ਸ਼ਹੀਦ ਕਿਸੇ ਇੱਕ ਫਿਰਕੇ ਦੇ ਨਹੀਂ ਸਗੋਂ ਦੇਸ਼ ਦਾ ਸਰਮਾਇਆ ਹੁੰਦੇ ਹਨ
ਲੁਧਿਆਣਾ: 23 ਮਾਰਚ 2018: (ਪੰਜਾਬ ਸਕਰੀਨ ਬਿਊਰੋ)::
ਦੇਸ਼ ਦੇ ਅਮਰ ਸ਼ਹੀਦਾਂ ਦੇ ਸਾਂਝੇ ਭਾਈਚਾਰੇ, ਸਮਾਜਿਕ ਅਤੇ ਆਰਥਿਕ ਬਰਾਬਰੀ ਤੇ ਅਧਾਰਿਤ ਦੇਸ਼ ਦੇ ਸੁਪਨੇ ਨੂੰ ਹਰ ਕੁਰਬਾਨੀ ਦੇ ਕੇ ਬਰਕਰਾਰ ਰੱਖਿਆ ਜਾਵੇਗਾ । ਇਹ ਵਿਚਾਰ ਭਾਰਤੀ ਕਮਿਉਨਿਸਟ ਪਾਰਟੀ (ਸੀ.ਪੀ.ਆਈ.) ਅਤੇ ਭਾਰਤੀ ਕਮਿਉਨਿਸਟ ਪਾਰਟੀ ਮਾਰਕਸਵਾਦੀ (ਸੀ.ਪੀ.ਐਮ.) ਦੇ ਆਗੂਆਂ ਨੇ ਅੱਜ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ 88ਵੇਂ ਸ਼ਹੀਦੀ ਦਿਹਾੜੇ ਤੇ ਇਥੇ ਜਗਰਾਉਂ ਪੁੱਲ ਤੇ ਸਥਿਤ ਉਹਨਾਂ ਦੇ ਬੁੱਤਾਂ ਨੂੰ ਹਾਰ ਪਾਉਣ ਉਪਰੰਤ ਸ਼ਰਧਾਂਜਲੀ ਦਿੰਦੇ ਹੋਏ ਕਹੇ। ਇਸ ਮੌਕੇ ਤੇ ਬੋਲਦਿਆਂ ਸੀ.ਪੀ.ਆਈ. ਦੇ ਜ਼ਿਲਾ ਸਕੱਤਰ ਕਾਮਰੇਡ ਡੀ.ਪੀ. ਮੌੜ ਨੇ ਕਿਹਾ ਕਿ ਜਿਹਨਾਂ ਉਦੇਸ਼ਾਂ ਦੇ ਲਈ ਸ਼ਹੀਦਾਂ ਨੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਅੱਜ ਉਹਨਾਂ ਵਿਚਾਰਾਂ ਨੂੰ ਸੱਤਾ 'ਤੇ ਕਾਬਜ ਲੋਕਾਂ ਵੱਲੋਂ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਸੰਘ ਵਲੋਂ ਥਾਪੀ ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ ਆਏ ਹਨ ਪਰ ਦੇਸ਼ ਨੂੰ ਦਰਪੇਸ਼ ਮੁੱਢਲੀਆਂ ਸਮੱਸਿਆਵਾਂ ਬੇਰੁਜ਼ਗਾਰੀ, ਭੁੱਖਮਰੀ, ਗਰੀਬੀ ਸਿੱਖਿਆ ਅਤੇ ਸਿਹਤ ਸੇਵਾਵਾਂ ਬਾਰੇ ਕੋਈ ਠੋਸ ਕਦਮ ਚੁੱਕਣ ਦੀ ਬਜਾਏ ਉਹ ਭਗਵਾਕਰਨ ਦੀਆਂ ਗੱਲਾਂ ਕਰਕੇ ਸਮਾਜ ਵਿੱਚ ਧਰਮ ਦੇ ਅਧਾਰ ਤੇ ਵੰਡੀਆਂ ਪਾਉਣ ਵਿੱਚ ਰੁੱਝੇ ਹੋਏ ਹਨ। ਫਿਰਕੂ ਸੋਚ ਤੇ ਅਧਾਰਿਤ ਰਾਜਸੀ ਜੱਥੇਬੰਦੀਆਂ ਭਾਰਤੀ ਚਿੰਤਨ ਵਿਚਾਰਧਾਰਾ ਨੂੰ ਅੰਦਰੋਂ ਖੋਖਲਾ ਕਰ ਰਹੀਆਂ ਹਨ। ਰਾਜ ਸਤ੍ਹਾ ਤੇ ਬੈਠੇ ਲੋਕ, ਲੋਕਾਂ ਦੇ ਹੱਕ ਖੋਹ ਕੇ ਦੇਸ਼ ਨੂੰ ਡਿਕਟੇਟਰਸ਼ਿਪ ਵੱਲ ਲਿਜਾ ਰਹੇ ਹਨ। ਦੇਸ਼ ਵਿਰੋਧੀ ਕੰਮ ਦੇਸ਼ ਭਗਤੀ ਦੇ ਨਾਮ ਤੇ ਕੀਤੇ ਜਾ ਰਹੇ ਹਨ। ਭਾਰਤ ਦੀ ਚਿੰਤਨ ਦੀ ਪ੍ਰੰਪਰਾ ਵਿਰੋਧੀ ਕੰਮ ਰਾਸ਼ਟਰਵਾਦ ਦੇ ਨਾ ਤੇ ਕੀਤੇ ਜਾ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਵੱਲੋਂ ਅੰਮ੍ਰਿਤਸਰ ਦੇ ਜ਼ਲ੍ਹਿਆਂ ਵਾਲੇ ਬਾਗ ਵਿੱਚ ਸ਼ਹੀਦ ਊਧਮ ਸਿੰਘ ਨੂੰ ਸਿਰਫ ਕੰਬੋਜ਼ ਬਰਾਦਰੀ ਦੇ ਨਾਇਕ ਦੇ ਤੌਰ ਤੇ ਪੇਸ਼ ਕਰਨਾ ਉਸ ਦੀ ਸ਼ਹਾਦਤ ਨੂੰ ਘਟਾਉਣ ਤੇ ਤੁੱਲ ਹੈ ਕਿਉਂਕਿ ਸ਼ਹੀਦ ਕਿਸੇ ਇੱਕ ਜਾਤ, ਧਰਮ, ਫਿਰਕੇ, ਮੱਜਹਬ ਅਤੇ ਇਲਾਕੇ ਦੇ ਨਾ ਹੋ ਕੇ ਪੂਰੇ ਦੇਸ਼ ਦਾ ਸਰਮਾਇਆ ਹਨ। ਕਾਮਰੇਡ ਅਮਰਜੀਤ ਮੱਟੂ, ਜ਼ਿਲ੍ਹਾ ਸਕੱਤਰ ਸੀ.ਪੀ.ਐਮ ਨੇ ਯੂਨੀਵਰਸਿਟੀਆਂ ਨੂੰ ਆਟੋਨੋਮੀ ਦੇ ਨਾ ਤੇ ਪ੍ਰਾਈਵੇਟ ਸਰਮਾਏਦਾਰਾਂ ਨੂੰ ਸੌਂਪਣ ਦੀ ਕੋਸ਼ਿਸ਼ ਕਰਨ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਹੁਣ ਗਰੀਬ ਪਰਿਵਾਰ ਦੇ ਬੱਚੇ ਉੱਚ ਵਿੱਦਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਣਗੇ। ਆਮ ਆਦਮੀ ਦੀ ਆਵਾਜ਼ ਦਬਾਉਣ ਲਈ ਮੀਡੀਆ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਬੀ.ਜੇ.ਪੀ. ਸਰਕਾਰ ਦੀਆਂ ਕੁਚਾਲਾਂ ਨੂੰ ਭਾਂਜ ਦੇਣ ਲਈ ਲੋਕਤੰਤਰਿਕ, ਅਗਾਂਹਵਧੂ, ਦੇਸ਼ਭਗਤ ਅਤੇ ਧਰਮ ਨਿਰਪੱਖ ਤਾਕਤਾਂ ਦਾ ਇਕੱਠਾ ਹੋਣਾ ਸਮੇਂ ਦੀ ਲੋੜ ਬਣ ਗਿਆ ਹੈ ।
ਹੋਰਨਾਂ ਤੋਂ ਇਲਾਵਾ ਇਸ ਸਮਾਗਮ ਨੂੰ ਕਾਮਰੇਡ ਓਮ ਪ੍ਰ੍ਕਾਸ਼ ਮਹਿਤਾ, ਕਾਮਰੇਡ ਗੁਲਜਾਰ ਗੋਰੀਆ, ਕਾਮਰੇਡ ਜਗਦੀਸ਼ ਚੰਦ, ਸੂਬਾ ਕਮੇਟੀ ਮੈਂਬਰ ਸੀ.ਪੀ.ਐਮ, ਕਾਮਰੇਡ ਚਮਕੌਰ ਸਿੰਘ, ਸਹਾਇਕ ਜ਼ਿਲਾ ਸਕੱਤਰ ਸੀ.ਪੀ.ਆਈ. ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਵਿਜੇ ਕੁਮਾਰ, ਕਾਮਰੇਡ ਦੇਵ ਰਾਜ, ਕਾਮਰੇਡ ਬਲਰਾਮ ਸਿੰਘ, ਕਾਮਰੇਡ ਸਮਰ ਬਹਾਦਰ, ਕਾਮਰੇਡ ਗੁਲਜਾਰ ਪੰਧੇਰ, ਕਾਮਰੇਡ ਗੁਰਨਾਮ ਗਿੱਲ, ਕਾਮਰੇਡ ਕੇਵਲ ਸਿੰਘ ਬਨਵੈਤ, ਕਾਮਰੇਡ ਅਵਤਾਰ ਛਿੱਬੜ, ਕਾਮਰੇਡ ਐਸ.ਪੀ. ਸਿੰਘ, ਕਾਮਰੇਡ ਅਜੀਤ ਕੁਮਾਰ ਚੁਰੱਸੀਆ, ਕਾਮਰੇਡ ਰਣਧੀਰ ਸਿੰਘ (ਰੋਡਵੇਜ਼), ਮੈਡਮ ਸੰਦੀਪ ਸ਼ਰਮਾ, ਕਾਮਰੇਡ ਸੁਨੇਸ਼ਵਰ ਤਿਵਾੜੀ, ਕਾਮਰੇਡ ਅਜੀਤ ਕੁਮਾਰ, ਕਾਮਰੇਡ ਮਲਕੀਤ ਸਿੰਘ, ਕਾਮਰੇਡ ਰਾਮ ਪਰਤਾਪ , ਕਾਮਰੇਡ ਰਾਮ ਚੰਦਰ, ਕਾਮਰੇਡ ਸੰਜੇ ਕੁਮਾਰ, ਕਾਮਰੇਡ ਜਗਮੋਹਨ ਸ਼ਰਮਾ ਆਦਿ ਨੇ ਸੰਬੋਧਨ ਕੀਤਾ ।
No comments:
Post a Comment