Thursday, March 22, 2018

ਪੰਜਾਬ ਦੇ ਰਾਜਪਾਲ ਕਰਨਗੇ ਪੀਏਯੂ ਕਿਸਾਨ ਮੇਲੇ ਦਾ ਉਦਘਾਟਨ

Thu, Mar 22, 2018 at 4:26 PM
ਸਫਲਤਾ ਦੀਆਂ ਬੁਲੰਦੀਆਂ ਛੂਹਣ ਦਾ ਰਸਤਾ ਦਿਖਾਉਂਦੇ ਹਨ ਕਿਸਾਨ ਮੇਲੇ 
ਲੁਧਿਆਣਾ: 22 ਮਾਰਚ 2018: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਦੇ ਕਿਸਾਨਾਂ ਅਤੇ ਗੈਰ ਕਿਸਾਨਾਂ ਨੂੰ ਨਿਰਾਸ਼ਾ ਦੇ ਹਨੇਰਿਆਂ ਵਿੱਚੋਂ ਕੱਢ ਕੇ ਸਫਲਤਾ ਅਤੇ ਖੁਸ਼ੀਆਂ ਦੀਆਂ ਬੁਲੰਦੀਆਂ ਦੇਣ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਵਾਰ ਫੇਰ ਕਿਸਾਨ ਮੇਲੇ ਲਈ ਤਿਆਰ ਹੈ। ਪੰਜਾਬ ਦੇ ਵੱਖ ਅਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਵਾਰੋ ਵਾਰੀ ਕਿਸਾਨ ਮੇਲੇ ਲਾਉਣ ਵਾਲੀ ਯੂਨੀਵਰਸਿਟੀ ਵਿੱਚ ਲੱਗਣ ਵਾਲਾ ਕੇਂਦਰੀ ਕਿਸਾਨ ਮੇਲਾ ਪੰਜਾਬ ਦੇ ਹੋਰਨਾਂ ਭਾਗਾਂ ਵਿਛ ਲੱਗਦੇ ਬਾਕੀ ਸਾਰੇ ਮੇਲਿਆਂ ਨਾਲੋਂ ਵੱਡਾ ਹੁੰਦਾ ਹੈ। ਇਹ ਮੇਲੇ ਸਿਰਫ ਦਿਖਾਵੇ ਦੇ ਸਰਕਾਰੀ ਆਯੋਜਨ ਨਹੀਂ ਹੁੰਦੇ। ਇਹਨਾਂ ਵਿੱਚ ਖੁਦ ਲੋਕ ਬੜੇ ਜੋਸ਼ੋ ਖਰੋਸ਼ ਅਤੇ ਪੂਰੀ ਸਰਗਰਮੀ ਨਾਲ ਭਾਗ ਲੈਂਦੇ ਹਨ। ਇਹ ਮੇਲੇ ਗਵਾਹ ਹੁੰਦੇ ਹਨ ਕਿ ਕਿਵੇਂ ਆਮ ਲੋਕਾਂ ਨੇ ਪੀਏਯੂ ਤੋਂ ਟਰਨਿੰਗ ਲੈ ਕੇ ਬਹੁਤ ਹੀ ਮਾਮੂਲੀ ਜਿਹੀ ਰਕਮ ਨਾਲ ਆਪਣੇ ਕੰਮ ਧੰਦੇ ਸ਼ੁਰੂ ਕੀਤੇ ਅਤੇ ਗਰੀਬੀ ਜਾਂ ਕੰਗਾਲੀ ਨੂੰ ਗਏ ਗੁਜ਼ਰੇ ਜ਼ਮਾਨੇ ਦੀ ਚੀਜ਼ ਬਣਾ ਦਿੱਤਾ। ਇਹ ਮੇਲੇ ਲੋਕਾਂ ਦੀ ਹਿੰਮਤ ਦਾ ਸਬੂਤ ਵੀ ਹੁੰਦੇ ਹਨ। ਇਹਨਾਂ ਮੇਲਿਆਂ ਵਿੱਚ ਕਿਸਾਨਾਂ ਦੇ ਨਾਲ ਨਾਲ ਗੈਰ ਕਿਸਾਨ ਵੀ ਬੜੀ ਸ਼ਿੱਦਤ ਨਾਲ ਭਾਗ ਲੈਂਦੇ ਹਨ। ਛੋਟੀ ਛੋਟੀ ਉਮਰ ਦੇ ਮੁੰਡੇ ਕੁੜੀਆਂ ਤੋਂ ਲੈ ਕੇ ਵੱਡੀ ਉਮਰ ਵਾਲੇ ਬਜ਼ੁਰਗ ਵੀ ਇਹਨਾਂ ਕਿਸਾਨ ਮੇਲਿਆਂ ਦੀ ਉਡੀਕ ਵਿੱਚ ਰਹਿੰਦੇ ਹਨ। 
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ 23-24 ਮਾਰਚ ਨੂੰ ਲੱਗਣ ਵਾਲੇ ਦੋ ਰੋਜ਼ਾ ਕਿਸਾਨ ਮੇਲੇ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ । 'ਆਓ ਖੇਤੀ ਖਰਚ ਘਟਾਈਏ, ਵਾਧੂ ਪਾਣੀ ਖਾਦ ਨਾ ਪਾਈਏ, ਸਹਾਇਕ ਧੰਦੇ ਨਾਲ ਅਪਣਾ ਕੇ, ਖੇਤੀ ਲਾਹੇਵੰਦ ਬਣਾਈਏ' ਦੇ ਥੀਮ ਨੂੰ ਲੈ ਕੇ ਲੱਗਣ ਵਾਲੇ ਇਸ ਕਿਸਾਨ ਮੇਲੇ ਵਿੱਚ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਸੂਬਿਆਂ ਤੋਂ ਲਗਭਗ ਇੱਕ ਲੱਖ ਤੋਂ ਵੱਧ ਕਿਸਾਨਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ । ਕਿਸਾਨਾਂ ਦੇ ਇਸ ਹਰਮਨ ਪਿਆਰੇ ਮੇਲੇ ਦਾ ਉਦਘਾਟਨ ਪੰਜਾਬ ਦੇ ਮਾਣਯੋਗ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਕਰਨਗੇ । ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਏ.ਡੀ.ਜੀ. ਡਾ. ਅਸ਼ੋਕ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ ।
ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਸਾਨਾਂ ਨੂੰ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਖੇਤੀ ਵਿਭਿੰਨਤਾ ਅਤੇ ਕੁਦਰਤੀ ਸੋਮਿਆਂ ਦੇ ਰੱਖ-ਰਖਾਅ ਨੂੰ ਧਿਆਨ ਵਿੱਚ ਰੱਖਦਿਆਂ ਪੀਏਯੂ ਦੇ ਖੇਤੀ ਮਾਹਿਰਾਂ ਵੱਲੋਂ ਬਦਲਵੀਆਂ ਫ਼ਸਲਾਂ ਦੀ ਕਾਸ਼ਤ, ਜਲ, ਖੇਤੀ ਰਸਾਇਣਾਂ ਅਤੇ ਹੋਰ ਖੇਤੀ ਲਾਗਤਾਂ ਦੀ ਉਚਿਤ ਵਰਤੋਂ ਦੀ ਭਰਪੂਰ ਜਾਣਕਾਰੀ ਦੇਣ ਵਾਲੀਆਂ ਨੁਮਾਇਸ਼ਾਂ ਦੀ ਪ੍ਰਦਰਸ਼ਨੀ ਹੋਵੇਗੀ । ਕਿਸਾਨਾਂ ਨੂੰ ਖੇਤੀ ਸੰਬੰਧੀ ਦਰਪੇਸ਼ ਸਮੱਸਿਆਵਾਂ ਦੇ ਸੁਯੋਗ ਹੱਲ ਸੁਝਾਏ ਜਾਣਗੇ । 
ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਦੱਸਿਆ ਕਿ ਨਵੀਆਂ ਸੋਧੀਆਂ ਕਿਸਮਾਂ ਅਤੇ ਤਕਨੀਕਾਂ ਨਾਲ ਪੰਜਾਬ ਦੀ ਖੇਤੀ ਵੱਡੀਆਂ ਪੁਲਾਘਾਂ ਪੁੱਟ ਰਹੀ ਹੈ ਅਤੇ ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀ ਖੇਤੀ ਖੋਜ ਦਾ ਮੁੱਖ ਮਨੋਰਥ ਫ਼ਸਲਾਂ ਦੀਆਂ ਨਵੀਆਂ  ਕਿਸਮਾਂ ਅਤੇ ਉਨ•ਾਂ ਦੀਆਂ ਉਤਪਾਦਨ, ਸੁਰੱਖਿਆ ਅਤੇ ਪ੍ਰੋਸੈਸਿੰਗ ਤਕਨੀਕਾਂ ਨੂੰ ਵਿਕਸਿਤ ਕਰਨਾ ਹੈ ਤਾਂ ਜੋ ਵੱਧ ਤੋਂ ਵੱਧ ਝਾੜ ਹਾਸਲ ਕਰਕੇ ਕਿਸਾਨਾਂ ਦੇ ਮੁਨਾਫ਼ੇ ਨੂੰ ਵਧਾਇਆ ਜਾ ਸਕੇ । ਉਹਨਾਂ ਦੱਸਿਆ ਕਿ ਕਿਸਾਨ ਮੇਲੇ ਵਿੱਚ ਵੱਡੀ ਗਿਣਤੀ ਕਿਸਾਨਾਂ ਦੀ ਸ਼ਮੂਲੀਅਤ ਹੋਣ ਨਾਲ ਸਾਡੇ ਖੇਤੀ ਮਾਹਿਰਾਂ ਨੂੰ ਫੀਡ ਬੈਕ ਮਿਲਣ ਵਿੱਚ ਅਸਾਨੀ ਰਹੇਗੀ ਜਿਸ ਨਾਲ ਖੇਤੀ ਖੋਜ ਨੂੰ ਢੁਕਵੀਂ ਦਿਸ਼ਾ ਦਿੱਤੀ ਜਾ ਸਕੇਗੀ । 
ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਮੇਲੇ ਦੀਆਂ ਤਿਆਰੀਆਂ ਅਤੇ ਇਸ ਦੇ ਮੰਤਵ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨ ਮੇਲੇ ਖੇਤੀ ਸੰਬੰਧੀ ਅਤਿ ਆਧੁਨਿਕ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ । ਉਹਨਾਂ ਦੱਸਿਆ ਕਿ ਇਸ ਮੌਕੇ ਕਿਸਾਨ ਲਈ ਨਵੀਆਂ ਕਿਸਮਾਂ ਦੀਆਂ ਪ੍ਰਦਰਸ਼ਨੀਆਂ ਅਤੇ ਨੁਮਾਇਸ਼ਾਂ ਲਗਾਈਆਂ ਜਾਣਗੀਆਂ ਅਤੇ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ, ਮਧੂ ਮੱਖੀ ਪਾਲਣ, ਖੁੰਭਾਂ ਦੀ ਕਾਸ਼ਤ, ਪੌਸ਼ਟਿਕ ਬਗੀਚੀ, ਸੁਰੱਖਿਅਤ ਕਾਸ਼ਤਕਾਰੀ ਆਦਿ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾਵੇਗੀ । ਕਿਸਾਨ ਮੇਲੇ ਮੌਕੇ ਫ਼ਸਲਾਂ ਦੀਆਂ ਸੋਧੀਆਂ ਕਿਸਮਾਂ ਦੇ ਬੀਜ, ਸਬਜ਼ੀਆਂ, ਫ਼ਲਾਂ ਅਤੇ ਸਜਾਵਟੀ ਬੂਟਿਆਂ ਅਤੇ ਖੇਤੀ ਸਾਹਿਤ ਦੀ ਵਿਕਰੀ ਵੀ ਹੋਵੇਗੀ । ਉਹਨਾਂ ਦੱਸਿਆ ਕਿ ਇਸ ਕਿਸਾਨ ਮੇਲੇ ਵਿੱਚ ਖੇਤੀਬਾੜੀ, ਬਾਗਬਾਨੀ ਅਤੇ ਹੋਰ ਸਹਾਇਕ ਧੰਦਿਆਂ ਵਿੱਚ ਵਿਸ਼ੇਸ਼ ਕਾਰਗੁਜ਼ਾਰੀ ਦਿਖਾਉਣ ਵਾਲੇ 4 ਅਗਾਂਹਵਧੂ ਕਿਸਾਨਾਂ ਸ. ਹਰਦੀਪ ਸਿੰਘ, ਸ. ਗੁਰਵਿੰਦਰ ਸਿੰਘ, ਸ. ਤਰਸੇਮ ਸਿੰਘ ਅਤੇ ਸ. ਜਗਮੋਹਨ ਸਿੰਘ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ । ਡਾ. ਮਾਹਲ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਪੰਜਾਬੀ ਕਿਸਾਨ ਹੋਰ ਮੇਲਿਆਂ ਵਾਂਗ ਪੀਏਯੂ ਦੇ ਇਹਨਾਂ ਖੇਤੀ ਗਿਆਨ ਦੇ ਮੇਲਿਆਂ ਵਿੱਚ ਵੀ ਓਨੇ ਹੀ ਜ਼ੋਸ਼ ਨਾਲ ਪਹੁੰਚਦੇ ਹਨ । ਜ਼ਿਕਰਯੋਗ ਹੈ ਕਿ ਕਿਸਾਨ ਇਹਨਾਂ ਮੇਲਿਆਂ ਵਿੱਚ ਯੂਨੀਵਰਸਿਟੀ ਦੇ ਵਿਕਸਿਤ ਬੀਜਾਂ, ਖੇਤੀ ਸਾਹਿਤ ਅਤੇ ਗਿਆਨ ਪ੍ਰਦਰਸ਼ਨੀਆਂ ਵਿੱਚ ਵਿਸ਼ੇਸ਼ ਰੁਚੀ ਲੈਂਦੇ ਹਨ । 

ਕਿਸਾਨ ਮੇਲੇ ਨਾਲ ਸਬੰਧਤ ਹੋਰਨਾਂ ਖਬਰਾਂ ਲਈ ਇਥੇ ਕਲਿੱਕ ਕਰੋ 

No comments: