Tuesday, September 20, 2016

ਨਿਯਮਾਂ ਮੁਤਾਬਿਕ ਚੱਲੀਏ ਤਾਂ ਖੇਤੀ ਅੱਜ ਵੀ ਨਿਸ਼ਚੇ ਹੀ ਲਾਹੇਵੰਦ ਧੰਦਾ-ਰਿਆੜ

Tue, Sep 20, 2016 at 4:48 PM
ਗੁਰਦਾਸਪੁਰ ਵਿੱਚ ਸੱਤ ਖੰਡ ਮਿਲਾਂ ਸਫਲਤਾ ਨਾਲ ਚਲ ਰਹੀਆਂ ਹਨ
ਲੁਧਿਆਣਾ: 20 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋ ਹਾੜ੍ਹੀ ਦੀਆਂ ਫਸਲਾਂ ਦੇ ਕਿਸਾਨ ਮੇਲਿਆਂ ਦੀ ਲੜੀ ਦੇ ਚਲਦਿਆਂ ਖੇਤਰੀ ਕੇਂਦਰ, ਗੁਰਦਾਸਪੁਰ ਵਿਖੇ ਪੀ.ਏ.ਯੂ. ਖੇਤੀ ਸਿਫਾਰਸ਼ਾਂ ਫਸਲਾਂ ਲਈ ਵਰਦਾਨ, ਵਿਗਿਆਨਕ ਖੇਤੀ ਨਾਲ ਹੀ ਸਫਲ ਹੋਣ ਕਿਸਾਨ ਦੇ ਉਦੇਸ਼ ਨਾਲ ਕਿਸਾਨ ਮੇਲਾ ਲਗਾਇਆ। ਇਸ ਕਿਸਾਨ ਮੇਲੇ ਵਿੱਚ ਗੁਰਦਾਸਪੁਰ ਅਤੇ ਆਲੇ ਦੁਆਲੇ ਤੋ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਦਿਆਂ ਸ. ਹਰਦੇਵ ਸਿੰਘ ਰਿਆੜ, ਮੈਂਬਰ ਪ੍ਰਬੰਧਕੀ ਬੋਰਡ, ਪੀ.ਏ.ਯੂ ਨੇ ਕਿਹਾ ਕਿ ਜੇਕਰ ਅਸੀਂ ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਮੁਤਾਬਕ ਖੇਤੀ ਵਿਗਿਆਨਕ ਲੀਹਾਂ ਤੇ ਚਲਦਿਆਂ ਕਰਦੇ ਹਾਂ, ਖੇਤੀ ਦਾ ਪੂਰਾ ਲੇਖਾ ਜੋਖਾ ਰਖਦੇ ਹਾਂ, ਲਾਗਤਾ ਵਿੱਚ ਸੰਜਮ ਦੀ ਵਰਤੋਂ ਕਰਦੇ ਹਾਂ ਤਾਂ ਖੇਤੀ ਨਿਸ਼ਚੇ ਹੀ ਲਾਹੇਵੰਦ ਧੰਦਾ ਹੈ। ਗੁਰਦਾਸਪੁਰ ਜਿਲੇ ਦੇ ਕਿਸਾਨਾਂ ਦੀ ਅਣਥੱਕ ਮਿਹਨਤ ਦੀ ਤਾਰੀਫ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀ ਵਿਭਿੰਨਤਾ ਨੂੰ ਅਪਣਾਉਂਦਿਆਂ ਅੱਜ ਸਾਡੇ ਜ਼ਿਲ੍ਹੇ ਵਿੱਚ ਸੱਤ ਖੰਡ ਮਿਲਾਂ ਸਫਲਤਾ ਨਾਲ ਚਲ ਰਹੀਆਂ ਹਨ। ਯੂਨੀਵਰਸਿਟੀ ਵੱਲੋ ਕੀਤੇ ਜਾ ਰਹੇ ਖੋਜ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਖੇਤੀ ਮਾਹਿਰਾਂ ਦੀ ਅਣਥੱਕ ਮਿਹਨਤ ਸਦਕਾ ਅੱਜ ਫਸਲਾਂ ਦੀਆਂ ਨਵੀਆਂ ਸੋਧੀਆਂ ਹੋਈਆਂ ਕਿਸਮਾਂ ਵਿਕਸਿਤ ਹੋ ਰਹੀਆਂ ਹਨ, ਖੇਤ ਮਸ਼ੀਨਰੀ ਦਾ ਉਤਪਾਦਨ ਹੋ ਰਿਹਾ ਹੈ ਅਤੇ ਕਿਸਾਨਾਂ ਦੀ ਖੇਤੀ ਆਮਦਨ ਵਿੱਚ ਚੋਖਾ ਵਾਧਾ ਹੋ ਰਿਹਾ ਹੈ।
ਇਸ ਮੌਕੇ ਡਾ. ਬਲਦੇਵ ਸਿੰਘ ਢਿੱਲੋਂ, ਮਾਨਯੋੋਗ ਵਾਈਸ ਚਾਂਸਲਰ, ਪੀ.ਏ.ਯੂ ਨੇ ਦੱਸਿਆ ਕਿ ਯੂਨੀਵਰਸਿਟੀ  ਨੂੰ ਪਠਾਨਕੋਟ ਵਿਖੇ ਕੇ.ਵੀ.ਕੇ. ਖੋਲਣ ਦੀ ਪ੍ਰਵਾਨਗੀ ਮਿਲ ਗਈ ਹੈ ਜਿਸ ਨਾਲ ਖੇਤੀ ਖੋਜ ਅਤੇ ਪਸਾਰ ਕਾਰਜਾਂ ਨੂੰ ਹੋਰ ਹੁਲਾਰਾ ਮਿਲ ਸਕੇਗਾ। ਉਨਾਂ ਦੱਸਿਆ ਕਿ ਝੋਨੇ ਦੀਆਂ ਅਗੇਤੀ ਕਿਸਮਾਂ, ਸਿੱਧੀ ਬਿਜਾਈ ਅਤੇ ਲੇਜ਼ਰ ਲੈਵਲਰ ਤਕਨੀਕ ਰਾਹੀਂ ਅਸੀਂ ਜੱਲ ਸੋਮਿਆਂ ਦੀ ਬਚਤ ਕਰਨ ਵਿੱਚ ਕਾਮਯਾਬ ਹੋ ਸਕੇ ਹਾਂ। ਇਸ ਤਰ੍ਹਾਂ ਲੋੜ ਮੁਤਾਬਿਕ ਖਾਦਾਂ ਦੀ ਵਰਤੋਂ ਕਰਨ ਨਾਲ ਸਾਡੀਆਂ ਖੇਤੀ ਲਾਗਤਾਂ ਘਟੀਆਂ ਹਨ ਅਤੇ ਮੁਨਾਫਾ ਵਧਿਆ ਹੈ। ਨਦੀਨ ਨਾਸ਼ਕਾਂ ਦੀ ਵਰਤੋਂ ਕਰਨ ਦੀ ਬਜਾਏ ਉਨ੍ਹਾਂ ਨੇ ਨਦੀਨਾਂ ਨੂੰ ਹੱਥੀ ਪੁੱਟਣ ਦੀ ਸਲਾਹ ਦਿਤੀ। ਇਸੇ ਤਰਾਂ ਖੇਤੀ ਮਸ਼ੀਨਰੀ ਨੂੰ ਖੁਦ ਖਰੀਦਣ ਦੀ ਬਜਾਏ ਡਾ. ਢਿੱਲੋਂ ਨੇ ਸਹਿਕਾਰੀ ਸੋਸਾਇਟੀਆਂ ਬਣਾ ਕੇ ਖਰੀਦਣ ਜਾਂ ਕਿਰਾਏ ਤੇ ਲੈਣ ਦੀ ਸਿਫਾਰਸ਼ ਕੀਤੀ।
ਇਸ ਮੌਕੇ ਡਾ. ਮੇਜਰ ਸਿੰਘ ਧਾਲੀਵਾਲ, ਅਪਰ ਨਿਰਦੇਕ ਖੋਜ (ਬਾਗਬਾਨੀ) ਨੇ ਯੂਨੀਵਰਸਿਟੀ ਦੀਆਂ ਖੋਜ ਸਿਫਾਰਿਸ਼ਾਂ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਅੱਜ ਤੱਕ 789 ਨਵੀਆਂ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ ਜਿਨਾਂ ਵਿੱਚੋ 161 ਕਿਸਮਾਂ ਨੂੰ ਰਾਸ਼ਟਰੀ ਪੱਧਰ ਤੇ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਨ ਵਿੱਚ ਤਬਦੀਲੀ ਹੋਣ ਦੇ ਨਾਲ-ਨਾਲ ਯੂਨੀਵਰਸਿਟੀ ਵੱਲੋਂ ਖੇਤੀ ਖੋਜ ਕਾਰਜਾਂ ਨੂੰ ਵੀ ਉਸ ਮੁਤਾਬਕ ਢਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਝੋਨੇ ਵਿੱਚ ਘੱਟ ਪਾਣੀ, ਘੱਟ ਖਾਦਾਂ ਦੀ ਲੋੜ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਇਸੇ ਤਰਾਂ ਸੋਕੇ ਅਤੇ ਹੜ੍ਹ ਵਰਗੀਆਂ ਸਥਿਤੀਆਂ, ਕੀੜੇ ਮਕੌੜੇ ਅਤੇ ਬਿਮਾਰੀਆਂ ਪ੍ਰਤੀਰੋਧਿਕਤਾ ਰੱਖਣ ਵਾਲਿਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਮਾਹਿਰਾਂ ਵੱਲੋਂ ਸਬਜ਼ੀਆਂ ਅਤੇ ਫਲਾਂ ਦੀ ਤੁੜਾਈ ਲਈ ਨਵੀਆਂ ਮਸ਼ੀਨਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਮਜਦੂਰੀ ਤੇ ਘੱਟ ਤੋਂ ਘੱਟ ਖਰਚਾ ਆਵੇ।
ਇਸ ਮੌਕੇ ਤੇ ਡਾ. ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰ ਰਹੇ ਪਤਵੰਤਿਆ, ਖੇਤੀ ਮਾਹਿਰਾਂ ਅਤੇ ਕਿਸਾਨਾਂ ਨੂੰ ਜੀ ਆਇਆਂ ਕਿਹਾ। ਵਿਗਿਆਨਕ ਲੀਹਾਂ ਤੇ ਖੇਤੀ ਕਰਨ ਲਈ ਪ੍ਰੇਰਦਿਆਂ ਉਨ੍ਹਾਂ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਹੁੰਦੇ ਮਹੀਨਾਵਾਰ ਰਸਾਲੇ ਚੰਗੀ ਖੇਤੀ ਅਤੇ ਪ੍ਰੋਗੈਸਿਵ ਫਾਰਮਿੰਗ ਦੇ ਮੈਂਬਰ ਬਣਨ ਲਈ ਕਿਹਾ। 
ਇਸ ਮੌਕੇ ਇੰਸਟੀਚਿਉਟ ਆਫ ਐਗਰੀਕਲਚਰ ਦੇ ਵਿਦਿਆਰਥੀਆਂ ਨੇ ਭੰਗੜਾ ਪੇਸ਼ ਕੀਤਾ ਜਿਨ੍ਹਾਂ ਨੂੰ ਡਾ. ਢਿੱਲੋਂ ਵੱਲੋਂ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ ਪ੍ਰਦਾਨ ਕੀਤਾ ਗਿਆ। 
ਇਸ ਮੌਕੇ ਸ. ਹਰਦੇਵ ਸਿੰਘ ਰਿਆੜ, ਮੈਂਬਰ ਪ੍ਰਬੰਧਕੀ ਬੋਰਡ ਪੀ.ਏ.ਯੂ., ਸ. ਅਮਰੀਕ ਸਿੰਘ ਖੇਤੀਬਾੜੀ ਅਫਸਰ (ਇੰਚਾਰਜ, ਭੂਮੀ ਪਰਖ ਲੈਬ), ਸ. ਹਰਮਨਪ੍ਰੀਤ ਸਿੰਘ ਪੱਤਰ ਪ੍ਰੇਰਕ ਰੋਜ਼ਾਨਾ ਅਜੀਤ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਪੰਜਾਬ ਕਿਸਾਨ ਕਲੱਬ ਦੇ ਮੈਂਬਰ ਅਤੇ ਸਫਲ ਲੀਚੀ ਉਤਪਾਦਕ ਸ. ਦਿਲਬਾਗ ਸਿੰਘ ਚੀਮਾ ਨੇ ਯੂਨੀਵਰਸਿਟੀ ਦੇ ਖੋਜ ਕਾਰਜਾਂ ਨੂੰ ਹੁਲਾਰਾ ਦੇਣ ਲਈ 5100 ਰੁ: ਇੰਨਡੋਮੈਂਟ ਫੰਡ ਵਜੋਂ ਦਿੱਤੇ।
ਇਸ ਮੌਕੇ ਡਾ. ਰਾਮ ਸਕਲ ਸਿੰਘ, ਨਿਰਦੇਸ਼ਕ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਨੇ ਹਾਜਰ ਪਤਵੰਤਿਆਂ, ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਅਤੇ ਨੁਮਾਇਸ਼ਾਂ ਵੀ ਲਗਾਈਆਂ ਗਈਆਂ। 

No comments: