Sunday, August 14, 2016

ਕੌਮਾਗਾਟਾਮਾਰੂ ਕਮੇਟੀ ਨੇ ਵੀ ਉਠਾਈ ਜਲ ਜੰਗਲ ਅਤੇ ਜ਼ਮੀਨ ਦੀ ਰਾਖੀ ਵਾਲੀ ਆਵਾਜ਼

ਕਸ਼ਮੀਰੀ ਲੋਕਾਂ ਦੇ ਵਹਿਸ਼ੀ ਕਤਲਾਂ ਅਤੇ ਆਏ ਦਿਨ ਕਰਫਿਊ ਦੀ ਵੀ ਨਿਖੇਧੀ
ਕੌਮਾਗਾਟਾਮਾਰੂ ਸ਼ਹੀਦਾਂ ਦੇ ਅਧੂਰੇ ਕਾਜ ਨੂੰ ਪੂਰਾ ਕਰਨ ਲਈ ਆਮ ਲੋਕਾਂ ਨੂੰ ਦੇਸ਼ ਭਗਤ ਚੇਤਨਾ ਨਾਲ ਲੈਸ ਹੋਣ ਦਾ ਹੋਕਾ
ਲੁਧਿਆਣਾ: 13 ਅਗਸਤ 2016: (ਪੰਜਾਬ ਸਕਰੀਨ ਬਿਊਰੋ): 
ਕੌਮਾਗਾਟਾਮਾਰੂ ਕਮੇਟੀ ਦੇ ਸਲਾਨਾ ਅਜਲਾਸ ਵਿੱਚ ਜਿੱਥੇ ਜਲ ਜੰਗਲ ਅਤੇ ਜ਼ਮੀਨ ਦੀ ਰਾਖੀ ਵਾਲੇ ਸੰਘਰਸ਼ ਦੀ ਹਮਾਇਤ ਕੀਤੀ ਗਈ ਉੱਥੇ ਕਸ਼ਮੀਰੀ ਲੋਕਾਂ ਦੇ ਵਹਿਸ਼ੀ ਕਤਲਾਂ ਦੀ ਵੀ ਨਿਖੇਧੀ ਕੀਤੀ ਗਈ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਨੁਮਾਇੰਦੇ ਰਣਜੀਤ ਸਿੰਘ ਨੇ ਲਾਲ ਝੰਡੇ ਦੇ ਤਾਕਤ ਦਾ ਅਹਿਸਾਸ ਕਰਾਇਆ ਅਤੇ ਫਿਰਕੂ ਫਾਸ਼ਿਸਟਾਂ ਦੀਆਂ ਧੌਣਾਂ ਭੰਨਣ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ।  ਮਾਸਟਰ ਜਸਦੇਵ ਲਲਤੋਂ ਨੇ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੇ ਬੱਟ ਦੀ ਭੰਨਤੋੜ ਦਾ ਸਾਰਾ ਮਾਮਲਾ ਵਿਸਥਾਰ ਨਾਲ ਦੱਸਿਆ ਅਤੇ ਨਾਲ ਹੀ ਕਮੇਟੀ ਮੈਂਬਰਾਂ ਵੱਲੋਂ ਕੀਤੇ ਸੰਘਰਸ਼ਾਂ ਦੀ ਵੀ ਜਾਣਕਾਰੀ ਦਿੱਤੀ। ਉਹਨਾਨਿਹ ਵੀ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਤੱਕ ਚਲਾਣ ਪੇਸ਼ ਨਹੀਂ ਕੀਤਾ ਗਿਆ ਜਿਸਤੋਂ ਸਾਰੀ ਹਾਲਤ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।  
ਕੌਮਾਗਾਟਾਮਾਰੂ ਸਾਕੇ ਸਮੇਤ ਸਮੂਹ ਦੇਸ਼ ਭਗਤ ਯੋਧਿਆਂ ਤੇ ਅਮਰ ਸ਼ਹੀਦਾਂ ਦੀ ਵਿਰਾਸਤ ਨੂੂੰ ਸਾਂਭਣ, ਰਾਖੀ ਕਰਨ ੳਤੇ ਆਮ ਲੋਕਾਂ ਵਿੱਚ ਇਸਦਾ ਪ੍ਰਚਾਰ ਪ੍ਰਸਾਰ ਕਰਨ ਵਾਲੀ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਨੇ ਆਪਣਾ ਸਾਲਾਨਾ ਇਜਲਾਸ ਅੱਜ ਇੱਥੇ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਜੱਥੇਬੰਦ ਕੀਤਾ। ਸਮੂਹ ਮੈਂਬਰਸ਼ਿਪ ਅਤੇ ਚੋਣਵੇਂ ਦਰਸ਼ਕਾਂ’ਤੇ ਅਧਾਰਤ ਵਿਸ਼ਾਲ ਇਜਲਾਸ ਦੀ ਪ੍ਰਧਾਨਗੀ ਸਰਵ ਸ਼੍ਰੀ ਸਾਥੀ ਰਣਜੀਤ ਸਿੰਘ (ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ), ਉਜਾਗਰ ਸਿੰਘ ਬੱਦੋਵਾਲ, ਕਾ.ਗੁਰਨਾਮ ਸਿੰਘ ਸਿੱਧੂ ਅਤੇ ਸਾਥੀ ਪਵਨ ਕੁਮਾਰ ਕੌਸ਼ਲ ਨੇ ਕੀਤੀ।ਸੰਖੇਪ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਜਸਦੇਵ ਸਿੰਘ ਲਲਤੋਂ, ਕਾ.ਚਮਨ ਲਾਲ, ਬਾਲ ਕ੍ਰਿਸ਼ਨ ਤੇ ਦਲਵੀਰ ਕਲੇਰ ਨੇ ਦੇਸ਼ ਪ੍ਰੇਮੀ ਤੇ ਕ੍ਰਾਂਤੀਕਾਰੀ ਰੰਗ ਵਾਲੇ ਗੀਤ ਅਤੇ ਕਵਿਤਾਵਾਂ ਪੇਸ਼ ਕਰਕੇ ਕਮਾਲ ਦਾ ਰੰਗ ਬੰਨ੍ਹਿਆਂ।ਸਮਾਗਮ ਦੀ ਸ਼ੁਰੂਆਤ ਕਰਦਿਆਂ ਪਹਿਲ ਪ੍ਰਥਮੇ ਸਮੂਹ ਹਾਜ਼ਰੀਨ ਨੇ ਦੋ ਮਿੰਟ ਦਾ ਮੌਨ ਧਾਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਜੋਸ਼ ਭਰਪੂਰ ਨਾਹਰੇ ਬੁਲੰਦ ਕੀਤੇ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਨੁਮਾਂਇੰਦੇ ਸਾਥੀ ਰਣਜੀਤ ਸਿੰਘ ਨੇ ਕੌਮਾਗਾਟਾਮਾਰੂ ਸਾਕੇ ਦੇ ਸ਼ਹੀਦਾਂ ਦੇ ਮਿਸ਼ਨ,ਮੌਜੂਦਾ ਹਾਲਾਤ ਤੇ ਉਹਨਾ ਦੇ ਅਧੂਰੇ ਕਾਰਜ਼ ਨੂੰ ਪੂਰਾ ਕਰਨ ਲਈ ਬਣਦੇ ਫਰਜ਼ਾਂ’ਤੇ ਬਾਖੂਬੀ ਚਾਨਣਾ ਪਾਇਆ। ਮਾਸਟਰ ਜਸਦੇਵ ਸਿੰਘ ਲਲਤੋਂ ਕਮੇਟੀ ਦੇ ਪਿਛਲੇ 2 ਸਾਲਾਂ ਦੇ ਕੀਤੇ ਕਾਰਜ਼ਾਂ ,ਉਸਾਰੇ ਘੋਲਾਂ,ਕੀਤੀਆਂ ਸਰਗਰਮੀਆਂ ਦੀ ਲਿਖਤੀ ਰੀਵਿਅੂ ਰੀਪੋਰਟ ਪੇਸ਼ ਕਰਦਿਆਂ 7 ਮਹੀਨੇ ਚੱਲੇ ਗਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ ਦੇ ਬੁੱਤ ਸਬੰਧੀ ਕਾਂਡ ਸਬੰਧੀ ਜਨਤਕ ਘੋਲ, ਮੋਗਾ ਬੱਸ ਕਾਂਡ ਸਬੰਧੀ ਘੋਲ ਵਿੱਚ ਸ਼ਮੂਲੀਅਤ, ਫਿਰਕੂ ਫਾਸ਼ੀ ਨੀਤੀਆਂ ਵਿਰੁੱਧ ਅਹਿਮ ਸਰਗਰਮੀਆਂ,ਕਮੇਟੀ ਦੀ ਪਹਿਲਕਦਮੀ ਉੱਤੇ ਜ਼ਿਲ੍ਹੇ ਦੀਆਂ ਸਮੂਹ ਜੱਥੇਬੰਦੀਆਂ ਦਾ ਜੇ.ਐੱਨ.ਯੂ. ਸਬੰਧੀ ਸਾਂਝਾ ਜਮਹੂਰੀ ਘੋਲ,ਲੱਚਰ ਅਤੇ ਅਸ਼ਲੀਲ ਗਾਇਕੀ ਵਿਰੁੱਧ ਅਹਿਮ ਸਰਗਰਮੀਆਂ ਤੋਂ ਇਲਾਵਾ ਦਰਜਨਾਂ ਕਾਰਜਾਂ ਦੀਆਂ ਦੀਆਂ ਪ੍ਰਾਪਤੀਆਂ ਘਾਟਾਂ ਅਤੇ ਸਬਕਾਂ’ਤੇ ਚਾਨਣਾ ਪਾਇਆ। ਰੀਵਿਊ ਰੀਪੋਰਟ ਨੂੰ ਮੈਂਬਰਾਂ ਵੱਲੋਂ ਛੋਟੀਆਂ ਮੋਟੀਆਂ ਸੋਧਾਂ ਸਮੇਤ ਸਰਬਸੰਮਤੀ ਨਾਲ ਜਨਰਲ ਬਾਡੀ ਵੱਲੋਂ ਪਾਸ ਕੀਤਾ ਗਿਆ। ਇਸਤੋਂ ਬਾਅਦ ਕਮੇਟੀ ਦੇ ‘ਉਦੇਸ਼ ਤੇ ਵਿਧਾਨ’ ਜਨਰਲ ਇਜ਼ਲਾਸ ਵੱਲੋਂ ਸਰਵਸੰਮਤੀ ਨਾਲ ਪਾਸ ਕੀਤੇ ਗਏ। ਕੌਮਾਗਾਟਾਮਾਰੂ ਕਮੇਟੀ ਦੇ ਆਗੂਆਂ, ਸਾਥੀ ਰਣਜੀਤ ਸਿੰਘ, ਉਜਾਗਰ ਸਿੰਘ ਬੱਦੋਵਾਲ, ਕਾ.ਗੁਰਨਾਮ ਸਿੰਘ ਸਿੱਧੂ ਅਤੇ ਸਾਥੀ ਲਖਵਿੰਦਰ ਬੁਆਣੀ, ਮਾਸਟਰ ਜਸਦੇਵ ਸਿੰਘ ਲਲਤੋਂ, ਹਰਨੇਕ ਗੁੱਜਰਵਾਲ, ਸ਼ਿੰਦਰ ਸਿੰਘ ਜਵੱਦੀ, ਕਮਲਜੀਤ ਸਾਹਾਬਾਣਾ, ਦੇਵ ਸਰਾਭਾ, ਰਮਨਜੀਤ ਸਿੰਘ ਸੰਧੂ, ਡਾ.ਅਰੁਣ ਮਿਤਰਾ, ਕਾ.ਤਰਸੇਮ ਜੋਧਾਂ, ਜਸਵੀਰ ਅਕਾਲਗੜ੍ਹ ਆਦਿ ਨੇ ਸੰਬੋਧਨ ਕਰਦਿਆਂ ਗਦਰੀ ਬਾਬਿਆਂ ਦੇ ਅਧੂਰੇ ਸੁਪਨਿਆਂ ਤੇ ਕਾਰਜਾਂ , ਵਰਤਮਾਨ ਹਾਲਾਤਾਂ ਅਤੇ ਕੇਟੀ ਵੱਲੋਂ ਕੀਤੇ ਜਾਣ ਵਾਲੇ ਕਾਰਜ਼ਾਂ’ਤੇ ਬੇਹਤਰੀਨ ਵਿਚਾਰ ਪੇਸ਼ ਕੀਤੇ।“ਭਵਿੱਖ ਦੀ ਯੋਜਨਬੰਦੀ” ਦੇ ਏਜੰਡੇ ਲਈ ਇੱਕ ਘੰਟੇ ਤੱਕ ਆਮ ਮੈਂਬਰਸ਼ਿਪ ਵਿੱਚੋਂ ਦਰਜਨ’ਤੋਂ ੳੁੱਪਰ ਸਾਥੀਆਂ ਨੇ ਵਿਚਾਰ ਪੇਸ਼ ਕੀਤੇ। ਜਿੰਨਾਂ ਦੀ ਰੌਸ਼ਨੀ ਵਿੱਚ ਕਮੇਟੀ ਭਵਿੱਖ ਦੇ ਪ੍ਰੋਗਰਾਮ ਉਲੀਕੇਗੀ। ਸਮਾਗਮ ਦੇ ਸਿਖਰ’ਤੇ ਅਹਿਮ ਮਤੇ- ਦੇਸ਼ ਭਰ ਵਿੱਚ ਖਾਣ ਪੀਣ ਤੇ ਅਖੌਤੀ ਗਊ ਰੱਖਿਆਂ ਦੇ ਨਾਮ ਹੇਠ ਦਲਿਤ ਵਰਗ’ਤੇ ਫਿਰਕੂ ਫਾਸ਼ੀ ਜ਼ਬਰ; ਜਲ ਜੰਗਲ ਜ਼ਮੀਨ ਖਾਣਾਂ ਤੇ ਜ਼ਿੰਦਗੀ ਦੀ ਰਾਖੀ ਲਈ ਜੁਝ ਰਹੇ ਆਦੀਵਾਸੀਆਂ’ਤੇ ਹਕੂਮਤੀ ਜ਼ੁਲਮ ਅਤੇ ਕਸ਼ਮੀਰੀ ਲੋਕਾਂ ਦਾ ਵਹਿਸ਼ੀ ਕਤਲੇਆਮ ਅਤੇ ਰੋਜ਼-ਰੋਜ਼ ਦੇ ਕਰਫਿਊ ਤੁਰੰਤ ਬੰਦ ਕਰਨ। ਮੁਲਕ ਵਿੱਚ ਵਿਚਾਰਾਂ ਦੀ ਅਜ਼ਾਦੀ’ਤੇ ਫਾਸ਼ੀ/ਸਰਕਾਰੀ ਹਮਲੇ ਬੰਦ ਕਰਨ। ਕੈਨੇਡਾ ਸਰਕਾਰ ਵੱਲੋਂ ਕੌਮਾਗਾਟਾਮਾਰੂ ਸਾਕੇ ਦੀ ਮੁਆਫੀ ਤੋਂ ਬਾਅਦ ਵੈਨਕੂਵਰ ਬੰਦਰਗਾਹ ਲਾਗੇ ਯਾਦਗਾਰੀ ਸਥਾਨ’ਤੇ ਹੋਰਨਾ ਤੋਂ ਇਲਾਵਾ ਪੰਜਾਬੀ ਭਾਸ਼ਾ ਵਿੱਚ ਯਾਦਗਾਰੀ ਪੱਟੀ ਕਾਇਮ ਕਰਨ ਦੀ ਸ਼ਲਾਘਾ ਕੀਤੀ ਗਈ ਅਤੇ ਕੈਨੇਡਾ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਉਹ ਅਫਗਾਨਿਸਤਾਨ, ਇਰਾਕ, ਸੀਰੀਆ, ਲੀਬੀਆ’ਚੋਂ ਅਪਣੀਆਂ ਫੌਜਾਂ ਵਾਪਸ ਬੁਲਾਵੇ। ਇਸਤੋਂ ਬਾਅਦ ਇਜਲਾਸ ਵੱਲੋਂ 11 ਮੈਂਬਰੀ ਕਾਰਜਕਾਰੀ ਕਮੇਟੀ ਚੁਣੀ ਗਈ। ਅੰਤ ਵਿੱਚ ਕਾ.ਗੁਰਨਾਮ ਸਿੰਘ ਸਿੱਧੂ ਨੇ ਸੱਭ ਦਾ ਧੰਨਵਾਦ ਕਰਦਿਆਂ ਕੌਮਾਗਾਟਾਮਾਰੂ ਦੇ ਮਿਸ਼ਨ ਨੂੰ ਅੱਗੇ ਤੋਰਨ ਦਾ ਸੰਗਰਾਮੀ ਸੱਦਾ ਦਿੱਤਾ।  ਲਾਲ ਝੰਡੇ ਦੇ ਇਨਕਲਾਬੀ ਜੋਸ਼ ਦੇ ਨਾਲ ਨਾਲ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕਿ ਫਤਿਹ ਦੇ ਜੈਕਾਰੇ ਨੇ ਇੱਕ ਨਵਾਂ ਜੋਸ਼ ਵੀ ਭਰਿਆ ਅਤੇ ਨਵਾਂ ਇਸ਼ਾਰਾ ਵੀ ਦਿੱਤਾ। 
ਬੁਲਾਰਿਆਂ ਨੇ ਨੌਜਵਾਨ ਵਰਗ ਨੂੰ ਅੱਗੇ ਲਿਆਉਣ ਅਤੇ ਗਦਰੀ ਬਾਬੀਅਬ ਦੀ ਜਾਣਕਾਰੀ ਹਰ ਘਰ-ਹਰ ਦਿਲ ਤੱਕ ਪਹੁੰਚਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਇਸ ਮਕਸਦ ਲਾਇ ਸਕੂਲਾਂ-ਕਾਲਜਾਂ ਦੀਆਂ ਫੇਰੀਆਂ ਅਤੇ ਮੋਬਾਈਲ ਦੇ ਨਾਲ ਨਾਲ ਇੰਟਰਨੈਟ ਤਕਨੋਲੋਜੀ ਨੂੰ ਵੀ ਵਰਤਣ 'ਤੇ ਜ਼ੋਰ ਦਿੱਤਾ।    

No comments: