Friday, September 04, 2015

ਅਫਜਲ ਅਤੇ ਯਾਕੂਬ ਦੀ ਫਾਂਸੀ ਸਿਆਸਤ ਤੋਂ ਪ੍ਰੇਰਿਤ ਸੀ-ਜਸਟਿਸ ਏ ਪੀ ਸ਼ਾਹ

"ਸਰਕਾਰ ਦੇ ਐਕਸ਼ਨ ਜਲਦਬਾਜ਼ੀ ਅਤੇ ਕਾਹਲੀ ਵਾਲੇ ਸਨ" 
ਨਵੀਂ ਦਿੱਲੀ: 4 ਸਤੰਬਰ (ਪੰਜਾਬ ਸਕਰੀਨ ਬਿਊਰੋ): 
ਜਸਟਿਸ ਏ ਪੀ ਸ਼ਾਹ 
ਅਫਜਲ ਗੁਰੂ ਅਤੇ ਯਾਕੂਬ ਦੀ ਫਾਂਸੀ ਤੋਂ ਬਾਅਦ ਵੀ ਉਹਨਾਂ ਦੀ ਚਰਚਾ ਤੇਜ਼ੀ ਨਾਲ ਚੱਲ ਰਹੀ ਹੈ। ਹੁਣ ਇਸ ਵਿੱਚ ਸ਼ਾਮਿਲ ਹਨ ਦਿੱਲੀ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਏ ਪੀ ਸ਼ਾਹ। ਜਸਟਿਸ ਏ.ਪੀ. ਸ਼ਾਹ ਨੇ ਦਾਅਵਾ ਕੀਤਾ ਹੈ ਕਿ ਸੰਸਦ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਤੇ 1993 ਮੁੰਬਈ ਸੀਰੀਅਲ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੇਮਨ ਦੀ ਫਾਂਸੀ ਰਾਜਨੀਤੀ ਤੋਂ ਪ੍ਰੇਰਿਤ ਸੀ। ਉਹਨਾਂ ਦੀ ਅਗਵਾਈ ਵਾਲੇ ਪੈਨਲ ਵੱਲੋਂ ਮੌਤ ਦੀ ਸਜ਼ਾ ਖਤਮ ਕਰਨ ਦੀ ਸਿਫਾਰਿਸ਼ ਮਗਰੋਂ ਉਹਨਾਂ ਖੁਲ੍ਹ ਕੇ ਯਾਕੂਬ ਅਤੇ ਅਫਜਲ ਦੀ ਗੱਲ ਕੀਤੀ ਹੈ। ਉਹਨਾਂ ਹਵਾਲਾ ਵੀ ਦਿੱਤਾ ਕਿ ਫ਼ਰਾਂਸ ਨੇ ਕਿਵੇਂ ਮੌਤ ਦੀ ਸਜ਼ਾ ਖਤਮ ਕੀਤੀ ਸੀ ਜਦਕਿ ਉਸ ਵੇਲੇ ਉਥੋਂ ਦੀ ਜਨਤਾ ਵੀ ਇਸ ਸਜ਼ਾ ਦੇ ਹੱਕ ਵਿੱਚ ਸੀ। ਇਲੈਕਟ੍ਰੋਨਿਕ ਮੀਡੀਆ ਨੂੰ ਆਪਣੀ ਆਵਾਜ਼ ਦਾ ਮਾਧਿਅਮ ਬਣਾਉਂਦਿਆਂ ਲਾਅ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਕਿਹਾ ਕਿ ਅਫ਼ਜ਼ਲ ਦੇ ਮਾਮਲੇ 'ਚ ਕਾਰਜ ਪਾਲਿਕਾ ਵਲੋਂ ਅੜਿੱਕਾ ਖੜ੍ਹਾ ਕੀਤਾ ਗਿਆ ਹੈ ਜਦਕਿ ਮੇਮਨ ਦੀ ਰਹਿਮ ਦੀ ਪਟੀਸ਼ਨ ਦੇ ਪੱਖ 'ਚ ਕੁਝ ਆਧਾਰ ਬਚੇ ਸਨ। ਮੇਮਨ ਦੀ ਫਾਂਸੀ ਨੂੰ ਲੈ ਕੇ ਇਕ ਸਵਾਲ ਦੇ ਜਵਾਬ 'ਚ ਸਾਬਕਾ ਚੀਫ਼ ਜਸਟਿਸ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਜੱਜਾਂ ਵਿਚਕਾਰ ਵਿਚਾਰਕ ਮਤਭੇਦ ਸਨ ਤੇ ਇਸ ਤੋਂ ਬਾਅਦ ਹੀ ਇਸ ਮਾਮਲੇ ਨੂੰ ਸਿਖਰ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੂੰ ਭੇਜਿਆ ਗਿਆ। ਜਸਟਿਸ ਸ਼ਾਹ ਨੇ ਇਹ ਵੀ ਕਿਹਾ ਕਿ ਰਹਿਮ ਅਰਜ਼ੀ ਖ਼ਾਰਜ ਹੋਣ ਤੋਂ ਬਾਅਦ ਵੀ ਕਿਸੇ ਨੂੰ 14 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ। ਉਹਨਾਂ ਸਾਫ਼ ਕਿਹਾ ਕਿ ਅਫਜਲ ਗੁਰੂ ਦੇ ਮਾਮਲੇ ਵਿੱਚ ਪਹਿਲਾਂ ਤਾਂ ਦਿਆ ਪਟੀਸ਼ਨ ਨੂੰ ਲੰਮੇ ਸਮੇਂ ਤੱਕ ਲਟਕਾਈ ਰੱਖਿਆ ਗਿਆ ਅਤੇ ਫਿਰ ਅਚਾਨਕ ਹੀ ਇਸ ਦਾ ਨਿਪਟਾਰਾ ਕਰਦਿਆਂ ਅਫਜਲ ਨੂੰ ਫਾਂਸੀ ਦੇ ਦਿੱਤੀ ਗਈ।  ਯਾਕੂਬ ਦੇ ਮਾਮਲੇ ਵਿੱਚ ਵੀ ਅਧਾਰ ਬਾਕੀ ਸਨ ਪਰ ਉਸਨੂੰ ਸਮਾਂ ਨਹੀਂ ਦਿੱਤਾ ਗਿਆ।  ਦੋਹਾਂ ਮਾਮਲਿਆਂ ਵਿੱਚ ਸਰਕਾਰ ਨੇ ਜਲਦਬਾਜ਼ੀ ਅਤੇ ਕਾਹਲੀ ਤੋਂ ਕੰਮ ਲਿਆ। ਸਰਕਾਰ ਦੇ ਇਹ ਐਕਸ਼ਨ ਸਿਆਸਤ ਤੋਂ ਪ੍ਰੇਰਿਤ ਸਨ। 

No comments: