟ' ਅਨੁਸਾਰ ਇਸ ਏਜੰਡੇ 'ਤੇ ਉਸ ਨੇ ਜਿਹਨਾਂ ਵੀ ਮੀਡੀਆ ਅਦਾਰਿਆਂ ਨਾਲ ਸੰਪਰਕ ਕੀਤਾ, ਲੱਗਭੱਗ ਸਾਰਿਆਂ ਨੇ ਇਹ ਮੁਹਿੰਮ ਨੂੰ ਚਲਾਉਣ ਲਈ ਸਹਿਮਤੀ ਪਰਗਟ ਕੀਤੀ। 
ਉਧਰ ਕਈ ਸੰਸਥਾਵਾਂ ਦੇ ਮਾਲਕਾਂ ਅਤੇ ਕਰਮਚਾਰੀਆਂ ਨੇ ਦੱਸਿਆ ਕਿ ਉਹ ਖੁਦ ਆਰ ਐੱਸ ਐੱਸ ਨਾਲ ਜੁੜੇ ਹੋਏ ਹਨ ਅਤੇ ਉਹ ਹਿੰਦੂਤਵੀ ਵਿਚਾਰਧਾਰਾ ਤੋਂ ਪ੍ਰਭਾਵਿਤ ਹਨ। ਇਸ ਲਈ ਉਹਨਾਂ ਨੂੰ ਇਸ ਮੁਹਿੰਮ ਵਿੱਚ ਕੰਮ ਕਰਨ ਦੀ ਖੁਸ਼ੀ ਹੋਵੇਗੀ, ਨਾਲ ਹੀ ਕੁਝ ਮੀਡੀਆ ਅਦਾਰਿਆਂ ਨੇ ਅੰਦੋਲਨ ਕਰਨ ਵਾਲੇ ਕਿਸਾਨਾਂ ਨੂੰ ਮਾਓਵਾਦੀਆਂ ਦੇ ਤੌਰ 'ਤੇ ਪੇਸ਼ ਕਰਨ ਦੀ ਸਹਿਮਤੀ ਪਰਗਟ ਕੀਤੀ। ਬਦਲੇ ਵਿੱਚ ਇਹਨਾਂ ਮੀਡੀਆ ਘਰਾਣਿਆਂ ਨੂੰ ਜਦੋਂ ਛੇ ਤੋਂ 50 ਕਰੋੜ ਰੁਪਏ ਤੱਕ ਦੀ ਝਲਕ ਨਜ਼ਰ ਆਈ ਤਾਂ ਛੋਟੇ ਵੱਡੇ, ਨਵੇਂ-ਪੁਰਾਣੇ ਮੀਡੀਆ ਘਰਾਣੇ ਇਸ ਬੁੱਕਲ ਵਿੱਚ ਆਉਂਦੇ ਚਲੇ ਗਏ। 
ਪੱਤਰਕਾਰ ਪੁਸ਼ਪ ਸ਼ਰਮਾ ਉਰਫ ਅਚਾਰੀਆ ਛਤਰਪਾਲ ਅਟੱਲ ਨੇ ਇਸ ਮਿਸ਼ਨ ਨੂੰ ਪੂਰਾ ਕਰਨ ਲਈ ਕਦੇ ਖੁਦ ਨੂੰ ਸ਼ਰੀਮਦ ਭਗਵਤ ਗੀਤਾ ਪਰਚਾਰ ਕਮੇਟੀ ਉਜੈਨ ਦਾ ਪਰਚਾਰਕ ਦੱਸਿਆ, ਕਦੇ ਕੁਝ ਹਰ। ਚਿੱਟੇ ਕੁੜਤੇ ਅਤੇ ਧੋਤੀ ਦੇ ਨਾਲ ਇੱਕ ਸਕਾਰਫ ਜਿਸ 'ਤੇ ਲਾਲ ਰੰਗ ਵਿੱਚ "ਰਾਧੇ ਰਾਧੇ" ਛਪਿਆ  ਹੁੰਦਾ ਸੀ ਨਾਲ ਅਚਾਰਿਆ ਛਤਰਪਾਲ ਅਟੱਲ ਨੂੰ ਇੱਕ ਵੀ ਵੱਖਰੀ ਜਿਹੀ ਪਹਿਚਾਣ ਵੀ ਮਿਲੀ। ਕੋਬਰਾ ਪੋਸਟ ਵੱਲੋਂ ਪੁਸ਼ਪ ਸ਼ਰਮਾ ਉਰਫ ਛਤਰਪਾਲ ਅਟੱਲ ਨੇ 24 ਤੋਂ ਜ਼ਿਆਦਾ ਮੀਡੀਆ ਘਰਾਣਿਆਂ ਨਾਲ ਮੁਲਾਕਾਤ ਕੀਤੀ। 
ਰਿਪੋਰਟ ਵਿੱਚ ਬਹੁਤ ਕੁਝ ਅਜਿਹਾ ਹੈ ਜਿਹੜਾ ਅੱਜ ਦੀ ਮੀਡੀਆ ਹਾਲਤ ਨੂੰ ਦੇਖ ਕੇ ਸੋਚਣ ਲਈ ਗੰਭੀਰ ਕਰਦਾ ਹੈ। ਇਸ ਸਟੋਰੀ ਵਿੱਚ ਬਹੁਤ ਕੁਝ ਅਜਿਹਾ ਵੀ ਹੈ ਜਿਹੜਾ ਅਜੇ ਉਜਾਗਰ ਨਹੀਂ ਕੀਤਾ ਗਿਆ। ਹੋ ਸਕਦਾ ਹੈ ਇਸ ਨਾਲ ਉਹ ਪੱਤਰਕਾਰ ਅਤੇ ਬੁੱਧੀਜੀਵੀ ਅਣਪਛਾਤੇ ਹਮਲਾਵਰਾਂ ਦੇ ਨਿਸ਼ਾਨੇ ਤੇ ਆ ਜਾਣ ਜਿਹੜੇ ਅਜਿਹੀਆਂ ਸਟੋਰੀਆਂ ਕਰਨ ਵਿੱਚ ਸਰਗਰਮ ਹਨ ਅਤੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਵਿਕਾਊ ਨਹੀਂ ਬਣੇ।  ਇਸ ਰਿਪੋਰਟ ਦੇ ਦੂਰ ਰਸ ਸਿੱਟੇ ਗੰਭੀਰ ਨਿਕਲਣਗੇ ਪਰ ਇੱਕ ਗੱਲ ਪੱਕੀ ਹੈ ਕਿ ਇਸ ਕੋਸ਼ਿਸ਼ ਨਾਲ ਇੱਕ ਵਾਰ ਫੇਰ ਉਹ ਪੱਤਰਕਾਰ ਅਤੇ ਬੁੱਧੀਜੀਵੀ ਸਮਾਜ ਲਾਇ ਇੱਕ ਨਵੀਂ ਉਮੀਦ ਬਣ ਕੇ ਸਾਹਮਣੇ ਆਉਣਗੇ ਜਿਹੜੇ ਅਜੇ ਵੀ ਸੱਚਮੁੱਚ ਕਲਮ ਦੇ ਸਿਪਾਹੀ ਹਨ। ਇਸ ਰਿਪੋਰਟ ਨੇ ਉਹਨਾਂ ਰਿਪੋਰਟਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਵੱਲ ਇੱਕ ਵਾਰ ਫਿਰ ਧਿਆਨ ਖਿੱਚਿਆ ਹੈ ਜਿਹੜੇ ਕਿਸੇ ਹਨੇਰੀ ਰਾਤ ਵਿੱਚ ਕਿਸੇ ਅਸਮਾਨੀ ਬਿਜਲੀ ਵਾਂਗ ਅਚਾਨਕ ਚਮਕਦੇ ਹਨ ਪਰ ਅੱਖ ਦੇ ਫੋਰ ਵਿੱਚ ਆਲੇ ਦੁਆਲੇ ਦੀਆਂ ਖਤਰਨਾਕ ਖੱਡਾਂ ਦਿਖਾ ਜਾਂਦੇ ਹਨ ਜਿਸ ਨਾਲ ਰਾਹੀਆਂ ਦਾ ਕੰਮ ਆਸਾਂ ਹੋ ਜਾਂਦਾ ਹੈ। 

No comments: