Friday, April 28, 2017

ਵਿਗਿਆਨ ਅਤੇ ਵਿਸਮਾਦ ਦਾ ਰਿਸ਼ਤਾ ਆਦਿਕਾਲੀਨ ਹੈ--ਪਾਤਰ

Date: 2017-04-28 18:21 GMT+05:30
ਉਜਾਗਰ ਸਿੰਘ ਕੰਵਲ ਦਾ ਪਲੇਠਾ ਨਾਵਲ ‘ਸੂਰਜਾਂ ਦੇ ਹਾਣੀ’ ਲੋਕ ਅਰਪਣ
ਲੁਧਿਆਣਾ: 28 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ)::
ਪੰਜਾਬੀ ਲੇਖਕ ਸਭਾ ਲੁਧਿਆਣਾ ਵੱਲੋਂ ਜੀ ਜੀ ਐਨ ਖਾਲਸਾ ਕਾਲਜ, ਲੁਧਿਆਣਾ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੈਨੇਡਾ ਦੇ ਸ਼ਹਿਰ ਟੋਰਾਂਟੋ ’ਚ ਵਸਦੇ ਪੰਜਾਬੀ ਕਵੀ ਉਜਾਗਰ ਸਿੰਘ ਕੰਵਲ ਦੇ ਪਲੇਠੇ ਨਾਵਲ ‘ਸੂਰਜਾਂ ਦੇ ਹਾਣੀ’ ਨੂੰ ਲੋਕ ਅਰਪਣ ਕਰਦਿਆਂ ਪ੍ਰਸਿੱਧ ਪੰਜਾਬੀ ਲੇਖਕ ਪਦਮਸ਼੍ਰੀ ਸੁਰਜੀਤ ਪਾਤਰ ਨੇ ਕਿਹਾ ਹੈ ਕਿ ਵਿਗਿਆਨ ਅਤੇ ਵਿਸਮਾਦ ਦਾ ਰਿਸ਼ਤਾ ਆਦਿਕਾਲੀਨ ਹੈ ਪਰ ਸਾਡੀ ਅਲਪਬੁੱਧੀ ਕਈ ਵੇਰ ਇਸ ਨੂੰ ਟਕਰਾਓ ਵਿੱਚ ਵੇਖਦੀ ਹੈ। ਉਹਨਾਂ ਆਖਿਆ ਕਿ ਸਹਿਜ ਭਾਵੀ ਸਿਰਜਕ ਉਜਾਗਰ ਸਿੰਘ ਕੰਵਲ ਨੇ ਸਰਬੱਤ ਦੀ ਭਲਾਈ ਮੰਗਣ ਵਾਲੇ ਸਿੱਖ ਧਰਮ ਦੀ ਵਿਰਾਸਤੀ ਸ਼ਕਤੀ ਨੂੰ ਵਰਤਮਾਨ ਨਾਲ ਜੋੜ ਕੇ ਨੌਜਵਾਨ ਪੀੜ੍ਹੀ ਲਈ ਮਹੱਤਵਪੂਰਨ ਨਾਵਲ ਦੀ ਰਚਨਾ ਕੀਤੀ ਹੈ। ਡਾ: ਪਾਤਰ ਨੇ ਕਿਹਾ ਕਿ ਬੱਚਿਆਂ ਦੇ ਸੁਆਲਾਂ ਦੇ ਭਾਵੇਂ ਸਾਰੇ ਉੱਤਰ ਦੇਣੇ ਸੰਭਵ ਨਹੀਂ ਪਰ ਸੁਆਲ ਖੜੇ ਕਰਨ ਵਾਲੀ ਪੀੜ੍ਹੀ ਨਾਲ ਵਾਰਤਾਲਾਪ ਜ਼ਰੂਰੀ ਹੈ। 
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ: ਐਸ ਪੀ ਸਿੰਘ ਨੇ ਆਖਿਆ ਕਿ ਉਜਾਗਰ ਸਿੰਘ ਕੰਵਲ ਦੀ ਲਿਖਤ ਦੀ ਇਹੀ ਖੂਬਸੂਰਤੀ ਹੈ ਕਿ ਇਹ ਸਾਨੂੰ ਸੁਆਲਾਂ ਦੇ ਰੂ ਬਰੂ ਖੜੇ ਕਰਦੀ ਹੈ ਅਤੇ ਕਿਸੇ ਵੀ ਲਿਖਤ ਦੀ ਸ਼ਕਤੀ ਸੁਆਲ ਖੜੇ ਕਰਨ ਵਿੱਚ ਹੀ ਲੁਕੀ ਹੋਈ ਹੁੰਦੀ ਹੈ। ਉਹਨਾਂ ਕਿਹਾ ਕਿ ਕਾਲਜ ਦੇ ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਇਸ ਨਾਵਲ ਤੇ ਖੋਜ ਕਾਰਜ ਕਰਵਾਇਆ ਜਾਵੇਗਾ । 
ਪ੍ਰਸਿੱਧ ਵਿਦਵਾਨ ਅਤੇ ਸ਼ਹੀਦ ਭਗਤ ਸਿੰਘ, ਸਟੱਡੀ ਸੈਂਟਰ ਆਰੀਆ ਕਾਲਜ ਲੁਧਿਆਣਾ ਦੇ ਡਾਇਰੈਕਟਰ ਡਾ: ਪਰਮਿੰਦਰ ਸਿੰਘ ਭੋਗਲ ਅਤੇ ਪ੍ਰਿੰਸੀਪਲ ਅਮਰਜੀਤ ਸਿੰਘ ਪਰਾਗ ਅਹਿਮਦਗੜ੍ਹ ਨੇ ਵੀ ਨਾਵਲ ਦੀ ਬਣਤਰ, ਇਸ ਨਾਲ ਜੁੜੀ ਵਿਰਸੇ ਦੀ ਵਿਸਲੇਸ਼ਣੀ ਪਹੁੰਚ ਅਤੇ ਨੌਜਵਾਨ ਪੀੜ੍ਹੀ ਦੀ ਗਿਆਨ ਅਭਿਲਾਖਾ ਬਾਰੇ ਵਿਸ਼ੇਸ਼ ਚਰਚਾ ਕੀਤੀ। 
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਉਜਾਗਰ ਸਿੰਘ ਕੰਵਲ ਬਾਰੇ ਜਾਣ ਪਛਾਣ ਕਰਾਈ ਅਤੇ ਕਿਹਾ ਕਿ ਪੰਜ ਕਾਵਿ ਪੁਸਤਕਾਂ ਤੋਂ ਬਾਅਦ ਪਹਿਲੀ ਨਾਵਲ ਰਚਨਾ ਰਾਹੀਂ ਕਿੱਤੇ ਵਜੋਂ ਇੰਜੀਨੀਅਰ ਸ: ਉਜਾਗਰ ਸਿੰਘ ਕੰਵਲ ਨੇ ਗਿਆਨ ਵਿਗਿਆਨ ਅਤੇ ਵਿਸਮਾਦ ਨਾਲ ਰਿਸ਼ਤੇ ਦੀ ਨਿਸ਼ਾਨਦੇਹੀ ਕੀਤੀ ਹੈ। ਵਿਚਾਰ ਵਟਾਂਦਰੇ ਵਿੱਚ ਇੰਜੀਨੀਅਰ ਜਸਵੰਤ ਜਫ਼ਰ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਲਈ ਖੁੱਲ੍ਹੇ ਵਾਰਤਾਲਾਪ ਲਈ ਉਹਨਾਂ ਨੂੰ ਉਹਨਾ ਦੇ ਮੁਹਾਵਰੇ ਵਿੱਚ ਹੀ ਅਪਨਾਉਣਾ ਪਵੇਗਾ। ਸਵਰਨਜੀਤ ਸਵੀ, ਪ੍ਰੋ: ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ ਅਤੇ ਤੇਜ ਪ੍ਰਤਾਪ ਸਿੰਘ ਸੰਧੂ ਨੇ ਵੀ ਚਰਚਾ ਵਿੱਚ ਭਾਗ ਲਿਆ। 
ਇਸ ਮੌਕੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਰਪ੍ਰਸਤ ਅਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਸ: ਜਸਜੀਤ ਸਿੰਘ ਨੱਤ ਕੈਲੇਫੋਰਨੀਆ, ਗੁਰਿੰਦਰਜਤ ਸਿੰਘ ਨੱਤ, ਕਾਲਜ ਪ੍ਰਬੰਧਕ ਕਮੇਟੀ ਦੇ ਅਹੁਦੇ ਸ: ਕੁਲਜੀਤ ਸਿੰਘ ਸ: ਹਰਦੀਪ ਸਿੰਘ, ਸੰਤੋਸ਼ ਕੁਮਾਰ, ਉਘੇ ਕਵੀ ਤਰਲੋਚਨ ਲੋਚੀ ਅਤੇ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਮਨਜਿੰਦਰ ਧਨੋਆ ਅਤੇ ਅਮਨਦੀਪ ਫੱਲੜ੍ਹ ਵੀ ਹਾਜ਼ਰ ਸਨ। 
ਜੀ ਜੀ ਐਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਲੁਧਿਆਣਾ ਦੇ ਡਾਇਰੈਕਟਰ ਪ੍ਰਿੰਸੀਪਲ ਮਨਜੀਤ ਸਿੰਘ ਛਾਬੜਾ ਨੇ ਆਏ ਲੇਖਕਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। 
  

No comments: