Wednesday, July 29, 2015

ਆਲ ਇੰਡੀਆ ਕਿਸਾਨ ਸਭਾ ਦੀ ਲੁਧਿਆਣਾ ਇਕਾਈ ਨੇ ਦਿੱਤਾ ਧਰਨਾ

ਪ੍ਰਧਾਨਮੰਤਰੀ ਨੂੰ DC ਰਾਹੀਂ  ਭੇਜਿਆ 12 ਮੰਗਾਂ ਵਾਲਾ ਮੰਗ ਪੱਤਰ  
ਲੁਧਿਆਣਾ: 29 ਜੁਲਾਈ 2015: 
(ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਲਾਲ ਝੰਡੇ ਵਾਲਿਆਂ  ਦੀ ਪਾਰਟੀ ਭਾਵੇਂ ਕੋਈ ਵੀ ਹੋਵੇ ਪਰ ਲੋਕ ਮਸਲਿਆਂ ਨੂੰ ਉਠਾਉਣ ਵਿੱਚ ਆਮ ਤੌਰ ਤੇ ਉਹਨਾਂ ਦਾ ਕੋਈ ਸਾਨੀ ਨਹੀਂ।  ਜਦੋਂ ਲਾਲ ਝੰਡੇ ਹੇਠ ਭੀੜਾਂ ਜੁੜਦੀਆਂ ਸਨ ਉਦੋਂ ਵੀ ਅਤੇ ਹੁਣ ਜਦੋਂ ਲਾਲ ਝੰਡੇ ਦਾ ਪ੍ਰਭਾਵ ਕਾਫੀ ਘਟਿਆ ਮਹਿਸੂਸ ਹੋ ਰਿਹਾ ਹੈ ਉਦੋਂ ਵੀ। ਸ਼ਾਇਦ ਇਹੀ ਲੋਕ ਹਨ ਜਿਹੜੇ ਗਲਤੀਆਂ ਨੂੰ ਜਨਤਕ ਤੌਰ ਤੇ ਮੰਨਣ ਦੀ ਹਿੰਮਤ ਵੀ ਰੱਖਦੇ ਹਨ।  ਅੱਜ ਇਹ ਲੋਕ ਲੁਧਿਆਣਾ ਦੇ ਮਿੰਨੀ ਸਕੱਤਰੇਤ ਵਿੱਚ ਡੀਸੀ  ਦਫਤਰ ਦੇ ਬਾਹਰ ਇਕੱਤਰ ਹੋਏ ਸਨ। 
ਆਲ ਇੰਡੀਆ ਕਿਸਾਨ ਸਭਾ ਦੀ ਲੁਧਿਆਣਾ ਇਕਾਈ ਨੇ ਜ਼ਿਲਾ ਲੁਧਿਆਣਾ ਦੇ ਡਿਪਟੀ  ਕਮਿਸ਼ਨਰ ਦਫਤਰ ਵਿਖੇ ਧਰਨਾ ਦਿੱਤਾ ਅਤੇ ਆਪਣੀਆਂ ਮੰਗਾਂ ਰੱਖੀਆਂ। ਇਹ ਧਰਨਾ ਭਾਵੇਂ ਕਿਸਾਨ ਸੰਗਠਨ ਵੱਲੋਂ ਸੀ ਪਰ ਇਸ ਵਿੱਚ ਆਮ  ਲੋਕਾਂ, ਦਲਿਤਾਂ ਅਤੇ ਮਜਦੂਰਾਂ ਦੀਆਂ ਮੰਗਾਂ ਵੀ ਸ਼ਾਮਿਲ ਕੀਤੀਆਂ ਗਈਆਂ  ਸਨ।  ਉਹਨਾਂ ਸਾਰਿਆਂ  ਦੇ ਹਿੱਤਾਂ ਦੀ ਮੰਗ ਵੀ ਉਠਾਈ ਗਈ ਸੀ।  ਧਰਨੇ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗੱਲ ਵੀ ਉੱਠੀ ਅਤੇ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ।
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਕੁਲਦੀਪ ਸਿੰਘ, ਪਵਨ ਕੌਸ਼ਲ, ਬੁਆਣੀ, ਸੁਖਦੇਵ ਸਿੰਘ ਕਿਲਾ ਰਾਏ ਪੁਰ,ਸੁਰਿੰਦਰ ਸਿੰਘ ਸ਼ਹਿਜ਼ਾਦਾ ਅਤੇ ਬਾਲ ਕ੍ਰਿਸ਼ਨ ਲੁਧਿਆਣਾ ਨੇ ਵੀ ਸੰਬੋਧਨ ਕੀਤਾ। 
ਇਹਨਾਂ ਬੁਲਾਰਿਆਂ ਨੇ ਜੀ ਐਸ ਟੀ (ਆਮ ਵਿਕਰੀ ਟੈਕਸ) ਨੂੰ ਵੀ ਪੂਰੀ ਤਰਾਂ ਰੱਦ ਕੀਤਾ ਅਤੇ ਪੰਜਾਬ ਦੀਆਂ ਸੜਕਾਂ ਤੇ  ਟੋਲ ਟੈਕਸ ਨੂੰ ਵੀ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ  ਇਸ ਗੱਲ 'ਤੇ ਜੋਰ ਦਿੱਤਾ ਗਿਆ ਬਿਨਾ ਕਿਸੇ ਸਿਆਸੀ ਭੇਦਭਾਵ ਦੇ ਨਸ਼ਾ ਸਮਗਲਰਾਂ ਵਿਰੁਧ ਕਾਰਵਾਈ ਕੀਤੀ ਜਾਵੇ। 
ਇਸ ਤਰਾਂ 12 ਮੰਗਾਂ 'ਤੇ ਅਧਾਰਿਤ ਮੰਗ ਪੱਤਰ ਡਿਪਟੀ  ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਨੂੰ ਭੇਜਿਆ ਗਿਆ। ਇਸਦਾ ਕੀ ਅਸਰ ਹੁੰਦਾ ਹੈ ਇਹ ਗੱਲ ਸਮਾਂ ਆਉਣ ਤੇ ਹੀ ਪਤਾ ਲੱਗੇਗੀ ਪਰ ਇੱਕ ਗੱਲ ਸਾਫ਼ ਕਿ ਕਾਮਰੇਡਾਂ ਨੇ
ਆਉਣ ਵਾਲੇ ਇਤਿਹਾਸ ਵਿੱਚ ਇਹ ਗੱਲ ਆਪਣੇ ਨਾਮ ਕਰ ਲਈ ਕਿ ਉਹਨਾਂ ਨੇ ਇਹਨਾਂ ਇਹਨਾਂ ਲੋਕ ਮਸਲਿਆਂ ਬਾਰੇ ਆਪਣੀ ਆਵਾਜ਼ ਬੁਲੰਦ ਕੀਤੀ ਸੀ।

No comments: