Friday, March 23, 2018

ਪੰਜਾਬ ਦੇ ਰਾਜਪਾਲ ਨੇ ਪੀਏਯੂ ਅਤੇ ਕਿਸਾਨਾਂ ਦੀ ਦੁਵੱਲੀ ਸਾਂਝ ਦੀ ਕੀਤੀ ਭਰਪੂਰ ਪਰਸੰਸਾ

ਪੰਜਾਬ ਦੇ ਕਿਸਾਨਾਂ ਦੀ ਕਿਤੇ ਵੀ ਕੋਈ ਹੋਰ ਮਿਸਾਲ ਨਹੀਂ ਮਿਲਦੀ
ਲੁਧਿਆਣਾ: 23 ਮਾਰਚ 2018: (ਪੰਜਾਬ ਸਕਰੀਨ ਟੀਮ):: 
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲਾ ਅੱਜ ਸ਼ੁਰੂ ਹੋ ਗਿਆ ਜਿਸ ਵਿੱਚ ਪੰਜਾਬ ਅਤੇ ਗੁਆਂਢੀ ਸੂਬਿਆਂ ਤੋਂ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ। 'ਆਓ ਖੇਤੀ ਖਰਚ ਘਟਾਈਏ, ਵਾਧੂ ਪਾਣੀ ਖਾਦ ਨਾ ਪਾਈਏ। ਸਹਾਇਕ ਧੰਦੇ ਨਾਲ ਅਪਣਾ ਕੇ, ਖੇਤੀ ਲਾਹੇਵੰਦ ਬਣਾਈਏ' ਦੇ ਉਦੇਸ਼ ਨਾਲ ਸ਼ੁਰੂ ਹੋਏ ਇਸ ਕਿਸਾਨ ਮੇਲੇ ਦਾ ਉਦਘਾਟਨ ਸ਼੍ਰੀ ਵੀ ਪੀ ਸਿੰਘ ਬਦਨੌਰ, ਮਾਣਯੋਗ ਰਾਜਪਾਲ ਪੰਜਾਬ ਅਤੇ ਚਾਂਸਲਰ ਪੀਏਯੂ ਨੇ ਕੀਤਾ । ਇਸ ਵਿੱਚ ਸ਼੍ਰੀ ਵਿਸ਼ਵਜੀਤ ਖੰਨਾ, ਵਧੀਕ ਪ੍ਰਮੁੱਖ ਸਕੱਤਰ (ਵਿਕਾਸ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਮੌਕੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਬਦਨੌਰ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਆਪਣੀ ਅਣਥੱਕ ਮਿਹਨਤ ਸਦਕਾ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਕੇ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਵਿੱਚ ਜੋ ਯੋਗਦਾਨ ਪਾਇਆ ਹੈ, ਉਸ ਦੀ ਕਿਤੇ ਵੀ ਕੋਈ ਹੋਰ ਮਿਸਾਲ ਨਹੀਂ ਮਿਲਦੀ। ਪੰਜਾਬ ਦਾ ਕਿਸਾਨ ਅਗਾਂਹਵਧੂ ਹੈ ਇਸੇ ਲਈ ਨਵੀਂ ਤਕਨਾਲੋਜੀ ਅਪਣਾ ਲੈਂਦਾ ਹੈ। ਪੰਜਾਬ ਦੇ ਸੂਝਵਾਨ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਕਿਸਾਨ, ਕਦੇ ਵੀ ਪੰਜਾਬ ਨੂੰ ਮਾਰੂਥਲ ਨਹੀਂ ਬਣਨ ਦੇਣਗੇ। ਨਵੀਆਂ ਤਕਨੀਕਾਂ ਅਪਨਾਉਣ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਮੋਹਰੀ ਮੰਨਦਿਆਂ ਉਹਨਾਂ ਕਣਕ-ਝੋਨਾ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਫਲਾਂ ਅਤੇ ਫੁੱਲਾਂ ਦੀ ਕਾਸ਼ਤ ਰਾਹੀਂ ਬਾਗਬਾਨੀ ਨੂੰ ਅਪਣਾ ਕੇ ਖੇਤੀ ਵੰਨ-ਸੁਵੰਨਤਾ ਨੂੰ ਹੁਲਾਰਾ ਦੇਣ ਦਾ ਸੁਨੇਹਾ ਦਿੱਤਾ। ਕਿਸਾਨ ਅਤੇ ਯੂਨੀਵਰਸਿਟੀ ਮਾਹਿਰਾਂ ਦੇ ਨੇੜਲੇ ਸੰਬੰਧਾਂ ਤੇ ਤਸੱਲੀ ਪਰਗਟ ਕਰਦਿਆਂ ਉਹਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀ ਖੇਤੀ ਖੋਜ ਨੂੰ ਜਿੰਨੀ ਸ਼ਿੱਦਤ ਨਾਲ ਪੰਜਾਬ ਦੇ ਕਿਸਾਨ ਆਪਣੇ ਖੇਤਾਂ ਵਿੱਚ ਅਪਣਾ ਰਹੇ ਹਨ, ਉਸੇ ਸਦਕਾ ਹੀ ਚਿੱਟੀ ਮੱਖੀ ਤੇ ਹੋਰ ਬਿਮਾਰੀਆਂ ਦੇ ਹਮਲਿਆਂ ਨੂੰ ਅਸੀਂ ਵਿਗਿਆਨਿਕ ਲੀਹਾਂ ਤੇ ਚਲਦਿਆਂ ਨਜਿੱਠ ਸਕੇ ਹਾਂ। ਪਰਾਲੀ ਦੀ ਸਾਂਭ-ਸੰਭਾਲ ਵਿੱਚ ਪੀਏਯੂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਦੀ ਤਾਕੀਦ ਕਰਦਿਆਂ ਹੈਪੀ ਸੀਡਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਸੁਰੱਖਿਅਤ ਖੇਤੀ ਆਮਦਨ ਲਈ ਡੇਅਰੀ ਪਾਲਣ ਮਧੂ ਮੱਖੀ ਪਾਲਣ, ਮੁਰਗੀ ਪਾਲਣ, ਖੁੰਭਾਂ ਦੀ ਕਾਸ਼ਤ ਅਤੇ ਮੱਛੀ ਪਾਲਣ ਜਿਹੇ ਸਹਾਇਕ ਧੰਦੇ ਅਪਨਾਉਣ ਦੀ ਸਿਫਾਰਸ਼ ਕਰਦਿਆਂ ਉਹਨਾਂ ਗਰੁੱਪ ਬਣਾ ਕੇ ਖੇਤੀ ਕਰਨ ਲਈ ਕਿਹਾ ਤਾਂ ਜੋ ਖੇਤੀ ਲਾਗਤਾਂ ਘੱਟ ਹੋ ਸਕਣ ਅਤੇ ਆਮਦਨ ਵਿੱਚ ਵਾਧਾ ਹੋ ਸਕੇ।
ਇਸ ਮੌਕੇ ਡਾ. ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ, ਪੀਏਯੂ ਨੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰ ਰਹੇ ਕਿਸਾਨਾਂ, ਮਾਹਿਰਾਂ ਅਤੇ ਪਤਵੰਤਿਆਂ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ ਪੀਏਯੂ ਦੀਆਂ ਖੋਜ ਪਰਾਪਤੀਆਂ ਬਾਰੇ ਚਾਣਨਾ ਪਾਇਆ। ਖੇਤੀ ਲਾਗਤਾਂ ਨੂੰ ਘਟਾਉਣ ਲਈ ਲੋੜ ਅਨੁਸਾਰ ਵਰਤੋਂ ਤੇ ਜ਼ੋਰ ਦਿੰਦਿਆਂ ਉਹਨਾਂ ਮਿੱਟੀ ਪਰਖ ਦੇ ਅਧਾਰ ਤੇ ਖਾਦਾਂ ਦੀ ਵਰਤੋਂ ਕਰਨ ਅਤੇ ਸਰਵਪੱਖੀ ਕੀਟ ਪ੍ਰਬੰਧਨ ਲਈ ਕਿਹਾ। ਪੰਜਾਬ ਵਿੱਚ ਖੇਤੀ ਤੋਂ ਹੋਣ ਵਾਲੀ ਆਮਦਨ ਵੱਧ ਪਰ ਬਚਤ ਘੱਟ ਹੋਣ ਤੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਕਿਸਾਨਾਂ ਨੂੰ ਖੇਤੀ ਦਾ ਪੂਰਾ ਲੇਖਾ ਜੋਖਾ ਰੱਖਣ, ਸਾਂਝੀ ਖੇਤ ਮਸ਼ੀਨਰੀ ਖਰੀਦਣ ਅਤੇ ਮੰਡੀਕਰਨ ਲਈ ਕਿਹਾ। ਯੂਨੀਵਰਸਿਟੀ ਵੱਲੋਂ ਸਥਾਪਿਤ ਕੀਤੇ ਫੂਡ ਇੰਡਸਟਰੀ ਸੈਂਟਰ ਤੋਂ ਸਿਖਲਾਈ ਲੈ ਕੇ ਐਗਰੋ ਪ੍ਰੋਸੈਸਿੰਗ ਨੂੰ ਹੁਲਾਰਾ ਦੇਣ ਦਾ ਸੱਦਾ ਦਿੰਦਿਆਂ ਉਹਨਾਂ ਕਿਹਾ ਕਿ ਇਸ ਨਾਲ ਅਸੀਂ ਆਪਣੀ ਆਮਦਨ ਵਿੱਚ ਹੋਰ ਵਾਧਾ ਕਰ ਸਕਾਂਗੇ।
ਇਸ ਮੌਕੇ ਸ਼੍ਰੀ ਵਿਸ਼ਵਜੀਤ ਖੰਨਾ, ਵਧੀਕ ਪ੍ਰਮੁੱਖ ਸਕੱਤਰ (ਵਿਕਾਸ) ਨੇ ਪੰਜਾਬ ਰਾਜ ਨੂੰ ਉਤਪਾਦਨ ਕਰਕੇ ਜੋ ਕ੍ਰਿਸ਼ੀ ਕਰਮਣ ਐਵਾਰਡ ਹਾਸਲ ਹੋਇਆ ਹੈ, ਉਸਦਾ ਸਿਹਰਾ ਪੰਜਾਬ ਦੇ ਮਿਹਨਤੀ ਅਤੇ ਸਿਰੜੀ ਕਿਸਾਨਾਂ ਅਤੇ ਪੀਏਯੂ ਮਾਹਿਰਾਂ ਦੇ ਸਿਰ ਬੰਨਦਿਆਂ ਕਿਹਾ ਕਿ ਪੀਏਯੂ ਦੀਆਂ ਖੇਤੀ ਖੋਜਾਂ ਅਤੇ ਕਿਸਾਨਾਂ ਦੀ ਅਣਥੱਕ ਮਿਹਨਤ ਨੇ ਹੀ ਹਰੀ ਕ੍ਰਾਂਤੀ ਲਿਆ ਕੇ ਦੇਸ਼ ਨੂੰ ਅੰਨ ਸੁਰੱਖਿਆ ਪ੍ਰਦਾਨ ਕੀਤੀ ਸੀ ਪਰ ਇਸ ਦੇ ਬਦਲ ਵਿੱਚ ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਹੁਤ ਨੁਕਸਾਨ ਝਲਣਾ ਪਿਆ। ਧਰਤੀ ਹੇਠਲਾ ਪਾਣੀ ਕਈ ਥਾਂਈ 750 ਫੁੱਟ ਡੂੰਘਾ ਚਲੇ ਜਾਣ ਤੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਦੱਸਿਆ ਕਿ ਅੱਜ 147 ਵਿੱਚੋਂ 110 ਡਾਰਕ ਬਲਾਕ ਹੋਣ ਨਾਲ ਸਾਡੀਆਂ ਆਉਣ ਵਾਲੀਆਂ ਪੀੜ•ੀਆਂ ਦਾ ਭਵਿੱਖ ਖਤਰੇ ਵਿੱਚ ਪੈ ਸਕਦਾ ਹੈ। ਉਹਨਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਵਾਸਤੇ ਸਰਕਾਰ ਵੱਲੋਂ 2੦੦੦ ਕਰੋੜ ਰੁਪਏ ਦੀ ਲਾਗਤ ਨਾਲ 16੦੦੦ ਕਿਲੋਮੀਟਰ ਲਿੰਕ ਸੜਕਾਂ ਬਣਾਈਆਂ ਜਾ ਰਹੀਆਂ ਹਨ ਅਤੇ ਇਸੇ ਤਰਾਂ 750 ਕਰੋੜ ਰੁਪਏ ਨਾਲ ਮੰਡੀਆਂ ਨੂੰ ਨਵਿਆਉਣ ਦੇ ਕਾਰਜ ਜਾਰੀ ਹਨ।
ਇਸ ਮੌਕੇ ਡਾ. ਅਮਰਜੀਤ ਸਿੰਘ ਨੰਦਾ ਵਾਈਸ ਚਾਂਸਲਰ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ, ਲੁਧਿਆਣਾ ਨੇ ਕਿਹਾ ਕਿ ਹਰੀ ਕ੍ਰਾਂਤੀ ਦੇ ਨਾਲ-ਨਾਲ ਚਿੱਟੀ ਕ੍ਰਾਂਤੀ ਲਿਆਉਣ ਵਿੱਚ ਵੀ ਪੰਜਾਬ ਦੇ ਕਿਸਾਨਾਂ ਨੇ ਅਹਿਮ ਯੋਗਦਾਨ ਪਾਇਆ ਹੈ।
ਇਸ ਮੌਕੇ ਮਾਣਯੋਗ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗਡਵਾਸੂ ਵਲੋਂ ਜਾਰੀ ਕੀਤੀਆਂ ਪ੍ਰਕਾਸ਼ਨਾਵਾਂ ਅਤੇ ਡੇਅਰੀ ਪ੍ਰਜਣਨ ਐਪ ਵੀ ਰਿਲੀਜ਼ ਕੀਤੀ। ਇਸ ਮੌਕੇ ਪੀਏਯੂ ਦੇ ਵਿਗਿਆਨੀਆਂ ਡਾ: ਐਸ ਸੀ ਸ਼ਰਮਾ, ਸਹਿਯੋਗ ਨਿਰਦੇਸ਼ਕ ਕੇ ਵੀ ਕੇ ਸਮਰਾਲਾ, ਡਾ. ਭੁਪਿੰਦਰ ਸਿੰਘ ਢਿੱਲੋਂ, ਸਹਿਯੋਗੀ ਨਿਰਦੇਸ਼ਕ ਕੇ ਵੀ ਕੇ ਅੰਮ੍ਰਿਤਸਰ, ਡਾ. ਪਰਮਜੀਤ ਸਿੰਘ, ਨਿਰਦੇਸ਼ਕ ਖੇਤਰੀ ਖੋਜ ਕੇਂਦਰ ਬਠਿੰਡਾ, ਡਾ.ਮਨਮੋਹਨਜੀਤ ਸਿੰਘ, ਨਿਰਦੇਸ਼ਕ ਖੇਤਰੀ ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਨੂੰ ਖੇਤੀ ਖੋਜ ਵਿੱਚ ਵਿਸ਼ੇਸ਼ ਪ੍ਰਾਪਤੀਆਂ ਲਈ ਅਤੇ ਸ੍ਰੀ ਸਤਵਿੰਦਰ ਬਸਰਾ ਅਤੇ ਮਹਿਕ ਜੈਨ ਨੂੰ ਪੀਏਯੂ ਦੀਆਂ ਵਿਕਾਸਮੁਖੀ ਗਤੀਵਿਧੀਆਂ ਕਿਸਾਨਾਂ ਤੱਕ ਪਸਾਰਨ ਲਈ ਯੋਗਦਾਨ ਪਾਉਣ ਸਦਕਾ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਖੇਤੀਬਾੜੀ ਬਾਗਬਾਨੀ ਅਤੇ ਹੋਰ ਸਹਾਇਕ ਧੰਦਿਆਂ ਵਿੱਚ ਵਿਸ਼ੇਸ਼ ਕਾਰਗੁਜ਼ਾਰੀ ਦਿਖਾਉਣ ਵਾਲੇ ਚਾਰ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ,ਜਿਹਨਾਂ ਵਿਚੋਂ ਸਬਜ਼ੀਆਂ ਦੇ ਸਫਲ ਕਾਸ਼ਤਕਾਰ ਹਰਦੀਪ ਸਿੰਘ ਪਿੰਡ ਘੱਗਾ ਜ਼ਿਲ•ਾ ਪਟਿਆਲਾ ਨੂੰ ਬਾਗਬਾਨੀ ਲਈ ਮੁੱਖ ਮੰਤਰੀ ਪੁਰਸਕਾਰ, ਗਲੈਡੀਓਲਸ ਰਾਹੀਂ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਵਾਲੇ ਗੁਰਵਿੰਦਰ ਸਿੰਘ ਸੋਹੀ ਪਿੰਡ ਨਾਨੋਵਾਲ ਖੁਰਦ, ਜ਼ਿਲਾ ਫਤਹਿਗੜ ਸਾਹਿਬ ਨੂੰ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ, ਖੇਤੀ ਵਿੱਚ ਆਧੁਨਿਕ ਮਸ਼ੀਨਰੀ ਅਪਣਾਉਣ ਵਾਲੇ ਜਗਮੋਹਨ ਸਿੰਘ ਪਿੰਡ ਜੈ ਸਿੰਘ ਵਾਲਾ, ਜ਼ਿਲਾ ਮੋਗਾ ਨੂੰ ਸੀ ਆਰ ਆਈ ਪੰਪ ਐਵਾਰਡ ਅਤੇ ਜੈਵਿਕ ਖੇਤੀ ਅਪਨਾਉਣ ਵਾਲੇ ਅਗਾਂਹਵਧੂ ਕਿਸਾਨ ਤਰਸੇਮ ਸਿੰਘ ਪਿੰਡ ਨੀਲਾ ਨਲੋਆ, ਜ਼ਿਲ•ਾ ਹੁਸ਼ਿਆਰਪੁਰ ਨੂੰ ਸੀ ਆਰ ਆਈ ਪੰਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵੱਖ ਵੱਖ ਵਿਭਾਗਾਂ ਵੱਲੋਂ ਖੇਤ ਪ੍ਰਦਰਸ਼ਨੀਆਂ ਅਤੇ ਨੁਮਾਇਸ਼ਾਂ ਲਗਾ ਕੇ ਕਿਸਾਨਾਂ ਨੂੰ ਖੇਤੀ ਸੰਬੰਧੀ ਵਿਕਸਿਤ ਕੀਤੀ ਨਵੀਂ ਤਕਨਾਲੋਜੀ ਬਾਰੇ ਜਾਣਕਾਰ ਕਰਵਾਇਆ ਗਿਆ। ਕਿਸਾਨਾਂ ਨੇ ਖੇਤੀ ਨੂੰ ਦਰਪੇਸ਼ ਸਮੱਸਿਆਵਾਂ ਮਾਹਿਰਾਂ ਨਾਂਲ ਸਾਂਝੀਆਂ ਕੀਤੀਆਂ। ਕਿਸਾਨਾਂ ਨੇ ਖੇਤੀ ਸਾਹਿਤ, ਬੀਜ ਅਤੇ ਫਲਾਂ ਅਤੇ ਫੁੱਲਾਂ ਦੇ ਬੂਟਿਆਂ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ।

No comments: