Sunday, May 29, 2016

ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਰਕੀਰਤ ਸਿੰਘ ਵੱਲੋਂ ਖੁਦਕੁਸ਼ੀ

Updated Monday 30 May 2016 at 02:45 AM
ਲਾਇਸੈਂਸੀ ਰਿਵਾਲਵਰ ਨਾਲ ਚਲਾਈ ਗੋਲੀ-ਪੋਸਟ ਮਾਰਟਮ ਸੋਮਵਾਰ ਨੂੰ 
ਚੰਡੀਗੜ੍ਹ: 29 ਮਈ 2016: (ਪੰਜਾਬ ਸਕਰੀਨ ਬਿਊਰੋ):
ਸਾਬਕਾ ਮੁਖ ਮੰਤਰੀ ਸਵਰਗੀ ਬੇਅੰਤ ਸਿੰਘ ਦੇ ਪੋਤੇ ਹਰਕੀਰਤ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।  ਇਹ ਸਾਰੀ ਘਟਨਾ ਚੰਡੀਗੜ੍ਹ ਦੇ ਸੈਕਟਰ ਪੰਜ ਵਿਚਲੀ ਕੋਠੀ ਵਿੱਚ ਐਤਵਾਰ 29 ਮਈ ਦੀ ਦੁਪਹਿਰ ਨੂੰ ਵਾਪਰੀ। ਉਹਨਾਂ ਨੂੰ ਤੁਰੰਤ ਪੀਜੀਆਈ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਸੂਤਰਾਂ ਨੇ ਮੀਡੀਆ ਨੂੰ ਦਸਿਆ ਕਿ ਹਰਕੀਰਤ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰੀ। ਕਲ੍ਹ ਸੋਮਵਾਰ ਨੂੰ ਪੋਸਟ ਮਾਰਟਮ ਹੋਏਗਾ। ਕਲ੍ਹ ਬਾਅਦ ਦੁਪਹਿਰ ਤਿੰਨ ਵਜੇ ਕੋਟਲੀ ਪਿੰਡ ਵਿੱਚ ਹੋਵੇਗਾ। ਖੁਦਕੁਸ਼ੀ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਹਰਕੀਰਤ ਕੋਟਲੀ ਪਿੰਡ ਦਾ ਸਰਪੰਚ ਵੀ ਰਹਿ ਚੁੱਕਾ ਹੈ। ਲੁਧਿਆਣਾ ਤੋਂ ਐੱਮ ਪੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਚਚੇਰੇ ਭਰਾ ਹਰਕੀਰਤ ਦੀ ਇਸ ਭੇਦਭਰੀ ਮੌਤ ਬਾਰੇ ਮੀਡੀਆ ਨੂੰ ਦੱਸਿਆ ਕਿ ਹਰਕੀਰਤ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਅਤੇ ਉਸ ਦਾ 1994 ਤੋਂ ਇਲਾਜ ਚੱਲ ਰਿਹਾ ਸੀ। ਹਰਕੀਰਤ ਦੀ ਉਮਰ 41 ਸਾਲਾਂ ਦੀ ਸੀ। ਬਿੱਟੂ ਅਨੁਸਾਰ ਅੱਜ ਸਵੇਰੇ ਹਰਕੀਰਤ ਨੇ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਆਪਣੀ ਜਾਨ ਦੇ ਦਿੱਤੀ। ਚੰਡੀਗੜ੍ਹ ਪੁਲਸ ਵੱਲੋਂ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।  ਮੁਢਲੀਆਂ ਰਿਪੋਰਟਾਂ ਮੁਤਾਬਿਕ ਅਨੁਸਾਰ ਹਰਕੀਰਤ ਸਿੰਘ ਆਮ ਵਾਂਗ ਸਵੇਰੇ ਸੁਖਨਾ ਝੀਲ ’ਤੇ ਸੈਰ ਕਰਨ ਗਿਆ ਸੀ। ਉਸ ਦਾ ਸੁਰੱਖਿਆ ਗਾਰਡ ਵੀ ਨਾਲ ਸੀ। ਸੈਰ ਬਾਅਦ ਉਹ ਘਰ ਪੁੱਜਾ ਅਤੇ ਜਿੰਮ ਜਾਣ ਦੀ ਤਿਆਰੀ ਕਰ ਰਿਹਾ ਸੀ। ਉਸ ਵੇਲੇ ਹਰਕੀਰਤ ਦੇ ਪਿਤਾ ਤੇਜਪ੍ਰਕਾਸ਼ ਸਿੰਘ ਤੇ ਮਾਤਾ ਦਵਿੰਦਰ ਕੌਰ ਘਰ ਨਹੀਂ ਸਨ। ਗੁਰਕੀਰਤ ਸਿੰਘ ਅਤੇ ਰਵਨੀਤ ਬਿੱਟੂ ਵੀ ਸ਼ਹਿਰ ਤੋਂ ਬਾਹਰ ਸਨ। ਘਰ ਵਿੱਚ ਉਸ ਦੀ ਪਤਨੀ ਤੇ ਗੁਰਕੀਰਤ ਸਿੰਘ ਦਾ ਪਰਿਵਾਰ ਹੀ ਸੀ। ਇਸੇ ਦੌਰਾਨ ਹਰਕੀਰਤ ਦੇ ਬੈੱਡਰੂਮ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਆਈ। ਇੱਕ ਦਮ ਸਨਸਨੀ ਫੈਲ ਗਈ ਕਿਓਂਕਿ ਇਹ ਪਰਿਵਾਰ ਕਾਫੀ ਸਮੇਂ ਤੋਂ ਮਿਲੀਟੈਂਟਾਂ ਦੀ ਹਿੱਤ ਲਿਸਟ ਤੇ ਵੀ ਹੈ। ਜਦੋਂ ਹਰਕੀਰਤ ਦੀ ਪਤਨੀ ਅਤੇ ਸੁਰੱਖਿਆ ਗਾਰਡ ਨੇ ਅੰਦਰ ਜਾ ਕੇ ਦੇਖਿਆ ਤਾਂ ਹਰਕੀਰਤ ਦਾ ਮੂੰਹ-ਸਿਰ ਖੂਨ ਨਾਲ ਲਥਪਥ ਹੋਇਆ ਪਿਆ ਸੀ। ਉਸ ਦੇ ਸਿਰ ਵਿੱਚ ਗੋਲੀ ਲੱਗੀ ਸੀ। ਇਹ ਘਟਨਾ ਸਵੇਰੇ ਸਾਢੇ 10 ਵਜੇ ਦੇ ਕਰੀਬ ਵਾਪਰੀ। ਉਸ ਦੀ ਪਤਨੀ ਨੇ ਸੁਰੱਖਿਆ ਗਾਰਡਾਂ ਦੀ ਮਦਦ ਨਾਲ ਹਰਕੀਰਤ ਨੂੰ ਪੀਜੀਆਈ ਪਹੁੰਚਾਇਆ, ਜਿਥੇ ਤਿੰਨ ਘੰਟੇ ਬਾਅਦ ਉਹ ਦਮ ਤੋੜ ਗਿਆ। ਹਰਕੀਰਤ ਸਿੰਘ ਦੇ ਕੋਈ ਔਲਾਦ ਨਹੀਂ ਹੈ। ਪਿਛਲੇ ਸਮੇਂ ਮੁਹਾਲੀ ’ਚ ਹੋਏ ਸੜਕ ਹਾਦਸੇ ਵਿੱਚ ਹਰਕੀਰਤ ਦੇ ਸਿਰ ’ਚ ਸੱਟ ਵੀ ਲੱਗੀ ਸੀ।
ਘਟਨਾ ਤੋਂ ਤੁਰੰਤ ਬਾਅਦ ਪੁਲੀਸ ਟੀਮ ਅਤੇ ਫੋਰੈਂਸਿਕ ਮਾਹਿਰਾਂ ਨੇ ਬੈੱਡਰੂਮ ’ਚੋਂ ਲਾਇਸੈਂਸੀ ਪਿਸਤੌਲ ਤੇ ਗੋਲੀ ਦਾ ਖੋਲ ਬਰਾਮਦ ਕੀਤਾ ਅਤੇ ਕੁੱਝ ਹੋਰ ਨਮੂਨੇ ਵੀ ਹਾਸਲ ਕੀਤੇ। ਸੈਕਟਰ 3 ਥਾਣੇ ਦੇ ਐਸਐਚਓ ਨੀਰਜ ਸਰਨਾ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਹੈ ਕਿ ਹਰਕੀਰਤ ਆਪਣਾ ਲਾਇਸੈਂਸੀ 30 ਐਮਐਮ ਪਿਸਤੌਲ ਸਾਫ਼ ਕਰ ਰਿਹਾ ਸੀ ਤਾਂ ਅਚਨਚੇਤ ਗੋਲੀ ਚੱਲ ਗਈ, ਜੋ ਉਸ ਦੇ ਸਿਰ ਵਿੱਚ ਵੱਜੀ। ਪਰਿਵਾਰ ਮੁਤਾਬਕ ਉਹ ਪਿਛਲੇ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਦੁਪਹਿਰੇ ਇਸ ਘਟਨਾ ਦੀ ਖਬਰ ਦੇ ਨਾਲ ਹੀ ਸਾਰੇ ਪਾਸੇ ਸਨਸਨੀ ਫੈਲ ਗਈ। ਬਹੁਤ ਸਾਰੇ ਲੋਕਾਂ ਨੇ ਇਸਨੂੰ ਅਫਵਾਹ ਸਮਝਿਆ ਪਰ ਗੱਲ ਸਚ ਨਿਕਲੀ। ਪਾਇਲ, ਖੰਨਾ, ਦੋਰਾਹਾ  ਅਤੇ ਹੋਰ ਹਲਕਿਆਂ ਵਿੱਚ ਵੀ ਕਾਫੀ ਸੋਗ ਹੈ। ਹੁਣ ਦੇਖਣਾ ਹੈ ਕਿ ਜਾਂਚ ਦੌਰਾਨ ਮੌਤ ਦਾ ਕਾਰਨ ਕੀ ਨਿਕਲਦਾ ਹੈ ਜਾਂ ਉਸਨੂੰ ਅਜਿਹੀ ਕਿਹੜੀ ਪਰੇਸ਼ਾਨੀ ਸੀ ਜਿਸ ਨੇ ਉਸਦੀ ਜਾਨ ਲੈ ਲਈ। 

No comments: