Tuesday, March 24, 2015

ਨਹੀਂ ਰਹੇ ਪਰਮਿੰਦਰਜੀਤ--ਸਭ ਤੋਂ ਬੁਲੰਦ ਆਵਾਜ਼ ਖ਼ਾਮੋਸ਼

ਪੰਜਾਬੀ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ  
ਲੁਧਿਆਣਾ : 24 ਮਾਰਚ 2015: (ਪੰਜਾਬ ਸਕਰੀਨ ਬਿਊਰੋ): 
ਅੱਜ ਦਿਨ ਦੀ ਸ਼ੁਰੁਆਤ ਹੀ ਉਦਾਸ ਖਬਰ ਨਾਲ ਹੋਈ। ਸਵੇਰੇ ਸਵੇਰੇ ਪੌਣੇ ਕੁ ਸੱਤ ਵਜੇ ਫੇਸਬੁਕ 'ਤੇ ਹਰਮੀਤ ਵਿਦਿਆਰਥੀ ਵੱਲੋਂ ਦੁਖਦ ਖਬਰ ਪੋਸਟ ਕੀਤੀ ਗਈ। ਇਹ ਉਦਾਸੀ ਕਿਸੇ ਆਮ ਜਹੇ ਵਿਛੋੜੇ ਜਾਂ ਆਮ ਦੇਹਾਂਤ ਸੀ। ਪੰਜਾਬੀ ਸਾਹਿਤ ਜਗਤ ਇਕ ਵਾਰ ਫੇਰ ਸਦਮੇ ਵਿੱਚ ਸੀ।ਬੜੇ ਥੋਹੜੇ ਜਹੇ ਸ਼ਬਦਾਂ ਵਿੱਚ ਹਰਮੀਤ ਵਿਦਿਆਰਥੀ ਨੇ ਲਿਖਿਆ-
ਪੰਜਾਬੀ ਸਾਹਿਤ ਵਿਚਲੇ
ਗ਼ਲ਼ੀਜ਼ ਵਰਤਾਰਿਆਂ ਖਿਲਾਫ਼ ਬੋਲਦੀ
ਸਭ ਤੋਂ ਬੁਲੰਦ ਆਵਾਜ਼ ਖ਼ਾਮੋਸ਼ ਹੋ ਗਈ,
ਆਹ ਭਾਅ ਜੀ ਪਰਮਿੰਦਰਜੀਤ ਨਹੀਂ ਰਹੇ।
ਫਿਰ 9 ਕੁ ਵਜੇ ਜਨਮੇਜਾ ਜੋਹਲ ਦਾ ਵਾਟਸਅਪ 'ਤੇ ਸੁਨੇਹਾ ਸੀ--ਪਰਮਿੰਦਰ ਜੀਤ ਨੂੰ ਸ਼ਰਧਾਂਜਲੀ ਦੇਣ ਲਈ ਸ਼ੋਕ ਸਭਾ ਬਾਰੇ।
ਦਿਨ ਦੀ ਇੱਕ ਬੇਹੱਦ ਉਦਾਸ ਸ਼ੁਰੁਆਤ। ਪਰਮਿੰਦਰ ਜੀਤ ਦੇ ਤੁਰ ਜਾਣ ਨਾਲ ਸਮੇਂ ਸਿਰ ਅਤੇ ਸਲੀਕੇ ਨਾਲ ਸਚ ਬੋਲਣ  ਵਾਲਿਆਂ  ਦਾ ਕਾਫ਼ਿਲਾ ਕਮਜ਼ੋਰ ਹੋਇਆ ਹੈ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ
ਸ਼੍ਰੋਮਣੀ ਕਵੀ ਪ੍ਰਮਿੰਦਰਜੀਤ ਦੇ ਦੇਹਾਂਤ ’ਤੇ ਅਫ਼ਸੋਸ ਦਾ ਪ੍ਰਗਟਾਵਾ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰ ਅਤੇ ਸਮੂਹ ਮੈਂਬਰ ਆਪਣੇ ਜੀਵਨ ਮੈਂਬਰ ਸ੍ਰੀ ਪ੍ਰਮਿੰਦਰਜੀਤ ਦੇ
ਅਚਾਨਕ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕਰਦੇ ਹਨ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਅਤੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਨੇਕਾਂ ਸਨਮਾਨਾਂ ਨਾਲ ਸਨਮਾਨਤ ਸ਼੍ਰੋਮਣੀ ਕਵੀ ਸ੍ਰੀ ਪ੍ਰਮਿੰਦਰਜੀਤ ਨਿੱਘੇ ਸੁਭਾਅ ਦੇ ਮਾਲਕ ਸਨ। ਉਨ੍ਹਾਂ ਦਸਿਆ ਪ੍ਰਮਿੰਦਰਜੀਤ ਨੇ ਚਮੁਖੀਆ, ਸੁਪਨੀਦੇ, ਘਰ ਬਚਪਨ ਤੇ ਮੈਂ, ਮੇਰੇ ਕੁਝ ਹਾਸਿਲ, ਮੇਰੀ ਮਾਰਫ਼ਤ, ਕਲਮਾਂ ਦੇ ਰਿਸ਼ਤੇ, ਕੋਲਾਜ਼, ਲਿਖਤੁਮ ਪ੍ਰਮਿੰਦਰਜੀਤ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ। ਉਨ੍ਹਾਂ ਦੀ ਪੁਸਤਕ ‘ਦੇਹ ਦੇਹਲੀ’ ਪੁਸਤਕ ਛਪਾਈ ਅਧੀਨ ਹੈ, ਪੰਜਾਬੀ ਕਹਾਣੀਆਂ ਦਾ ਇਕ ਪੁਸਤਕ ਉਨ੍ਹਾਂ ਸੰਪਾਦਤ ਵੀ ਕੀਤੀ। ਪ੍ਰਮਿੰਦਰਜੀਤ ‘ਅੱਖਰ’ ਅਤੇ ‘ਲੋਅ’ ਰਸਾਲੇ ਦੇ ਸੰਪਾਦਕ ਰਹੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਅੱਖਰ ਪੜ੍ਹਦਿਆਂ ਵਿਅਕਤੀ ਬੜੇ ਹੀ ਸਾਦਾ ਜਹੇ ਸ਼ਬਦਾਂ ਵਿੱਚ ਉੱਚੀਆਂ ਉੜਾਨਾਂ ਅਤੇ ਸਮੁੰਦਰਾਂ ਦੀਆਂ ਡੂੰਘਾਈਆਂ ਦਾ ਪਤਾ ਲਾਉਣ ਵਾਲੀ ਹਾਲਤ ਵਿੱਚ ਪੁੱਜ ਜਾਂਦਾ।
ਸ਼ੋਕ ਪ੍ਰਗਟ ਕਰਨ ਵਾਲਿਆਂ ਵਿਚ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰਿੰ. ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਸੁਰਿੰਦਰ ਰਾਮਪੁਰੀ, ਡਾ. ਗੁਲਜ਼ਾਰ ਸਿੰਘ ਪੰਧੇਰ, ਜਨਮੇਜਾ ਸਿੰਘ ਜੌਹਲ, ਸਹਿਜਪ੍ਰੀਤ ਸਿੰਘ ਮਾਂਗਟ, ਪ੍ਰੀਤਮ ਸਿੰਘ ਭਰੋਵਾਲ, ਐਨ.ਐਸ. ਨੰਦਾ, ਸਤਿਬੀਰ ਸਿੰਘ, ਸੁਰਿੰਦਰਜੀਤ ਕੌਰ, ਇੰਦਰਜੀਤਪਾਲ ਕੌਰ ਸਮੇਤ ਸਥਾਨਕ ਲੇਖਕ ਹਾਜ਼ਰ ਸਨ।
ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਅੰਮ੍ਰਿਤਸਰ ਵਿਖੇ ਕੀਤਾ ਗਿਆ ਹੈ। ਉਨ੍ਹਾਂ ਦੇ ਸਸਕਾਰ ਮੌਕੇ ਅਕਾਡਮੀ ਵੱਲੋਂ ਭੁਪਿੰਦਰ ਸੰਧੂ, ਕੇਵਲ ਧਾਲੀਵਾਲ, ਅਰਤਿੰਦਰ ਸੰਧੂ, ਦੀਪ ਦਵਿੰਦਰ, ਦੇਵ ਦਰਦ, ਡਾ. ਰਵਿੰਦਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ’ਤੇ ਦੋਸ਼ਾਲਾ ਪਾਇਆ। ਇਸ ਸਮੇਂ ਸੈਂਕੜੇ ਸਾਹਿਤਕਾਰ ਤੇ ਸਾਹਿਤ ਪ੍ਰੇਮੀ ਸ਼ਾਮਲ ਹੋਏ।  (Tue, Mar 24, 2015 at 2:13 PM)

No comments: