Friday, August 26, 2016

GADVASU ਵੱਲੋਂ ਹੜਤਾਲੀ ਕਾਮਿਆਂ ਦੇ "ਗੁਮਰਾਹਕੁਨ" ਬਿਆਨਾਂ ਦੀ ਆਲੋਚਨਾ

Fri, Aug 26, 2016 at 5:43 PM
ਗੁਮਰਾਹਕੁਨ ਬਿਆਨ ਕਾਮਿਆਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ
ਲੁਧਿਆਣਾ:26 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਸਦਾ ਮੁਲਾਜ਼ਮਾਂ ਦੀ ਭਲਾਈ ਅਤੇ ਫਾਇਦੇ ਹਿੱਤ ਕੰਮ ਕੀਤਾ ਹੈ। ਇਹ ਵਿਚਾਰ ਵੈਟਨਰੀ ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਸੁਸ਼ੀਲ ਪ੍ਰਭਾਕਰ ਨੇ ਠੇਕੇ ’ਤੇ ਕੰਮ ਕਰਦੇ ਦਿਹਾੜੀਦਾਰ ਕਾਮਿਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਦੇ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਜ਼ਾਹਿਰ ਕੀਤੇ। ਉਨ੍ਹਾਂ ਕਿਹਾ ਕਿ ਅਸੀਂ ਪ੍ਰਾਵੀਡੈਂਟ ਫੰਡ ਅਤੇ ਈ ਐਸ ਆਈ ਸਕੀਮਾਂ ਸੰਬੰਧੀ ਕਾਰਵਾਈ ਕੀਤੀ ਹੋਈ ਹੈ। ਹੁਣ ਤੱਕ ਜਿਹੜੇ ਕਾਮਿਆਂ ਦੇ ਕੰਟਰੈਕਟ ਪੂਰੇ ਹੋ ਚੁੱਕੇ ਸਨ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੇ ਨਵੇਂ ਕੰਟਰੈਕਟ ਇਸ ਨਵੀਂ ਸਕੀਮ ਦੇ ਤਹਿਤ ਜਾਰੀ ਕੀਤੇ ਗਏ ਹਨ। ਬਿਆਨ ਮੁਤਾਬਿਕ 256 ਕਾਮਿਆਂ ਨੂੰ ਇਹ ਪੱਤਰ ਜਾਰੀ ਹੋ ਚੁੱਕੇ ਹਨ।ਇਹ ਸਕੀਮ 1 ਅਗਸਤ, 2016 ਤੋਂ ਉਨ੍ਹਾਂ ਦੀਆਂ ਸੇਵਾਵਾਂ ’ਤੇ ਲਾਗੂ ਹੈ।ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਅੱਗੇ ਤੋਂ ਜਿਹੜੇ ਵੀ ਕਿਰਤੀ ਦਾ ਕੰਟਰੈਕਟ ਨਵਿਆਇਆ ਜਾਵੇਗਾ ਉਨ੍ਹਾਂ ਨੂੰ ਇਸੇ ਸਕੀਮ ਦੇ ਤਹਿਤ ਹੀ ਅਗਲਾ ਕੰਟਰੈਕਟ ਦਿੱਤਾ ਜਾਵੇਗਾ। ਜਿਹੜੇ ਕਾਮੇ ਪੁਰਾਣੇ ਕੰਟਰੈਕਟ ਦੀਆਂ ਸ਼ਰਤਾਂ ਅਧੀਨ ਕੰਮ ਕਰ ਰਹੇ ਹਨ ਉਹ ਵੀ ਇਸ ਨਵੇਂ ਪ੍ਰਬੰਧ ਸੰਬੰਧੀ ਆਪਣੀ ਰਜ਼ਾਮੰਦੀ ਦੇ ਕੇ ਇਸ ਸਕੀਮ ਵਿਚ ਆ ਸਕਦੇ ਹਨ।ਯੂਨੀਵਰਸਿਟੀ ਨੂੰ ਠੇਕੇ ’ਤੇ ਕੰਮ ਕਰਦੇ 70 ਤੋਂ ਵਧੇਰੇ ਹੋਰ ਅਜਿਹੇ ਕਾਮਿਆਂ ਦੀ ਵੀ ਇਸ ਸਕੀਮ ਵਿਚ ਸ਼ਾਮਿਲ ਕਰਨ ਸੰਬੰਧੀ ਬੇਨਤੀ ਪ੍ਰਾਪਤ ਹੋਈ ਹੈ, ਜਿਨ੍ਹਾਂ ਦਾ ਕਿ ਇਸ ਸਕੀਮ ਦੇ ਲਾਗੂ ਹੋਣ ਤੋਂ ਪਹਿਲਾਂ ਕੰਟਰੈਕਟ ਨਵਿਆਇਆ ਗਿਆ ਸੀ।
ਡਾ. ਪ੍ਰਭਾਕਰ ਨੇ ਕਿਹਾ ਕਿ ਕੁਝ ਸਵੈ-ਥਾਪੇ ਯੂਨੀਅਨ ਨੇਤਾ ਬੜੇ ਗ਼ਲਤ, ਭਰਮਪਾਊ ਅਤੇ ਝੂਠੇ ਬਿਆਨ ਪ੍ਰੈਸ ਵਿਚ ਇਨ੍ਹਾਂ ਸਕੀਮਾਂ ਦੇ ਨਾ ਲਾਗੂ ਹੋਣ ਬਾਰੇ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਗੁਮਰਾਹਕੁਨ ਬਿਆਨ ਕਾਮਿਆਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ।  

No comments: