Friday, February 12, 2016

JNU ਸਟੂਡੈਂਟ ਯੂਨੀਅਨ ਦਾ ਪ੍ਰਧਾਨ ਕਨਹੀਆ ਕੁਮਾਰ ਗਿ੍ਫਤਾਰ

ਖੱਬੇ ਪੱਖੀ ਆਗੂ ਡੀ ਰਾਜਾ ਵੱਲੋਂ ਗ੍ਰਿਫਤਾਰੀ ਦੀ ਸਖਤ ਨਿਖੇਧੀ
ਨਵੀਂ ਦਿੱਲੀ: 12 ਫਰਵਰੀ 2016:ਜਵਾਹਰ  (ਪੰਜਾਬ ਸਕਰੀਨ ਬਿਊਰੋ):
ਦੇਸ਼ ਅਤੇ ਤਿਰੰਗੇ ਦੇ ਖਿਲਾਫ਼ ਸਰਗਰਮੀਆਂ ਦਾ ਸਰਕਾਰ ਨੇ ਦੇਰ ਨਾਲ ਪਰ ਗੰਭੀਰ ਨੋਟਿਸ ਲਿਆ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) ਵਿਚ ਦੇਸ਼ ਵਿਰੋਧੀ ਨਾਅਰੇਬਾਜ਼ੀ ਅਤੇ ਸੰਸਦ ਹਮਲੇ ਦੇ ਦੋਸ਼ੀ ਅਫਜਲ ਗੁਰੂ ਦੀ ਬਰਸੀ ਮਨਾਏ ਜਾਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਹਨਾਂ ਸਰਗਰਮੀਆਂ ਦੇ ਤਿੱਖੇ ਵਿਰੋਧ ਦੀਆਂ ਖਬਰਾਂ ਮੀਡੀਆ ਵਿੱਚ ਆਉਣ ਤੋਂ ਬਾਅਦ  ਜੇ ਐਨ ਯੂ. ਸਟੂਡੈਂਟ ਯੂਨੀਅਨ ਦੇ ਪ੍ਰਧਾਨ ਕਨਹੀਆ ਕੁਮਾਰ ਨੂੰ ਦੇਸ਼ ਧ੍ਰੋਹ ਅਤੇ ਅਪਰਾਧਿਕ ਸਾਜਿਸ਼ ਦੇ ਦੋਸ਼ 'ਚ ਗਿ੍ਫਤਾਰ ਕੀਤਾ ਗਿਆ ਹੈ। ਉਸ ਨੂੰ ਬਾਅਦ 'ਚ ਦਿੱਲੀ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ  ਜਿੱਥੇ ਅਦਾਲਤ ਨੇ ਉਸ ਨੂੰ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਦੱਸਿਆ ਜਾਂਦਾ ਹੈ ਜੇਐਨਯੂ 'ਚ ਕਰਵਾਏ ਪ੍ਰੋਗਰਾਮ 'ਚ ਕਥਿਤ ਤੌਰ 'ਤੇ ਦੇਸ਼ ਖਿਲਾਫ ਤੇ ਅੱਤਵਾਦੀਆਂ ਦੇ ਸਮਰਥਨ 'ਚ ਨਾਅਰੇਬਾਜ਼ੀ ਕੀਤੀ ਗਈ ਸੀ। ਦਿੱਲੀ ਤੋਂ ਭਾਜਪਾ ਸਾਂਸਦ ਮਹੇਸ਼ ਗਿਰੀ ਅਤੇ ਏ.ਬੀ.ਵੀ.ਪੀ. ਦੀ ਸ਼ਿਕਾਇਤ 'ਤੇ ਵਸੰਤ ਕੁੰਜ ਥਾਣੇ ਵਿਚ ਧਾਰਾ 124-ਏ ਅਤੇ 120 ਬੀ ਤਹਿਤ ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਪ੍ਰੈਸ ਕਲੱਬ 'ਚ ਹੋਏ ਇਕ ਪ੍ਰੋਗਰਾਮ ਨੂੰ ਲੈ ਕੇ ਵੀ ਦਿੱਲੀ ਪੁਲਿਸ ਨੇ ਐਫ.ਆਈ.ਆਰ. ਦਰਜ ਕੀਤੀ ਹੈ, ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੋਗਰਾਮ ਵੀ ਅਫਜਲ ਗੁਰੂ ਦੇ ਸਮਰਥਨ 'ਚ ਕੀਤਾ ਗਿਆ ਸੀ ਤੇੇ ਇਸ ਸਮਾਰੋਹ ਦੇ ਪ੍ਰਬੰਧਕ ਜਾਵੇਦ ਅਲੀ ਨੂੰ ਦਿੱਲੀ ਪੁਲਿਸ ਨੇ ਸੰਸਦ ਮਾਰਗ ਸਥਿਤ ਪੁਲਿਸ ਸਟੇਸ਼ਨ 'ਚ ਪੁੱਛਗਿੱਛ ਲਈ ਸੱਦਿਆ। ਸੋਸ਼ਲ ਮੀਡੀਆ 'ਤੇ ਇਹਨਾਂ ਸਰਗਰਮੀਆਂ ਦਾ ਤਿੱਖਾ ਵਿਰੋਧ ਦੇਖਣ ਵਿੱਚ ਆਇਆ।
ਸੀਪੀਆਈ ਵੱਲੋਂ ਗ੍ਰਿਫਤਾਰੀ ਦੀ ਤਿੱਖੀ ਆਲੋਚਨਾ 
ਸੀ ਪੀ ਆਈ ਦੀ ਕੇਂਦਰੀ ਸਕੱਤਰੇਤ ਨੇ ਦਿੱਲੀ ਪੁਲਸ ਵੱਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਛਾਪਾ ਮਾਰ ਕੇ ਜੇ ਐੱਨ ਯੂ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨੱਈਆ ਲਾਲ ਦੀ ਗ੍ਰਿਫਤਾਰੀ ਦੀ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਕਿ ਕਨੱਈਆ ਦਾ ਸੰਬੰਧ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨਾਲ ਹੈ, ਜਿਸ ਦਾ ਦੇਸ਼ 'ਚ ਸ਼ਾਨਦਾਰ ਇਤਿਹਾਸ ਹੈ। ਪਾਰਟੀ ਨੇ ਕਿਹਾ ਕਿ ਦਿੱਲੀ ਪੁਲਸ ਨੂੰ ਪਹਿਲਾਂ ਇਸ ਗੱਲ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਯੂਨੀਵਰਸਿਟੀ 'ਚ ਦੇਸ਼ ਵਿਰੋਧੀ ਨਾਅਰੇਬਾਜ਼ੀ ਕਰਨ ਵਾਲੇ ਕੌਣ ਸਨ ਅਤੇ ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ। ਪਾਰਟੀ ਨੇ ਵਿਦਿਆਰਥੀ ਆਗੂ ਅਤੇ ਹੋਰਨਾਂ ਆਗੂਆਂ ਦੀ ਤੁਰੰਤ ਰਿਹਾਈ ਅਤੇ ਯੂਨੀਵਰਸਿਟੀ ਕੈਂਪਸ 'ਚੋਂ ਪੁਲਸ ਹਟਾਉਣ ਦੀ ਮੰਗ ਕੀਤੀ।
ਅੱਤਵਾਦੀ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਦੇ ਵਿਰੋਧ 'ਚ ਜੇ ਐੱਨ ਯੂ 'ਚ ਆਯੋਜਿਤ ਪ੍ਰੋਗਰਾਮ ਮਗਰੋਂ ਉਠਿਆ ਵਿਵਾਦ ਹੋਰ ਵਧ ਗਿਆ ਹੈ। ਦਿੱਲੀ ਪੁਲਸ ਨੇ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੂੰ ਦੇਸ਼ ਵਿਰੋਧੀ ਨਾਅਰੇ ਲਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਲੀ ਜਾਵੇਦ ਨੂੰ ਵੀ ਪੁਛਗਿੱਛ ਲਈ ਤਲਬ ਕੀਤਾ ਗਿਆ ਹੈ।
ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨੱਈਆ ਕੁਮਾਰ ਦਾ ਅਦਾਲਤ ਨੇ ਤਿੰਨ ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ 
ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨੱਈਆ ਕੁਮਾਰ ਦਾ ਅਦਾਲਤ ਨੇ ਤਿੰਨ ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ। ਅਦਾਲਤ 'ਚ ਪੇਸ਼ੀ ਮੌਕੇ ਉਨ੍ਹਾ ਕਿਹਾ ਕਿ ਏ ਬੀ ਵੀ ਪੀ ਚੋਣਾਂ 'ਚ ਹਾਰ ਕਾਰਨ ਉਹਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾ ਕਿਹਾ ਕਿ ਨਾਅਰੇਬਾਜ਼ੀ ਕਰਨ ਵਾਲਿਆਂ ਦਾ ਸਟੂਡੈਂਟਸ ਯੂਨੀਅਨ ਨਾਲ ਕੋਈ ਸੰਬੰਧ ਨਹੀਂ। ਉਨ੍ਹਾ ਕਿਹਾ ਕਿ ਜਦੋਂ ਨਾਅਰੇਬਾਜ਼ੀ ਕਰ ਰਹੇ ਵਿਦਿਆਰਥੀਆਂ ਅਤੇ ਏ ਬੀ ਵੀ ਪੀ ਵਾਲਿਆਂ ਵਿਚਕਾਰ ਝੜਪ ਹੋਈ, ਉਹ ਉਸ ਵੇਲੇ ਮੌਕੇ 'ਤੇ ਪਹੁੰਚੇ ਸਨ।
ਪੁਲਸ ਨੇ ਅੱਜ ਕਨੱਈਆ ਕੁਮਾਰ ਨੂੰ ਅਦਾਲਤ 'ਚ ਪੇਸ਼ ਕੀਤਾ ਅਤੇ ਉਹਨਾਂ ਦੇ 5 ਦਿਨ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ। ਕਨ੍ਹੱਈਆ ਕੁਮਾਰ ਨੇ ਕਿਹਾ ਕਿ ਉਹਨਾਂ ਦਾ ਪ੍ਰੋਗਰਾਮ ਨਾਲ ਕੋਈ ਸੰਬੰਧ ਨਹੀਂ ਅਤੇ ਉਹ ਪ੍ਰੋਗਰਾਮ ਦੇ ਆਯੋਜਕ ਨਹੀਂ ਸਨ।
ਉਧਰ ਪੁਲਸ ਨੇ ਪ੍ਰੋਫੈਸਰ ਅਲੀ ਜਾਵੇਦ ਨੂੰ ਵੀ ਪੁਛਗਿੱਛ ਲਈ ਤਲਬ ਕੀਤਾ ਹੈ। ਉਹ ਪ੍ਰੈੱਸ ਕਲੱਬ 'ਚ ਆਯੋਜਿਤ ਪ੍ਰੋਗਰਾਮ 'ਚ ਮੌਜੂਦ ਸਨ ਜਿੱਥੇ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ ਸੀ। ਪ੍ਰੈੱਸ ਕਲੱਬ ਨੇ ਵੀ ਜਾਵੇਦ ਅਲੀ ਦੀ ਮੈਂਬਰੀ ਖਾਰਜ ਕਰ ਦਿੱਤੀ ਹੈ।
ਭਾਰਤ ਵਿਰੋਧੀ ਨਾਅਰੇਬਾਜ਼ੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਹੁਕਮ 
ਅਜਿਹੀਆਂ ਸਰਗਰਮੀਆਂ ਦੀ ਰੋਕਥਾਮ ਲਈ ਸਖਤ ਹੋਈ ਸਰਕਾਰ ਦੇ ਰੁੱਖ ਦੇ ਅਹਿਸਾਸ ਕਰਾਉਂਦਿਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਵਿਚ ਰਹਿ ਕੇ ਰਾਸ਼ਟਰਵਿਰੋਧੀ ਨਾਅਰੇ ਲਗਾਉਣ ਵਾਲਿਆਂ ਨੂੰ ਕਿਸੇ ਵੀ ਸੂਰਤ 'ਚ ਮੁਆਫ ਨਹੀਂ ਕੀਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਭਾਰਤੀ ਵਿਰੋਧੀ ਨਾਅਰੇ ਲਾਉਂਦਾ ਹੈ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ 'ਤੇ ਸਵਾਲ ਖੜੇ ਕਰਦਾ ਹੈ ਤਾਂ ਅਜਿਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।  ਉਨ੍ਹਾਂ ਕਿਹਾ ਕਿ ਜੇ ਐਨ ਯੂ ਵਿਚ ਜੋ ਕੁੱਝ ਵੀ ਹੋਇਆ ਉਸ ਬਾਰੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਜ਼ਰੂਰੀ ਹਦਾਇਤ ਦੇ ਦਿੱਤੀ ਗਈ ਹੈ। ਖੱਬੇ ਪੱਖੀ ਆਗੂ ਡੀ. ਰਾਜਾ ਨੇ ਕੱਨਹੀਆ ਦੀ ਗਿ੍ਫਤਾਰੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਏ.ਬੀ.ਵੀ.ਪੀ., ਹੁਣ ਏ.ਆਈ.ਐਸ.ਐਫ. ਨੂੰ ਰਾਸ਼ਟਰਵਾਦ ਨਾ ਸਮਝਾਏ, ਉਨ੍ਹਾਂ ਕਿਹਾ ਕਿ ਏ ਆਈ ਐਸ ਐਫ ਦੇ ਆਗੂਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।  ਇਸ ਮਾਮਲੇ ਸਬੰਧੀ ਏ.ਬੀ.ਵੀ.ਪੀ. ਨੇ ਪ੍ਰਦਰਸ਼ਨ ਤੇਜ਼ ਕਰ ਦਿੱਤਾ ਤੇ ਰੈਲੀ ਕੱਢ ਕੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ।  ਏ ਬੀ ਵੀ ਪੀ ਵਲੋਂ ਇੰਡੀਆ ਗੇਟ 'ਤੇ ਰੋਸ ਮਾਰਚ ਕੱਢਿਆ ਗਿਆ। ਪੁਲਿਸ ਨੇ ਉਨ੍ਹਾਂ 'ਚੋਂ 90 ਨੂੰ ਹਿਰਾਸਤ 'ਚ ਲੈ ਲਿਆ ਹੈ।ਇਸ ਵਿਵਾਦ ਦੇ ਹੋਣ ਵਧਣ ਦੇ ਆਸਾਰ ਹਨ। 
ਯੂਨੀਵਰਸਿਟੀ ਨੇ 8 ਵਿਦਿਆਰਥੀਆਂ ਨੂੰ ਵਿਦਿਅਕ ਗਤੀਵਿਧੀਆਂ 'ਚ ਹਿੱਸਾ ਲੈਣ ਤੋਂ ਰੋਕਿਆ
ਇਸੇ ਦੌਰਾਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਬੀਤੇ ਦਿਨੀਂ ਇੱਕ ਸਮਾਗਮ ਵਿੱਚ ਅਫਜ਼ਲ ਗੁਰੂ ਨੂੰ ਸ਼ਹੀਦ ਕਹੇ ਜਾਣ ਦੇ ਮਾਮਲੇ ਵਿਚ ਯੂਨੀਵਰਸਿਟੀ ਪ੍ਰਸਾਸ਼ਨ ਨੇ 8 ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀਆਂ ਵਿਦਿਅਕ ਗਤੀਵਿਧੀਆਂ 'ਚ ਹਿੱਸਾ ਲੈਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਵਿਦਿਆਰਥੀਆਂ ਖਿਲਾਫ ਕਾਰਵਾਈ ਅਨੁਸ਼ਾਸ਼ਨੀ ਕਮੇਟੀ ਦੀ ਆਰਜੀ ਰਿਪੋਰਟ ਦੇ ਅਧਾਰ ਤੌਰ 'ਤੇ ਕੀਤੀ ਗਈ ਹੈ | ਹਾਲਾਂਕਿ ਨਿਰਪੱਖ ਜਾਂਚ ਲਈ ਉਨ੍ਹਾਂ ਨੂੰ ਹੋਸਟਲ ਵਿਚ ਰਹਿਣ ਦੀ ਇਜ਼ਾਜਤ ਦਿੱਤੀ ਗਈ ਹੈ। ਯੂਨੀਵਰਸਿਟੀ ਵੱਲੋਂ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਨੁਸ਼ਾਸ਼ਨੀ ਕਮੇਟੀ ਦੀ ਆਰਜੀ ਰਿਪੋਰਟ ਦੇ ਅਧਾਰ 'ਤੇ ਕਾਰਵਾਈ ਕੀਤੀ ਗਈ ਹੈ ਅਤੇ ਅੰਤਿਮ ਰਿਪੋਰਟ 2 ਹਫਤਿਆ ਵਿਚ ਆਵੇਗੀ। ਕਾਬਿਲ-ਏ-ਜ਼ਿਕਰ ਹੈ ਕਿ ਪੰਜਾਬ ਵਿੱਚ ਭਾਜਪਾ ਆਗੂ ਲਕਸ਼ਮੀ ਕਾਂਤਾ ਚਾਵਲਾ ਅਤੇ ਕਈ ਹੋਰਨਾਂ ਨੇ ਵੀ ਇਸ ਮੁੱਦੇ ਨੂੰ ਲੈ ਕੇ ਆਵਾਜ਼ ਉਠਾਈ ਸੀ। ਸੋਸ਼ਲ ਮੀਡੀਆ ਤੇ ਇਸ ਮੁੱਦੇ ਨੂੰ ਲੈ ਕਾਫੀ ਕੁਝ ਪੋਸਟ ਕੀਤਾ ਗਿਆ ਸੀ। 
ABVP  ਵੱਲੋਂ ਦੇਸ਼ ਭਰ ਵਿੱਚ ਅੰਦੋਲਨ ਦਾ ਐਲਾਨ 
ਆਲ ਇੰਡੀਆ ਵਿਦਿਆਰਥੀ ਪ੍ਰੀਸ਼ਦ (ਏ ਬੀ ਵੀ ਪੀ) ਨੇ ਘਟਨਾ ਦੇ ਵਿਰੋਧ 'ਚ ਦੇਸ਼ ਵਾਪੀ ਅੰਦੋਲਨ ਦਾ ਐਲਾਨ ਕੀਤਾ ਹੈ।
ਜਥੇਬੰਦੀ ਨੇ ਕਿਹਾ ਕਿ ਯੂਨੀਵਰਸਿਟੀ 'ਚ ਵਾਪਰੀ ਘਟਨਾ ਦੇਸ਼ ਦਾ ਅਪਮਾਨ ਹੈ ਅਤੇ ਅਜਿਹੇ ਕੰਮਾਂ ਰਾਹੀਂ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੀਸ਼ਦ ਨੇ ਘਟਨਾ 'ਚ ਸ਼ਾਮਲ ਲੋਕਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਸਟੂਡੈਂਟਸ ਯੂਨੀਅਨ ਵੱਲੋਂ ABVP ਦੀ ਆਲੋਚਨਾ 
ਦੂਜੇ ਪਾਸੇ ਜੇ ਐੱਨ ਯੂ ਸਟੂਡੈਂਟਸ ਯੂਨੀਅਨ ਨੇ ਖੁਦ ਨੂੰ ਸਾਰੇ ਵਿਵਾਦ ਤੋਂ ਵੱਖ ਕਰਦਿਆਂ ਕਿਹਾ ਕਿ ਏ ਬੀ ਵੀ ਪੀ ਯੂਨੀਵਰਸਿਟੀ 'ਚ ਲੋਕਤੰਤਰੀ ਪ੍ਰੰਪਰਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਜਵਾਹਰ ਲਾਲ ਨਹਿਰੂ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੇ ਕਿਹਾ ਕਿ ਅਸੀਂ ਖੁਦ ਨੂੰ ਵਿਵਾਦ ਤੋਂ ਵੱਖ ਕਰਦੇ ਹਾਂ ਤੇ ਇਸ ਤਰ੍ਹਾਂ ਇਸ ਮੁੱਦੇ 'ਤੇ ਹੰਗਾਮਾ ਖੜਾ ਕੀਤਾ ਗਿਆ ਹੈ, ਉਸ ਤੋਂ ਹੈਰਾਨ ਹਾਂ। ਉਨ੍ਹਾ ਕਿਹਾ ਕਿ ਅਸੀਂ ਯੂਨੀਵਰਸਿਟੀ ਕੈਂਪਸ 'ਚ ਲਾਏ ਗਏ ਦੇਸ਼ ਵਿਰੋਧੀ ਨਾਅਰਿਆਂ ਦੀ ਨਿਖੇਧੀ ਕਰਦੇ ਹਾਂ, ਪਰ ਇਹ ਯੂਨੀਵਰਸਿਟੀ ਦਾ ਅਕਸ ਖਰਾਬ ਕਰਨ ਅਤੇ ਯੂਨੀਵਰਸਿਟੀ ਦੀ ਲੋਕਤੰਤਰੀ ਪ੍ਰੰਪਰਾ ਨੂੰ ਰੋਕਣ ਦੀ ਏ ਬੀ ਵੀ ਪੀ ਦੀ ਸਾਜ਼ਿਸ਼ ਹੈ।
ਜ਼ਿਕਰਯੋਗ ਹੈ ਕਿ ਜੇ ਐੱਨ ਯੂ 'ਚ ਮੰਗਲਵਾਰ ਸ਼ਾਮ ਸੰਸਦ ਹਮਲੇ 'ਚ ਸ਼ਾਮਲ ਅੱਤਵਾਦੀ ਅਫਜ਼ਲ ਗੁਰੂ ਅਤੇ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਸੰਸਥਾਪਕ ਮੁਕਬੂਲ ਭੱਟ ਦੀ ਯਾਦ 'ਚ ਸੱਭਿਆਚਾਰਕ ਸ਼ਾਮ ਦਾ ਆਯੋਜਨ ਕੀਤਾ ਗਿਆ ਸੀ ਅਤੇ ਇਹ ਆਯੋਜਨ ਡੈਮੋਕਰੇਟਿਕ ਸਟੂਡੈਂਟਸ ਯੂਨੀਅਨ ਨਾਲ ਸੰਬੰਧ ਰੱਖਣ ਵਾਲੇ 10 ਵਿਦਿਆਰਥੀਆਂ ਨੇ ਕੀਤਾ ਸੀ। ਏ ਬੀ ਵੀ ਪੀ ਨੇ ਸਮਾਗਮ ਦਾ ਵਿਰੋਧ ਕਰਦਿਆਂ ਹੰਗਾਮਾ ਕੀਤਾ ਅਤੇ ਗੱਲ ਮਾਰਕੁੱਟ ਤੱਕ ਪੁੱਜ ਗਈ, ਜਿਸ 'ਤੇ ਹਾਲਾਤ 'ਤੇ ਕਾਬੂ ਪਾਉਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪੁਲਸ ਸੱਦਣੀ ਪਈ। ਹੁਣ ਦੇਖਣਾ ਹੈ ਕਿ ਮਾਮਲਾ ਕੀ ਰੁੱਖ ਅਖਤਿਆਰ ਕਰਦਾ ਹੈ?
  


No comments: