Friday, May 22, 2015

ਸ਼ਹੀਦ ਸਰਾਭਾ ਦੇ ਜਨਮ ਦਿਵਸ 'ਤੇ ਹੋਣਗੇ ਵਿਸ਼ਾਲ ਸਮਾਗਮ

ਸਵਰਾਜ ਲਹਿਰ ਦੇ ਕੌਮੀ ਆਗੂ  ਪੁੱਜਣਗੇ ਪਿੰਡ ਸਰਾਭਾ
ਲੁਧਿਆਣਾ: 21 ਮਈ 2015: (ਪੰਜਾਬ ਸਕਰੀਨ ਬਿਊਰੋ):
ਦੇਸ਼ ਲਈ ਜਾਨ ਵਾਰਨ ਵਾਲੇ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦ ਦਾ ਦਰਜਾ ਦੇਣ ਵਿੱਚ ਸਰਕਾਰਾਂ ਭਾਵੇਂ ਆਨਾਕਾਨੀ ਕਰੀ ਜਾਨ ਪਰ ਲੋਕਾਂ ਦੇ ਦਿਲਾਂ ਵਿੱਚ ਉਸ ਮਹਾਂ ਸਪੂਤ ਦਾ ਸਤਿਕਾਰ ਲਗਾਤਾਰ ਵਧ ਰਿਹਾ ਹੈ। ਲੋਕਾਂ ਦੇ ਦਿਲਾਂ ਵਿੱਚ ਸ਼ਹੀਦਾਂ ਦਾ ਅਕਸ ਧੁੰਦਲਾ ਕਰਨ ਜਾਂ ਮਿਟਾਉਣ ਦੀਆਂ ਨਾਪਾਕ ਕੋਸ਼ਿਸ਼ਾਂ ਬੁਰੀ ਤਰਾਂ ਨਾਕਾਮ ਹੋ ਰਹੀਆਂ ਹਨ। ਇਸ ਗੱਲ ਦਾ ਸਬੂਤ ਇੱਕ ਵਾਰ ਫਿਰ ਮਿਲੇਗਾ 24 ਮਈ ਨੂੰ ਪਿੰਡ ਸਰਾਭਾ ਦੀ ਇਤਿਹਾਸਿਕ ਧਰਤੀ ਵਿਖੇ ਜਿੱਥੇ ਮੁਕੰਮਲ ਆਜ਼ਾਦੀ ਦੇ ਨਾਅਰੇ ਜੋਸ਼ੋ ਖਰੋਸ਼ ਨਾਲ ਗੂੰਜਣਗੇ।
 ਇਸ ਸਬੰਧ ਵਿੱਚ ਸਵਰਾਜ ਲਹਿਰ ਜਿਲ੍ਹਾ ਲੁਧਿਆਣਾ ਦੇ ਵਲੰਟੀਅਰਾਂ ਦੀ ਇੱਕ ਮੀਟਿੰਗ ਸਥਾਨਕ ਅੰਬੈਂਸੀ ਪੈਲੇਸ ਵਿਖੇ ਪ੍ਰੋ. ਸੰਤੋਖ ਸਿੰਘ ਦੀ  ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 24 ਮਈ ਦਿਨ ਐਤਵਾਰ ਨੂੰ ਸਥਾਨਕ ਸ਼ਹਿਰ ਅੰਦਰ ਮਲਹੋਤਰਾ ਰਿਜ਼ੋਰਟ ਨੇੜੇ ਜਲੰਧਰ ਬਾਈਪਾਸ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਕਨਵੈਨਸ਼ਨ ਦੀਆਂ ਤਿਆਰੀਆਂ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਵਲੰਟੀਅਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ । ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਨੂੰ ਸਮਰਪਿਤ ਇਸ ਕਨਵੈਨਸ਼ਨ ਵਿੱਚ ਸਵਰਾਜ ਲਹਿਰ ਦੇ ਕੌਮੀ ਆਗੂਆਂ ਡਾ. ਯੋਗਿੰਦਰ ਯਾਦਵ, ਪ੍ਰੋ. ਆਨੰਦ ਕੁਮਾਰ, ਪ੍ਰੋ. ਅਜੀਤ ਝਾਅ, ਪ੍ਰੋ. ਮਨਜੀਤ ਸਿੰਘ ਅਤੇ ਸ੍ਰੀ ਰਜੀਵ ਗੋਦਾਰਾ ਆਦਿ ਪਹੁੰਚ ਰਹੇ ਹਨ । ਇਸ ਕਨਵੈਨਸ਼ਨ ਦਾ ਮਨੋਰਥ ਬਾਦਲ ਸਰਕਾਰ ਦੇ ਮਾਫੀਆ ਅਤੇ ਜੰਗਲ ਰਾਜ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਉਹਨਾਂ ਨੂੰ ਸੰਘਰਸ਼ਾਂ ਲਈ ਤਿਆਰ ਕਰਨਾ ਹੈ । ਪੰਜਾਬ ਵਿੱਚ ਲੁਟੇਰਾ ਰਾਜਨੀਤੀ ਨੂੰ ਖਤਮ ਕਰਕੇ ਇਕ ਲੋਕ ਪੱਖੀ ਬਦਲਵੀ ਰਾਜਨੀਤੀ ਸਥਾਪਿਤ ਕਰਨ ਲਈ ਪੰਜਾਬ ਦੇ ਵੱਖ-ਵੱਖ ਵਰਗਾਂ ਨੂੰ ਸੱਦਾ ਦੇਣਾ ਹੈ ।
ਪ੍ਰੈਸ ਨੂੰ ਜਾਰੀ ਬਿਆਨ ਵਿੱਚ ਮੀਟਿੰਗ ਦੀ ਕਾਰਵਾਈ ਦੱਸਦਿਆਂ ਨਵਦੀਪ ਜੋਧਾਂ ਨੇ ਦੱਸਿਆ ਕਿ ਉਸੇ ਦਿਨ ਸਵੇਰੇ ਸਵਰਾਜ ਲਹਿਰ ਦੇ ਕੌਮੀ ਆਗੂ ਸ਼ਹੀਦ ਦੇ ਜੱਦੀ ਪਿੰਡ ਸਰਾਭਾ ਵਿਖੇ ਸਵੇਰੇ 10 ਵਜੇ ਪਹੁੰਚ ਕੇ ਸ਼ਹੀਦ ਨੂੰ ਫੁੱਲ ਮਲਾਵਾਂ ਭੇਂਟ ਕਰਨਗੇ । ਉਹਨਾਂ ਦੱਸਿਆ ਕਿ ਸਵਰਾਜ ਲਹਿਰ ਦਾ ਮੁੱਖ ਮਨੋਰਥ ਪੰਜਾਬ ਦੀ ਭਿ੍ਰਸ਼ਟ ਸਰਕਾਰ ਹੱਥੋਂ ਪੀੜ੍ਹਿਤ ਲੋਕਾਂ ਨੂੰ ਇੱਕ ਮੰਚ ਤੇ ਇਕੱਠਾ ਕਰਨਾ ਹੈ ਜਿਸ ਨਾਲ ਪੰਜਾਬ ਵਿੱਚ ਆਮ ਆਦਮੀ ਪੱਖੀ ਰਾਜਨੀਤੀ ਸਥਾਪਿਤ ਕੀਤੀ ਜਾ ਸਕੇ ਅਤੇ ਲੋਕਾਂ ਨੂੰ ਇੱਕ ਬਦਲਵਾ ਰਾਜਨੀਤਿਕ ਪ੍ਰਬੰਧ ਦਿੱਤਾ ਜਾ ਸਕੇ । ਅੱਜ ਦੀ ਇਸ ਮੀਟਿੰਗ ਵਿੱਚ ਸਵਰਾਜ ਲਹਿਰ ਦੇ ਜਿਲ੍ਹਾ ਆਗੂ ਕੁੰਵਰਰੰਜਨ, ਡਾ. ਪ੍ਰਸ਼ਾਤ ਰਾਹੀ, ਨਰਿੰਦਰ ਜੀਤ ਕੌਰ, ਅਮਿਤ ਗੋਇਲ, ਕੇ.ਐਸ. ਯਾਦਵ, ਬਲਵੀਰ ਅਗਰਵਾਲ, ਗੁਰਜੀਤ ਸਿੰਘ ਕਾਲਾ, ਰਜੇਸ਼ ਕੁਮਾਰ, ਅਸੋਕ ਕੁਮਾਰ ਸ਼ਰਮਾ, ਸਾਦਨਾ ਸ਼ਰਮਾ, ਅਮਨ ਸ਼ਰਮਾ, ਮੇਜਰ ਬਲਵਿੰਦਰ ਸਿੰਘ, ਕਰਨਲ ਜਗਦੀਸ਼ ਸਿੰਘ, ਹਰਦੇਵ ਸਿੰਘ ਸੁਨੇਤ ਵੀ ਮੌਜੂਦ ਸਨ।  ਹੁਣ ਦੇਖਣਾ ਹੈ ਕਿ ਪੰਜਾਬ ਦੇ ਜੁਝਾਰੂ ਲੋਕ ਇਸ ਕੋਸ਼ਿਸ਼ ਨੂੰ ਕਿੰਨਾ ਕੁ ਹੁੰਗਾਰਾ ਭਰਦੇ ਹਨ?

No comments: