Monday, September 19, 2016

ਅਸੀਂ ਕਸ਼ਮੀਰੀ ਲੋਕਾਂ ਦੀ ਤਰਸਯੋਗ ਹਾਲਤ ਨਹੀਂ ਦੇਖ ਸਕਦੇ-ਭੋਮਾ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਭੋਮਾ ਗਰੁੱਪ ਨੇ ਦਿੱਤੀ ਕਸ਼ਮੀਰ ਬਾਰੇ ਰਿਪੋਰਟ
ਅੰਮ੍ਰਿਤਸਰ: 19 ਸਤੰਬਰ 2016: (ਪੰਜਾਬ ਸਕਰੀਨ ਬਿਊਰੋ);
ਪਿਛਲੇ 70 ਦਿਨਾਂ ਤੋਂ ਜੰਗ ਵਰਗੇ ਮਹੌਲ ਵਿਚ ਨਿਰਦੋਸ਼ ਕਸ਼ਮੀਰ ਦੇ ਲੋਕ ਕਰਫਿਉ ਦੇ ਅਧੀਨ ਬਹੁਤ ਸੰਕਟਮਈ ਤੇ ਦੁੱਖਮਈ ਜੀਵਨ ਗੁਜਾਰ ਰਹੇ ਹਨ। ਉਨ੍ਹਾਂ ਦੇ ਮਨੁੱਖੀ ਹੱਕ-ਹਕੂਕ, ਖਾਣਾ, ਦਵਾਈਆਂ, ਪੀਣ ਵਾਲਾ ਪਾਣੀ ਅਤੇ ਡਾਕਟਰੀ ਸਹੂਲਤਾਂ ਤੋਂ ਇਲਾਵਾਂ ਹੋਰ ਜਰੂਰੀ ਲੋੜਾਂ ਕਸ਼ਮੀਰੀ ਲੋਕਾ ਨੂੰ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੇ ਸੁੁਰੱਖਿਆ ਫੋਰਸਾਂ ਦੀਆਂ ਗੋਲੀਆਂ ਅਤੇ ਅਸੀਮ ਸਰਕਾਰੀ ਤਾਕਤਾਂ ਦੇ ਰਹਿਮੋ ਕਰਮ ਤੇ ਛੱਡ ਦਿੱਤਾ ਗਿਆ ਹੈ। 
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਸ਼ਮੀਰੀ ਸਿੱਖਾਂ ਦੇ ਮਸਲਿਆਂ ਸਬੰਧੀ ਗਠਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਦੇ ਮੈਂਬਰਾਂ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਡਾ: ਮਨਜੀਤ ਸਿੰਘ ਭੋਮਾ, ਸ੍ਰ: ਸਰਬਜੀਤ ਸਿੰਘ ਜੰਮੂ, ਸ੍ਰ: ਸਤਨਾਮ ਸਿੰਘ ਕੰਡਾ ਨੇ ਇੱਕ ਸਾਂਝੇ ਬਿਆਨ ਵਿਚ ਕਿਹਾ ਕਿ ਕਰਫਿਉ ਤਾਂ ਇੱਕ-ਦੋ ਦਿਨ ਦਾ ਹੀ ਆਮ ਮਨੁੱਖਾਂ ਦੀ ਹਾਲਤ ਪਤਲੀ ਕਰ ਦਿੰਦਾ ਹੈ, ਕਸ਼ਮੀਰੀ ਤਾਂ 70 ਦਿਨ ਤੋਂ ਕਰਫਿਉ ਦਾ ਸੰਤਾਪ ਭੋਗ ਰਹੇ ਹਨ। ਇਹ ਸੰਤਾਪ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੇ ਵੀ ਪੰਜਾਬ ‘ਚ ਆਪਣੇ ਪਿੰਡੇ ‘ਤੇ ਹਢਾਇਆ ਹੈ। ਇਸ ਕਰਕੇ ਕਸ਼ਮੀਰੀਆਂ ਦੇ ਇਸ ਸੰਤਾਪ ਨੂੰ ਅਸੀਂ ਖੁਦ ਚੰਗੀ ਤਰ੍ਹਾਂ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਵਸਦੇ ਸਿੱਖਾਂ ਅਤੇ ਆਮ ਮੁਸਲਮਾਨਾਂ ਦੇ ਹਾਲਾਤਾਂ ‘ਤੇ ਤਿੰਨ ਮੈਂਬਰੀ ਕਮੇਟੀ ਬੜੀ ਬੀਰੀਕੀ ਨਾਲ ਨਜ਼ਰ ਰੱਖ ਰਹੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਕਸ਼ਮੀਰੀ ਸਿੱਖਾਂ ਅਤੇ ਕਸ਼ਮੀਰ ਦੇ ਹਾਲਾਤਾਂ ਬਾਰੇ ਲਗਾਤਾਰ ਆਪਣੀ ਰਿਪੋਰਟ ਦੇ ਰਹੇ ਹਨ। 
ਕਮੇਟੀ ਮੈਂਬਰਾਂ ਨੇ ਕਿਹਾ ਕਿ ਕਸ਼ਮੀਰ ਵਿਚ ਆਮ ਆਦਮੀ ਦੇ ਸਾਰੇ ਅਧਿਕਾਰ ਖਤਮ ਕਰ ਦਿੱਤੇ ਗਏ ਹਨ। ਲੋਕਾਂ ਦੀਆਂ ਰੋਜਾਨਾ ਲੋੜਾਂ ਖੁਰਾਕ, ਦਵਾਈਆਂ, ਪੀਣ ਵਾਲਾ ਪਾਣੀ ਅਤੇ ਹੋਰ ਡਾਕਟਰੀ ਸਹੂਲਤਾਂ ਲੈਣ ਲਈ ਵੀ ਆਮ ਕਸ਼ਮੀਰੀ ਲੋਕਾਂ ਨੂੰ ਸਰਕਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਰਾਨੀ ਤੇ ਦੁੱਖ ਦੀ ਗੱਲ ਇਹ ਹੈ ਅੱਜ ਪੂਰੇ ਦੇਸ਼ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਮੂਕ-ਦਰਸ਼ਕ ਬਣੀਆਂ ਬੈਠੀਆਂ ਹਨ। ਜਿਵੇਂ ਕਿ ਕਸ਼ਮੀਰ ਦੇ ਲੋਕ ਭਾਰਤੀ ਨਾ ਹੋ ਕੇ ਕਿਸੇ ਦੁਸ਼ਮਣ ਦੇਸ਼ ਦੇ ਵਸਨੀਕ ਹੋਣ।
ਉਨ੍ਹਾਂ ਕਿਹਾ ਅਜਿਹੇ ਮੌਕੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਮੂਕ-ਦਰਸ਼ਕ ਹੋ ਕੇ ਆਪਣੇ ਕਸ਼ਮੀਰੀ ਸਿੱਖ ਭਰਾਵਾਂ ਤੇ ਆਮ ਕਸ਼ਮੀਰੀ ਲੋਕਾਂ ਦੀ ਤਰਸਯੋਗ ਹਾਲਤ ਨਹੀਂ ਦੇਖ ਸਕਦੀ ਤੇ ਉਨ੍ਹਾਂ ਨੂੰ ਸੁਰੱਖਿਆ ਫੋਰਸਾਂ ਦੇ ਰਹਿਮੋ ਕਰਮ ‘ਤੇ ਨਹੀਂ ਛੱਡ ਸਕਦੀ। ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਆਪਣੇ “ਮਜ਼ਲੂਮ ਦੀ ਰੱਖਿਆ ਅਤੇ ਸੇਵਾ ਦੇ ਸਿਧਾਂਤ” ‘ਤੇ ਪਹਿਰਾ ਦਿੰਦੇ ਹੋਏ ਕਸ਼ਮੀਰੀ ਸਿੱਖਾਂ ਤੇ ਆਮ ਲੋਕਾਂ ਦੀ ਸੇਵਾ ਜਰੂਰ ਕਰਾਂਗੇ, ਭਾਵੇਂ ਉਹ ਕਿਸੇ ਵੀ ਮਜਹਬ ਨਾਲ ਸਬੰਧਤ ਕਿਉਂ ਨਾ ਹੋਣ।
ਉਨ੍ਹਾਂ ਨੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂੰਹ ਕਾਰ-ਸੇਵਾ ਵਾਲੇ ਸੰਤਾਂ ਮਹਾਪੁਰਖਾਂ, ਸਿੱਖ ਸੰਪਰਦਾਵਾਂ ਦੇ ਮੁਖੀ ਸੰਤਾਂ ਮਹਾਪੁਰਖਾਂ, ਸ੍ਰੀ ਅਮਰਨਾਥ ਯਾਤਰਾ ਦੌਰਾਨ ਲੰਗਰ ਛਕਾਉਣ ਵਾਲੇ ਪ੍ਰਬੰਧਕਾਂ, ਦੇਸ਼-ਵਿਦੇਸ਼ ਵਿਚ ਵਸਦੇ ਦਾਨੀ ਸੱਜਣਾ ਨੂੰ ਦਿਲ-ਟੁੰਬਵੀ ਅਪੀਲ ਕਰਦੇ ਹੋਏ ਕਿਹਾ ਕਿ ਆਉ ਭਾਈ ਘਨਈਆ ਵੱਲੋਂ ਦਰਸਾਏ ਮਾਰਗ ‘ਤੇ ਚਲਦੇ ਹੋਏ ਆਪਣੇ ਕਸ਼ਮੀਰੀ ਭੈਣ-ਭਰਾਵਾਂ ਲਈ ਕਸ਼ਮੀਰ ਦੇ ਪਿੰਡ-ਪਿੰਡ ਤੇ ਗਲੀ ਮੁਹੱੱਲਿਆਂ ਵਿਚ ਮੁਫਤ ਲੰਗਰ, ਦਵਾਈਆਂ, ਪੀਣ ਵਾਲਾ ਪਾਣੀ ਅਤੇ ਡਾਕਟਰੀ ਸਹੂਲਤਾਂ ਦਾ ਵਿਸ਼ੇਸ਼ ਪ੍ਰਬੰਧ ਕਰੀਏ ਤਾਂ ਜੋ ਕਸ਼ਮੀਰ ਵਿਚ ਮਨੁੱਖੀ ਹੱਕਾਂ ਦੀ ਬਹਾਲੀ ਕਰਵਾ ਕੇ ਅਤੇ ਆਮ ਲੋਕਾਂ ਦੀਆਂ ਜਰੂਰਤਾਂ ਪੂਰੀਆਂ ਕਰਕੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ।

No comments: