Monday, October 10, 2016

ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਆਧਾਰ ਬਣਾ ਕੇ ਸਾਰੀਆਂ ਖੱਬੀਆਂ ਧਿਰਾਂ ਇੱਕ ਹੋਣ

ਕਾਮਰੇਡ ਸ਼ਿਆਮ ਸੁੰਦਰ ਨੇ ਦਿੱਤੀ ਨਾਜ਼ੁਕ ਸਮੇਂ ਦੀ ਚੇਤਾਵਨੀ 
ਲੁਧਿਆਣਾ:: 9 ਅਕਤੂਬਰ 2016: (ਪ੍ਰਦੀਪ ਸ਼ਰਮਾ//ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਆਧਾਰ ਬਣਾ ਕੇ ਸਾਰੀਆਂ ਖੱਬੀਆਂ ਧਿਰਾਂ ਨੂੰ ਇੱਕ ਹੋ ਜਾਣਾ ਚਾਹੀਦਾ ਹੈ। ਇਹ ਗੱਲ ਹਰ ਦਿਲ ਹਰ ਘਰ ਤੱਕ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਪਹੁੰਚਾਉਣ ਲਈ ਪ੍ਰਤੀਬੱਧ ਕਾਮਰੇਡ ਸ਼ਿਆਮ ਸੁੰਦਰ ਨੇ ਪੰਜਾਬ ਸਕਰੀਨ ਨਾਲ ਇੱਕ ਮੁਲਾਕਾਤ ਦੌਰਾਨ  ਕਹੀ।  ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨਾਲ ਹੀ ਫਾਸ਼ੀਵਾਦੀ ਤਾਕਤਾਂ ਨੂੰ ਕਰਾਰੀ ਟੱਕਰ ਦਿੱਤੀ ਜਾ ਸਕਦੀ ਹੈ। ਕਾਮਰੇਡ ਸ਼ਿਆਮ ਸੁੰਦਰ ਅੱਜ ਇੱਕ ਵਿਚਾਰ ਗੋਸ਼ਟੀ ਵਿੱਚ ਭਾਗ ਲੈਣ ਲਈ ਲੁਧਿਆਣਾ ਆਏ ਹੋਏ ਸਨ।  ਇਸ ਵਿਚਾਰ ਚਰਚਾ ਦਾ ਆਯੋਜਨ ਸੂਹੀ ਸਵੇਰ ਮੀਡੀਆ ਨੇ ਕਰਾਇਆ ਸੀ।
ਜ਼ਿੰਦਗੀ ਕੁਝ ਵੀ ਹੋ ਸਕਦੀ ਸੀ। ਸੜਕਾਂ ਤੇ ਫੁਕਰਾਗਰਦੀ ਕਰਦਿਆਂ, ਬਾਈਕ ਉੱਤੇ ਗੇੜੀਆਂ ਲਾਉਂਦਿਆਂ, ਸਿਆਸੀ ਆਗੂਆਂ ਦੇ ਚਹੇਤੇ ਬਣ ਕੇ ਐਸ਼ ਕਰਦਿਆਂ ਪਰ ਸ਼ਵਿੰਦਰ ਸਿੰਘ ਨੇ ਔਖਾ ਰਾਹ ਚੁਣਿਆ। ਨਾਲ ਹੀ ਉਸਦੀ ਜੀਵਨ ਸਾਥਣ ਕਵਿਤਾ ਨੇ ਵੀ ਇਸਦੀ ਹਾਮੀ ਭਰੀ। ਇੱਛਾ ਜਾਗੀ ਆਪਣਾ ਛੱਡ ਕੇ ਸਮਾਜ ਦਾ ਕੁਝ ਸੰਵਾਰਨ ਦੀ ਅਤੇ ਇਸ ਮਕਸਦ ਲਈ ਜ਼ਰੂਰੀ ਲੱਗਿਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਨੂੰ ਘਰ ਘਰ ਤੱਕ ਪਹੁੰਚਾਉਣਾ। ਕੰਮ ਔਖਾ ਹੈ ਪਰ ਸੂਹੀ ਸਵੇਰ ਮੀਡੀਆ ਨੇ ਇਸ ਸਿਲਸਿਲੇ ਨੂੰ ਜਾਰੀ ਰੱਖਿਆ ਹੋਇਆ ਹੈ। ਇਸ ਸੰਬੰਧ ਵਿੱਚ ਹੀ ਇੱਕ ਖਾਸ ਆਯੋਜਨ ਸੀ ਅੱਜ ਪੰਜਾਬੀ ਭਵਨ ਵਿੱਚ।
ਮੁੱਖ ਬੁਲਾਰੇ ਵੱਜੋਂ ਪਹੁੰਚੇ ਹੋਏ ਸਨ ਹਰਿਆਣਾ ਤੋਂ ਕਾਮਰੇਡ ਸ਼ਿਆਮ ਸੁੰਦਰ। ਉਹਨਾਂ ਆਪਣੇ ਲੰਮੇ ਭਾਸ਼ਣ ਵਿੱਚ ਅੱਜ ਦੀਆਂ ਗੱਲਾਂ ਕਰਦਿਆਂ ਸਾਬਿਤ ਕੀਤਾ ਕਿ ਅੱਜ ਦੇ ਬੇਹੱਦ ਨਾਜ਼ੁਕ ਯੁਗ ਵਿੱਚ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਲੋੜ ਕਿੰਨੀ ਵੱਧ ਗਈ ਹੈ। ਹਾਲ ਪੂਰਾ ਨਹੀਂ ਸੀ ਭਰਿਆ ਜਿਹੜਾ ਪ੍ਰਤੀਕ ਸੀ ਇਸ ਗੱਲ ਦਾ ਕਿ ਅੱਜ ਹਰ ਕੋਈ ਭਗਤ ਸਿੰਘ ਦੇ ਵਿਚਾਰਾਂ ਦੀ ਗੱਲ ਨਹੀਂ ਕਰ ਸਕਦਾ। ਇਸ ਲਈ ਜਿਹੜੀ ਹਿੰਮਤ ਚਾਹੀਦੀ ਹੈ ਉਸ ਹਿੰਮਤ ਵਾਲਿਆਂ ਦੀ ਗਿਣਤੀ ਕਦੇ ਵੀ ਬਹੁਤੀ ਨਹੀਂ ਹੁੰਦੀ। ਜਦੋਂ ਤੀਕ ਆਮ ਮਨੁੱਖ ਭਗਤ ਸਿੰਘ ਦੇ ਵਿਚਾਰਾਂ ਤੋਂ ਦੂਰ ਰਹੇਗਾ ਉਸਦਾ ਸ਼ੋਸ਼ਣ ਹੁੰਦਾ ਰਹੇਗਾ। ਲਗਾਤਾਰ ਵੱਧ ਰਿਹਾ ਜੁਰਮ, ਲਗਾਤਾਰ ਹੋ ਰਹੀਆਂ ਖੁਦਕੁਸ਼ੀਆਂ, ਵਿੱਦਿਆ ਵਰਗੇ ਪਾਕ ਪਵਿੱਤਰ ਖੇਤਰਾਂ ਵਿੱਚ ਵੱਧ ਰਿਹਾ ਪਾੜਾ ਅਤੇ ਤੇਜ਼ੀ ਨਾਲ ਰਹੇ ਆਮ ਲੋਕਾਂ ਦੇ ਦੁੱਖ ਸਬੂਤ ਹਨ ਕਿ ਅਸੀਂ ਅਜੇ ਵੀ ਸਹੀ ਸੰਘਰਸ਼ ਦਾ ਰਸਤਾ ਨਹੀਂ ਚੁਣ ਸਕੇ। ਜਿਸ ਦਿਨ ਅਸੀਂ ਸਹੀ ਸੰਘਰਸ਼ ਦੇ ਰਸਤੇ ਤੁਰ ਪਵਾਂਗੇ ਉਸ ਦਿਨ ਆਰ ਜਾਂ ਪਾਰ ਵਾਲੀ ਉਹ ਜੰਗ ਸਫਲ ਹੋਣ ਲੱਗ ਪਵੇਗੀ ਜਿਸਦਾ ਸਫਲ ਹੋਣਾ ਹਰ ਕਿਰਤੀ ਲਈ ਜ਼ਰੂਰੀ ਹੈ, ਹਰ ਇਮਾਨਦਾਰ ਵਿਅਕਤੀ ਲਈ ਜ਼ਰੂਰੀ ਹੈ, ਹਰ ਆਜ਼ਾਦੀ ਪਸੰਦ ਲਈ ਜ਼ਰੂਰੀ ਹੈ। 
ਸੂਹੀ ਸਵੇਰ ਮੀਡੀਆ ਵੱਲੋਂ ਪੰਜਾਬੀ ਭਵਨ ਵਿਖੇ ‘ਅਜੋਕੇ ਦੌਰ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਦੀ ਪ੍ਰਸੰਗਿਕਤਾ’ ਵਿਸ਼ੇ ’ਤੇ ਵਿਚਾਰ-ਗੋਸ਼ਟੀ ਕਰਵਾਈ ਗਈ। ਇਸ ਵਿਚਾਰ-ਗੋਸ਼ਟੀ ਵਿੱਚ ਕੁਰੂਕਸ਼ੇਤਰ ਤੋਂ ਕਾਮਰੇਡ ਸ਼ਿਆਮ ਸੁੰਦਰ ਕੌਮੀ ਕਨਵੀਨਰ ਸ਼ਹੀਦ ਭਗਤ ਸਿੰਘ ਦਿਸ਼ਾ ਮੰਚ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਮੁੱਖ ਭਾਸ਼ਣ ਦੌਰਾਨ ਬੋਲਦਿਆਂ ਕਾਮਰੇਡ ਸ਼ਿਆਮ ਸੁੰਦਰ ਨੇ ਕਿਹਾ ਕਿ ਭਗਤ ਸਿੰਘ ਦੇ ਵਿਚਾਰ ਸਾਡੇ ਲਈ ਨੀਂਹ ਹਨ, ਪਰ ਇਸ ਲਈ ਭਗਤ ਸਿੰਘ ਦੀ ਸ਼ਖ਼ਸੀਅਤ ਦੇ ਸਹੀ ਮੁਲਾਂਕਣ ਅਤੇ ਉਨ੍ਹਾਂ ਦੇ ਮੂਲ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੀ ਸਿਰਫ ਪ੍ਰੇਰਨਾ, ਕੁਰਬਾਨੀ ਨਾਲ ਹੀ ਅੱਗੇ ਨਹੀਂ ਵਧਿਆ ਜਾ ਸਕਦਾ ਸਗੋਂ ਅੱਗੇ ਵਧਣ ਲਈ ਉਨ੍ਹਾਂ ਦੇ ਵਿਚਾਰਾਂ ਨੂੰ ਸਮਝਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਨੂੰ ਇਨਕਲਾਬੀ ਆਤੰਕਵਾਦੀ, ਕੌਮੀ ਇਨਕਲਾਬੀ ਜਾਂ ਨਿਮਨ ਪੂੰਜੀਵਾਦੀ ਇਨਕਲਾਬੀ ਦੀ ਸ਼੍ਰੇਣੀ ਵਿੱਚ ਰੱਖਣਾ ਸਹੀ ਨਹੀਂ ਹੈ, ਭਗਤ ਸਿੰਘ ਨੇ ਖੁਦ ਆਪਣੇ ਲੇਖ ‘ਮੈਂ ਆਤੰਕਵਾਦੀ ਨਹੀਂ ਹਾਂ’ ਵਿੱਚ ਸਪੱਸ਼ਟ ਕੀਤਾ ਹੈ ਕਿ ਉਹ ਆਤੰਕਵਾਦੀ ਨਹੀਂ ਹਨ। ਉਨ੍ਹਾਂ ਨੌਜਵਾਨਾਂ ਨੂੰ ਤਰਕ ਅਤੇ ਵਿਗਿਆਨ ’ਤੇ ਵਿਸ਼ਵਾਸ ਕਰਨ ਦੀ ਲੋੜ ਦੀ ਗੱਲ ’ਤੇ ਜ਼ੋਰ ਦਿੰਦਿਆ ਕਿਹਾ ਕਿ ਭਗਤ ਸਿੰਘ ਨੇ ਮੁੱਠੀ ਭਰ ਆਤੰਕਵਾਦੀਆਂ ਦੀ ਮਦਦ ਨਾਲ ਇਨਕਲਾਬ ਦੀ ਜਗ੍ਹਾਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਤਾਕਤ ਨਾਲ ਇਨਕਲਾਬ ਲਿਆਉਣ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾ ਕੇ ਉਨ੍ਹਾਂ ਨੂੰ ਸੁਫਨਿਆਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ। 
ਇਸੇ ਦੌਰਾਨ ਸੂਹੀ ਸਵੇਰ ਦੇ ਮੁੱਖ ਸੰਪਾਦਕ ਸ਼ਿਵਇੰਦਰ ਸਿੰਘ ਨੇ ਕਿਹਾ ਕਿ ਸਦਾ ਇਹ ਆਯੋਜਨ ਅਸਲ ਵਿੱਚ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਬਾਰੇ ਇੱਕ ਸਿਹਤਮੰਦ ਉਸਾਰੂ ਚਰਚਾ ਤੇਜ਼ ਕਰਨ ਲਈ ਹੈ ਤਾਂਕਿ ਸ਼ਹੀਦ ਦੇ ਨਾਮ ਤੇ ਅਧਕਚਰੇ ਵਿਚਾਰਾਂ ਦੇ ਪ੍ਰਚਾਰ ਪ੍ਰਸਾਰ ਨੂੰ ਜਾਣਬੁਝ ਕੇ ਫੈਲਾਉਣ ਦੀ ਸਾਜ਼ਿਸ਼ ਨਾਕਾਮ ਬਣਾਈ ਜਾ ਸਕੇ। ਉਹਨਾਂ ਕਿਹਾ ਕਿ ਸ਼੍ਹਹਿਦ ਦੇ ਵਿਚਾਰ ਅੱਜ ਵੀ ਸਾਡੇ ਸਮਾਜ ਲਈ ਸਾਰਥਕ ਹਨ। ਇਹਨਾਂ ਵਿਚਾਰਾਂ ਬਾਰੇ ਅੱਜ ਅਸੀਂ ਇੱਕ ਮੰਚ ਸਮਾਜ ਨੂੰ ਸਮਰਪਿਤ ਕੀਤਾ ਹੈ। ਇਹਨਾਂ ਵਿਚਾਰਾਂ ਬਾਰੇ ਗੱਲ ਕਰਨ ਵਾਲਿਆਂ ਦਾ ਅਸੀਂ ਸੁਆਗਤ ਕਰਦੇ ਹਾਂ।
ਇਸ ਮੌਕੇ ਸ਼ਹੀਦ ਭਗਤ ਸਿੰਘ ਹੁਰਾਂ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਵੀ ਮੌਜੂਦ ਰਹੇ। ਉਹਨਾਂ ਨੇ ਸ਼ਹੀਦ ਬਹੁਤ ਸਿੰਘ ਦੇ ਵਿਚਾਰਾਂ ਵਿੱਚ ਲੂਕਾ ਫਲਸਫੇ ਨੂੰ ਬੜੀ ਹੀ ਸਾਦਗੀ ਵਾਲੇ ਸ਼ਬਦਾਂ ਵਿੱਚ ਬਿਆਨ ਕੀਤਾ। ਉਹਨਾਂ ਸਾਮਰਾਜਵਾਦ ਮੁਰਦਾਬਾਦ ਇਨਕਲਾਬ ਜ਼ਿੰਦਾਬਾਦ ਵਾਲੇ ਨਾਅਰੇ ਦੀ ਅਹਿਮੀਅਤ ਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ ਜਿਸ ਬਾਰੇ ਸ਼ਹੀਦ ਨੇ ਆਖਿਆ ਸੀ ਕਿ ਜੇ ਇਸ ਨਾਅਰੇ ਲੋਕਾਂ ਨੇ ਸਮਝ ਲਿਆ ਤਾਂ ਸਮਝੋ ਸਾਡੀ ਜ਼ਿੰਦਗੀ ਦੀ ਕੀਮਤ ਮੁੜ ਆਈ। 

No comments: