Tuesday, August 01, 2017

ਕਿਰਨ ਦੇਵੀ ਦੀ ਜਣੇਪੇ ਦੌਰਾਨ ਹੋਈ ਮੌਤ ਸ਼ੱਕ ਦੇ ਘੇਰੇ ਵਿੱਚ

Mon, Jul 31, 2017 at 6:50 PM
ਜਮਹੂਰੀ ਅਧਿਕਾਰ ਸਭਾ ਨੇ ਕੀਤੀ ਪੰਜ ਲੱਖ ਰੁ. ਸਹਾਇਤਾ ਦਿੱਤੇ ਜਾਣ ਦੀ ਮੰਗ
ਲੁਧਿਆਣਾ: 31 ਜੁਲਾਈ 2017: (ਪੰਜਾਬ ਸਕਰੀਨ ਬਿਊਰੋ)::
ਕਿਰਨ ਦੇਵੀ ਪਤਨੀ ਮੁਕੇਸ਼ ਵਾਸੀ ਗੋਬਿੰਦ ਨਗਰ ਪੱਖੋਵਾਲ ਰੋਡ (36 ਕਮਰੇ) ਵਿਖੇ ਦਾਈ ਵੱਲੋਂ ਘਰ ਵਿੱਚ ਜਣੇਪੇ ਦੌਰਾਨ ਹੋਈ ਮੌਤ ਦੀ ਜਮਹੂਰੀ ਅਧਿਕਾਰ ਸਭਾ ਪੰਜਾਬ ਲੁਧਿਆਣਾ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਭਾ ਦੇ ਪ੍ਰਧਾਨ ਜਸਵੰਤ ਜੀਰਖ ਨੇ ਦੱਸਿਆ ਕਿ ਉਕਤ ਮਾਮਲੇ ਬਾਰੇ ਸਬੰਧਤ ਵਿਭਾਗ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਿਰਨ ਦੇਵੀ ਦੀ ਮੌਤ ਦਾ ਮੁਖ ਕਾਰਨ ਘਰ ਵਿੱਚ ਡਿਲਵਰੀ ਦੌਰਾਨ ਜਿਆਦਾ ਖੂੁਨ ਦਾ ਵਹਿ ਜਾਣਾ ਅਤੇ ਮੌਕੇ ਤੇ ਡਾਕਟਰੀ ਸਹਾਇਤਾ ਨਾ ਮਿਲਣੀ ਹੈ ਜਦ ਕਿ ਦੂਸਰੇ ਪਾਸੇ ਲੁਧਿਆਣਾ ਦਾ ਸਿਹਤ ਪ੍ਰਸਾਸ਼ਨ ਇਹ ਦਾਅਵੇ ਕਰਦਾ ਨਹੀ ਥੱਕਦਾ ਕਿ ਘਰੇਲੂ ਡਿਲਵਰੀ ਨਾ ਦੇ ਬਰਾਬਰ ਹਨ।ਉਨਾ ਕਿਹਾ ਕਿ ਲੁਧਿਆਣਾ ਵਰਗੇ ਸ਼ਹਿਰ ਵਿੱਚ ਜਿੱਥੇ ਪੂਰੇ ਦੇਸ਼ ਵਿੱਚੋਂ ਮਜ਼ਦੂਰ ਵੱਖ ਵੱਖ ਤਰਾਂ ਦੀ ਮਜ਼ਦੂਰੀ ਕਰਦੇ ਹਨ, ਪਰ ਇਹਨਾਂ ਦੇ ਪਰਿਵਾਰਾਂ ਲਈ ਜੱਚਾ ਬੱਚਾ ਦੀ ਸਿਹਤ ਸੰਭਾਲ ਲਈ ਕੋਈ ਵੀ ਪੁਖਤਾ ਪ੍ਰਬੰਧ ਨਹੀ ਹਨ। ਉਹਨਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਦੀ ਸ਼ਹਿਰ ਅੰਦਰ ਭਰਮਾਰ ਹੈ,ਪਰ ਇਹਨਾਂ ਹਸਪਤਾਲਾਂ ਅੰਦਰ ਗਰੀਬ ਮਜਦੂਰਾਂ ਵੱਲੋਂ ਆਪਣਾ ਇਲਾਜ ਕਰਵਾਉਣਾ ਵਸੋਂ ਬਾਹਰ ਦੀ ਗੱਲ ਹੈ। ਇਸ ਵਾਰੇ ਜਿਲਾ ਪ੍ਰਸਾਸ਼ਨ ਅਤੇ ਸਿਹਤ ਪ੍ਰਸਾਸ਼ਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਜਮਹੂਰੀ ਅਧਿਕਾਰ ਸਭਾ ਨੇ ਮੰਗ ਕੀਤੀ ਹੈ ਕਿ ਸਾਰੀਆਂ ਗਰਭਵਤੀ ਮਾਵਾਂ ਦਾ ਰਿਕਾਰਡ ਆਨਲਾਈਨ ਕੀਤਾ ਜਾਵੇ ਅਤੇ ਗਰਭ ਦੌਰਾਨ ਤਿੰਨ ਐਂਟੀਨੇਟਲ ਚੈੱਕਅਪ ਕਰਨੇ ਯਕੀਨੀ ਬਣਾਏ ਜਾਣ ਅਤੇ ਉਸਨੂੰ ਨੇੜੇ ਦੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਜਣੇਪਾ ਕਰਵਾਉਣ ਦੀ ਮੁਫਤ ਸਹੂਲਤ ਦਿੱਤੀ ਜਾਵੇ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਹਰੇਕ ਗਰਭਵਤੀ ਮਾਂ ਬੱਚੇ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਘੱਟੋ ਘੱਟ ਦੋ ਹਜ਼ਾਰ ਰੁਪਏ ਦਿੱਤੇ ਜਾਣ ਤਾਂ ਜੋ ਗਰਭ ਦੌਰਾਨ ਉਹ ਪੌਸ਼ਟਿਕ ਖੁਰਾਕ ਖਾ ਸਕੇ। ਸਭਾ ਨੇ ਇਹ ਵੀ ਮੰਗ ਕੀਤੀ ਹੈ ਕਿ ਕਿਰਨ ਦੇਵੀ ਪਤਨੀ ਮੁਕੇਸ਼ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਤੁਰੰਤ ਸਹਾਇਤਾ ਦਿੱਤੀ ਜਾਵੇ।  
  

No comments: