Friday, May 01, 2015

NRMU ਨੇ ਦਿੱਤੀ ਤਿੱਖੇ ਸੰਘਰਸ਼ਾਂ ਦੀ ਚੇਤਾਵਨੀ

ਕਾਮਰੇਡ ਮੰਗਤ ਰਾਮ ਪਾਸਲਾ ਨੇ ਲਹਿਰਾਇਆ ਲਾਲ ਝੰਡਾ 
ਲੁਧਿਆਣਾ:1 ਮਈ 2015: (ਪੰਜਾਬ ਸਕਰੀਨ ਟੀਮ):
ਆਪਣਾ ਖੂਨ ਵਹਾ ਕੇ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ  ਦਵਾਉਣ ਵਾਲਾ ਮਈ ਦਿਵਸ ਅੱਜ ਦੁਨੀਆ ਭਰ ਵਿੱਚ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਤੇ ਲੁਧਿਆਣਾ ਵਿੱਚ ਵੀ ਕਈ ਥਾਈਂ ਸਮਾਗਮ ਹੋਏ। ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਵੱਲੋਂ ਆਪਣਾ ਮੁੱਖ ਸਮਾਗਮ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਕੀਤਾ ਗਿਆ। ਇਸ ਸਮਾਗਮ ਵਿੱਚ ਮਜਦੂਰਾਂ ਦੀਆਂ ਜੱਥੇਬੰਦੀਆਂ ਨੇ ਵਧ ਚੜ੍ਹ ਕੇ ਸਰਗਰਮ ਸ਼ਮੂਲੀਅਤ ਕੀਤੀ। ਕਾਮਰੇਡ ਮੰਗਤ ਪਾਸਲਾ ਮੁੱਖ ਮਹਿਮਾਨ  ਹੋਏ ਅਤੇ ਝੰਡਾ ਲਹਿਰਾਉਣ ਦੀ ਰਸਮ ਵੀ ਅਦਾ ਕੀਤੀ। ਵਰਕਰਾਂ ਵਿੱਚ ਰਵਾਇਤੀ ਜੋਸ਼ ਦੇ ਨਾਲ ਨਾਲ  ਹਾਲਾਤ ਵਾਲੀ ਚੇਤਨਾ ਸੀ। ਸਟੇਜ 'ਤੇ ਹੁੰਦੇ ਭਾਸ਼ਣਾਂ ਦੇ ਨਾਲ ਨਾਲ ਵਰਕਰਾਂ ਦੀ ਆਪਸੀ ਗੱਲਬਾਤ ਵਿੱਚ ਵੀ ਵੀ ਓਰਬਿਟ ਬਸ ਵਾਲੀ ਘਟਨਾ ਅਤੇ ਰੇਲ ਦੇ ਨਿਜੀਕਰਣ ਦੀਆਂ ਲੁਕਵੀਆਂ ਕੋਸ਼ਿਸ਼ਾਂ ਦੀ ਚਰਚਾ ਭਾਰੂ ਸੀ। ਇੱਕ ਗੈਰ ਰਸਮੀ ਗੱਲਬਾਤ ਦੌਰਾਨ ਯੂਨੀਅਨ ਆਗੂਆਂ ਅਤੇ ਵਰਕਰਾਂ ਨੇ ਮੀਡੀਆ ਨੂੰ ਵੀ ਲੰਮੇ ਹਥੀਂ ਲਿਆ ਕਿਓਂਕਿ ਮੀਡੀਆ ਨੇ 28 ਮਾਰਚ ਵਾਲੀ ਦਿੱਲੀ ਰੈਲੀ ਵਿੱਚ ਕੁਝ ਲੱਖ ਵਰਕਰ ਇਕੱਤਰ ਹੋਣ ਦੇ ਬਾਵਜੂਦ ਇਸ ਰੈਲੀ ਦੀ ਖਬਰ ਨੂੰ ਕੋਈ ਥਾਂ ਨਾ ਦਿੱਤੀ। 
NRMU ਦੇ ਡਵੀਯਨਲ ਸਕੱਤਰ ਕਾਮਰੇਡ ਦਲਜੀਤ ਸਿੰਘ ਨੇ ਇਸ ਮੌਕੇ ਤੇ ਮੀਡੀਆ ਨਾਲ ਇੱਕ ਸੰਖੇਪ ਜਹੀ ਮੁਲਾਕਾਤ ਦੌਰਾਨ ਦੇਸ਼ ਦੀ ਸਰਕਾਰ ਦੇ ਇਰਾਦਿਆਂ ਅਤੇ ਨੀਅਤ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ  ਕਿਹਾ ਕਿ ਓਹ ਕਿਸੇ ਵੀ ਹਾਲਤ ਵਿੱਚ ਰੇਲਵੇ ਦਾ ਨਿਜੀਕਰਣ ਨਹੀਂ ਹੋਣ ਦੇਣਗੇ। 
ਇਸ ਮੌਕੇ ਤੇ ਯੂਨੀਅਨ ਦੇ ਕਈ ਸੀਨੀਅਰ ਆਗੂ  ਵੀ ਮੌਜੂਦ ਸਨ।  


No comments: