Saturday, April 25, 2015

ਪਲਸ ਮੰਚ ਵੱਲੋਂ ਪਹਿਲੀ ਮਈ ਨੂੰ ਹੋਏਗਾ ਰਾਤ ਭਰ ਨਾਟਕ ਅਤੇ ਗੀਤ-ਸੰਗੀਤ ਮੇਲਾ

Sat, Apr 25, 2015 at 3:41 AM
ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ ਨੂੰ ਕੀਤਾ ਜਾਏਗਾ ਸਨਮਾਨਿਤ 
ਜਲੰਧਰ, 25 ਅਪ੍ਰੈਲ 2015: (ਅਮੋਲਕ ਸਿੰਘ//ਪੰਜਾਬ ਸਕਰੀਨ):
ਪੰਜਾਬੀ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਕੌਮਾਂਤਰੀ ਮਜ਼ਦੂਰ ਦਿਹਾੜੇ ’ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਸ਼ਹਾਦਤਾਂ ਦੀ ਸ਼ਤਾਬਦੀ (1915-2015) ਨੂੰ ਸਮਰਪਤ ਨਾਟਕ ਅਤੇ ਗੀਤ ਸੰਗੀਤ ਮੇਲਾ ਪਹਿਲੀ ਮਈ ਸਾਰੀ ਰਾਤ ਹੋਏਗਾ।
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਅੱਜ ਵਿੱਤ ਸਕੱਤਰ ਕਸਤੂਰੀ ਲਾਲ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ’ਚ ਲਏ ਫੈਸਲਿਆਂ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੀਤੇ 32 ਵਰ੍ਹਿਆਂ ਤੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਹੁੰਦਾ ਆ ਰਿਹਾ ਇਹ ਮੇਲਾ ਇਸ ਵਾਰ ਬਹੁਤ ਹੀ ਅਰਥ ਭਰਪੂਰ, ਰੌਚਕ, ਪ੍ਰੇਰਨਾ ਦਾਇਕ ਅਤੇ ਕਲਾਮਈ ਨਵੀਆਂ ਵੰਨਗੀਆਂ ਦੀ ਪੇਸ਼ਕਾਰੀ ਨਾਲ ਬੁਲੰਦੀਆਂ ਛੋਹੇਗਾ।
ਉਹਨਾਂ ਦੱਸਿਆ ਕਿ ਇਸ ਮੇਲੇ ’ਚ ਚੋਟੀ ਦੇ ਖੋਜਕਾਰ ਇਤਿਹਾਸਕਾਰ ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ ਨੂੰ ਉਹਨਾਂ ਦੇ ਖੋਜਕਾਰਜਾਂ ਨੂੰ ਸਲਾਮ ਕਰਦਿਆਂ ਸਨਮਾਨਤ ਕੀਤਾ ਜਾਏਗਾ।
ਨਾਟਕ ਮੇਲੇ ’ਚ ‘ਬਾਲ ਜਰਨੈਲ: ਸ਼ਹੀਦ ਕਰਤਾਰ ਸਿੰਘ ਸਰਾਭਾ’, ‘ਲਾਲ ਸਲਾਮ: ਕਾਮਰੇਡ’, ‘ਅਸੀਂ ਅੰਨ ਦਾਤਾ ਹੁੰਨੇ ਆਂ’, ‘ਸਾਡੀ ਕਿਹੜੀ ਧਰਤ ਵੇ ਲੋਕਾ’ ਅਤੇ ‘ਸਵੱਛ ਭਾਰਤ’ ਨਾਟਕ, ਕਰਮਵਾਰ ਹਰਕੇਸ਼ ਚੌਧਰੀ, ਮਾਸਟਰ ਤਰਲੋਚਨ ਸਿੰਘ, ਬਲਵਿੰਦਰ ਬੁਲਟ, ਸੋਮਪਾਲ ਹੀਰਾ ਅਤੇ ਗੁਰਪ੍ਰੀਤ ਕੌਰ ਚਮਕੌਰ ਸਾਹਿਬ ਦੀ ਨਿਰਦੇਸ਼ਨਾ ’ਚ ਖੇਡੇ ਜਾਣਗੇ।  ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਅਤੇ ਨਵਦੀਪ ਧੌਲਾ ਦੀ ਆਵਾਜ਼ ’ਚ ਐਕਸ਼ਨ ਗੀਤ ਪੇਸ਼ ਹੋਣਗੇ।
ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਕਵੀਸ਼ਰੀ ਜੱਥਾ ਰਸੂਲਪੁਰ (ਅਮਰਜੀਤ ਪ੍ਰਦੇਸੀ) ਅਤੇ ਲੋਕ ਸੰਗੀਤ ਮੰਡਲੀ ਜੀਦਾ (ਜਗਸੀਰ ਜੀਦਾ) ਵੱਲੋਂ ਮੇਲੇ ’ਚ ਸੰਗੀਤਕ ਰੰਗ ਭਰਿਆ ਜਾਏਗਾ।  ਦਸਤ ਮੰਚ ਲੁਧਿਆਣਾ, ਤ੍ਰੈਲੋਚਨ ਲੋਚੀ ਅਤੇ ਅਮ੍ਰਿਤਪਾਲ ਬਠਿੰਡਾ ਗੀਤਾਂ, ਗ਼ਜ਼ਲਾਂ ਰਾਹੀਂ ਲੋਕਾਂ ਦੀ ਜ਼ਿੰਦਗੀ ਦੀ ਗੱਲ ਕਰਨਗੇ।
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਮੇਲੇ ’ਚ ਮੁੱਖ ਬੁਲਾਰੇ ਹੋਣਗੇ।  ਮੇਲੇ ਦਾ ਵਿਸ਼ੇਸ਼ ਆਕਰਸ਼ਣ ਹੋਏਗਾ ਪੁਸਤਕ ਮੇਲਾ।

No comments: