Saturday, September 12, 2015

ਵਿਸ਼ਾਲ ਨਈਅਰ ਨੇ ਫਿਰ ਬੁਲੰਦ ਕੀਤੀ ਸ਼ਹੀਦਾਂ ਨੂੰ ਬਣਦਾ ਦਰਜਾ ਦੇਣ ਦੀ ਆਵਾਜ਼

ਮੁੱਖ ਮੰਤਰੀ ਬਾਦਲ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ: 12 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਮੀਡੀਆ ਕਿੰਗ ਅਵਿਨਾਸ਼ ਚੋਪੜਾ ਹੁਰਾਂ ਨਾਲ ਵਿਸ਼ਾਲ ਨਈਅਰ 

ਪੰਜਾਬ ਦੀ ਧਰਤੀ ਦਾ ਸਿਰ ਆਪਣੀਆਂ ਜਾਨਾਂ ਦੀ ਕੁਰਬਾਨੀ ਨਾਲ ਉੱਚਾ ਕਰਨ ਵਾਲੇ ਅਮਰ ਸ਼ਹੀਦਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਸਨਮਾਣ ਦਵਾਉਣ ਲਈ ਵਿਸ਼ਾਲ ਨਈਅਰ ਘਟੋਘੱਟ ਛੇ ਕੁ ਸਾਲਾਂ ਤੋਂ ਸਰਗਰਮ ਹੈ। ਰਿਸ਼ਤੇ ਵਿੱਚ ਸ਼ਹੀਦ ਸੁਖਦੇਵ ਥਾਪਰ ਨੂੰ ਆਪਣਾ ਨਾਨਕਾ ਵੰਸ਼ ਦੱਸਣ ਵਾਲੇ ਵਿਸ਼ਾਲ ਨੇ ਕਈ ਵਾਰ ਭਰੇ ਮਨ ਨਾਲ ਇਸ ਦਰਦ ਨੂੰ ਸਾਂਝਿਆਂ ਕੀਤਾ। ਕਈ ਵਾਰ ਮੁਹਿੰਮਾਂ ਚਲਾਈਆਂ, ਕਈ ਵਾਰ ਪ੍ਰੈਸ ਬਿਆਨ ਛਪਵਾਏ ਪਰ ਸਰਕਾਰਾਂ ਵੀ ਬੇਅਸਰ ਰਹੀਆਂ ਅਤੇ ਲੋਕ ਵੀ। ਵਿਕਾਸ ਦੇ ਖੋਖਲੇ ਦਾਅਵਿਆਂ ਆਏ ਦਿਨ ਜਾਰੀ ਹੁੰਦੇ ਅਜੀਬੋ ਗਰੀਬ ਫੁਰਮਾਨਾਂ ਦੇ ਮਕੜਜਾਲ ਵਿੱਚ ਉਲਝੇ ਲੋਕਾਂ ਨੂੰ ਜਦੋਂ ਰੋਜ਼ੀ ਰੋਟੀ ਕਮਾਉਣ ਤੋਂ ਹੀ ਫੁਰਸਤ ਨਾ ਮਿਲਦੀ ਹੋਵੇ ਤਾਂ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਬਾਰੇ ਕੀ ਸੋਚਣਾ ਸੀ। ਇਸ ਨਿਰਾਸ਼ਾ ਦੇ ਬਾਵਜੂਦ ਵਿਸ਼ਾਲ ਦੀ ਤੜਪ ਜਾਰੀ ਰਹੀ। ਉਹ ਇਸ ਮੰਗ 'ਤੇ ਡਟਿਆ ਰਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਫਾਂਸੀ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਕੌਮੀ ਪੱਧਰ ‘ਤੇ ਸ਼ਹੀਦਾਂ ਦਾ ਦਰਜਾ ਵੀ ਦਿੱਤਾ ਜਾਣਾ ਚਾਹੀਦਾ ਹੈ। ਸ਼ਹੀਦ ਸੁਖਦੇਵ ਦੇ ਦੋਹਤੇ ਵਿਸ਼ਾਲ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਅੱਜ ਇਹ ਮੰਗ ਕੀਤੀ ਹੈ। ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਅਤੇ ਸ਼ਹੀਦਾਂ ਦੇ ਸੁਨੇਹਿਆਂ ਨਾਲ ਸਬੰਧਿਤ ਮਸਲਿਆਂ ਬਾਰੇ ਵੀ ਕਈ ਗੱਲਾਂ ਕੀਤੀਆਂ। 
ਸ਼ਹੀਦਾਂ ਨਾਲ ਸਬੰਧਤ ਸਾਹਿਤ ਦੀ ਘਾਟ ਅਤੇ ਫਿਰ ਉਸਦੇ ਦਫਤਰੀ ਅਲਮਾਰੀਆਂ ਵਿੱਚ ਰੁਲਦੇ ਰਹਿਣ ਦੀ ਗੱਲ ਵੀ ਉਹਨਾਂ ਗੰਭੀਰਤਾ ਨਾਲ ਉਠਾਈ। ਉਨ੍ਹਾਂ ਕਿਹਾ ਕਿ ‘ਇਨ੍ਹਾਂ ਤਿੰਨਾਂ ਮਹਾਨ ਸ਼ਹੀਦਾਂ ਬਾਰੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਇਆ ਜਾਣਾ ਚਾਹੀਦਾ ਹੈ ਤਾਂ ਕਿ ਬੱਚੇ ਸ਼ਹੀਦਾਂ ਬਾਰੇ ਵੱਧ ਤੋਂ ਵੱਧ ਜਾਣ ਸਕਣ। ਉਨ੍ਹਾਂ ਸਰਕਾਰ ਤੋਂ ਸ਼ਹੀਦਾਂ ਦਾ ਵਿਰਸਾ ਸੰਭਾਲਣ ਦੀ ਮੰਗ ਵੀ ਕੀਤੀ ਹੈ ਤਾਂ ਕਿ ਪੰਜਾਬ ਦਾ ਭਵਿੱਖ ਆਪਣੇ ਵਾਰਿਸਾਂ ਦੀ ਵਿਚਾਰਧਾਰਾ ਨਾਲ ਜੁੜ ਸਕੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨਾਲ ਜੁੜੀਆਂ ਥਾਵਾਂ ਨੂੰ ਵੀ ਵਿਰਾਸਤੀ ਥਾਵਾਂ ਦਾ ਦਰਜਾ ਮਿਲਣਾ ਚਾਹੀਦਾ ਹੈ। ਜਿਕਰਯੋਗ ਹੈ ਕਿ ਅਜਿਹੀਆਂ ਕਈ ਥਾਵਾਂ ਖਸਤਾਹਾਲ ਰਹੀਆਂ ਹਨ। 
ਵਿਸ਼ਾਲ ਨਈਅਰ ਨੇ ਮੰਗ ਕੀਤੀ ਕਿ ਸੁਤੰਤਰਤਾ ਸੈਨਾਨੀਆਂ ਨੂੰ ਫਿਲਹਾਲ ਸਿਰਫ਼ ਇਕ ਫੀਸਦੀ ਰਾਖਵਾਂਕਰਨ ਮਿਲਦਾ ਹੈ ਤੇ ਇਸ ਨੂੰ ਵਧਾ ਕੇ 4 ਫੀਸਦੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹੀ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਦੀ ਹਾਲਤ ਠੀਕ ਹੋ ਸਕਦੀ ਹੈ। ਹੁਣ ਦੇਖਣਾ ਹੈ ਕਿ ਇਸ ਬਾਰੇ ਕੀਤੇ ਗਏ ਵਾਅਦੇ ਕਿੰਨੀ ਛੇਤੀ ਪੂਰੇ ਹੁੰਦੇ ਹਨ। 

No comments: