Saturday, March 18, 2017

ਜੰਗ ਬਹਾਦਰ ਗੋਇਲ "ਰੁਪਿੰਦਰ ਸਿੰਘ ਮਾਨ ਐਵਾਰਡ" ਨਾਲ ਸਨਮਾਨਿਤ

Sat, Mar 18, 2017 at 6:46 PM
ਸ੍ਰੀ ਗੋਇਲ ਨੇ ਪੰਜ ਦਰਜਨ ਨਾਵਲਾਂ ਨੂੰ ਪੰਜਾਬੀ ’ਚ ਟਰਾਂਸ ਕਰੀਏਸ਼ਨ ਕੀਤਾ
ਲੁਧਿਆਣਾ: 18 ਮਾਰਚ 2017: (ਪੰਜਾਬ ਸਕਰੀਨ ਬਿਊਰੋ):: 
ਅੱਜ ਪੰਜਾਬੀ ਭਵਨ ਵਿਖੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਰੁਪਿੰਦਰ ਸਿੰਘ ਮਾਨ (ਰਾਜ) ਯਾਦਗਾਰੀ ਟਰੱਸਟ ਵੱਲੋਂ ਛੇਵਾਂ ਰੁਪਿੰਦਰ ਸਿੰਘ ਮਾਨ ਸਨਮਾਨ ਸ੍ਰੀ ਜੰਗ ਬਹਾਦਰ ਗੋਇਲ ਨੂੰ ਭੇਟ ਕੀਤਾ ਗਿਆ। ਇਸ ਸਨਮਾਨ ਵਿਚ ਯਾਦਗਾਰੀ ਚਿੰਨ੍ਹ, ਲੋਈ ਅਤੇ ਇਕਵੰਜਾ ਹਜ਼ਾਰ ਦੀ ਰਾਸ਼ੀ ਸ਼ਾਮਲ ਸੀ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ. ਐਸ.ਪੀ. ਸਿੰਘ, ਡਾ. ਹਰਿਭਜਨ ਸਿੰਘ ਭਾਟੀਆ, ਸ੍ਰੀ ਜੰਗ ਬਹਾਦਰ ਗੋਇਲ ਟਰੱਸਟ ਦੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਟਰੱਸਟ ਦੇ ਜਨਰਲ ਸਕੱਤਰ ਸ. ਕਰਮਜੀਤ ਸਿੰਘ ਬੁੱਟਰ ਨੱਥੋਵਾਲ ਸੁਭੋਵਤ ਸਨ।
ਜੰਗ ਬਹਾਦਰ ਗੋਇਲ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਕੁੰਜੀਵਤ ਭਾਸ਼ਨ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ, ਡੀਨ ਭਾਸ਼ਾਵਾਂ (ਸਾਬਕਾ) ਡਾ. ਹਰਿਭਜਨ ਸਿੰਘ ਭਾਟੀਆ ਨੇੇ ਕਿਹਾ ਕਿ ਸ੍ਰੀ ਗੋਇਲ ਨੇ ਵਿਸ਼ਵ ਦੇ ਪੰਜ ਦਰਜਨ ਸ਼ਾਹਕਾਰ ਨਾਵਲਾਂ ਨੂੰ ਪੰਜਾਬੀ ’ਚ ਟਰਾਂਸ ਕਰੀਏਸ਼ਨ ਕੀਤਾ ਹੈ ਜੋ ਸਾਹਿਤ ਦੀ ਨਵੀਂ ਵਿਧਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬੀ ਨਾਵਲ ਨੂੰ ਬਹੁਤ ਡੂੰਘਾਈ ਮਿਲੇਗੀ। ਉਨ੍ਹਾਂ ਕਿਹਾ ਕਿ ਗੋਇਲ ਦੀਆਂ ਪੁਸਤਕਾਂ ਪੜ੍ਹਕੇ ਇਹਨਾਂ ਨਾਵਲਾਂ ਦੇੇ ਮੁਕੰਮਲ ਅਨੁਵਾਦ ਪੰਜਾਬੀ ’ਚ ਹੋ ਰਹੇ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਉੱਘੇ ਪੰਜਾਬੀ ਚਿੰਤਕ ਡਾ. ਐੱਸ.ਪੀ. ਸਿੰਘ ਨੇ ਕਿਹਾ ਕਿ ਵਿਸ਼ਵ ਸਾਹਿਤ ਨੂੰ ਪੰਜਾਬੀ ਪਾਠਕਾਂ ਤੀਕ ਪਹੁੰਚਾਉਣ ਲਈ ਵਿਦਿਅਕ, ਸਾਹਿਤਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਅੱਗੇ ਆਉਣ। ਉਨ੍ਹਾਂ ਕਿਹਾ ਕਿ ਰੂਸੀ ਸਾਹਿਤ ਅਨੁਵਾਦ ਨੇ ਪੰਜਾਬੀ ਮਾਨਸਿਕਤਾ ਨੂੰ ਲੰਮਾ ਸਮਾਂ ਪ੍ਰਭਾਵਿਤ ਕੀਤਾ ਪਰ ਅੱਜ ਕੋਈ ਵੀ ਅਜਿਹਾ ਸੋਮਾ ਨਹੀਂ ਹੈ ਜੋ ਵਿਸ਼ਵ ਦੀ ਸ਼ਾਹਕਾਰ ਰਚਨਾਵਲੀ ਨੂੰ ਆਮ ਲੋਕਾਂ ਦੀ ਪਹੁੰਚ ਵਿਚ ਸਰਬਪੱਖੀ ਵਿਕਾਸ ਲਈ ਸਾਹਿਤ ਮੁਹੱਈਆ ਕਰਵਾਏ। ਉਨ੍ਹਾਂ ਸ੍ਰੀ ਜੰਗ ਬਹਾਦਰ ਗੋਇਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਸ਼ਵ ਦੇ ਲਗਪਗ ਪੰਜ ਦਰਜਨ ਨਾਵਲਾਂ ਨੂੰ ਸੁਖੈਨ ਤੇ ਆਸਾਨ ਭਾਸ਼ਾ ’ਚ ਖੁੱਲ੍ਹਾ ਅਨੁਵਾਦ ਕਰਕੇ ਸ਼ੁਭ ਕਾਰਜ ਕੀਤਾ ਹੈ। 
ਸੁਆਗਤੀ ਸ਼ਬਦ ਬੋਲਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਟਰੱਸਟ ਦੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਰੁਪਿੰਦਰ ਮਾਨ ਖਿਡਾਰੀ ਹੋਣ ਦੇ ਨਾਲ ਨਾਲ ਚੰਗਾ ਸਾਹਿਤ ਪ੍ਰੇਮੀ ਸੀ ਜਿਸ ਨੇ ਆਪਣੇ ਨਾਲ ਸਬੰਧਿਤ ਨੱਥੋਵਾਲ ਤੇ ਜੱਦੀ ਪਿੰਡ ਸ਼ੇਖ ਦੌਲਤ ਦੇ ਨੌਜਵਾਨਾਂ ਨੂੰ ਨਸ਼ਾ ਮੁਕਤ ਰੱਖਣ ਲਈ ਸਾਹਿਤ ਤੇ ਸਿਹਤ ਦੀ ਸੰਤੁਲਤ ਸੋਚ ਦਿੱਤੀ। ਮਾਨ ਪਰਿਵਾਰ ਦੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਰੁਪਿੰਦਰ ਮਾਨ ਦੇ ਚਾਚਾ ਜੀ ਪੰਜਾਬੀ ਨਾਵਲਕਾਰ ਕਰਤਾਰ ਸਿੰਘ ਮਾਨ ਅਤੇ ਮਮੇਰੇ ਭਰਾ ਕਰਮਜੀਤ ਸਿੰਘ ਬੁੱਟਰ ਦਾ ਪੁਰਸਕਾਰਾਂ ਦੀ ਨਿਰੰਤਰਤਾ ਲਈ ਵਿਸ਼ੇਸ਼ ਧੰਨਵਾਦ ਕੀਤਾ।
ਪ੍ਰੋ. ਰਵਿੰਦਰ ਭੱਠਲ ਨੇ ਗੋਇਲ ਦਾ ਸ਼ਬਦ ਚਿਤਰ ਪੜ੍ਹਦਿਆਂ ਕਿਹਾ ਕਿ ਸ੍ਰੀ ਗੋਇਲ ਕੋਲ ਪੰਜਾਬੀ ਭਾਸ਼ਾ ਦਾ ਵਿਸ਼ਵ ਕੋਸ਼ੀ ਗਿਆਨ ਹੈ ਅਤੇ ਅੰਗਰੇਜ਼ੀ ਸਾਹਿਤ ਦੇ ਵਿਦਿਆਰਥੀ ਹੋਣ ਨਾਤੇ ਉਹ ਤੀਸਰਾ ਨੇਤਰ ਵੀ ਹੈ, ਜੋ ਸਾਹਿਤ ਸਿਰਜਣ ਅਤੇ ਅਨੁਵਾਦ ਲਈ ਲੋੜੀਂਦਾ ਹੈ।
ਇਸ ਮੌਕੇ ਡਾ. ਸਰਜੀਤ ਸਿੰਘ ਗਿੱਲ, ਹਰਕੇਸ਼ ਮਿੱਤਲ, ਤ੍ਰੈਲੋਚਨ ਲੋਚੀ, ਮਨਜਿੰਦਰ ਸਿੰਘ ਧਨੋਆ, ਡਾ. ਸ. ਸ. ਗਿੱਲ, ਪਿ੍ਰੰ. ਮਨਜੀਤ ਸੋਢੀਆ, ਡਾ. ਪ੍ਰਤਿਭਾ ਗੋਇਲ, ਸਤੀਸ਼ ਗੁਲਾਟੀ, ਪਿ੍ਰੰ. ਵਿਜੈ ਅਸਧੀਰ, ਹਰਬੰਸ ਮਾਲਵਾ, ਅਮਰਜੀਤ ਸ਼ੇਰਪੁਰੀ, ਜਨਮੇਜਾ ਸਿੰਘ ਜੌਹਲ, ਹਰੀਸ਼ ਮੋਦਗਿੱਲ, ਮਹੇਸ਼ਇੰਦਰ ਸਿੰਘ ਮਾਂਗਟ, ਬਲਕੌਰ ਸਿੰਘ ਗਿੱਲ, ਪ੍ਰੋ. ਸ਼ਰਨਜੀਤ ਕੌਰ, ਮਨਦੀਪ ਸਿੰਘ ਮਾਨ, ਗੁਰਤੇਜ ਸਿੰਘ ਮਾਨ, ਰੁਪਿੰਦਰ ਮਾਨ ਦਾ ਬੇਟਾ ਸ਼ਵਰਾਜ ਸਿੰਘ ਮਾਨ, ਸਰੀ ਤੋਂ ਸੁਖਵਿੰਦਰ ਸਿੰਘ, ਅਮਰੀਕ ਸਿੰਘ ਬੁੱਟਰ, ਰਾਜਿੰਦਰ ਪ੍ਰਸਾਦ, ਤਰਲੋਚਨ ਝਾਂਡੇ, ਅਕਾਡਮੀ ਦੇ ਪ੍ਰੈ੍ਹਸ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਪਿ੍ਰੰ. ਪ੍ਰੇਮ ਸਿੰਘ ਬਜਾਜ, ਕੈਨੇਡਾ ਤੋਂ ਨਾਵਲਕਾਰ ਹਰਕੀਰਤ ਕੌਰ ਚਾਹਲ ਆਦਿ ਸ਼ਾਮਲ ਸਨ। ਰੁਪਿੰਦਰ ਮਾਨ (ਰਾਜ) ਯਾਦਗਾਰੀ ਟਰੱਸਟ (ਸ਼ੇਖ ਦੌਲਤ ਜਗਰਾਉ) ਵੱਲੋਂ ਇਸ ਮੌਕੇ ਡਾ. ਐਸ.ਪੀ. ਸਿੰਘ, ਡਾ. ਹਰਿਭਜਨ ਸਿੰਘ ਭਾਟੀਆ, ਪ੍ਰੋ. ਰਵਿੰਦਰ ਭੱਠਲ ਅਤੇ ਹਰਕੀਰਤ ਕੌਰ ਚਾਹਲ ਤੋਂ ਇਲਾਵਾ ਸ੍ਰੀ ਜੰਗ ਬਹਾਦਰ ਗੋਇਲ ਦੀ ਧਰਮ ਪਤਨੀ ਡਾ. ਨੀਲਮ ਗੋਇਲ ਨੂੰ ਵੀ ਸਨਮਾਨਤ ਕੀਤਾ ਗਿਆ। ਟਰੱਸਟ ਵੱਲੋਂ ਟਰੱਸਟੀ ਕਰਮਜੀਤ ਸਿੰਘ ਬੁੱਟਰ ਤੇ ਉੱਘੇ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਸ. ਰੁਪਿੰਦਰ ਸਿੰਘ ਮਾਨ ਦੇ ਪਰਿਵਾਰ, ਪਿੰਡ ਵਾਸੀ ਅਤੇ ਸਨਮਾਨਿਤ ਲੇਖਕ ਤੋਂ ਇਲਾਵਾ ਮੁੱਖ ਮਹਿਮਾਨ ਅਤੇ ਲੇਖਕ ਦੋਸਤਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਟਰੱਸਟ ਦੇ ਯਤਨ ਨੂੰ ਉਤਸ਼ਾਹਿਤ ਕਰਨ ਲਈ ਸਮਾਗਮ ਵਿਚ ਸ਼ਿਰਕਤ ਕੀਤੀ। ਸਟੇਜ ਸਕੱਤਰ ਦੀ ਕਾਰਵਾਈ ਰਾਜਿੰਦਰ ਸਿੰਘ ਰਾਹੀ ਨੇ ਚਲਾਈ।

No comments: