Saturday, July 01, 2017

ਕੌਮਾਗਾਟਾਮਾਰੂ ਕਮੇਟੀ ਦੇ ਸਾਲਾਨਾ ਇਜਲਾਸ ਵਿੱਚ ਅਹਿਮ ਮਤੇ ਪਾਸ

 ਦੇਸ਼ ਅੰਦਰ ਬਣਾਏ ਜਾ ਰਹੇ ਫਿਰਕੂ ਹਾਲਾਤਾਂ ਵਿਰੁੱਧ ਚੇਤਨਾ ਲਹਿਰ ਸਰਗਰਮ 
ਲੁਧਿਆਣਾ: 1 ਜੁਲਾਈ 2017: (ਪੰਜਾਬ ਸਕਰੀਨ ਬਿਊਰੋ)::  More Pics on Facebook
ਜਦੋਂ ਦੇਸ਼ ਦੀ ਜਨਤਾ ਨੂੰ ਜੰਗ ਦੇ ਜਨੂੰਨ ਅਤੇ ਫਿਰਕੂ ਨਫਰਤਾਂ ਦੀ ਅੱਗ ਵਿੱਚ ਝੋਕਣ ਦੀਆਂ ਸਾਜ਼ਿਸ਼ਾਂ ਸਿਖਰਾਂ ਛੂਹ ਰਹੀਆਂ ਹਨ ਉਦੋਂ ਕੌਮਾਗਾਟਾਮਾਰੂ ਯਾਦਗਾਰ  ਕਮੇਟੀ ਦੇ ਦੂਸਰੇ ਸਾਲਾਨਾ ਇਜਲਾਸ ਵਿੱਚ ਮੌਜੂਦਾ ਸਥਿਤੀ ਨੂੰ ਲੈ ਕੇ ਨਾ ਸਿਰਫ ਖੁੱਲ੍ਹ ਕੇ ਚਰਚਾ ਕੀਤੀ ਗਈ ਬਲਕਿ ਅਹਿਮ ਮਤੇ ਵੀ ਪਾਸ ਕੀਤੇ ਗਏ। ਆਰ ਐਸ ਐਸ ਅਤੇ ਇਸਦੀਆਂ ਵੱਖ ਵੱਖ ਜੱਥੇਬੰਦੀਆਂ ਦੀ ਚਰਚਾ ਕਰਦਿਆਂ ਇਤਿਹਾਸਕ ਘਟਨਾਵਾਂ ਦੀ ਵੀ ਚਰਚਾ ਹੋਈ। 
ਜ਼ਿਕਰਯੋਗ ਹੈ ਕਿ ਗਦਰੀ ਸ਼ਹੀਦਾਂ ਸਮੇਤ ਦੇਸ਼ ਦੇ ਸਮੂਹ ਦੇਸ਼ ਭਗਤਾਂ ਦੀ ਮਹਾਨ ਵਿਰਾਸਤ ਨੂੰ ਸਾਂਭਣ, ਖੋਜਣ ਅਤੇ ਪ੍ਰਚਾਰਨ-ਪ੍ਰਸਾਰਨ ਵਾਲੀ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦਾ ਦੂਜਾ ਸਾਲਾਨਾ ਇਜਲਾਸ ਅੱਜ ਪੈਨਸ਼ਨਰ ਭਵਨ, ਮਿੰਨੀ ਸਕੱਤਰੇਤ ਲੁਧਿਆਣਾ ਵਿਖੇ ਸਰਵ ਸ਼੍ਰੀ ਉਜਾਗਰ ਸਿੰਘ ਬੱਦੋਵਾਲ, ਕਾਮਰੇਡ ਗੁਰਨਾਮ ਸਿੰਘ ਸਿੱਧੂ ਅਤੇ ਐਡਵੋਕੇਟ ਕੁਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ। ਸਭ ਤੋਂ ਪਹਿਲਾਂ ਅੰਗਰੇਜ਼ ਸਾਮਰਾਜ ਵਿਰੁੱਧ ਸੰਘਰਸ਼ ਕਰਨ ਵਾਲੇ ਤੇ ਸੱਚਾ ਲੋਕ ਜਮਹੂਰੀ ਪ੍ਰਬੰਧ ਸਿਰਜਣ ਲਈ ਅਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਗਦਰੀ ਯੋਧਿਆਂ ਨੂੰ 2 ਮਿੰਟ ਦਾ ਮੌਨ ਧਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਐਡਵੋਕੇਟ ਕੁਲਦੀਪ ਸਿੰਘ ਗਰੇਵਾਲ ਨੇ ਗਦਰ ਪਾਰਟੀ ਦੇ ਮਿਸ਼ਨ, ਅਧੂਰੇ ਕਾਰਜਾਂ, ਮੌਜੂਦਾ ਸਥਿਤੀ ਅਤੇ ਬਣਦੇ ਫਰਜ਼ਾਂ ਤੇ ਚੁਣੌਤੀਆਂ ਬਾਰੇ ਰੌਸ਼ਨੀ ਪਾਈ। ਕਾਮਰੇਡ ਗੁਰਨਾਮ ਸਿੰਘ ਸਿੱਧੂ ਨੇ ਹਿੰਦ-ਪਾਕ ਵਿਚਕਾਰ ਬਣਾਏ ਜਾ ਰਹੇ ਜੰਗੀ ਹਾਲਾਤਾਂ’ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਤੁਰੰਤ ਗੱਲਬਾਤ ਦੀ ਮੇਜ਼’ਤੇ ਆਕੇ ਦੋਨਾਂ ਦੇਸ਼ਾਂ ਵਿਚਕਾਰ ਸੱਦਭਾਵਨਾ ਵਾਲਾ ਮਾਹੌਲ ਸਿਰਜਣ ਦਾ ਹੋਕਾ ਦਿੱਤਾ। ਇਸ ਮੌਕੇ ਮਾਸਟਰ ਜਸਦੇਵ ਸਿੰਘ ਲਲਤੋਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਦੇਸ਼ ਅੰਦਰ ਹਿੰਦੂ ਰਾਸ਼ਟਰ ਦੇ ਨਾਂ ਹੇਠ ਆਰ.ਐੱਸ.ਐੱਸ. ਵੱਲੋਂ ਬਣਾਏ ਜਾ ਰਹੇ ਫਿਰਕੂ ਹਾਲਾਤਾਂ ਅਤੇ ਇਹਨਾਂ ਦੇ ਸਿੱਟੇ ਵਜੋਂ ਧਾਰਮਿਕ ਘੱਟ ਗਿਣਤੀਆਂ ਉੱਤੇ ਕੀਤੇ ਜਾ ਰਹੇ ਜ਼ੁਲਮ ਨੂੰ ਬੰਦ ਕਰਕੇ ਗਦਰੀ ਬਾਬਿਆਂ ਤੇ ਦੇਸ਼ ਭਗਤਾਂ ਦੇ ਧਰਮ ਨਿਰਪੱਖ ,ਜਮਹੂਰੀ,ਬਰਾਬਰੀ ਵਾਲੇ ਪ੍ਰਬੰਧ ਨੂੰ ਸਮੇਂ ਦੀ ਮੁੱਖ ਲੋੜ ਦੱਸਿਆ। ਇਸ ਸਮੇਂ ਉਘੇ ਸ਼ਾਇਰ ਅਮਰੀਕ ਤਲਵੰਡੀ ਤੇ ਬਾਲ ਕ੍ਰਿਸ਼ਨ ਨੇ ਇਨਕਲਾਬੀ ਕਵਿਤਾ ਅਤੇ ਰਮਨਜੀਤ ਸੰਧੂ ਨੇ ਉਨੀਵੀਂ ਸਦੀ ਦੇ ਮਹਾਨ ਦੇਸ਼ ਭਗਤ ‘ਨਿਜ਼ਾਮ ਲੁਹਾਰ’ ਦੀ ਜੀਵਨੀ ਪੇਸ਼ ਕੀਤੀ। ਸ਼ੁਰੂ ਵਿੱਚ ਜਸਦੇਵ ਲਲਤੋਂ ਨੇ ਸਾਲਾਨਾ ਰੀਵਿਊ ਰੀਪੋਰਟ ਪੇਸ਼ ਕੀਤੀ, ਜਿਸ ਨੂੰ ਹਾਊਸ ਨੇ ਪ੍ਰਵਾਨ ਕਰ ਲਿਆ। ਇਜਲਾਸ ਦੇ ਸਿਖਰ’ਤੇ ਆਰ.ਐੱਸ.ਐੱਸ. ਦੇ ਗੁਪਤ ਸਰਕੂਲਰ 411/300311/ਸੀ.ਓ.3 ਦੀ ਗਹਿਰਾਈ ਨਾਲ ਜਾਂਚ ਕਰਨ ਲਈ ਸੁਪਰੀਮ ਕੋਰਟ ਦੇ 3 ਸਿਟਿੰਗ ਜੱਜਾਂ ਦੇ ਅਧਾਰ’ਤੇ ਜਾਂਚ ਕਮਿਸ਼ਨ ਬਨਾਉਣ; ਮੰਦਸੌਰ (ਮੱਧ ਪ੍ਰਦੇਸ਼) ਵਿੱਚ ਮਾਰੇ ਗਏ 6 ਕਿਸਾਨਾਂ ਦੀ ਮੌਤ ਲਈ ਜ਼ਿੰਮੇਵਾਰ ਪੁਲੀਸ ਅਫਸਰਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰਨ; ਜੋਧਾਂ ਥਾਣੇ ਅੰਦਰ ਮਰੀ ਮਹਿਲਾ ਮੁਲਾਜ਼ਮ ਅਮਨਪ੍ਰੀਤ ਕੌਰ ਦੇ ਕੇਸ ਦੀ ਪੜਤਾਲ ਜਲਦੀ ਮੁਕੰਮਲ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ, 31 ਮਹੀਨਿਆਂ ਤੋਂ ਲਟਕ ਰਹੇ ਗਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ ਦੇ ਬੁੱਤ ਨੂੰ ਤੋੜਨ ਵਾਲੇ ਦੋਸ਼ੀਆਂ ਦਾ ਚਲਾਣ ਪੇਸ਼ ਕਰਾਉਣ, ਸੜਕ ਹਾਦਸਿਆਂ ਵਿੱਚ ਹੋ ਰਹੀਆਂ ਸੈਂਕੜੇ ਮੌਤਾਂ ਨੂੰ ਰੋਕਣ ਲਈ 8 ਨੁਕਾਤੀ ਪ੍ਰੋਗਰਾਮ’ਤੇ ਗੱਲਬਾਤ ਕਰਨ ਲਈ ਮੁੱੱਖ ਮੰਤਰੀ ਪੰਜਾਬ ਤੋਂ ਸਮਾਂ ਲੈਣ, ਆਮ ਲੋਕਾਂ ਉੱਪਰ ਭਾਰੀ ਆਰਥਿਕ ਬੋਝ ਲੱਦਣ ਵਾਲੇ ਜੀ.ਐੱਸ.ਟੀ.ਟੈਕਸ ਨੂੰ ਰੱਦ ਕਰਾਉਣ ਸਬੰਧੀ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।  ਇਸ ਵਿਚਾਰ ਪ੍ਰਵਾਹ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਉਜਾਗਰ ਬੱਦੋਵਾਲ, ਕਮਲਜੀਤ ਸਿੰਘ ਸਾਹਾਬਾਣਾ, ਗੁਲਜ਼ਾਰ ਪੰਧੇਰ, ਬਲਕੌਰ ਸਿੰਘ, ਦੇਵ ਸਰਾਭਾ, ਚਰਨ ਸਰਾਭਾ, ਕਾਮਰੇਡ ਡੀ.ਪੀ.ਮੌੜ ਤੇ ਸਤੀਸ਼ ਸਚਦੇਵਾ ਨੇ ਬੜੀ ਗਰਮਜੋਸ਼ੀ ਨਾਲ ਹਿੱਸਾ ਲਿਆ। ਅੰਤ ਵਿੱਚ ਕਾਮਰੇਡ ਗੁਰਨਾਮ ਸਿੱਧੂ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਦੇਸ਼ ਪ੍ਰੇਮ ਦੀ ਲਹਿਰ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿਤਾ। More Pics on Facebook

No comments: