Friday, May 05, 2017

ਜਾਮਾ ਮਸਜਿਦ ਲੁਧਿਆਣਾ ਤੋਂ ਪਾਕਿਸਤਾਨ ਨੂੰ ਤਿੱਖੀ ਚੇਤਾਵਨੀ

Fri, May 5, 2017 at 2:20 PM  

ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ:ਸ਼ਾਹੀ ਇਮਾਮ ਪੰਜਾਬ ਦੀ ਦਹਾੜ 
ਲੁਧਿਆਣਾ: 5 ਮਈ 2017:(ਪੰਜਾਬ ਸਕਰੀਨ ਬਿਊਰੋ)::  

ਦਿਲਾਂ ਅਤੇ ਦਿਮਾਗਾਂ ਵਿੱਚ ਸਿਆਸੀ ਅਤੇ ਫਿਰਕੂ ਨਫਰਤਾਂ ਪਾਲ ਕੇ ਬੈਠੇ ਲੋਕ ਭਾਰਤ ਦੀਆਂ ਘੱਟ ਗਿਣਤੀਆਂ ਬਾਰੇ ਜੋ ਮਰਜ਼ੀ ਆਖੀ ਜਾਣ ਪਰ ਦੇਸ਼ ਦੇ ਵਿਕਾਸ ਅਤੇ ਦੇਸ਼ ਦੀ ਰਾਖੀ ਦੇ ਮਾਮਲੇ ਵਿੱਚ ਮੁਸਲਮਾਨਾਂ ਦਾ ਯੋਗਦਾਨ ਬਹੁਤ ਜ਼ਿਆਦਾ ਹੈ। ਇਸਦੀ ਲਿਸਟ ਵੀ ਬਹੁਤ ਲੰਮੀ ਹੈ। ਇਸਨੂੰ ਯਾਦ ਕਰਾਇਆ ਹੈ ਅੱਜ ਜਾਮਾ ਮਸਜਿਦ ਵਿਖੇ ਹੋਏ ਇੱਕ ਵਿਸ਼ਾਲ ਰੋਸ ਵਿਖਾਵੇ ਨੇ। ਪਾਕਿਸਤਾਨ ਦੇ ਖਿਲਾਫ ਇਹ ਰੋਸ ਮੁਜ਼ਾਹਰਾਪਾਕਿਸਤਾਨ ਨੂੰ ਇੱਕ ਚੇਤਾਵਨੀ ਵੱਜੋਂ ਉਭਰ ਕੇ ਸਾਹਮਣੇ ਆਇਆ।  

ਅੱਜ ਇੱਥੇ ਸ਼ਹਿਰ ਦੀ ਇਤਹਾਸਿਕ ਜਾਮਾ ਮਸਜਿਦ ਲੁਧਿਆਣਾ  ਦੇ ਬਾਹਰ ਹਜਾਰਾਂ ਮੁਸਲਮਾਨਾਂ ਨੇ ਨਾਇਬ ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਰਹਿਮਾਨੀ  ਦੀ ਅਗੁਵਾਈ ਹੇਠ ਪਾਕਿਸਤਾਨੀ ਗੁੰਡਾਗਰਦੀ  ਦੇ ਖਿਲਾਫ ਜਬਰਦਸਤ ਰੋਸ਼ ਮੁਜਾਹਰਾ ਕਰਦੇ ਹੋਏ ਪਾਕ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦਾ ਪੁਤਲਾ ਫੂਕਿਆ ਅਤੇ ਪਾਕਿਸਤਾਨ ਅਤੇ ਪਾਕਿਸਤਾਨੀ ਫੌਜ ਦੇ ਖਿਲਾਫ ਜਬਰਦਸਤ ਨਾਰੇਬਾਜੀ ਕੀਤੀ । ਇਸ ਮੌਕੇ 'ਤੇ ਸੰਬੋਧਨ ਕਰਦੇ ਹੋਏ ਨਾਇਬ ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਬੀਤੇ ਦਿਨੀਂ ਕਸ਼ਮੀਰ 'ਚ ਧੋਖੇ ਨਾਲ ਭਾਰਤੀ ਫੌਜੀਆਂ ਨਾਲ ਪਾਕਿਸਤਾਨੀਆਂ ਵੱਲੋਂ ਕੀਤੀ ਗਈ ਦਰਿੰਦਗੀ ਨੇ ਇੱਕ ਵਾਰ ਫਿਰ ਪਾਕਿਸਤਾਨੀ ਸਰਕਾਰ ਨੂੰ ਬੇਨਕਾਬ ਕਰ ਦਿੱਤਾ ਹੈ ।  ਉਸਮਾਨ ਰਹਿਮਾਨੀ ਨੇ ਕਿਹਾ ਕਿ ਪੂਰਾ ਦੇਸ਼ ਆਪਣੇ ਸ਼ਹੀਦ ਜਵਾਨਾਂ ਨੂੰ ਸਲਾਮ ਕਰਦਾ ਹੈ ਲੇਕਿਨ ਇਸਦੇ ਨਾਲ ਹੀ ਪਾਕਿਸਤਾਨ ਨੂੰ ਵੀ ਅਸੀ ਦੱਸ ਦੇਣਾ ਚਾਹੁੰਦੇ ਹਾਂ ਕਿ ਉਹ ਕਿਸੇ ਖਾਮਖਿਆਲੀ 'ਚ ਨਾ ਰਹੇ ,  ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ । ਨਾਇਬ ਸ਼ਾਹੀ ਇਮਾਮ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਨਾਲ ਗੱਲਬਾਤ ਬੰਦ ਕਰਕੇ ਤਾਕਤ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ,  ਕਿਉਂਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ।  ਉਹਨਾਂ  ਨੇ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਕਿਸੇ ਖਾਮਖਿਆਲੀ 'ਚ ਨਾ ਰਹੇ ਜੇਕਰ ਜ਼ਰੂਰਤ ਪਈ ਤਾਂ ਉਸਦੀ ਅਕਲ ਠਿਕਾਣੇ ਲਗਾਉਣ ਲਈ ਭਾਰਤ ਦੇ 26 ਕਰੋੜ ਮੁਸਲਮਾਨ ਹੀ ਕਾਫ਼ੀ ਹਨ । ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਭਾਰਤ 'ਚ ਰਹਿਣ ਵਾਲਿਆਂ ਦੇ ਸਿਆਸੀ ਮੱਤਭੇਦ ਹੋ ਸਕਦੇ ਹਨ ਲੇਕਿਨ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਹਿੰਦੁ, ਮੁਸਲਮਾਨ, ਸਿੱਖ, ਈਸਾਈ, ਦਲਿਤ ਅਤੇ ਸਾਰੀਆਂ ਜਾਤੀਆਂ ਦੇ ਲੋਕ ਇੱਕ ਜੁੱਟ ਹਨ ਅਤੇ ਸਾਡੀ ਇਸ ਏਕਤਾ ਦੀ ਤਾਕਤ ਨੂੰ ਦੁਨੀਆ ਵਾਲੇ ਤੋੜ ਨਹੀਂ ਸਕਦੇ। ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਪੰਜਾਬ ਦੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਨੇ ਕਿਹਾ ਕਿ ਮੋਦੀ ਜੀ ਨੂੰ ਚਾਹੀਦਾ ਹੈ ਕਿ ਹੁਣ ਦੇਸ਼ 'ਚ ਤਿੰਨ ਤਲਾਕ ਦੇ ਮੁੱਦੇ ਨੂੰ ਛੱਡ ਕੇ ਪਹਿਲਾਂ ਪਾਕਿਸਤਾਨ ਦਾ ਜਨਾਜਾ ਕੱਢੇ। ਇਸ ਮੌਕੇ 'ਤੇ ਗੁਲਾਮ ਹਸਨ ਕੈਸਰ, ਕਾਰਿ ਅਲਤਾਫ ਉਰ ਰਹਿਮਾਨ, ਸ਼ਾਹਨਵਾਜ ਅਹਿਮਦ ਅਤੇ ਸ਼ਾਹੀ ਇਮਾਮ ਪੰਜਾਬ ਦੇ ਸਕੱਤਰ ਮੁਹੰਮਦ ਮੁਸਤਕੀਮ ਆਦਿ ਮੌਜੂਦ ਸਨ।

ਫੋਟੋ : ਲੁਧਿਆਣਾ 'ਚ ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ ਸ਼ਰੀਫ ਦਾ ਪੁਤਲਾ ਫੂਕਦੇ ਹੋਏ ਮੁਸਲਮਾਨ ਸਮੁਦਾਏ ਦੇ ਲੋਕ।

No comments: